ਡਾਕਟਰ ਗੁਲਾਮ ਮੁਸਤਫਾ ਡੋਗਰ :
ਭਾਰਤ ਤੇ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਜ਼ੁਬਾਨਾਂ ਬਾਰੇ ਕਿਹਾ ਜਾਂਦਾ ਹੈ ਕਿ ਹਰ 10 ਕੋਹ ਭਾਵ 30 ਮੀਲ ਤੋਂ ਬਾਅਦ ਜ਼ੁਬਾਨ ਦੀ ਬਣਾਵਟ ਬਦਲ ਜਾਂਦੀ ਹੈ । ਇਸੇ ਤਰ੍ਹਾਂ ਪੰਜਾਬੀ ਭਾਸ਼ਾ ਵੀ ਆਪਣੀ ਬਣਾਵਟ ਤੇ ਸਫ਼ਰ ਦੇ ਨਾਲ-ਨਾਲ ਆਪਣੇ ਕਈ ਰੰਗ-ਰੂਪ ਲੈ ਕੇ ਸਾਹਮਣੇ ਆਉਂਦੀ ਹੈ । ਇਸ ਪੱਖ ਨੂੰ ਸਮਝਣ ਵਾਸਤੇ ਸਾਨੂੰ ਕਿਸੇ ਅਜਿਹੇੇ ਇਲਾਕੇ ਜਾਂ ਸ਼ਹਿਰ ਨੂੰ ਚੁਣਨਾ ਪਵੇਗਾ, ਜੋ ਪੰਜਾਬ ਦਾ ਮਰਕਜ਼/ਕੇਂਦਰ ਕਿਹਾ ਜਾ ਸਕਦਾ ਹੋਵੇ । ਲਾਹੌਰ ਸ਼ਹਿਰ ਤੇ ਇਸ ਦੇ ਆਲੇ ਦੁਆਲੇੇ ਦੇ ਇਲਾਕੇ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਸਰਲ ਪੰਜਾਬੀ ਬੋਲੀ ਜਾਂਦੀ ਹੈ ।ਪਰ ਇਕ ਹੋਰ ਹਕੀਕਤ ਵੀ ਆਪਣੀ ਜਗ੍ਹਾ 'ਤੇ ਮੌਜੂਦ ਹੈ ਕਿ ਲਾਹੌਰ ਤੇ ਅੰਮਿ੍ਤਸਰ ਦੇ ਸ਼ਹਿਰਾਂ ਅੰਦਰ ਜੋ ਪੰਜਾਬੀ ਬੋਲੀ ਜਾਂਦੀ ਹੈ, ਉਹ ਇਨ੍ਹਾਂ ਦੋਹਾਂ ਸ਼ਹਿਰਾਂ ਦੇ ਆਲੇ ਦੁਆਲੇ ਦੇ ਇਲਾਕਿਆਂ ਨਾਲੋਂ ਥੋੜ੍ਹੀ ਵੱਖ ਹੈ । ਜ਼ਿਕਰਯੋਗ ਹੈ ਕਿ ਲਾਹੌਰ ਸ਼ਹਿਰ ਦੀ ਅੰਦਰੂਨੀ ਬੋਲੀ ਤੇ ਅੰਮਿ੍ਤਸਰ ਸ਼ਹਿਰ ਵਿਚ ਬੋਲੀ ਜਾਂਦੀ ਪੰਜਾਬੀ ਇਕੋ ਜਿਹੀ ਹੈ । ਇਸ ਦੀ ਵੱਡੀ ਵਜ੍ਹਾਵੰਡ ਤੋਂ ਪਹਿਲਾਂ ਲੰਮੇ ਸਮੇਂ ਤਕ ਇਥੇ ਕਸ਼ਮੀਰੀ ਲੋਕਾਂ ਦਾ ਵਸੇਬਾ ਸੀ । ਇਨ੍ਹਾਂ ਸ਼ਹਿਰਾਂ ਵਿਚ ਵਸਦੇ ਕਸ਼ਮੀਰੀਆਂ ਦੀਆਂ ਆਪਸ ਵਿਚ ਗੂੜ੍ਹੀਆਂ ਰਿਸ਼ਤੇਦਾਰੀਆਂ ਹੋਣ ਅਤੇ ਉਨ੍ਹਾਂ ਦੇ ਆਪਸੀ ਮੇਲ-ਮਿਲਾਪ ਵਿਚ ਆਉਣ-ਜਾਣ ਦੀ ਵਜ੍ਹਾ ਕਰਕੇ ਇਨ੍ਹਾਂ ਦੀ ਜ਼ੁਬਾਨ ਇਕੋ ਜਿਹੀ ਹੋ ਗਈ ।ਇਹੀ ਵਜ੍ਹਾ ਹੈ ਕਿ ਜਦੋਂ 1947 ਵਿਚ ਜਦੋਂ ਅੰਮਿ੍ਤਸਰ ਵਿਚ ਕਸ਼ਮੀਰੀ ਮਹਾਜਰ ਹੋਏ ਅਤੇ ਉਹ ਸਿੱਧੇ ਲਾਹੌਰ ਆ ਕੇ ਆਪਣੇ ਰਿਸ਼ਤੇਦਾਰਾਂ ਕੋਲ ਠਹਿਰੇ ਤਾਂ ਲਾਹੌਰ ਵਿਚ ਕਸ਼ਮੀਰੀ ਆਬਾਦੀ ਕਾਫ਼ੀ ਵਧ ਗਈ ।ਲਾਹੌਰ ਤੋਂ ਗੁਜਰਾਂਵਾਲਾ ਤੇ ਗੁਜਰਾਤ ਵੱਲ ਪੰਜਾਬੀ ਭਾਸ਼ਾ ਥੋੜ੍ਹੇ ਬਹੁਤ ਫ਼ਰਕ ਨਾਲ ਤਕਰੀਬਨ ਮੇਲ ਖਾਂਦੀ ਹੈ ।ਬਸ ਇੰਨਾ ਕੁ ਫ਼ਰਕ ਹੈ ਜਿਵੇਂ ਲਾਹੌਰ ਵਿੱਚ ਕੋਈ ਬੰਦਾ ਕਿਵੇਂ ਜਾਂ ਐਂਵੇ ਕਹਿੰਦਾ ਹੈ ਤਾਂ ਗੁਜਰਾਤ (ਲਹਿੰਦੇ ਪੰਜਾਬ ਦਾ ਇਕ ਜ਼ਿਲ੍ਹਾ) ਵਿਚ ਉਹ ਕੀਕਣ ਜਾਂ ਏਕਣ ਹੋ ਜਾਂਦਾ ਹੈ | ਲਾਹੌਰ ਸ਼ਹਿਰ ਵਿਚ ਵਰਤਿਆ ਜਾਂਦਾ ਸ਼ਬਦ 'ਖ਼ਬਰ' ਗੁਜਰਾਤ ਵਿਚ 'ਹਬਰ' ਹੋ ਜਾਂਦਾ ਹੈ ।
ਗੁਜਰਾਤ ਤੋਂ ਅਗਲਾ ਜ਼ਿਲ੍ਹਾ ਜੇਹਲਮ ਹੈ, ਇਥੋਂ ਪੰਜਾਬੀ ਭਾਸ਼ਾ ਦਾ ਇਕ ਹੋਰ ਲਹਿਜਾ ਜਾਂ ਪਰਤ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਅਸੀਂ ਆਮ ਤੌਰ 'ਤੇ ਪੋਠੋਹਾਰੀ ਕਹਿੰਦੇ ਹਾਂ ।ਪੋਠੋਹਾਰੀ ਜੇਹਲਮ, ਰਾਵਲਪਿੰਡੀ, ਚੱਕਵਾਲ, ਪਿੰਡੀਖੇਤ ਤੇ ਇਸਲਾਮਾਬਾਦ ਜ਼ਿਲਿ੍ਹਆਂ ਵਿਚ ਬੋਲੀ ਜਾਂਦੀ ਹੈ ।ਚੜ੍ਹਦੇ ਪੰਜਾਬ ਵਿਚ ਵਸਦੇ ਭਾਪੇ ਪੋਠੋਹਾਰੀ ਇਲਾਕੇ ਤੋਂ ਹੀ ਮਹਾਜਰ ਹੋ ਕੇ ਗਏ ਸਨ । ਪੰਜਾਬੀ ਭਾਸ਼ਾ ਬੋਲਣ ਵਾਲੇ ਇਲਾਕਿਆਂ ਦੇ ਆਸੇ-ਪਾਸੇ ਦੇ ਇਲਾਕੇ ਵਿਚ ਬੋਲੀਆਂ ਜਾਂਦੀਆਂ ਜ਼ੁਬਾਨਾਂ ਇਕ ਦਮ ਨਹੀਂ ਬਦਲਦੀਆਂ ।ਪੂਰੀ ਦੁਨੀਆ ਵਿਚ ਇਕ ਜ਼ਮੀਨੀ ਹਕੀਕਤ ਹੈ ਕਿ ਇਕ ਭਾਸ਼ਾ ਜਾਂ ਕੋਈ ਇਕ ਨਸਲ ਕਦੇ ਵੀ ਇਕ ਦਮ ਨਹੀਂ ਬਦਲ ਜਾਂਦੀ, ਇਸ ਵਿਚ ਹੌਲੀ-ਹੌਲੀ ਬਦਲਾਅ ਆਉਂਦਾ ਹੈ ।ਇਸ ਗੱਲ ਨੂੰ ਸਮਝਣ ਵਾਸਤੇ ਤੁਸੀਂ ਉਸ ਜਗ੍ਹਾ ਨੂੰ ਵੇਖ ਸਕਦੇ ਹੋ, ਜਿਥੇ ਦੋ ਦਰਿਆ ਆਪਸ ਵਿਚ ਮਿਲਦੇ ਹਨ ।ਪੰਜਾਬ ਵਿਚ ਦਰਿਆ ਚਿਨਾਬ ਤੇ ਜੇਹਲਮ ਇਕ ਜਗ੍ਹਾ 'ਤੇ ਆਪਸ ਵਿਚ ਮਿਲਦੇ ਹਨ, ਉਸ ਤੋਂ ਥੋੜ੍ਹਾ ਅੱਗੇ ਜਾ ਕੇ ਰਾਵੀ ਦਰਿਆ ਤੇ ਸਤਲੁਜ ਵੀ ਉਸ ਵਿਚ ਮਿਲਦੇ ਹਨ ਤੇ ਅੱਗੇ ਜਾ ਕੇ ਇਹ ਸਾਰੇ ਦਰਿਆ ਸਿੰਧ ਵਿਚ ਸਮਾਅ ਜਾਂਦੇ ਹਨ । ਜਦੋਂ ਕਿਸੇ ਦਰਿਆ ਦਾ ਪਾਣੀ ਸਾਫ਼ ਪਹਾੜਾਂ ਵਿੱਚੋਂ ਲੰਘ ਕੇ ਆ ਰਿਹਾ ਹੋਵੇ ਤਾਂ ਉਸ ਦਾ ਰੰਗ ਨੀਲਾ ਹੁੰਦਾ ਹੈ, ਜਦਕਿ ਜਿਨ੍ਹਾਂ ਦਰਿਆਵਾਂ ਦਾ ਪਾਣੀ ਆਮ ਜ਼ਮੀਨ ਵਿੱਚੋਂ ਲੰਘ ਕੇ ਆਉਂਦਾ ਹੈ ਤਾਂ ਉਸ ਦਾ ਰੰਗ ਖਾਕੀ ਜਾਂ ਲਾਲ ਹੁੰਦਾ ਹੈ ।ਜਦੋਂ ਅਜਿਹੇ ਦੋ ਦਰਿਆ ਆਪਸ 'ਚ ਰਲਦੇ ਹਨ ਤਾਂ ਕਾਫ਼ੀ ਦੂਰ ਤੱਕ ਉਨ੍ਹਾਂ ਦੇ ਵੱਖਰੇ-ਵੱਖਰੇ ਰੰਗਾਂ ਦਾ ਪਾਣੀ ਵਹਿੰਦਾ ਰਹਿੰਦਾ ਹੈ, ਪਰ ਕਾਫ਼ੀ ਅੱਗੇ ਜਾ ਕੇ ਦੋਵੇਂ ਦਰਿਆਵਾਂ ਦੇ ਪੂਰੀ ਤਰ੍ਹਾਂ ਆਪਸ ਵਿਚ ਮਿਲ ਜਾਣ ਬਾਅਦ ਪਾਣੀ ਦਾ ਰੰਗ ਨਾ ਨੀਲਾ ਤੇ ਨਾ ਹੀ ਲਾਲ ਰਹਿੰਦਾ ਹੈ, ਸਗੋਂ ਇੱਕ ਹੋਰ ਹੀ ਰੰਗ ਬਣ ਜਾਂਦਾ ਹੈ ।ਮਿਸਾਲ ਵਜੋਂ ਜੇਕਰ ਹਰੇ ਰੰਗ ਵਿਚ ਪੀਲਾ ਰੰਗ ਮਿਲਾ ਦਿੱਤਾ ਜਾਵੇ ਤਾਂ ਉਸ ਦਾ ਰੰਗ ਪੀਲਾ ਜਾਂ ਹਰਾ ਰਹਿਣ ਦੀ ਬਜਾਏ ਇਕ ਨਵਾਂ ਹੋਰ ਹੀ ਰੰਗ ਬਣ ਜਾਂਦਾ ਹੈ ।ਇਸੇ ਤਰ੍ਹਾਂ ਹੀ ਜਦੋਂ ਇਕ ਭਾਸ਼ਾ ਦਾ ਇਲਾਕਾ ਖ਼ਤਮ ਹੁੰਦਾ ਹੈ ਤੇ ਅੱਗੇ ਹੋਰ ਭਾਸ਼ਾ ਦਾ ਇਲਾਕਾ ਸ਼ੁਰੂ ਹੋਣ 'ਤੇ ਉਕਤ ਇਲਾਕਿਆਂ ਦੇ ਦਰਮਿਆਨ ਇਕ ਨਵੀਂ ਭਾਸ਼ਾ ਬਣਨ ਲਗਦੀ ਹੈ । ਜਿਨ੍ਹਾਂ ਵਿਚ ਪਿਛਲੀ ਭਾਸ਼ਾ ਦੇ ਸ਼ਬਦ ਹੌਲੀ-ਹੌਲੀ ਘਟਦੇ ਜਾਂਦੇ ਹਨ ਤੇ ਅਗਲੀ ਭਾਸ਼ਾ ਦੇ ਸ਼ਬਦ ਆਉਣ ਲਗਦੇ ਹਨ ।ਉਸ ਇਲਾਕੇ ਤੋਂ ਅੱਗੇ ਇਕ ਦੂਸਰੀ ਬੋਲੀ ਦੇ ਸਾਹਮਣੇ ਆਉਣ ਤੇ ਇਨ੍ਹਾਂ ਦੋਹਾਂ ਬੋਲੀਆਂ ਦੇ ਇਕੱਠ ਨਾਲ ਇਕ ਦਰਮਿਆਨੀ ਭਾਸ਼ਾ ਬਣਦੀ ਹੈ, ਜਿਸ ਨੂੰ ਤੁਸੀਂ ਵਿਚਲੀ ਜਾਂ ਮਿਲਾਪੀ ਭਾਸ਼ਾ ਕਹਿ ਸਕਦੇ ਹੋ ।
ਇਸੇ ਤਰ੍ਹਾਂ ਜਦੋਂ ਪੰਜਾਬੀ ਲਾਹੌਰ ਤੋਂ ਚੱਲ ਕੇ ਜੇਹਲਮ ਪਹੁੰਚਦੀ ਹੈ ਤਾਂ ਇਥੇ ਉਸ ਤੋਂ ਅਗਲੇ ਪਾਸੇ ਪਸ਼ਤੋ ਜ਼ੁਬਾਨ/ਬੋਲੀ ਦੇ ਨਾਲ ਕਸ਼ਮੀਰੀ ਜ਼ੁਬਾਨ ਆਉਣ ਲਗਦੀ ਹੈ । ਇਸ ਕਾਰਨ ਇਨ੍ਹਾਂ ਜ਼ੁਬਾਨਾਂ ਦੇ ਸ਼ਬਦ ਹੌਲੀ ਹੌਲੀ ਆਪਸ ਵਿਚ ਮਿਲਣ ਲਗਦੇ ਹਨ ਅਤੇ ਇਸ ਨਾਲ ਇਕ ਨਵੀਂ ਜ਼ੁਬਾਨ ਪੈਦਾ ਹੁੰਦੀ ਹੈ, ਜਿਸ ਨੂੰ ਅਸੀਂ ਪੋਠੋਹਾਰੀ ਆਖਦੇ ਹਾਂ । ਅਗਲੀ ਤੇ ਪਿਛਲੀ ਜ਼ੁਬਾਨ ਦੇ ਅਲਫ਼ਾਜ਼ ਇਕੱਠੇ ਹੋਣ 'ਤੇ ਇਕ ਨਵੀਂ ਜ਼ੁਬਾਨ ਬਣ ਜਾਂਦੀ ਹੈ ।ਇਸ ਤਰ੍ਹਾਂ ਅਸੀਂ ਪੋਠੋਹਾਰੀ ਭਾਸ਼ਾ ਨੂੰ ਇਕ ਵਿਚਲੀ ਜਾਂ ਮਿਲਾਪੀ ਭਾਸ਼ਾ ਕਹਿ ਸਕਦੇ ਹਾਂ । ਜੇਹਲਮ ਤੋਂ ਹੋਰ ਅੱਗੇ ਪਹਾੜ ਵਾਲੇ ਪਾਸੇ ਜਾਣ 'ਤੇ ਪਾਕਿਸਤਾਨੀ ਕਸ਼ਮੀਰ ਦਾ ਇਲਾਕਾ ਆ ਜਾਂਦਾ ਹੈ ।ਇਸ ਹਿੱਸੇ ਵਿਚ ਵੀ ਪੋਠੋਹਾਰੀ ਦਾ ਇਕ ਹੋਰ ਵੱਖਰਾ ਲਹਿਜਾ ਇਸਤੇਮਾਲ ਕੀਤਾ ਜਾਂਦਾ ਹੈ । ਪਾਕਿਸਤਾਨੀ ਕਸ਼ਮੀਰ ਦੀ 40 ਲੱਖ ਦੀ ਆਬਾਦੀ ਵਿੱਚੋਂ 25 ਲੱਖ ਦੀ ਆਬਾਦੀ ਇੱਕਲੇ ਮੀਰਪੁਰ ਜ਼ਿਲ੍ਹੇ ਵਿਚ ਹੈ ਅਤੇ ਬਾਕੀ ਸਾਰੇ ਕਸ਼ਮੀਰ ਦੀ ਆਬਾਦੀ 15 ਲੱਖ ਹੀ ਹੈ | ਮੀਰਪੁਰ ਵਿਚ ਜੱਟ ਤੇ ਰਾਜਪੂਤ ਵਸਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੈਂਸ ਜੱਟ ਹਨ ਅਤੇ ਬੈਂਸ ਜੱਟ ਚੜ੍ਹਦੇ ਪੰਜਾਬ ਦੇ ਜਲੰਧਰ ਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਵਿਚ ਵੀ ਵਸਦੇ ਹਨ ।ਇਹ ਜ਼ਿਲ੍ਹਾ ਪਹਿਲਾਂ ਕਸ਼ਮੀਰ ਦਾ ਹਿੱਸਾ ਨਹੀਂ ਸੀ ਹੁੰਦਾ, ਪਰ ਜਦੋਂ ਕਸ਼ਮੀਰ ਗੁਲਾਬ ਸਿੰਘ ਨੂੰ ਵੇਚ ਦਿੱਤਾ ਗਿਆ ਤਾਂ ਇਹ ਜ਼ਿਲ੍ਹਾ ਪੰਜਾਬ ਨਾਲੋਂ ਵੱਖ ਕਰਕੇ ਕਸ਼ਮੀਰ ਨਾਲ ਜੋੜ ਦਿੱਤਾ ਗਿਆ ਸੀ | ਇਸ ਕਰਕੇ ਇੱਥੇ ਪੋਠੋਹਾਰੀ ਜ਼ੁਬਾਨ ਹੀ ਬੋਲੀ ਜਾਂਦੀ ਹੈ | ਪੋਠੋਹਾਰੀ ਜ਼ੁਬਾਨ ਤੋਂ ਅੱਗੇ ਜਾ ਕੇ ਪਸ਼ਤੋ ਤੇ ਕਸ਼ਮੀਰੀ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਤਜਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਪਹਾੜ ਵਾਲੇ ਪਾਸੇ ਦੇ ਇਲਾਕਿਆਂ ਵਿਚ ਫ਼ਾਰਸੀ ਜ਼ੁਬਾਨ ਬੋਲੀ ਜਾਂਦੀ ਹੈ ।ਪੰਜਾਬ ਤੋਂ ਪਹਾੜ ਦੇ ਚੜ੍ਹਦੇ ਵਾਲੇ ਪਾਸੇ ਜਾਈਏ ਤੇ ਉੱਥੇ ਗੁਰਦਾਸਪੁਰ ਦੀ ਪੁਰਾਣੀ ਤਹਿਸੀਲ ਸ਼ੱਕਰਗੜ੍ਹ ਦੇ ਇਲਾਕੇ ਤੇ ਜੰਮੂ ਤੋਂ ਅੱਗੇ ਡੋਗਰੀ ਭਾਸ਼ਾ ਸਾਹਮਣੇ ਆਉਂਦੀ ਹੈ ।ਜਿਸ ਦੇ ਅੱਗੇ ਹਿੰਦੀ ਲੱਦਾਖ ਦੀਆਂ ਭਾਸ਼ਾਵਾਂ ਦੇ ਸ਼ਬਦ ਇਸ ਦੇ ਵਿਚ ਆ ਮਿਲਦੇ ਹਨ । ਜਿਸ ਨਾਲ ਡੋਗਰੀ ਨਾਮ ਦੀ ਇਕ ਵੱਖਰੀ ਜ਼ੁਬਾਨ ਸਾਹਮਣੇ ਆਉਂਦੀ ਹੈ ।ਜੇਕਰ ਅਸੀਂ ਪਿੰਡੀ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਵਧੀਏ ਤਾਂ ਅਗਲਾ ਇਲਾਕੇ ਨੂੰ ਹਜ਼ਾਰਾ ਹਰੀਪੁਰ ਤੇ ਐਪਟਾਬਾਦ ਕਿਹਾ ਜਾਂਦਾ ਹੈ । ਇਸ ਇਲਾਕੇ ਵਿਚ ਇਕ ਦੂਜੀ ਜ਼ੁਬਾਨ ਬੋਲੀ ਜਾਂਦੀ ਹੈ, ਜਿਸ ਦਾ ਨਾਂ ਪੋਠੋਹਾਰੀ ਤੋਂ ਬਦਲ ਕੇ ਹਿੰਦਕੋ ਰੱਖਿਆ ਗਿਆ ਹੈ । ਖੈਬਰ ਪਖਤੂਨਖਵਾ ਸੂਬੇ ਦੀ ਚਾਰ ਕਰੋੜ ਦੀ ਆਬਾਦੀ ਵਿੱਚੋਂ ਲਗਭਗ ਇਕ ਕਰੋੜ ਲੋਕ ਪਸ਼ਤੋ ਨਹੀਂ ਬੋਲਦੇ ਕਿਉਂਕਿ ਪੇਸ਼ਾਵਰ ਕਦੇ ਵੀ ਪਸ਼ਤੋ ਬੋਲਣ ਵਾਲਿਆਂ ਦਾ ਸ਼ਹਿਰ ਨਹੀਂ ਸੀ, ਇੱਥੇ ਹਿੰਦਕੋ ਜ਼ੁਬਾਨ ਬੋਲੀ ਜਾਂਦੀ ਹੈ ।
ਪੰਜਾਬ ਦੇ ਚੰਡੀਗੜ੍ਹ ਸ਼ਹਿਰ ਤੋਂ ਅੱਗੇ ਪੰਜਾਬੀ ਭਾਸ਼ਾ ਇਕ ਹੋਰ ਨਵੀਂ ਹਰਿਆਣਵੀ ਭਾਸ਼ਾ ਦਾ ਰੂਪ ਅਖਤਿਆਰ ਕਰਦੀ ਹੈ, ਕਿਉਂਕਿ ਇਸ ਤੋਂ ਅੱਗੇ ਹਿੰਦੀ ਜ਼ੁਬਾਨ ਸ਼ੁਰੂ ਹੋ ਜਾਂਦੀ ਹੈ, ਜੋ ਯੂਪੀ ਦੀ ਬੋਲੀ ਹੈ । ਇੱਥੇ ਹਿੰਦੀ ਜ਼ੁਬਾਨ ਤੇ ਪੰਜਾਬੀ ਜ਼ੁਬਾਨ ਦੇ ਮੇਲ ਤੋਂ ਹਰਿਆਣਵੀ ਜ਼ੁਬਾਨ ਬਣਦੀ ਹੈ, ਜਿਸ ਵਿਚ ਹਿੰਦੀ ਤੇ ਪੰਜਾਬੀ ਦੋਹਾਂ ਦਾ ਲਹਿਜਾ ਆ ਜਾਂਦਾ ਹੈ । ਜੇਕਰ ਅਸੀਂ ਲਾਹੌਰ ਤੋਂ ਕਸੂਰ ਵਾਲੇ ਪਾਸੇ ਤੋਂ ਅੱਗੇੇ ਫ਼ਿਰੋਜ਼ਪੁਰ ਤੋਂ ਦੱਖਣ ਤੇ ਚੜ੍ਹਦੇ ਪਾਸੇ ਵੱਲ ਜਾਈਏ ਤਾਂ ਰਾਜਸਥਾਨੀ ਜ਼ੁਬਾਨ ਸ਼ੁਰੂ ਹੋ ਜਾਂਦੀ ਹੈ, ਜੋ ਗੁਜਰਾਤੀ, ਸਿੰਧੀ ਤੇ ਪੰਜਾਬੀ ਭਾਸ਼ਾ ਦੇ ਮੇਲ ਨਾਲ ਬਣੀ ਹੈ ।ਪੰਜਾਬ ਤੋਂ ਦੱਖਣ ਮੁਲਤਾਨ ਵੱਲ ਜਾਈਏ ਤਾਂ ਸਿੰਧੀ ਜ਼ੁਬਾਨ ਆਉਂਦੀ ਹੈ, ਸਿੰਧੀ ਤੇ ਪੰਜਾਬੀ ਭਾਸ਼ਾ ਦੇ ਮਿਲਾਪ ਤੋਂ ਮਿਲਾਪੀ ਭਾਸ਼ਾ ਸਰਾਇਕੀ ਸਾਹਮਣੇ ਆਉਂਦੀ ਹੈ | ਸਰਾਇਕੀ ਦੱਖਣੀ ਪੰਜਾਬ ਵਿਚ ਬਹੁਤ ਵੱਡੇ ਇਲਾਕੇ ਵਿੱਚ ਬੋਲੀ ਜਾਂਦੀ ਹੈ | ਪੰਜਾਬ ਦੇ ਦੱਖਣੀ ਲਹਿੰਦੇ ਪਾਸੇ ਵੱਲ ਜਦੋਂ ਪੰਜਾਬੀ ਸਫਰ ਕਰਦੀ ਹੈ ਤਾਂ ਉਸ ਤੋਂ ਅੱਗੇ ਬਲੋਚੀ ਜ਼ੁਬਾਨ ਆ ਜਾਂਦੀ ਹੈ ।
ਬਲੋਚੀ ਤੇ ਪੰਜਾਬੀ ਜ਼ੁਬਾਨ ਦੋਹਾਂ ਦੇ ਦਰਮਿਆਨ ਆਉਂਦੀ ਇਕ ਹੋਰ ਜ਼ੁਬਾਨ ਨੂੰ ਡੇਰਵੀ ਕਿਹਾ ਜਾਂਦਾ ਹੈ ।ਇੱਥੇ ਦੇ ਦੋ ਵੱਡੇ ਸ਼ਹਿਰ ਡੇਰਾ ਇਸਮਾਇਲ ਖਾਂ ਤੇ ਡੇਰਾ ਗਾਜ਼ੀ ਖਾਂ ਹਨ, ਡੇਰਾ ਇਸਮਾਇਲ ਖਾਂ ਖੈਬਰ ਪਖ਼ਤੂਨਖਵਾ ਸੂਬੇ ਵਿਚ ਜਦਕਿ ਡੇਰਾ ਗਾਜ਼ੀ ਖਾਂ ਪੰਜਾਬ ਵਿਚ ਆਉਂਦਾ ਹੈ ।ਡੇਰਾ ਇਸਮਾਇਲ ਖਾਂ ਦੇ 70 ਫ਼ੀਸਦੀ ਲੋਕਾਂ ਸਮੇਤ ਰਾਜਨਪੁਰ ਦੇ ਇਲਾਕਿਆਂ ਵਿਚ ਸਰਾਇਕੀ ਜ਼ੁਬਾਨ ਬੋਲੀ ਜਾਂਦੀ ਹੈ ।ਪੰਜਾਬ ਦੇ ਲਹਿੰਦੇ ਪਾਸੇ ਅਟਕ ਜ਼ਿਲ੍ਹੇ ਵਿਚ ਪਸ਼ਤੋ, ਸਰਾਇਕੀ ਤੇ ਪੰਜਾਬੀ ਤਿੰਨੋਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ ।ਇਸ ਦੇ ਅਗਲੇ ਪਾਸੇ ਪਸ਼ਤੋਂ ਤੇ ਪਿਛਲੇ ਪਾਸੇ ਪੰਜਾਬੀ ਤੇ ਪੋਠੋਹਾਰੀ ਜ਼ੁਬਾਨਾਂ ਆਉਂਦੀਆਂ ਹਨ । ਡੇਰਾ ਇਸਮਾਇਲ ਖਾਂ ਵਿਚ ਪਸ਼ਤੋ, ਸਰਾਇਕੀ ਤੇ ਡੇਰਵੀ ਸਾਰੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ | ਇੱਥੇ ਜ਼ੁਬਾਨਾਂ ਦੇ ਮੇਲ ਦੌਰਾਨ ਇਕ ਪਾਸੇ ਪੰਜਾਬੀ, ਦੂਜੇ ਪਾਸੇ ਪਸ਼ਤੋ ਅਤੇ ਇਨ੍ਹਾਂ ਦੇ ਵਿਚਕਾਰ ਡੇਰਵੀ ਜ਼ੁਬਾਨ ਆਉਂਦੀ ਹੈ ।1947 ਦੀ ਵੰਡ ਤੋਂ ਪਹਿਲਾਂ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਪੰਜਾਬੀ ਭਾਸ਼ਾ ਆਪਣੇ ਕੇਂਦਰ ਲਾਹੌਰ ਤੋਂ ਚਾਰ-ਚੁਫੇਰੇ ਘੁੰਮਦਿਆਂ ਕਈ ਰੂਪਾਂ ਵਿਚ ਬਦਲਦੀ ਹੈ, ਜਿਸ ਦੇ ਚੜ੍ਹਦੇ ਪਾਸੇ ਹਰਿਆਣਵੀ, ਪਹਾੜੀ ਪਾਸੇ ਡੋਗਰੀ ਤੇ ਪਹਾੜਾਂ ਦੇ ਲਹਿੰਦੇ ਪਾਸੇ ਪੋਠੋਹਾਰੀ ਹੈ, ਜਿਸ ਦੇ ਲਹਿੰਦੇ ਪਾਸੇ ਹਿੰਦਕੋ, ਡਰਵੀਂ ਤੇ ਸਰਾਇਕੀ, ਜਦਕਿ ਦੱਖਣੀ ਚੜ੍ਹਦੇ ਪਾਸੇ ਰਾਜਸਥਾਨੀ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ ।ਇਹ ਸਭ ਜ਼ੁਬਾਨਾਂ ਪੰਜਾਬੀ ਭਾਸ਼ਾ ਨੂੰ ਹਿੰਦੀ, ਕਸ਼ਮੀਰੀ, ਫ਼ਾਰਸੀ, ਬਲੋਚੀ, ਸਿੰਧੀ ਤੇ ਗੁਜਰਾਤੀ ਭਾਸ਼ਾ ਵੱਲ ਲੈ ਜਾਂਦੀਆਂ ਹਨ ।ਪੰਜਾਬ ਨੂੰ ਛੱਡ ਕੇ ਵੱਡੀ ਗਿਣਤੀ ਵਿਚ ਪੰਜਾਬੀਆਂ ਦੇ ਯੂਰਪ ਵਾਲੇ ਪਾਸੇ ਵਸ ਜਾਣ ਕਰਕੇ ਉਨ੍ਹਾਂ ਦੀ ਪੰਜਾਬੀ ਤੇ ਅੰਗਰੇਜ਼ੀ ਜ਼ੁਬਾਨ ਦੇ ਮੇਲ ਨਾਲ ਇਕ ਨਵੀਂ ਭਾਸ਼ਾ ਵੀ ਬਣ ਗਈ ਹੈ ।