ਪੰਜਾਬੀ ਸਾਹਿਤ, ਕਿਤਾਬਾਂ ਬਨਾਮ ਪਾਠਕ

In ਮੁੱਖ ਲੇਖ
September 04, 2025

ਜਗਮੋਹਨ ਸਿੰਘ ਲੱਕੀ

-ਸਾਹਿਤ ਦੋ ਸ਼ਬਦਾਂ ਸਾ+ਹਿਤ ਦੇ ਸੁਮੇਲ ਤੋਂ ਬਣਿਆ ਹੈ, ਸਾ ਦਾ ਅਰਥ ਸਾਥ ਜਾਂ ਨਾਲ ਹੁੰਦਾ ਹੈ ਅਤੇ ਹਿਤ ਦਾ ਅਰਥ ਪਿਆਰ ਹੁੰਦਾ ਹੈ। ਇਸ ਤਰ੍ਹਾਂ ਸਾਹਿਤ ਤੋਂ ਭਾਵ ਹੈ ‘‘ਪਿਆਰ ਤੋਂ ਉਪਜਿਆ ਹੋਇਆ।’’ ਪੰਜਾਬੀ ਭਾਸ਼ਾ ਦਾ ਸ਼ਬਦ ਸਾਹਿਤ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਾਹਿਤਯ ਤੋਂ ਲਿਆ ਗਿਆ ਹੈ। ਅਸਲ ਵਿੱਚ ਸਾਰੀਆਂ ਉੱਤਰ ਭਾਰਤੀ ਭਾਸ਼ਾਵਾਂ ਨੇ ਸੰਸਕ੍ਰਿਤ ਦੇ ਘਾਟ ਤੋਂ ਪਾਣੀ ਪੀਤਾ ਹੋਇਆ ਹੈ, ਇਸ ਕਰਕੇ ਸੰਸਕ੍ਰਿਤ ਭਾਸ਼ਾ ਦੇ ਕਈ ਸ਼ਬਦਾਂ ਦਾ ਪ੍ਰਭਾਵ ਪੰਜਾਬੀ ਭਾਸ਼ਾ ੳੁੱਪਰ ਵੀ ਦੇਖਣ ਨੂੰ ਮਿਲ ਜਾਂਦਾ ਹੈ।
ਪ੍ਰਸਿੱਧ ਵਿਦਵਾਨ ਮੈਕਸਿਮ ਗੋਰਕੀ ਸਾਹਿਤ ਦੀ ਪਰਿਭਾਸ਼ਾ ਦਿੰਦਾ ਹੋਇਆ ਕਹਿੰਦਾ ਹੈ ਕਿ ,
‘‘ ਸਾਹਿਤ ਸੰਸਾਰ ਦਾ ਦਿਲ ਹੈ।’’
ਪ੍ਰਸਿੱਧ ਵਿਦਵਾਨ ਐਮਰਸਨ ਕਹਿੰਦਾ ਹੈ ਕਿ
‘‘ ਸਾਹਿਤ ਉੱਤਮ ਵਿਚਾਰਾਂ ਦਾ ਸੰਗ੍ਰਹਿ ਹੈ।’’
ਆਕਸਫੋਰਡ ਯੂਨੀਵਰਸਿਟੀ ਅਨੁਸਾਰ ,
‘‘ਸਾਹਿਤ ਉਹਨਾਂ ਲਿਖਤਾਂ ਨੂੰ ਕਹਿੰਦੇ ਹਨ ਜੋ ਕਿ ਰੂਪ ਦੀ ਸੁੰਦਰਤਾ ਜਾਂ ਭਾਵਾਂ ਦੇ ਪ੍ਰਭਾਵ ਲਈ ਲਿਖੀਆਂ ਜਾਂਦੀਆਂ ਹਨ। ’’
ਜੇ ਹੁਣ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਕਈ ਲੇਖਕ ਕਹਿੰਦੇ ਹਨ ਕਿ ਪੰਜਾਬੀ ਵਿੱਚ ਵਿਸ਼ਵ ਪੱਧਰੀ ਸਾਹਿਤ ਰਚਿਆ ਜਾ ਰਿਹੈ। ਕਈ ਲੇਖਕ ਅਜਿਹੇ ਵੀ ਹਨ ਜੋ ਕਿ ਬੜੇ ਮਾਣ ਨਾਲ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੀਆਂ ਹੁਣ ਤੱਕ 30-40 ਜਾਂ ਇਸ ਤੋਂ ਵੀ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਇਸ ਤਰ੍ਹਾਂ ਉਹ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਜੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਦੀਆਂ ਕਿਤਾਬਾਂ ਕਿੰਨੇ ਕੁ ਪਾਠਕਾਂ ਨੇ ਮੁੱਲ ਖ਼ਰੀਦ ਕੇ ਪੜ੍ਹੀਆਂ ਹਨ ਤਾਂ ਉਹਨਾਂ ਦੇ ਬੁੱਲ੍ਹਾਂ ਨੂੰ ਚੁੱਪ ਵਾਲਾ ਜਿੰਦਰਾ ਲੱਗ ਜਾਂਦੈ।
ਅਸਲ ਦੇ ਵਿੱਚ ਵਿਕਰੀ ਵਾਲੀਆਂ ਕਿਤਾਬਾਂ ਦੀ ਗਿਣਤੀ ਇਸ ਕਰਕੇ ਵੀ ਘਟੀ ਹੈ ਕਿਉਂਕਿ ਪਾਠਕ ਪੀਡੀਐਫ਼ ਦਾ ਸਹਾਰਾ ਲੈ ਰਹੇ ਨੇ। ਬਹੁਤ ਸਾਰੀਆਂ ਕਿਤਾਬਾਂ ਤੁਹਾਨੂੰ ਯੂ ਟਿਊਬ ’ਤੇ ਮੁਫ਼ਤ ਸੁਣਨ ਨੂੰ ਮਿਲਦੀਆਂ ਨੇ। ਅੱਜਕੱਲ੍ਹ ਤਾਂ ਆਡੀਓ ਬੁਕਸ ਦੀਆਂ ਲਾਈਬ੍ਰੇਰੀਆਂ ਨੇ ਵੀ ਪਾਠਕਾਂ ਨੂੰ ਪੜ੍ਹਨ ਦੀ ਬਜਾਏ ਸੁਣਨ ਦੀ ਚੇਟਕ ਲਗਾਈ ਹੈ। ਇਹਨਾਂ ਲਾਈਬ੍ਰੇਰੀਆਂ ਵਿਚੋਂ ‘‘ਆਵਾਜ਼ ਘਰ’’ ਦਾ ਨਾਂਅ ਸਭ ਤੋਂ ਉੱਪਰ ਹੈ।
ਚੰਗਾ ਸਾਹਿਤ ਸਾਡੀ ਰੀੜ ਦੀ ਹੱਡੀ ਨੂੰ ਮਜ਼ਬੂਤ ਕਰਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਮਿਆਰੀ ਸਾਹਿਤ ਦੀ ਚੇਟਕ ਜਿਸ ਉਮਰ ਦੇ ਵਿੱਚ ਸਾਨੂੰ ਦੇਸੀ ਘਿਓ ਦੀ ਤਰ੍ਹਾਂ ਲੱਗਣੀ ਚਾਹੀਦੀ ਹੈ, ਉਸ ਸਮੇਂ ਤਾਂ ਬੱਚੇ ਨੂੰ ਸਕੂਲੀ ਕਿਤਾਬਾਂ ਜਾਂ ਅੰਗਰੇਜ਼ੀ ਕਿਤਾਬਾਂ ਦੇ ਨਾਲ ਉਲਝਾਅ ਦਿੱਤਾ ਜਾਂਦਾ ਹੈ। ਤਾਂ ਹੀ ਤਾਂ ਕਈ ਬੱਚੇ ੳ ਊਠ ਦੀ ਬਜਾਏ ੳ ਬੋਤਾ ਹੀ ਦਸਦੇ ਹਨ। ਪੰਜਾਬੀ ਕਾਇਦੇ ਵਿੱਚ ਬਿੱਲੀ ਨੂੰ ਵੇਖ ਕੇ ਬ ਫਾਰ ਕੈਟ ਹੀ ਕਹਿੰਦੇ ਹਨ। ਮਾਪਿਆਂ ਦਾ ਫ਼ਰਜ਼ ਵੀ ਬਣਦਾ ਹੈ ਕਿ ਸਮੇਂ ਸਮੇਂ ’ਤੇ ਬੱਚਿਆਂ ਨੂੰ ਲਾਈਬ੍ਰੇਰੀਆਂ ਦੀ ਅਹਿਮੀਅਤ, ਵਧੀਆ ਸਾਹਿਤ ਦੀ ਵਾਕਫ਼ੀਅਤ, ਆਪਣੀ ਜ਼ਿੰਮੇਵਾਰੀ ਸਮਝ ਕੇ ਕਰਵਾਉਣ। ਕਈ ਲੇਖਕ ਤਾਂ ਇਸ ਗੱਲ ’ਤੇ ਵੀ ਝੂਰਦੇ ਹਨ ਕਿ ਪੰਜਾਬੀ ਕਿਤਾਬਾਂ ਅਤੇ ਅਖ਼ਬਾਰਾਂ ਨੂੰ ਰੱਦੀ ਵਿੱਚ ਵੇਚਣ ਵੇਲੇ ਵੀ ਰੱਦੀ ਵਾਲਾ ਜਾਂ ਕਬਾੜੀ ਘੱਟ ਰੇਟ ਲਗਾਉਂਦਾ ਹੈ ਪਰ ਅੰਗਰੇਜ਼ੀ ਅਖ਼ਬਾਰਾਂ ਤੇ ਕਿਤਾਬਾਂ ਦੀ ਤਾਂ ਰੱਦੀ ਵੀ ਮਹਿੰਗੇ ਭਾਅ ਵਿਕਦੀ ਹੈ। ਇਸ ਤੋਂ ਪੰਜਾਬੀ ਕਿਤਾਬਾਂ ਤੇ ਅਖ਼ਬਾਰਾਂ ਦੀ ਹੋਣੀ ਦਾ ਚੰਗੀ ਤਰ੍ਹਾਂ ਪਤਾ ਚੱਲ ਜਾਂਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਕੀ ਕਾਰਨ ਹੈ ਕਿ ਪੰਜਾਬੀ ਕਿਤਾਬਾਂ ਤੋਂ ਪਾਠਕ ਹੀ ਦੂੁਰ ਹੋ ਰਹੇ ਹਨ ਤਾਂ ਇਸ ਦਾ ਇੱਕ ਕਾਰਨ ਇਹ ਹੈ ਕਿ ਪੰਜਾਬੀ ਦੀਆਂ ਵੱਡੀ ਗਿਣਤੀ ਕਿਤਾਬਾਂ ਕਾਫ਼ੀ ਮਹਿੰਗੀਆਂ ਹੁੰਦੀਆਂ ਹਨ ਤੇ ਜੋ ਮੁੱਲ ਹੁੰਦਾ ਹੈ, ਉਸ ਦੇ ਮਿਆਰ ਦਾ ਸਾਹਿਤ ਵੀ ਕਈ ਵਾਰ ਕਿਤਾਬ ਵਿੱਚ ਨਹੀਂ ਹੁੰਦਾ, ਜਿਸ ਕਰਕੇ ਮਹਿੰਗੀ ਕਿਤਾਬ ਖਰੀਦ ਕੇ ਦੁਖੀ ਪਾਠਕ ਮਿਆਰੀ ਸਾਹਿਤ ਨਾ ਮਿਲਣ ਕਰਕੇ ਕਈ ਵਾਰੀ ਪੰਜਾਬੀ ਭਾਸ਼ਾ ਵਿੱਚ ਛਪੀਆਂ ਕਿਤਾਬਾਂ ਤੋਂ ਕੰਨੀ ਕਤਰਾਉਂਦਾ ਹੈ।
ਅਕਸਰ ਹੀ ਜਦੋਂ ਕੋਈ ਕਿਤਾਬ ਛਪਦੀ ਹੈ ਤਾਂ ਲੇਖਕ ਵੱਲੋਂ ਉਸ ਉੱਪਰ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਹਨ, ਕਿਤਾਬਾਂ ਦੇ ਰੀਵਿਊ ਕਰਵਾਏ ਜਾਂਦੇ ਹਨ। ਕਈ ਅਖ਼ਬਾਰਾਂ ਵਿੱਚ ਤਾਂ ਲੇਖਕ ਖੁਦ ਹੀ ਕਿਤਾਬ ਵੀ ਦੇ ਆਉਂਦੇ ਹਨ ਅਤੇ ਕਈ ਲੇਖਕ ਤਾਂ ਆਪਣੀ ਨਵ ਪ੍ਰਕਾਸ਼ਿਤ ਕਿਤਾਬ ਦਾ ਰੀਵਿਊ ਵੀ ਖੁਦ ਹੀ ਲਿਖ ਕੇ ਦੇ ਆਉਂਦੇ ਹਨ ਜੋ ਕਿ ਉਸ ਅਖ਼ਬਾਰ ਦੇ ਕਿਸੇ ਸਬ ਐਡੀਟਰ (ਜਿਸ ਕੋਲ ਕਿਤਾਬ ਪੜ੍ਹਨ ਦਾ ਸਮਾਂ ਹੀ ਨਹੀਂ ਹੁੰਦਾ) ਦੇ ਨਾਂਅ ਉੱਪਰ ਛਪ ਜਾਂਦਾ ਹੈ ਪਰ ਕਈ ਅਖ਼ਬਾਰਾਂ ਅਜਿਹੀਆਂ ਵੀ ਹਨ ਜੋ ਕਿ ਕਿਤਾਬ ਦੇ ਲੇਖਕ ਵੱਲੋਂ ਹੀ ਲਿਖਿਆ ਰੀਵਿਊ ਬਿਲਕੁਲ ਨਹੀਂ ਛਾਪਦੀਆਂ, ਸਗੋਂ ਉਹ ਲੇਖਕ ਤੋਂ ਦੋ ਕਿਤਾਬਾਂ ਲੈ ਕੇ ਇੱਕ ਕਿਸੇ ਹੋਰ ਲੇਖਕ ਜਾਂ ਕਾਲਮ ਨਵੀਸ ਨੂੰ ਭੇਜਦੀਆਂ ਹਨ ਜੋ ਕਿ ਕਿਤਾਬ ਨੂੰ ਪੜ੍ਹ ਕੇ ਰੀਵਿਊੁ ਲਿਖ ਕੇ ਅਖ਼ਬਾਰ ਨੂੰ ਭੇਜਦੇ ਹਨ ਤੇ ਅਖ਼ਬਾਰ ਦਾ ਸਬੰਧਿਤ ਫੀਚਰ ਡੈਸਕ ਵਾਲਾ ਅਮਲਾ ਜਾਂ ਮੈਗਜ਼ੀਨ ਸੈਕਸ਼ਨ ਦੇ ਸੰਪਾਦਕ ਉਸ ਰੀਵਿਊ ਦੀ ਐਡਟਿੰਗ ਕਰਕੇ ਛਾਪਦੇ ਹਨ। ਪਰ ਜੋ ਰੀਵਿਉ ਕਿਤਾਬ ਦੇ ਲੇਖਕ ਖੁਦ ਹੀ ਲਿਖ ਕੇ ਕਿਤਾਬ ਦੇ ਨਾਲ ਅਖ਼ਬਾਰਾਂ ਦੇ ਦਫ਼ਤਰ ਵਿੱਚ ਦੇ ਜਾਂਦੇ ਹਨ, ਉਸ ਵਿੱਚ ਕਿਤਾਬ ਤੇ ਕਿਤਾਬ ਲੇਖਕ ਦੀ ਬੇਲੋੜੀ ਸ਼ਲਾਘਾ ਹੀ ਕੀਤੀ ਹੁੰਦੀ ਹੈ। ਅਜਿਹੀ ਸ਼ਲਾਘਾ ਵਾਲੇ ਰੀਵਿਊ ਪੜ੍ਹਕੇ, ਜਿਸ ਵਿੱਚ ਕਿਤਾਬ ਨੂੰ ‘‘ਯੁੱਗ ਪਲਟਾਊ ਰਚਨਾ’’ ਵੀ ਲਿਖਿਆ ਹੁੰਦਾ ਹੈ, ਕਈ ਵਾਰ ਪਾਠਕ ਕਿਤਾਬ ਲੈ ਲੈਂਦਾ ਹੈ ਪਰ ਜਦੋਂ ਪਾਠਕਾਂ ਦੀ ਕਸੌਟੀ ੳੁੱਪਰ ਉਹ ਕਿਤਾਬ ਪੂਰੀ ਨਹੀਂ ਉੱਤਰਦੀ ਤਾਂ ਪਾਠਕ ਫਿਰ ਕਿਤਾਬਾਂ ਲੈਣ ਤੋਂ ਤੋਬਾ ਹੀ ਕਰ ਲੈਂਦਾ ਹੈ।
ਕੁਝ ਕੁ ਲੇਖਕ ਵਰਗ ਵਿੱਚ ਇਹ ਵੱਡੀ ਕਮੀ ਹੈ ਕਿ ਉਹ ਆਪਣੇ ਕੰਮ ਪ੍ਰਤੀ ਆਲੋਚਨਾ ਨਹੀਂ ਚਾਹੁੰਦੇ, ਸਿਰਫ਼ ਪ੍ਰਸੰਸਾ ਹੀ ਚਾਹੁੰਦੇ ਹਨ। ਚਰਚਾ ਹਰ ਵਿਸ਼ੇ ’ਤੇ ਹੋਣੀ ਚਾਹੀਦੀ ਹੈ। ਆਲੋਚਨਾ ਹਾਂ ਪੱਖੀ ਹੋਣੀ ਚਾਹੀਦੀ ਹੈ ਤੇ ਲੇਖਕ ਨੂੰ ਵੀ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਇਹ ਹਕੀਕਤ ਹੈ ਕਿ ਚੰਗੇ ਸਾਹਿਤ ਨੂੰ ਹਰ ਬੋਲੀ ਵਿੱਚ ਹੀ ਪਸੰਦ ਕੀਤਾ ਜਾਂਦਾ ਹੈ। ਜੇ ਧਿਆਨ ਨਾਲ ਵੇਖੀਏ ਤਾਂ ਮਨੁੱਖ ਦਾ ਅਸਲੀ ਅਧਿਆਪਕ ਤਾਂ ਚੰਗੀਆਂ ਕਿਤਾਬਾਂ ਹੀ ਹੁੰਦੀਆਂ ਹਨ, ਚੰਗੀਆਂ ਕਿਤਾਬਾਂ ਤੋਂ ਹੀ ਹਰ ਮਨੁੱਖ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਲੈਂਦਾ ਹੈ।
ਇਹ ਵੀ ਇੱਕ ਹਕੀਕਤ ਹੈ ਕਿ ਕਈ ਵਾਰ ਚੰਗਾ ਲਿਖਣ ਵਾਲਾ ਸਾਰੀ ਉਮਰ ਕਿਤਾਬ ਨਹੀਂ ਛਪਵਾ ਸਕਦਾ, ਪਰ ਪੈਸੇ ਦੇ ਜੋਰ ’ਤੇ ਜਾਂ ਉਧਾਰ ਪੈਸੇ ਲੈ ਕੇ ਗੈਰਮਿਆਰੀ ਸਾਹਿਤ ਵੀ ਛਪ ਰਿਹਾ ਹੈ। ਮੈਂ ਖੁਦ ਜਦੋਂ ਆਪਣੀ ਕਿਤਾਬ ਛਪਵਾਉਣ ਲਈ ਜਦੋਂ ਇੱਕ ਪ੍ਰੀਟਿੰਗ ਪ੍ਰੈਸ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਮਾਲਕ, ਜੋ ਕਿ ਮੇਰਾ ਦੋਸਤ ਵੀ ਹੈ, ਨੇ ਸਾਰਾ ਹਿਸਾਬ ਕਿਤਾਬ ਲਗਾ ਕੇ ਕਿਤਾਬ ਛਾਪਣ ਦਾ ਖਰਚਾ ਹੀ ਏਨਾ ਜਿਆਦਾ ਦਸ ਦਿੱਤਾ ਕਿ ਮੁੜ ਕੇ ਕਿਤਾਬ ਛਪਵਾਉਣ ਦੀ ਗੱਲ ਹੁਣ ਸੁਪਨੇ ਵਿੱਚ ਵੀ ਨਹੀਂ ਸੋਚੀਦੀ। ਅਜਿਹਾ ਹੀ ਅਨੇਕਾਂ ਲੇਖਕਾਂ ਨਾਲ ਹੋ ਚੁੱਕਿਆ ਹੈ ਜੋ ਕਿ ਸਿਰਫ਼ ਪੈਸੇ ਦੀ ਘਾਟ ਕਾਰਨ ਆਪਣੀਆਂ ਕਿਤਾਬਾਂ ਛਪਵਾਉਣ ਲਈ ਸਾਰੀ ਉਮਰ ਤਰਸਦੇ ਰਹਿੰਦੇ ਹਨ।
ਕਈ ਅਖ਼ਬਾਰਾਂ ਵਿੱਚ ਛਪਦਾ ਸਾਹਿਤ ਮਿਆਰੀ ਵੀ ਹੁੰਦਾ ਹੈ ਤੇ ਲੋਕਾਂ ਨੂੰ ਸੇਧ ਦੇਣ ਵਾਲਾ ਵੀ, ਕਿਉਂਕਿ ਇਹ ਸਾਹਿਤ ਕਈ ਹੱਥਾਂ ਵਿੱਚ ਹੋ ਕੇ ਪਾਠਕਾਂ ਤੱਕ ਪਹੁੰਚਦਾ ਹੈ। ਪਹਿਲਾਂ ਤਾਂ ਲੇਖਕ ਖੁਦ ਆਪਣੀ ਰਚਨਾ ਨੂੰ ਪੜ੍ਹਕੇ ,ਸ਼ਿੰਗਾਰ ਕੇ ਕਿਸੇ ਅਖ਼ਬਾਰ ਨੂੰ ਭੇਜਦਾ ਹੈ,ਫਿਰ ਅਖ਼ਬਾਰ ਦਾ ਸੰਪਾਦਕ ਉਸ ਰਚਨਾ ਨੂੰ ਪੜਦਾ ਹੈ,ਫਿਰ ਫੀਚਰ ਡੈਸਕ ਇਨਚਾਰਜ ਜਾਂ ਫਿਰ ਕੋਈ ਸਬ ਐਡੀਟਰ ਉਸ ਰਚਨਾ ਦੀ ਸੋਧ ਕਰਦਾ ਹੈ ਤੇ ਪਰੂਫ਼ ਰੀਡਰ ਸਟਾਫ ਉਸ ਰਚਨਾ ਦੀ ਪਰੂਫ਼ ਰੀਡਿੰਗ ਕਰਦਾ ਹੈ, ਇਸ ਤਰ੍ਹਾਂ ਕਈ ਹੱਥਾਂ ਵਿਚੋਂ ਨਿਕਲ ਕੇ ਲੇਖਕ ਦੀ ਰਚਨਾ ਵਿੱਚ ਕਾਂਟ -ਛਾਂਟ ਤਾਂ ਹੋ ਜਾਂਦੀ ਹੈ ਪਰ ਉਹ ਬਣ ਬਹੁਤ ਵਧੀਆ ਜਾਂਦੀ ਹੈ। ਅਜਿਹੀ ਰਚਨਾ ਪਾਠਕਾਂ ਨੂੰ ਬਹੁਤ ਪਸੰਦ ਆਉਂਦੀ ਹੈ, ਕਈ ਅਖ਼ਬਾਰਾਂ ਦੇ ਸੰਪਾਦਕ ਲੇਖਕਾਂ ਵੱਲੋਂ ਭੇਜੇ ਲੇਖਾਂ ਦੀ ਭੂੁਮਿਕਾ ਬਦਲ ਕੇ ਖੁਦ ਆਪਣੇ ਕੋਲੋਂ ਲਿਖ ਦਿੰਦੇ ਹਨ, ਪਾਠਕਾਂ ਨੂੰ ਉਹੀ ਸਭ ਤੋਂ ਵਧੀਆ ਲੱਗਦੀ ਹੈ ਤੇ ਉਹ ਲੇਖਕ ਨੂੰ ਹੀ ਵਧਾਈਆਂ ਭੇਜਦੇ ਰਹਿੰਦੇ ਹਨ, ਜਦੋਂ ਕਿ ਉਹ ਭੂਮਿਕਾ ਲਿਖਣ ਵਾਲਾ ਸੰਪਾਦਕ ਜਾਂ ਸੰਪਾਦਕੀ ਅਮਲਾ ਗੌਣ ਹੀ ਰਹਿੰਦਾ ਹੈ।
ਜਦੋਂ ਅਖ਼ਬਾਰਾਂ ਵਿੱਚ ਛਪਦੇ ਲੇਖਾਂ ਨੂੰ ਪਾਠਕ ਬਹੁਤ ਵੱਡੀ ਗਿਣਤੀ ਵਿੱਚ ਹੁੰਗਾਰਾ ਭਰਦੇ ਹਨ ਤਾਂ ਫਿਰ ਕਿਤਾਬਾਂ ਦੇ ਪਾਠਕਾਂ ਦੀ ਵੀ ਘਾਟ ਨਹੀਂ ਹੈ । ਘਾਟ ਤਾਂ ਸਸਤੀਆਂ ਜਾਂ ਵਾਜਬ ਮੁੱਲ ਉੱਪਰ ਮਿਲਣ ਵਾਲੀਆਂ ਮਿਆਰੀ ਕਿਤਾਬਾਂ ਦੀ ਹੈ, ਇਸ ਪਾਸੇ ਵੀ ਲੇਖਕਾਂ ਨੂੰ ਧਿਆਨ ਦੇਣ ਦੀ ਲੋੜ ਹੈ।
ਡੱਬੀ
ਅੱਜਕੱਲ੍ਹ ਇੰਟਰਨੈਟ ਦਾ ਯੁੱਗ ਹੋਣ ਕਰਕੇ ਸੋਸ਼ਲ ਮੀਡੀਆ ’ਤੇ ਦੋ ਦੋ ਮਿੰਟ ਦੀਆਂ ਰੀਲ੍ਹਾਂ ਆ ਗਈਆਂ ਹਨ, ਜਿਸ ਨੇ ਅੱਜ ਦੀ ਪੀੜ੍ਹੀ ਦਾ ‘ਅਟੈਨਸ਼ਨ ਸਪੈਮ’ ਘਟਾ ਦਿੱਤਾ ਹੈ ਭਾਵ ਹੁਣ ਦੀ ਪੀੜ੍ਹੀ ਵਿੱਚ ਏਨਾ ਸਬਰ ਨਹੀਂ ਹੈ ਕਿ ਉਹ ਕੁੱਝ ਘੰਟੇ ਬੱਝ ਕੇ ਬੈਠ ਕੇ ਕੋਈ ਮੰਨੋਰੰਜਕ ਫ਼ਿਲਮ ਵੀ ਵੇਖ ਸਕੇ, ਕਿਤਾਬ ਪੜ੍ਹਨਾਂ ਤਾਂ ਫੇਰ ਵੀ ਦੂਰ ਦੀ ਗੱਲ ਹੈ। ਇੰਟਰਨੈਟ ਦੀ ਆਮਦ ਨੇ ਵੀ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਠੱਲ ਪਾਈ ਹੈ।

Loading