
ਚੰਡੀਗੜ੍ਹ, 20 ਅਗਸਤ :
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਠਿੰਡਾ ਦੇ ਬਾਹਰੀ ਇਲਾਕੇ ’ਚ 11 ਏਕੜ ਤੋਂ ਵੱਧ ਜ਼ਮੀਨ ‘ਆਪ’ ਆਗੂ ਦੇ ਪੁੱਤਰ ਨੂੰ ਮਾਮੂਲੀ ਦਰਾਂ ’ਤੇ ਲੀਜ਼ ’ਤੇ ਦੇਣ ਲਈ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇੜੇ ਸਥਿਤ ਜ਼ਮੀਨ ਵਪਾਰਕ ਪ੍ਰਾਜੈਕਟ ਲਈ 30 ਸਾਲਾਂ ਲਈ ਲੀਜ਼ ’ਤੇ ਦਿੱਤੀ ਗਈ ਹੈ ਜਦੋਂਕਿ ਇਹ ਜ਼ਮੀਨ ਇੱਕ ਔਰਤ ਨੇ ਜਨਤਕ ਭਲਾਈ ਲਈ ਰੈੱਡ ਕਰਾਸ ਨੂੰ ਦਾਨ ਕੀਤੀ ਸੀ। ਉੁਨ੍ਹਾਂ ਕਿਹਾ ਕਿ ਜ਼ਮੀਨ ਦੀ ਲੀਜ਼ ਦਾ ਠੇਕਾ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਮੁੱਦੇ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।