ਪੰਜਾਬੀਅਤ ਦਾ ਅਨਮੋਲ ਰਤਨ ਡਾ. ਰਤਨ ਸਿੰਘ ਜੱਗੀ

In ਮੁੱਖ ਲੇਖ
May 29, 2025
ਡਾ. ਸੁਖਦੇਵ ਸਿੰਘ : ਮਨੁੱਖਾ ਜੀਵਨ ਦੀ ਇਕ ਰੀਤ ਸਦੀਆਂ ਤੋਂ ਚੱਲੀ ਆ ਰਹੀ ਹੈ ਕਿ ਪ੍ਰਮਾਤਮਾ ਵੱਲੋਂ ਬਖਸ਼ੇ ਹੋਏ ਜੀਵਨ ਦਾ ਅਖੀਰਲਾ ਪੜ੍ਹਾਅ ਹੈ ਦਿਸਦੇ ਸੰਸਾਰ ਤੋਂ ਅਣਦਿਸਦੇ ਸੰਸਾਰ ਵੱਲ ਕੂਚ ਕਰਨਾ। ਇਹੀ ਜੀਵਨ ਦਾ ਸੱਚ ਹੈ। ਇਸ ਸਾਰੇ ਸਫਰ ਦੇ ਦਰਮਿਆਨ ਵਿਚਾਰਨਯੋਗ ਗੱਲ ਇਹੀ ਹੈ ਕਿ ਮਨੁੱਖ ਨੇ ਦਿਸਦੇ ਸੰਸਾਰ ਤੋਂ ਅਣਦਿਸਦੇ ਸੰਸਾਰ ਵੱਲ ਜਾਣ ਸਮੇਂ ਤੱਕ ਜ਼ਿੰਦਗੀ ਵਿਚ ਕੀ ਕਮਾਈ ਕੀਤੀ ਹੈ। ਇਹ ਚੰਗਿਆਈ ਭਰਪੂਰ ਕਮਾਈ ਹੀ ਮਹੱਤਵਪੂਰਨ ਹੁੰਦੀ ਹੈ ਜਿਹੜੀ ਫਿਰ ਤੁਹਾਨੂੰ ਹਮੇਸ਼ਾਂ ਲਈ ਸਦ ਜਾਗਤ ਕਰ ਦਿੰਦੀ ਹੈ। 22 ਮਈ 2025 ਦੀ ਦੁਪਹਿਰ ਨੂੰ ਖਬਰ ਮਿਲੀ ਕਿ ਡਾ. ਰਤਨ ਸਿੰਘ ਜੱਗੀ ਦੁਨੀਆਂ ਤੋਂ ਰੁਖਸਤ ਹੋ ਗਏ। ਬੜਾ ਧੱਕਾ ਲੱਗਿਆ ਕਿ ਪੁੱਤਰਾਂ ਵਾਂਗੂੰ ਪਿਆਰ ਕਰਨ ਵਾਲਾ ਮਹਾਨ ਸਾਹਿਤਕਾਰ ਜਿਸਦੇ ਅੱਗੇ ਸਾਰੇ ਐਵਾਰਡ ਮਾਣ ਨਾਲ ਹੋਰ ਉੱਚੇ ਹੋ ਜਾਂਦੇ ਸਨ, ਜਿਸਨੂੰ ਹੁਣ ਇਹ ਮੰਨਿਆ ਜਾਂਦਾ ਸੀ ਕਿ ਪੰਜਾਬੀਅਤ ਦਾ ਬਾਬਾ ਬੋਹੜ ਸਾਡੇ ਸਾਰਿਆਂ ਦੇ ਸਿਰ ਉੱਪਰ ਬੈਠਾ ਹੈ, ਉਹ ਸਦੀਵੀ ਤੌਰ ਤੇ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਿਆ ਹੈ। ਬਹੁਤ ਵਾਰ ਉਨ੍ਹਾਂ ਕੋਲ ਜਾਣਾ ਤਾਂ ਹਮੇਸ਼ਾਂ ਉਨ੍ਹਾਂ ਨੇ ਇਹੀ ਅਸੀਸ ਦੇਣੀ ਕਿ ਸੁਖਦੇਵ ਤੂੰ ਕੰਮ ਕਰ ਰਿਹਾ ਕਿ ਨਹੀਂ। ਅਖੀਰਲੀ ਉਮਰੇ ਮੈਨੂੰ ਆਪ ਆਪਣੀ ਲਾਇਬਰੇਰੀ ਵਿਚੋਂ ਬੇਸ਼ਕੀਮਤੀ ਕਿਤਾਬਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਦਿੱਤੀਆਂ ਅਤੇ ਆਦੇਸ਼ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਕੰਮ ਕਰ। ਕੰਮ ਅਜੇ ਚੱਲ ਰਿਹਾ ਸੀ ਪਰ ਡਾ. ਸਾਹਿਬ ਚੱਲ ਵਸੇ ਪਰ ਆਪਣੇ ਪਿੱਛੇ ਸਾਰੀ ਜ਼ਿੰਦਗੀ ਦੀ ਕੀਤੀ ਹੋਈ ਕਮਾਈ ਛੱਡ ਗਏ । ਜੱਗੀ ਸਾਹਿਬ ਦੁਆਰਾ ਕੀਤੀ ਹੋਈ ਕਮਾਈ ਸਾਰਿਆਂ ਤੋਂ ਵੱਖਰੀ ਹੈ ਕਿਉਂਕਿ ਜੱਗੀ ਸਾਹਿਬ ਅਕਦਾਮਿਕ ਤੌਰ ਤੇ , ਅਧਿਆਤਮਿਕ ਤੌਰ ਤੇ , ਪਰਿਵਾਰਿਕ ਤੌਰ ਤੇ, ਅਧਿਆਪਕ ਤੌਰ ਤੇ ਅਤੇ ਸਮਾਜਿਕ ਤੌਰ ਤੇ ਅਮੀਰ ਵਿਰਾਸਤ ਦੇ ਮਾਲਕ ਹਨ। 1927 ਵਿਚ ਜਨਮੇ ਇਸ ਮਹਾਪੁਰਸ਼ ਨੇ ਰੋਜ਼ੀ ਰੋਟੀ ਲਈ ਜ਼ਰੂਰ ਪਹਿਲਾਂ ਪੁਲਿਸ ਮਹਿਕਮਾ ਚੁਣਿਆ ਪਰ ਅੰਦਰੂਨੀ ਤੌਰ ਤੇ ਬੀਜ ਅਜੇ ਪੁੰਗਰ ਰਿਹਾ ਸੀ ਕਿ ਮੇਰੇ ਜ਼ਿੰਮੇ ਇਹ ਕੰਮ ਨਹੀਂ ਕੁਝ ਹੋਰ ਬਹੁਤ ਵੱਡਾ ਹੈ। ਬੀਜ ਨੂੰ ਅਧਿਆਤਮਕ ਫਲ ਪਿਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਜਿਸ ਕਾਰਨ ਪੀਐੱਚ.ਡੀ. ਦਾ ਖੋਜ ਕਾਰਜ ਸਿੱਖ ਧਰਮ ਦੇ ਮਹੱਤਪੂਰਨ ਗ੍ਰੰਥ ਦਸਮ ਗ੍ਰੰਥ ਸਾਹਿਬ ਦੇ ਵਿਸ਼ੇ ਉੱਪਰ ਸੰਪੂਰਨ ਕੀਤਾ। ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਜੀਵਨ ਸਾਥ ਮਿਲਿਆ ਡਾ. ਗੁਰਸ਼ਰਨ ਕੌਰ ਹੋਰਾਂ ਦਾ ਜਿਨ੍ਹਾਂ ਨੇ ਆਪਣੀ ਤਨਖਾਹ ਹੀ ਡਾ. ਸਾਹਿਬ ਦੀਆਂ ਕਿਤਾਬਾਂ ਛਾਪਣ ਦੇ ਲੇਖੇ ਲਾ ਦਿੱਤੀ। ਡਾ. ਸਾਹਿਬ ਦੇ ਸਿਰੜ ਦਾ ਦੌਰ ਸ਼ੁਰੂ ਹੋਇਆ ਅਤੇ ਵਡਮੁੱਲੀਆਂ ਲਿਖਤਾਂ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਦਸਮ ਗ੍ਰੰਥ ਦਾ ਟੀਕਾ, ਗੁਰੂ ਗ੍ਰੰਥ ਵਿਸ਼ਵ ਕੋਸ਼, ਸਿੱਖ ਪੰਥ ਵਿਸ਼ਵ ਕੋਸ਼, ਤੁਲਸੀ ਰਮਾਇਣ, ਭਗਵਤ ਗੀਤਾ, ਗੁਰੂ ਸਾਹਿਬਾਨ ਦਾ ਇਤਿਹਾਸ, ਸਿੱਖ ਜਰਨੈਲ/ਯੋਧਿਆਂ ਦਾ ਇਤਿਹਾਸ ਪੰਜਾਬੀ ਸਾਹਿਤ ਦਾ ਇਤਿਹਾਸ ਅਤੇ ਹੋਰ ਬੇਅੰਤ ਵਿਸ਼ਿਆਂ ਦੇ ਉੱਪਰ ਆਪਣੀ ਕਲਮ ਦੇ ਸਿਦਕ ਦਾ ਜਾਦੂ ਵਿਖਾਇਆ। ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਅਤੇ ਡਾ. ਸਾਹਿਬ ਦੇ ਹਰ ਕੰਮ ਨੂੰ ਪ੍ਰਸਿੱਧਤਾ ਪ੍ਰਾਪਤ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਉੱਪਰ ਵੀ ਪ੍ਰਮਾਤਮਾ ਵੱਲੋਂ ਇਹ ਬਖਸ਼ਿਸ਼ ਰਹੀ ਹੈ ਕਿ ਇਥੋਂ ਵੱਡੇ-ਵੱਡੇ ਵਿਦਵਾਨਾਂ ਨੇ ਜਨਮ ਲਿਆ। ਡਾ. ਜੱਗੀ ਉਨ੍ਹਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਯੂਨੀਵਰਸਿਟੀ ਵਿਖੇ ਹੀ ਕਾਰਜ ਕੀਤਾ ਅਤੇ ਵੱਖੋ-ਵੱਖਰੀਆਂ ਪਦਵੀਆਂ ਹਾਸਲ ਕੀਤੀਆਂ। ਇਨ੍ਹਾਂ ਦੁਆਰਾ ਕੀਤੇ ਹੋਏ ਕੰਮ ਇੰਨੇ ਵੱਡੇ ਸਨ ਕਿ ਹਰ ਸਰਕਾਰ, ਹਰ ਯੂਨੀਵਰਿਸਟੀ, ਹਰ ਸੰਸਥਾ ਇਹ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਜੱਗੀ ਸਾਹਿਬ ਨੂੰ ਆਪਣੇ ਨਾਲ ਜੋੜ ਲਈਏ। ਪੰਜਾਬੀ ਯੂਨੀਵਰਿਸਟੀ ਵੱਲੋਂ ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ ਵੱਲ਼ੋਂ ਡੀ. ਲਿਟ ਦੀ ਡਿਗਰੀ ਨਾਲ ਆਪ ਨੂੰ ਸਨਮਾਨਿਤ ਕੀਤਾ ਗਿਆ ਅਤੇ ਥੋੜ੍ਹਾ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਦੇਸ਼ ਦੇ ਸਭ ਤੋਂ ਉੱਤਮ ਐਵਾਰਡ ਪਦਮ ਐਵਾਰਡ ਨਾਲ ਡਾ. ਸਾਹਿਬ ਨੂੰ ਸਨਮਾਨਿਤ ਕੀਤਾ ਗਿਆ। ਇਥੇ ਮੈਂ ਇਹ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਡਾ. ਕਿਰਪਾਲ ਸਿੰਘ ਹਿਸਟੋਰੀਅਨ ਦਾ ਸਾਥ ਵੀ ਮੈਨੂੰ ਨਸੀਬ ਹੋਇਆ ਜਿਹੜੇ ਕਿ ਜੱਗੀ ਸਾਹਿਬ ਜਿੰਨੀ ਉਮਰ ਭੋਗ ਕੇ ਹੀ ਅਕਾਲ ਚਲਾਣਾ ਕੀਤੇ। ਡਾ. ਰਤਨ ਸਿੰਘ ਜੱਗੀ ਅਤੇ ਡਾ. ਕਿਰਪਾਲ ਸਿੰਘ ਦੋਨਾਂ ਵੱਡੇ ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਵਿਚ ਜੋ ਸਾਂਝਾਂ ਮੈਨੂੰ ਇਕੋ ਜਿਹੀਆਂ ਲੱਗੀਆਂ ਉਹ ਬਾਕਮਾਲ ਹਨ ਅਤੇ ਸਾਡੇ ਸਾਰਿਆਂ ਲਈ ਸਿੱਖਿਆਦਾਇਕ ਹਨ। ਦੋਨੋਂ ਹੀ ਸਿਰੜੀ ਵਿਦਵਾਨ ਸਨ ਜਿਨ੍ਹਾਂ ਨੂੰ ਖੋਜ ਤੋਂ ਬਿਨਾਂ ਹੋਰ ਕੋਈ ਵੀ ਸ਼ੌਕ ਨਹੀਂ ਸੀ। ਸਾਦਾ ਖਾਣਾ, ਸਾਦਾ ਪਹਿਨਣਾ ਤੇ ਸੋਚ ਹਮੇਸ਼ਾਂ ਉੱਚੀ ਰੱਖਣੀ। ਹਰ ਸਮੇਂ ਕਿਤਾਬਾਂ ਦੇ ਅੰਗ ਸੰਗ ਰਹਿਣਾ ਇਨ੍ਹਾਂ ਦਾ ਜੀਵਨ ਉਦੇਸ਼ ਸੀ। ਵਾਹਿਗੁਰੂ ਉੱਪਰ ਅਥਾਹ ਭਰੋਸਾ ਇਸ ਪੀੜ੍ਹੀ ਤੋਂ ਬਾਅਦ ਨਹੀਂ ਲੱਭੇਗਾ। ਬੜੀ ਹੈਰਾਨੀ ਹੁੰਦੀ ਹੈ ਕਿ ਡਾ. ਸਾਹਿਬ ਹੋਰਾਂ ਨੇ ਤਾਂ 1947, 1984, ਅੱਤਵਾਦ ਦੇ ਭਿਆਨਕ ਸਮਿਆਂ ਨੂੰ ਹੰਢਾਇਆ ਪਰ ਫਿਰ ਵੀ ਉਸ ਵਾਹਿਗੁਰੂ ਦਾ ਓਟ ਆਸਰਾ ਅਖੀਰੀ ਸਵਾਸ ਤਕ ਨਹੀਂ ਛੱਡਿਆ, ਜਿਥੋਂ ਇਹ ਅਹਿਸਾਸ ਹੁੰਦਾ ਹੈ ਕਿ ਡਾ. ਜੱਗੀ ਵਰਗੇ ਇਨਸਾਨ ਕੋਈ ਆਮ ਇਨਸਾਨ ਨਹੀਂ ਸਨ ਸਗੋਂ ਇਹ ਵਾਹਿਗੁਰੂ ਦੇ ਬੰਦੇ ਸਨ ਅਤੇ ਵਾਹਿਗੁਰੂ ਹੀ ਇਨ੍ਹਾਂ ਨੂੰ ਆਪਣੇ ਕੋਲ ਲੈ ਗਿਆ ਹੈ। ਪਰਿਵਾਰਿਕ ਵਿਰਾਸਤ ਦੇ ਤੌਰ ਤੇ ਡਾ. ਗੁਰਸ਼ਰਨ ਕੌਰ ਜੱਗੀ ਜਿਹੜੇ ਓਨਾ ਹੀ ਖੋਜੀ ਬਿਰਤੀ ਦੇ ਮਾਲਕ ਹਨ ਜਿੰਨਾਂ ਡਾ. ਜੱਗੀ ਸਨ। ਭਾਵੇਂ ਕਿ ਸਭ ਤੋਂ ਕਠਿਨ ਸਮਾਂ ਉਨ੍ਹਾਂ ਉੱਪਰ ਹੀ ਬੀਤ ਰਿਹਾ ਹੈ ਜਿਨ੍ਹਾਂ ਨੇ ਲੰਮਾ ਸਫਰ ਡਾ. ਰਤਨ ਸਿੰਘ ਜੱਗੀ ਨਾਲ ਬਿਤਾਇਆ। ਜੱਗੀ ਸਾਹਿਬ ਅਕਸਰ ਕਹਿੰਦੇ ਹੁੰਦੇ ਸਨ ਕਿ ਮੈਂ ਜੋ ਕੁਝ ਲਿਖ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਉਸ ਪਿੱਛੇ ਡਾ. ਗੁਰਸ਼ਰਨ ਕੌਰ ਜੱਗੀ ਦੀ ਪ੍ਰੇਰਣਾ, ਹਿੰਮਤ ਅਤੇ ਉਤਸ਼ਾਹ ਹੈ। ਸੋ ਹੁਣ ਲੋੜ ਹੈ ਕਿ ਮੈਡਮ ਜੱਗੀ ਹੋਰਾਂ ਨੂੰ ਪ੍ਰਮਾਤਮਾ ਬਲ ਬਖਸ਼ੇ ਅਤੇ ਪੰਜਾਬ ਦੇ ਅਨਮੋਲ ਰਤਨ ਡਾ. ਰਤਨ ਸਿੰਘ ਜੱਗੀ ਦੀ ਕਲਮ ਨੂੰ ਜਿਊਂਦਾ ਰੱਖਣ।

Loading