ਪੰਜਾਬ ਦੀ ਸਿਆਸੀ ਧਰਤੀ ’ਤੇ ਇੱਕ ਵਾਰ ਫਿਰ ਤੂਫਾਨ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ, ਪਰ ਮਿੰਟਾਂ ਵਿੱਚ ਹੀ ਉਹ ਗੋਲੀਬਾਰੀ ਅਤੇ ਪਥਰਾਅ ਦੀ ਆੜ ਵਿੱਚ ਫਰਾਰ ਹੋ ਗਿਆ ਸੀ। ਇਹ ਘਟਨਾ ਬੀਤੇ ਮੰਗਲਵਾਰ ਸਵੇਰੇ ਵਾਪਰੀ ਅਤੇ ਹੁਣ ਤੱਕ ਵਿਧਾਇਕ ਫਰਾਰ ਹੈ। ਪੁਲਿਸ ਨੇ ਉਸ ਦੇ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਤਿੰਨ ਹਥਿਆਰ ਤੇ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਹੈ। ਇਸ ਮਾਮਲੇ ਨੇ ਨਾ ਸਿਰਫ਼ ਆਪ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ, ਸਗੋਂ ਪੰਜਾਬੀ ਜਨਤਾ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਇਹ ਸਿਆਸੀ ਵਿਰੋਧ ਨੂੰ ਦਬਾਉਣ ਦੀ ਚਾਲ ਹੈ ਜਾਂ ਅਸਲ ਕਾਨੂੰਨੀ ਕਾਰਵਾਈ?
ਹਰਮੀਤ ਪਠਾਨਮਾਜਰਾ, ਜੋ ਸਨੌਰ ਹਲਕੇ ਤੋਂ ਵਿਧਾਇਕ ਹਨ, ਨੇ ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਆਪਣੀ ਹੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਕ੍ਰਿਸ਼ਨ ਕੁਮਾਰ ’ਤੇ ਇਲਜ਼ਾਮ ਲਾਏ ਕਿ ਉਸ ਨੇ ਸਰਕਾਰ ਨੂੰ ਗੁਮਰਾਹ ਕੀਤਾ ਅਤੇ ਹੜ੍ਹ ਰੋਕਥਾਮ ਲਈ ਬੇਨਤੀਆਂ ਨੂੰ ਅਣਡਿੱਠਾ ਕੀਤਾ, ਜਿਸ ਕਰਕੇ ਉਨ੍ਹਾਂ ਦੇ ਹਲਕੇ ਵਿੱਚ ਪਿੰਡ ਡੁੱਬ ਗਏ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਜੇ ਅਧਿਕਾਰੀਆਂ ਦੀ ਗੱਲ ਸੁਣੀ ਤਾਂ ਸੂਬਾ ਡੁੱਬ ਜਾਵੇਗਾ ਅਤੇ ਉਹ ਪਾਰਟੀ ਤੋਂ ਮੁਅੱਤਲ ਹੋਣ ਨੂੰ ਵੀ ਤਿਆਰ ਹਨ। ਇਸ ਬਿਆਨ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਫਿਰ 1 ਸਤੰਬਰ 2025 ਨੂੰ ਇੱਕ ਪੁਰਾਣੇ ਰੇਪ ਕੇਸ ਵਿੱਚ ਐਫਆਈਆਰ ਦਰਜ ਹੋ ਗਈ, ਜਿਸ ਵਿੱਚ ਇੱਕ ਔਰਤ ਨੇ ਆਰੋਪ ਲਾਏ ਕਿ ਪਠਾਨਮਾਜਰਾ ਨੇ ਉਸ ਨੂੰ ਵਿਆਹ ਦੇ ਝੂਠੇ ਵਾਅਦੇ ਨਾਲ ਧੋਖਾ ਦਿੱਤਾ ਅਤੇ ਸਰੀਰਕ ਸ਼ੋਸ਼ਣ ਕੀਤਾ। ਇਹ ਮਾਮਲਾ 2014 ਤੋਂ 2024 ਤੱਕ ਦਾ ਦੱਸਿਆ ਜਾ ਰਿਹਾ ਹੈ।
ਆਪ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਵਿਧਾਇਕ ਨੇ ਰੇਪ ਕੇਸ ਤੋਂ ਧਿਆਨ ਹਟਾਉਣ ਲਈ ਹੜ੍ਹਾਂ ’ਤੇ ਬਿਆਨਬਾਜ਼ੀ ਸ਼ੁਰੂ ਕੀਤੀ ਅਤੇ ਔਰਤ ਨੂੰ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਪਰ ਵਿਧਾਇਕ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਇਸ ਨੂੰ ਸਿਆਸੀ ਸਾਜ਼ਿਸ਼ ਕਿਹਾ ਅਤੇ ਕਿਹਾ ਕਿ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਸੀ ਅਤੇ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਅਫ਼ਸਰਸ਼ਾਹੀ ਅਤੇ ਵਿਧਾਇਕਾਂ ਵਿਚਕਾਰ ਰੱਸਾਕਸ਼ੀ ਹੈ।
ਪਠਾਨਮਾਜਰਾ ਨੇ ਕ੍ਰਿਸ਼ਨ ਕੁਮਾਰ ਨੂੰ ਹੜ੍ਹਾਂ ਦਾ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਕਿਹਾ ਕਿ ਅਧਿਕਾਰੀ ਨੇ ਰੋਕਥਾਮ ਉਪਾਵਾਂ ਨੂੰ ਨਜ਼ਰਅੰਦਾਜ਼ ਕੀਤਾ ਸੀ। ਪੰਜਾਬ ਵਿੱਚ ਹੜ੍ਹਾਂ ਨੇ ਕਈ ਪਿੰਡ ਤਬਾਹ ਕੀਤੇ ਹਨ ਅਤੇ ਜਨਤਾ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਰਹੀ ਹੈ। ਇਸ ਘਟਨਾ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਸਰਕਾਰ ਅੰਦਰੂਨੀ ਵਿਰੋਧ ਨੂੰ ਦਬਾਉਣ ਲਈ ਪੁਰਾਣੇ ਕੇਸ ਵਰਤ ਰਹੀ ਹੈ।
ਗ੍ਰਿਫ਼ਤਾਰੀ ਤੋਂ ਪਹਿਲਾਂ ਪਠਾਨਮਾਜਰਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕੀਤਾ ਅਤੇ ਸਮਰਥਕਾਂ ਨੂੰ ਪਟਿਆਲਾ ਡੀਸੀ ਅਤੇ ਐੱਸਐੱਸਪੀ ਦਫ਼ਤਰ ਘੇਰਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਨੂੰ ਚੁਣਨਾ ਹੈ ਜਾਂ ਦਿੱਲੀ ਵਾਲਿਆਂ ਨੂੰ। ਇਹ ਵੀਡੀਓ ਵਾਇਰਲ ਹੋਇਆ ਅਤੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ। ਇਸ ਨੇ ਪੰਜਾਬੀ ਜਨਤਾ ਵਿੱਚ ਗੁੱਸਾ ਪੈਦਾ ਕੀਤਾ ਹੈ ਕਿ ਕੀ ਆਵਾਜ਼ ਚੁੱਕਣ ਵਾਲਿਆਂ ਨੂੰ ਅਜਿਹੇ ਢੰਗ ਨਾਲ ਕੁਚਲਿਆ ਜਾ ਰਿਹਾ ਹੈ? ਆਪ ਪਾਰਟੀ, ਜੋ ਆਮ ਆਦਮੀ ਨੂੰ ਨੁਮਾਇੰਦਗੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ, ਹੁਣ ਆਪਣੇ ਸਿਧਾਂਤਾਂ ਤੇ ਵਾਅਦਿਆਂ ਤੋਂ ਥਿੜਕ ਰਹੀ ਹੈ।
ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਨਵੀਆਂ ਨਹੀਂ ਹਨ। ਅਕਸਰ ਸਿਆਸੀ ਵਿਰੋਧੀਆਂ ਨੂੰ ਪੁਰਾਣੇ ਕੇਸਾਂ ਨਾਲ ਨਿਪਟਾਇਆ ਜਾਂਦਾ ਹੈ। ਪਰ ਇੱਥੇ ਸਵਾਲ ਜਨਤਕ ਨੁਕਸਾਨ ਦਾ ਹੈ। ਹੜ੍ਹਾਂ ਨੇ ਹਜ਼ਾਰਾਂ ਨੂੰ ਬੇਘਰ ਕੀਤਾ ਅਤੇ ਸਰਕਾਰ ਨੇ ਅਜੇ ਵੀ ਪੂਰੀ ਰਾਹਤ ਨਹੀਂ ਦਿੱਤੀ। ਵਿਧਾਇਕ ਨੇ ਇਹ ਮੁੱਦਾ ਚੁੱਕਿਆ ਤਾਂ ਉਸ ਨੂੰ ਫਸਾਇਆ ਗਿਆ ਜਾਂ ਨਹੀਂ, ਇਹ ਅਦਾਲਤ ਨਿਰਣਾ ਕਰੇਗੀ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਦਰੂਨੀ ਵਿਵਾਦਾਂ ਨੂੰ ਹੱਲ ਕਰੇ ਅਤੇ ਜਨਤਕ ਮੁੱਦਿਆਂ ਤੇ ਧਿਆਨ ਦੇਵੇ। ਫਰਾਰ ਵਿਧਾਇਕ ਨੂੰ ਫੜਨ ਲਈ ਐਂਟੀ-ਗੈਂਗਸਟਰ ਟਾਸਕ ਫੋਰਸ ਲਗਾਈ ਗਈ ਹੈ।
ਅੰਤ ਵਿੱਚ, ਇਹ ਘਟਨਾ ਪੰਜਾਬੀ ਸਿਆਸਤ ਨੂੰ ਸ਼ੀਸ਼ਾ ਵਿਖਾਉਂਦੀ ਹੈ। ਜੇ ਸੱਤਾਧਾਰੀ ਪਾਰਟੀ ਅੰਦਰੂਨੀ ਆਲੋਚਨਾ ਨੂੰ ਨਹੀਂ ਝੱਲ ਸਕਦੀ ਤਾਂ ਆਮ ਆਦਮੀ ਦੀ ਆਵਾਜ਼ ਕਿੱਥੇ ਸੁਣੇਗੀ? ਪੰਜਾਬ ਨੂੰ ਅਜਿਹੇ ਡਰਾਮੇ ਨਹੀਂ ਚਾਹੀਦੇ, ਸਗੋਂ ਸੱਚੀ ਜਵਾਬਦੇਹੀ ਅਤੇ ਵਿਕਾਸ ਚਾਹੀਦਾ ਹੈ। ਜੇ ਪਠਾਨਮਾਜਰਾ ਨੇ ਗਲਤੀ ਕੀਤੀ ਤਾਂ ਸਜ਼ਾ ਮਿਲੇ, ਪਰ ਜੇ ਇਹ ਸਿਆਸੀ ਬਦਲਾ ਹੈ ਤਾਂ ਇਹ ਪੰਜਾਬੀਆਂ ਵਿੱਚ ਰੋਸ ਵਧੇਗਾ।
ਰਜਿੰਦਰ ਸਿੰਘ ਪੁਰੇਵਾਲ