ਪੰਜਾਬੀ ਕਲਾਕਾਰਾਂ ਦੀ ਹੋਂਦ, ਭਾਸ਼ਾ, ਫ਼ਰਜ਼ ਅਤੇ ਚਿੰਤਨ

In ਮੁੱਖ ਲੇਖ
July 03, 2025

ਸ. ਦਲਵਿੰਦਰ ਸਿੰਘ ਘੁੰਮਣ
ਪ੍ਰਸਿੱਧ ਗਾਇਕ ਦਿਲਜੀਤ ਦਾ ਜਨਮ 1984 ਦਾ ਹੋਣ ਕਰਕੇ ਆਪਣੇ ਵਿੱਚ ਪੰਜਾਬ ਨਾਲ ਹੋਈ ਬੇਇਨਸਾਫ਼ੀ ਦੀ ਚੀਸ ਲੈ ਕੇ ਕਿਤੇ ਨਾ ਕਿਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਡਰ, ਭਉ ਤੋਂ ਮੁਕਤ ਰਹਿ ਕੇ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ।
ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ਦਾ ਭਾਰਤੀ ਮੀਡੀਏ ਸਮੇਤ ਭਾਰਤ ਵਿੱਚ 2014 ਦੇ ਬਾਅਦ ਵਾਲੇ ਰਾਸ਼ਟਰਵਾਦੀਆਂ ਵੱਲੋਂ ਵਾਦ-ਵਿਵਾਦ ਬਣਾਇਆ ਗਿਆ। ਵਿਰੋਧ ਕੇਵਲ ਪਾਕਿਸਤਾਨੀ ਐਕਟਰਸ ਨਾਲ ਫ਼ਿਲਮ ਕਰਨਾ ਕੇਂਦਰ ਬਿੰਦੂ ਲੱਗਦਾ ਹੈ। ਪਰ ਇਸ ਪਿੱਛੇ ਦਿੱਖ, ਅਦਿੱਖ ਨਫ਼ਰਤ ਹੈ ਜੋ ‘ਪੱਗ’ ਦੇ ਵਿਰੋਧ ਵਿੱਚ ਖੜੀ ਦਿਸਦੀ ਹੈ। ਪੰਜ ਸਦੀਆਂ ਦੇ ਵੈਰ ਹੁਣ ਛੇਵੀਂ ਸਦੀ ਵਿੱਚ ਪਹੁੰਚਣ ਵਾਲਾ ਹੈ। ਦਿਲਜੀਤ ਭਾਵੇਂ ਕਿ ਇੱਕ ਗਾਇਕ ਦੇ ਤੌਰ ’ਤੇ ਉਭਰਿਆ ਹੈ ਪਰ ਕਲਾ ਰਾਹੀਂ ਇੱਕ ਬਹੁਤ ਵੱਡੀ ਮਿਸਾਲੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਇਆ ਹੈ ਕਿਵੇਂ ਇੱਕ ਪੱਗ ਬੰਨ ਕੇ ਦੁਨੀਆਂ ਦੇ ਵੱਡੇ ਮੰਚਾਂ ’ਤੇ ਕਲਾ ਰਾਹੀ ਪੰਜਾਬੀ ਭਾਸ਼ਾ ਨੂੰ ਸਨਮਾਨ ਦੇਣ ਦੇ ਨੋਬਲੀ ਕੰਮ ਕੀਤੇ ਜਾ ਸਕਦੇ ਹਨ। ਕਈ ਅਣਕਿਆਸੇ, ਅਣਛੋਹੇ ਵਿਸ਼ਿਆਂ ’ਤੇ ਫ਼ਿਲਮਾਂ ਬਣਾ ਕੇ ਸਿੱਖਾਂ ਅਤੇ ਪੰਜਾਬ ਨਾਲ ਹੋਏ ਧੱਕੇ, ਅਨਿਆਂ, ਬੇਇਨਸਾਫ਼ੀਆਂ ਦਾ ਦੁਨੀਆਂ ਸਾਹਮਣੇ ਉੱਘੜਵਾਂ ਰੂਪ ਪੇਸ਼ ਕੀਤਾ ਹੈ।
‘ ਸਰਦਾਰ ਜੀ 3’ ਫ਼ਿਲਮ ਆਮ ਫ਼ਿਲਮਾਂ ਵਰਗੀ ਹੀ ਹੋਵੇਗੀ। ਜਿਸ ਦੇ ਹੱਕ ਜਾਂ ਵਿਰੋਧ ਦਾ ਕੋਈ ਕਾਰਨ ਬਣਦਾ ਹੋਵੇ। ਪਰ ਕਿਉਂਕਿ ਦਿਲਜੀਤ ਨੇ ਜੋ ਕੁਝ ਗਾਣਿਆਂ ਅਤੇ ਫ਼ਿਲਮਾਂ ਰਾਹੀ ਪੰਜਾਬ ’ਤੇ ਵਾਪਰੀਆਂ ਕਹਿਰ ਕਹਾਣੀਆਂ ਦੀ ਸਹੀ ਪੇਸ਼ਕਾਰੀ ਨੂੰ ਵੱਡਾ ਪਲੇਟਫ਼ਾਰਮ ਦਿੱਤਾ ਹੈ। ਦਿਲਜੀਤ ਨੇ ਆਪਣੇ ਕੰਮ ਕਰਨ ਅਤੇ ਆਪਣੀ ਪੱਗ ਵਾਲੀ ਦਿੱਖ ਨੂੰ ਵੱਖਰੀ ਪਹਿਚਾਣ ਦੇਣ ਵਿੱਚ ਦੁਨੀਆਂ ਨੂੰ ਸਤਿਕਾਰੀ ਜੁਬਾਨ ਦਿੱਤੀ ਹੈ। ਉਸ ਦਾ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਪੱਗਾਂ ਬੰਨ ਕੇ ਕਲਾਕਾਰੀ ਕਰਨ ਦੀ ਨਵੀਂ ਪਿਰਤ ਨੂੰ ਪੱਗ ਪ੍ਰਤੀ ਆਦਰ ਮਿਲਿਆ ਹੈ। ਅਭਿਨੈ ਕਰਨ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਸ ਨਾਲ ਗਲਤ ਢੰਗ ਨਾਲ ਸਿੱਖ ਕਿਰਦਾਰਾਂ ਦੀ ਪੇਸ਼ਕਾਰੀ ਕਰਨ ਨੂੰ ਵੀ ਠੱਲ੍ਹ ਪਈ ਹੈ।
ਦਿਲਜੀਤ ਨੇ ਗਾਇਕੀ ਅਤੇ ਕਲਾ ਦੇ ਖੇਤਰ ਵਿੱਚ ਵੱਡੀ ਮੱਲ ਮਾਰੀ ਹੈ। ਇਸ ਦੇ ‘ਦਿਲ ਲਮਿਊਨਟੀ ਟੂਰ’ ਨੇ ਦੁਨੀਆਂ ਵਿੱਚ ਪੰਜਾਬੀ ਸੰਗੀਤ ਦੀ ਨਵੀਂ ਪਹਿਲ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਅਸਲ ਹੋਂਦ ਨੂੰ ਵੀ ਪੈਰਾਂ ਸਿਰ ਕੀਤਾ ਹੈ। ਪਹਿਚਾਣ ਨੂੰ ਸਹੀ ਦਿਸ਼ਾ ਮਿਲੀ ਹੈ। ਪੰਜਾਬੀ ਦੀ ਪਹੁੰਚ ਨੂੰ ਪਿੰਡਾਂ ਦੀਆਂ ਪਗਡੰਡੀਆਂ ਤਂੋ ਦੁਨੀਆਂ ਦੇ ਵੱਡੇ ਮਾਰਗਾਂ ’ਤੇ ਲੈ ਆਂਦਾ ਹੈ। ਜਿਸ ਦੀ ਰਫ਼ਤਾਰ ਮਾਪਣ ਲਈ ਦੂਜੀਆਂ ਭਾਰਤੀ ਜੁਬਾਨਾਂ ਨੂੰ ਖਾਸ ਕਰਕੇ ਲੰਮੀ ਲਕੀਰ ਖਿੱਚਣੀ ਪਵੇਗੀ। ਕਿਸੇ ਭਾਸ਼ਾ ਦਾ ਘੇਰਾ ਉਸ ਦੀਆਂ ਅਸੀਮ ਜਿਉਣ ਸ਼ਕਤੀ ਨਾਲ ਵੱਡਾ ਪਿੜ ਮੱਲਣਾ ਹੈ। ਜੋ ਪੰਜਾਬੀ, ਗੁਰਮੁਖੀ ਵਿੱਚ ਪਿਆ ਹੈ। ਪੰਜਾਬੀ ਗੁਰੂ-ਵਡਿਆਈ ਦੀ ਛੋਹ ਵਿੱਚੋਂ ਆਈ ਹੋਈ ਹੈ। ਉਸ ਦੇ ਰੋਕੇ ਜਾਂਦੇ ਰਾਹਾਂ ਨੂੰ ਵਿਦਵਤਾ ਦੇ ਅੱਥਰੇ ਹੜ੍ਹਾਂ ਦੀਆਂ ਛੱਲਾਂ ਨੇ ਸਰਹੱਦਾਂ ਨੂੰ ਪਾਰ ਕਰਨਾ ਹੀ ਹੈ। ਜੇ ਸਿੱਖ ਧਰਮ ਸਰਬੱਤ ਦੀ ਖੈਰ ਮੰਗਦਾ ਹੈ ਤਾਂ ਪੰਜਾਬੀ ਜੁਬਾਨ ਅਤੇ ਭਾਸ਼ਾ ਦਾ ਪਸਾਰਾ ਵੀ ਬਿਨਾਂ ਸਰਹੱਦੀ ਹੈ।
ਦਿਲਜੀਤ ਵੱਲੋਂ ਅਪਰੈਲ ਮਹੀਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਲੱਗਦੇ ਸੰਸਾਰ ਪੱਧਰੀ ਸੰਗੀਤ ਮੇਲੇ ‘ਕੋਚੀਲਾ’ ਵਿੱਚ ਸ਼ਮੂਲੀਅਤ ਕਰਕੇ ਵੱਡੀ ਪੁਲਾਂਘ ਪੁੱਟੀ ਸੀ। ਪਹਿਲੇ ਪੰਜਾਬ ਗਾਇਕ ਨੂੰ ਐਨੀ ਵੱਡੀ ਸਟੇਜ ਮਿਲੀ ਸੀ। 2020 ਵਿੱਚ ਬਿਲ ਬੋਰਡ ਮੈਗਜ਼ੀਨ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋਇਆ ਸੀ।
ਦਿਲਜੀਤ ਨੇ ਮੈਟ ਗੈਲਾ ਵਿੱਚ ਰੇਪ ਵਾਕ ਵੇਲੇ ਪੱਗ, ਸ੍ਰੀ੍ ਸਾਹਿਬ, ਪੰਜਾਬ ਦਾ ਨਕਸ਼ਾ, ਪੈਂਤੀ ਅੱਖਰੀ ਪੰਜਾਬੀ ਅਤੇ ਸਿੱਖ ਸ਼ਾਹੀ ਪਹਿਰਾਵੇ ਨੂੰ ਦੁਨੀਆਂ ਵਿੱਚ ਵੱਡੀ ਪਹਿਚਾਣ ਦਿੱਤੀ ਹੈ। ਉਹ ਦੱਸਦਾ ਭਾਵੁਕ ਹੋ ਜਾਂਦਾ ਹੈ, ਕਿ ‘ਮੈਨੂੰ ਆਪਣੀ ਪਹਿਚਾਣ ਨਾਲੋਂ ਆਪਣੇ ਵਿਰਸੇ ਦੀ ਪਹਿਚਾਣ ਕਰਨ ਦਾ ਵਾਹਿਗੁਰੂ ਨੇ ਮੌਕਾ ਦਿੱਤਾ ਹੈ । …. ਉਥੇ ਮੈਂ ਨਹੀਂ ਜਾ ਰਿਹਾ ,…ਪੱਗ ਜਾ ਰਹੀ ਹੈ’ ।
ਸਿੱਧੂ ਮੂਸੇ ਵਾਲੇ ਦੀ ਦੁਨੀਆ ਵਿੱਚ ਰੈਪ ਸੰਗੀਤ ਵਿੱਚ ਪਾਈ ਲੀਹ ਨੂੰ ਦਿਲਜੀਤ ਦੋਸਾਂਝ ਨੱਪਣ ਵਿੱਚ ਕਾਮਯਾਬ ਹੋਇਆ ਹੈ। ਮੂਸੇ ਵਾਲੇ ਦੀ ਮੌਤ ਤੋਂ ਬਾਅਦ ਸੰਸਾਰ ਭਰ ਵਿੱਚ ਪੰਜਾਬੀ ਦੀ ਅਸਲ ਪਹਿਚਾਣ ਮਿਲਣ ਦੀ ਪੈੜ ਬੱਝੀ ਸੀ। ਭਾਰਤ ਦੇ ਇੱਕ ਛੋਟੇ ਖ਼ਿੱਤੇ ਪੰਜਾਬ ਵਿੱਚੋਂ ਉਠ ਕੇ ਦੁਨੀਆਂ ਦੇ ਪਹਿਲੀ ਕਤਾਰ ਦੇ ਗਾਇਕਾਂ ਵਿੱਚ ਖੜੇ ਹੋਣਾ ਇਹਨਾਂ ਦੋਵਾਂ ਗਾਇਕਾਂ ਦੇ ਹਿੱਸੇ ਹੀ ਆਇਆ ਹੈ। ਇਸ ਤਰਜ਼ ’ਤੇ ਚਲਣ ਵਾਲੇ ਗਾਇਕਾਂ, ਕਲਾਕਾਰਾਂ ਲਈ ਵੀ ਭਵਿੱਖ ਸੁਨਹਿਰੀ ਹੋ ਸਕਦਾ ਹੈ।
ਫ਼ਿਲਹਾਲ ਫ਼ਿਲਮ ‘ਸਰਦਾਰ ਜੀ 3’ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਹੈ। ਪਰ ਇਸ ਸਾਰੇ ਘਟਨਾਕ੍ਰਮ ਨਾਲ ਭਾਰਤ ਦੇ ਲੋਕਤੰਤਰ ਦੀ ਘੱਟ ਗਿਣਤੀ ਲੋਕਾਂ ਅਤੇ ਭਾਸ਼ਾਵਾਂ ਪ੍ਰਤੀ ਮਾੜੇ ਨਜ਼ਰੀਏ ਨੂੰ ਉਜਾਗਰ ਕੀਤਾ ਹੈ।
ਸਮਾਂ ਚਿੰਤਨ ਕਰਨ ਦਾ ਹੈ ਉਹ ਸਰਬ ਪੱਖੀ ਹਾਲਾਤਾਂ ’ਤੇ ਵੱਡੀ ਜ਼ਿੰਮੇਵਾਰੀ ਮੰਗਦਾ ਹੈ। ਆਓ, ਸਾਰੇ ਰਲ ਕੇ ਸੰਸਾਰ ਵਿੱਚ ਹਰ ਚੰਗੇ ਪੱਖਾਂ ਦੀ ਧਿਰ ਬਣ ਕੇ ਚੰਗੇ ਸਮਾਜ ਦੀ ਉਸਾਰੀ ਕਰੀਏ।

Loading