ਪੰਜਾਬੀ ਸੱਭਿਆਚਾਰ ਅਤੇ ਵਿਰਸੇ ’ਚ ਖੂੰਡਾ ਇਕ ਅਹਿਮ ਸਥਾਨ ਰੱਖਦਾ ਹੈ। ਪੁਰਾਣੇ ਸਮੇਂ ਵਿਚ ਖੂੰਡੇ ਦਾ ਸਾਡੇ ਜੀਵਨ ਨਾਲ ਗਹਿਰਾ ਸਬੰਧ ਰਿਹਾ ਹੈ।ਇਹ ਗੱਭਰੂਆਂ ਦਾ ਸ਼ੌਕ, ਬੁਢਾਪੇ ਦਾ ਸਹਾਰਾ ਅਤੇ ਮੌਕੇ ਦਾ ਹਥਿਆਰ ਮੰਨਿਆ ਜਾਂਦਾ ਸੀ। ਲਗਪਗ ਪੰਜ ਕੁ ਫੁੱਟ ਲੰਮੀ ਬਾਂਸ ਦੀ ਸਖ਼ਤ ਡਾਂਗ, ਜਿਸ ਦਾ ਉਪਰਲਾ ਹਿੱਸਾ ਹੱਥ ਵਿਚ ਫੜਨ ਲਈ ਥੋੜ੍ਹਾ ਜਿਹਾ ਗੁਲਾਈਦਾਰ ਮੁੜਿਆ ਹੁੰਦਾ ਹੈ,ਉਸ ਨੂੰ ਖੂੰਡਾ ਕਹਿੰਦੇ ਹਨ। ਖੂੰਡਾ ਬਾਂਸ ਅਤੇ ਟਾਹਲੀ ਦੀ ਲੱਕੜ ਦਾ ਬਣਦਾ ਸੀ।
ਇਕ ਸਾਧਾਰਨ ਖੂੰਡਾ ਹੁੰਦਾ ਸੀ ਜਿਹੜਾ ਆਮ ਤੌਰ ’ਤੇ ਹਰੇਕ ਕੋਲ ਹੁੰਦਾ ਸੀ ਦੂਜਾ ਉਹ ਖੂੰਡਾ ਜਿਸ ਨੂੰ ਵਿਸ਼ੇਸ਼ ਤੌਰ ’ਤੇ ਸ਼ਿੰਗਾਰਿਆ ਜਾਂਦਾ ਸੀ। ਖੂੰਡੇ ਦੇ ਉੱਪਰਲੇ ਗੋਲ ਹਿੱਸੇ ਨੂੰ ਪਿੱਤਲ ਦੇ ਕੋਕੇ ਲਾ ਕੇ ਸ਼ਿੰਗਾਰਿਆ ਜਾਂਦਾ ਸੀ। ਖੂੰਡੇ ਦੀ ਡਾਂਗ ਨੂੰ ਸਜਾਉਣ ਲਈ ਇਸ ’ਤੇ ਪਿੱਤਲ ਅਤੇ ਤਾਂਬੇ ਦਾ ਕੰਮ ਕੀਤਾ ਜਾਂਦਾ ਹੈ। ਪਿੱਤਲ ਦੀ ਚਾਦਰ ਦੀਆਂ ਮੋਰਨੀਆਂ, ਮੱਛੀਆਂ ਅਤੇ ਫੁੱਲ ਆਦੀ ਬਣਾ ਕੇ ਖੂੰਡੇ ਦੀ ਡਾਂਗ ਉੱਤੇ ਲਾਏ ਜਾਂਦੇ ਸਨ। ਡਾਂਗ ਉੱਤੇ ਕਿਤੇ-ਕਿਤੇ ਪਿੱਤਲ ਅਤੇ ਤਾਂਬੇ ਦੀਆਂ ਤਾਰਾਂ ਨੂੰ ਵੀ ਲਪੇਟਿਆ ਜਾਂਦਾ ਸੀ।
ਖੂੰਡੇ ਨੂੰ ਬਣਾਉਣ ਲਈ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਹਨ। ਜੇਕਰ ਖੁੂੰਡੇ ਬਣਾਉਣ ਵਾਲੇ ਕਾਰੀਗਰਾਂ ਦੀ ਗੱਲ ਕਰੀਏ ਤਾਂ ਉਹ ਪੰਜਾਬ ’ਚ ਵਿਰਲੇ-ਟਾਵੇਂ ਹੀ ਰਹਿ ਗਏ ਹਨ। ਪਹਿਲੇ ਸਮਿਆਂ ਵਿਚ ਖੂੰਡਿਆਂ ਅਤੇ ਡਾਂਗਾਂ ਨਾਲ ਹੀ ਲੜਾਈਆਂ ਲੜੀਆਂ ਜਾਂਦੀਆਂ ਸਨ। ਉਸ ਸਮੇਂ ਵਿਚ ਖੂੰਡਾ ਇਕ ਮੁੱਖ ਹਥਿਆਰ ਵਜੋਂ ਵਰਤਿਆ ਜਾਂਦਾ ਸੀ, ਰਾਤ-ਬਰਾਤੇ ਇਸ ਨੂੰ ਲੋਕ ਆਪਣੇ ਕੋਲ ਰੱਖ ਕੇ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਆ ਜਿਹਾ ਮਹਿਸੂਸ ਕਰਿਆ ਕਰਦੇ ਸਨ।
ਖੂੰਡੇ ਨੂੰ ਪੁਰਾਣੇ ਸਮਿਆਂ ਵਿਚ ਮੇਲਿਆਂ, ਤਿਉਹਾਰਾਂ ਅਤੇ ਵਿਆਹਾਂ ’ਤੇ ਜਾਣ ਲੱਗੇ ਲੋਕ ਆਪਣੇ ਨਾਲ ਲੈ ਕੇ ਜਾਂਦੇ ਸਨ। ਕੋਈ-ਕੋਈ ਸ਼ੌਕੀਨ ਗੱਭਰੂ ਖੂੰਡੇ ਨੂੰ ਸ਼ਿੰਗਾਰ ਕੇ ਸ਼ੌਂਕੀਆ ਤੌਰ ’ਤੇ ਆਪਣੇ ਕੋਲ ਰੱਖਦੇ ਸਨ ਪਰ ਵੱਡੇ ਬਜ਼ੁਰਗ ਇਸ ਨੂੰ ਆਪਣੇ ਸਹਾਰੇ ਲਈ ਵਰਤਦੇ ਸਨ।
ਪੁਰਾਣੇ ਸਮੇਂ ਵਿਚ ਜਿਸ ਵਿਅਕਤੀ ਕੋਲ ਖੂੰਡਾ ਹੁੰਦਾ ਸੀ, ਉਸ ਨੂੰ ਸ਼ਕਤੀਸਾਲੀ ਅਤੇ ਰੋਹਬਦਾਰ ਮੰਨਿਆ ਜਾਂਦਾ ਸੀ। ਸਾਡੇ ਪੰਜਾਬੀ ਸੱਭਿਆਚਾਰਕ ਲੋਕ-ਗੀਤਾਂ ਤੇ ਬੋਲੀਆਂ ਆਦਿ ਵਿਚ ਖੂੰਡੇ ਦਾ ਜ਼ਿਕਰ ਆਮ ਹੀ ਕੀਤਾ ਜਾਂਦਾ ਹੈ ਜਿਵੇਂ : ‘ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ।’ ਬਾਪੂ ਦਾ ਖੂੰਡਾ ਕੱਢਦੂ ਤੇਰੀਆਂ ਰੜਕਾਂ ।” ਜਿਥੇ ਵੱਜਦਾ ਬੱਦਲ ਵਾਗ ਗੱਜਦਾ ਖੂੰਡਾ ਮੇਰੇ ਬਾਪੂ ਦਾ....।”ਅੱਜ ਜਦੋਂ ਕਿਤੇ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਹੈ ਤਾਂ ਖੂੰਡੇ ਸਿਰਫ਼ ਭੰਗੜਾ ਪਾਰਟੀਆਂ ਕੋਲ ਹੀ ਦਿਖਾਈ ਦਿੰਦੇ ਹਨ। ਅੱਜ -ਕੱਲ੍ਹ ਦੇ ਨੌਜਵਾਨਾਂ ਵਿਚ ਖੂੰਡੇ ਰੱਖਣ ਦਾ ਸ਼ੌਂਕ ਬਹੁਤ ਘੱਟ ਗਿਆ ਹੈ। •
-ਗੁਰਪ੍ਰੀਤ ਸਿੰਘ ਗਿੱਲ
![]()
