ਕਈ ਇਨਸਾਨ ਦੁਨੀਆਂ ਤੇ ਅਜਿਹੇ ਆਉਂਦੇ ਹਨ ਉਹ ਵੱਖਰੀਆਂ ਪੈੜਾਂ ਪਾ ਜਾਂਦੇ ਹਨ। ਉਹਨਾਂ ਦੀਆਂ ਪਾਈਆ ਪੈੜਾਂ ਕਰਕੇ ਲੋਕ ਉਹਨਾਂ ਨੂੰ ਸਦਾ ਹੀ ਯਾਦ ਕਰਦੇ ਰਹਿੰਦੇ ਹਨ ਅਜਿਹਾ ਹੀ ਇਕ ਗਾਇਕ ਕੇ-ਦੀਪ ਹੋਇਆ ਹੈ ਜਿਸ ਨੇ ਪੰਜਾਬੀ ਹਾਸ ਰਸ ਕਲਾਕਾਰੀ ਵਿੱਚ ਮਾਈ ਮੋਹਣੋ ਤੇ ਪੋਸਤੀ ਦੇ ਨਾਮ ਨਾਲ ਅਜਿਹਾ ਨਾਮ ਬਣਾਇਆ ਇਹਨਾਂ ਨੂੰ ਵੇਖ ਭਜਨਾ ਅਮਲੀ (ਗੁਰਦੇਵ ਢਿੱਲੋਂ` ਰਾਣਾ, ਜਸਵਿੰਦਰ ਭੱਲਾ, ਬਾਲ ਮਕੰਦ ਸ਼ਰਮਾ, ਭੋਟੂ ਸ਼ਾਹ, ਨੇਕ ਮਟਰਾਂ ਵਾਲਾ ਆਦਿ ਨੇ ਇਹਨਾਂ ਦੀ ਪਾਈ ਲੀਹ ਤੇ ਤੁਰਦਿਆਂ ਹਾਸ ਰਸ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਅਤੇ ਵਾਰਿਸ਼ ਸ਼ਾਹ ਦੀ ਹੀਰ ਰਚਨਾਂ ਨੂੰ ਵੀ ਸਭ ਤੋਂ ਪਹਿਲਾਂ ਇਸ ਨੇ ਹੀ ਗਾਇਆ।
ਕੇ-ਦੀਪ (ਕੁਲਦੀਪ ਸਿੰਘ) ਦਾ ਜਨਮ 10 ਦਸੰਬਰ 1940 ਨੂੰ ਰੰਗੂਨ ਬਰ੍ਹਮਾਂ ਹੁਣ (ਮਿਆਂਮਾਰ) ਵਿਖੇ ਪਿਤਾ ਸ੍ਰ. ਕਰਤਾਰ ਸਿੰਘ ਅਤੇ ਮਾਤਾ ਭਗਵੰਤ ਕੌਰ ਦੀ ਕੁੱਖੋਂ ਹੋਇਆ। ਇਸ ਦਾ ਅਸਲੀ ਪਿੰਡ ਐਤੀਆਣਾ (ਨੇੜੇ ਹਲਵਾਰਾ) ਜਿਲ੍ਹਾ ਲੁਧਿਆਣਾ ਹੈ। ਸਕੂਲੀ ਪੜ੍ਹਾਈ ਇਸ ਨੇ ਲੁਧਿਆਣਾ ਵਿਚ ਰਹਿ ਕੇ ਕੀਤੀ। ਇਸ ਨੂੰ ਸਕੂਲ ਟਾਈਮ ਵਿਚ ਹੀ ਗਾਉਣ ਦਾ ਸ਼ੌਂਕ ਸੀ। ਮਾਸਟਰ ਅਮਰ ਸਿਘ ਦੇ ਕਹਿਣ ਤੇ ਮਹੁੰਮਦ ਰਫ਼ੀ ਜੀ ਦਾ ਗਾਇਆ ਗੀਤ ਬਹੁਤ ਵਧੀਆ ਅੰਦਾਜ ਵਿਚ ਸੁਣਾ ਦਿੰਦਾ ਸੀ। ਕਾਲਿਜ ਟਾਇਮ ਇਹ ਸਾਥੀਆਂ ਨੂੰ ਮੂੰਹ ਨਾਲ ਮਿਊਜ਼ਿਕ ਵਜਾ ਕੇ ਬਹੁਤ ਵਧੀਆ ਆਵਾਜ਼ ਵਿਚ ਗੀਤ ਸੁਣਾ ਦਿੰਦਾ ਸੀ।ਇਸ ਦੇ ਇਸ ਅੰਦਾਜ ਨੇ ਸਭ ਪਾਸੇ ਚਰਚਾ ਛੇੜ ਦਿੱਤੀ। 1959 ਵਿਚ ਰੋਹਤਕ ਤੋਂ ਸਿਵਲ ਇੰਜੀਨੀਆਰਿੰਗ ਦਾ ਡਿਪਲੋਮਾਂ ਪਾਸ ਕੀਤਾ।ਪਰੀਵਾਰ ਇਸ ਨੂੰ ਨੌਕਰੀ ਕਰਵਾਉਣੀ ਚਾਹੁੰਦਾ ਸੀ ਪਰ ਇਸ ਨੇ ਸੰਗੀਤ ਨੂੰ ਕਿੱਤੇ ਵਜੋਂ ਅਪਣਾ ਲਿਆ।
ਸੰਗੀਤ ਖੇਤਰ ਵਿਚ ਆਉਣ ਸਮੇਂ ਸਭ ਤੋਂ ਪਹਿਲਾਂ ਇਹ ਮੁਬੰਈ ਜਾਕੇ ਮਸ਼ਹੂਰ ਸੰਗੀਤਕਾਰਾਂ ਕੋਲੋਂ ਸੰਗੀਤਕ ਜਾਣਕਾਰੀ ਹਾਸਲ ਕਰਕੇ ਆਇਆ ਮਿਹਨਤ ਕਰਨ ਤੋਂ ਬਾਅਦ ਕੇ-ਦੀਪ ਇਕ ਵਧੀਆ ਗਾਇਕ ਬਣ ਗਿਆ।
ਇਸ ਨੂੰ ਇਕ ਵਧੀਆ ਸਹਿ-ਗਾਇਕਾ ਦੀ ਲੋੜ ਸੀ ਕਿਸੇ ਨੇ ਕੇ-ਦੀਪ ਨੂੰ ਸਲਾਹ ਦਿੱਤੀ ਕੇ ਜਗਮੋਹਣ ਕੌਰ ਨਾਂ ਦੀ ਇਕ ਕੁੜੀ ਹੈ ਉਹ ਬਹੁਤ ਵਧੀਆ ਗਾ ਲੈਂਦੀ ਹੈ ਜੇਕਰ ਤੂੰ ਉਸ ਨਾਲ ਤਾਲ ਮੇਲ ਕਰਨਾ ਹੈ ਤਾਂ ਕਲਕੱਤੇ ਜਾ ਕੇ ਕਰ ਲਵੀਂ ਉਹ ਕਲਕੱਤੇ ਪ੍ਰੋਗਰਾਮ ਪੇਸ਼ ਕਰਨ ਜਾ ਰਹੀ ਹੈ। ਜਗਮੋਹਣ ਕੌਰ ਨੂੰ ਕਲਕੱਤੇ ਪਹੁੰਚਣ ਸਮੇਂ ਦੇਖਣ ਵਾਲਿਆਂ ਅਤੇ ਸੁਣਨ ਵਾਲਿਆਂ ਦੀ ਭੀੜ ਲਗ ਗਈ ਕੇ-ਦੀਪ ਨੇ ਵੀ ਕਲਕੱਤੇ ਜਾ ਕੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਅਤੇ ਜਗਮੋਹਣ ਕੌਰ ਨਾਲ ਤਾਲ ਮੇਲ ਕਰਕੇ ਗੱਲ ਕਰਨ ਵਿਚ ਸਫ਼ਲ ਹੋ ਗਿਆ। ਹੌਲੀ ਹੌਲੀ ਕੇ ਦੀਪ ਨੇ ਜਗਮੋਹਣ ਕੌਰ ਕੋਲ ਵਿਆਹ ਦੀ ਪੇਸ਼ਕਸ਼ ਰੱਖ ਦਿੱਤੀ। ਜਗਮੋਹਣ ਕੌਰ ਦੀ ਪਹਿਲਾਂ ਮੰਗਣੀ ਹੋਈ ਹੋਈ ਸੀ ਜਗਮੋਹਣ ਕੌਰ ਨੇ ਪ੍ਰੀਵਾਰ ਨੂੰ ਰਾਜ਼ੀ ਕਰਕੇ ਉੱਧਰ ਜਵਾਬ ਦੇ ਕੇ ਕੇ-ਦੀਪ ਨਾਲ 2 ਫ਼ਰਵਰੀ 1971 ਨੂੰ ਵਿਆਹ ਕਰਵਾ ਲਿਆ।
ਜਗਮੋਹਣ ਕੌਰ ਦਾ ਪਿੰਡ ਬੂਰ ਮਾਜਰਾ ਜਿਲ੍ਹਾ ਰੋਪੜ ਹੈ ਉਹ ਚੰਡੀਗ੍ਹੜ ਨੇੜੇ ਇਕ ਸਰਕਾਰੀ ਸਕੂਲ ਵਿਚ ਅਧਿਆਪਕਾ ਲੱਗੀ ਹੋਈ ਸੀ। ਜਗਮੋਹਣ ਕੌਰ ਨੇ ਵਿਆਹ ਪਿਛੋਂ ਅਧਿਆਪਕਾ ਦੀ ਨੌਕਰੀ ਛੱਡ ਕੇ ਪੱਕੇ ਤੌਰ ਤੇ ਕੇ-ਦੀਪ ਨਾਲ ਗਾਇਕੀ ਦਾ ਖੇਤਰ ਅਪਣਾ ਲਿਆ। ਇਹਨਾਂ ਦੇ ਇਕ ਲੜਕੀ ਗੁਰਪ੍ਰੀਤ (ਬਿਲੀ) ਤੇ ਲੜਕਾ ਰਾਜਾ ਨੇ ਜਨਮ ਲਿਆ।
1972 ਵਿੱਚ ਇਹਨਾਂ ਦਾ ਦੋਗਾਣਾ ਗੀਤ ਆਇਆ, ਮੇਰੀ ਗੱਲ ਸੁਣੋ ਸਰਦਾਰ ਜੀ ਮੈਨੂੰ ਸਾੜੀ ਇਕ ਲਿਆ ਦਿਓੁ ਨਖ਼ਰੇ ਵਾਲੀ ਨਾਰ ਦਾ ਤੁਸੀਂ ਜਲਵਾ ਹੋਰ ਵਧਾ ਦਿਓ, ਜੋ ਬਹੁਤ ਮਕਬੂਲ ਹੋਇਆ।
ਕੇ-ਦੀਪ ਅਤੇ ਜਗਮੋਹਣ ਕੌਰ ਦੀ ਪੜ੍ਹੀ ਲਿਖੀ ਜੋੜੀ ਸੀ। ਕੇ-ਦੀਪ ਸਟੇਜ ਤੇ ਪ੍ਰੋਗਰਾਮ ਪੇਸ਼ ਕਰਨ ਲੱਗਿਆਂ ਪੈਂਟ ਕਮੀਜ ਪਾ ਕੇ ਜਾਂ ਰੁੱਤ ਮੁਤਾਬਕ ਕੋਟ ਪੈਂਟ ਪਾ ਕੇ ਟਾਈ ਲਗਾ ਕੇ ਸਰੋਤਿਆਂ ਦਾ ਮਨੋਰੰਜਨ ਕਰਦਾ ਸੀ।
ਜਦ ਇਹ ਜੋੜੀ ਕਮੇਡੀ ਪਰੋਗ੍ਰਾਮ ਕਰਦੀ ਸੀ ਤਾਂ ਕੇ-ਦੀਪ ਪੋਸਤੀ ਅਤੇ ਜਗਮੋਹਣ ਕੌਰ ਮਾਈ ਮੋਹਣੋ ਬਣ ਜਾਂਦੀ ਸੀ। ਤਵਿਆਂ ਦੇ ਯੁੱਗ ਵੇਲੇ ਇਹਨਾਂ ਦੇ ਕਈ ਕਮੇਡੀ ਪ੍ਰੋਗਰਾਮ ਤਵੇ ਆਏ ਫਿਰ ਕੈਸਿਟਾਂ ਦਾ ਯੁੱਗ ਆਇਆ ਇਹਨਾਂ ਦੀ ਕਮੇਡੀ ਦੀਆਂ ਕੈਸਿਟਾਂ ਆਉਂਦੀਆਂ ਰਹੀਆਂ। ਇਹਨਾਂ ਦੀਆਂ ਰਿਕਾਡਿਗਾਂ ਦੇ ਨਾਮ ਪੋਸਤੀ ਦੁਬਈ ਵਿਚ,
ਪੋਸਤੀ ਕਬਰਾਂ ਵਿਚ, ਪੋਸਤੀ ਲੰਡਨ ਵਿਚ , ਪੋਸਤੀ ਕਨੇਡਾ ਵਿਚ, ਪੋਸਤੀ ਥਾਣੇ ਵਿਚ ਆਦਿ ਹਨ।
ਕੇ-ਦੀਪ ਮੰਚ ਸੰਚਾਲਕ ਵੀ ਬਹੁਤ ਵਧੀਆ ਸੀ ਜਦ ਤਵਿਆਂ ਦਾ ਯੁੱਗ ਸੀ ਉਸ ਟਾਇਮ ਦੋ ਤਵੇ ਐਚ ਐਮ ਵੀ ਨਾਇਟ ਸਿਰਲੇਖ ਹੇਠ ਮਾਰਕੀਟ ਵਿਚ ਆਏ ਉਹਨਾਂ ਤਵਿਆਂ ਵਿਚ ਸਿਰਕੱਢ ਕਲਾਕਾਰਾਂ ਦਾ ਇੱਕ ਇੱਕ ਗੀਤ ਸੀ ਉਹਨਾਂ ਤਵਿਆਂ ਵਿਚ ਸਟੇਜ ਕੇ-ਦੀਪ ਨੇ ਸੰਭਾਲੀ ਹੋਈ ਸੀ ਇਹ ਹਰ ਗੀਤ ਸ਼ੁਰੂ ਹੋਣ ਤੋਂ ਪਹਿਲਾਂ ਕਮੇਡੀ ਦਾ ਇਕ ਅੰਸ਼ ਸੁਣਾ ਕੇ ਸਰੋਤਿਆਂ ਨੂੰ ਹਸਾ ਦਿੰਦਾ ਸੀ ਇਹਨਾਂ ਤਵਿਆਂ ਵਿਚ ਕੇ-ਦੀਪ ਅਤੇ ਜਗਮੋਹਣ ਕੌਰ ਦਾ ਦੋਗਾਣਾ ਗੀਤ ਵੀ ਸੀ ਇਹ ਤਵੇ ਲੋਕਾਂ ਵਿਚ ਬਹੁਤ ਮਕਬੂਲ ਹੋਏ ਇਹਨਾਂ ਤਵਿਆਂ ਦੀ ਰਿਕਾਰਡ ਤੋੜ ਵਿਕਰੀ ਹੋਈ।
ਇਸ ਜੋੜੀ ਨੇ ਆਪਣੀ ਗਇਕੀ ਦੇ ਦਮ ਤੇ ਕਨੇਡਾ, ਅਮਰੀਕਾ, ਇੰਗਲੈਂਡ ਨਾਰਵੇ ਆਦਿ ਬਹੁਤ ਵਿਦੇਸ਼ਾ ਦੇ ਟੂਰ ਲਾਏ। ਇਹ ਜੋੜੀ ਨੇ ਬਹੁਤ ਸਾਰੇ ਦੋਗਾਣਾ ਗੀਤ ਗਾਏ। ਉਹਨਾਂ ਵਿਚੋਂ ਗੁਰਦੇਵ ਮਾਨ ਦਾ ਲਿਖਿਆ ਗੀਤ 'ਪੂਦਨਾਂ' ਜੋ ਸਿੱਠਣੀਆ ਦੇ ਰੂਪ ਵਿਚ ਹੈ ਸਰੋਤਿਆਂ ਵਿਚ ਬਹੁਤ ਚਾਰਚਿਤ ਹੋਇਆ ਜੋ ਅੱਜ ਵੀ ਹੈ। ਇਹਨਾਂ ਦੇ ਗਾਏ ਦੋਗਾਣੇ ਗੀਤ-
--ਅੱਡੀ ਤਾਂ ਮੇਰੀ ਕੌਲ ਕੱਚ ਦੀ ਗੂੱਠੇ ਤੇ ਸਿਰਨਾਵਾਂ
ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਧੁਰ ਦੇ ਪਤੇ ਮੰਗਾਵਾਂ ਰੱਖ ਲਿਆ ਮੇਮਾਂ ਨੇ ਵਿਹੁ ਖਾ ਕੇ ਮਰ ਜਾਵਾਂ -- ਸਿਖਰ ਦੁਪਹਿਰੇ ਚੰਨਾ ਧੁੱਪੇ ਗੇੜਾ ਮਾਰਦੀ ਦਾ
ਜਾਂਦਾ ਸੁੱਕਦਾ ਸਰੀਰ ਵਿਚੋਂ ਖੂਨ ਹਾਣੀਆ
ਖੇਤੋਂ ਘਰ ਨੂੰ ਲਵਾਦੇ ਵੇ ਟੈਲੀਫ਼ੋਨ ਹਾਣੀਆਂ-- ਬਾਬਾ ਵੇ ਕਲਾ ਮਰੋੜ--
ਦੋ ਛੜਿਆਂ ਦੀ ਇਕ ਢੋਲਕੀ--
ਜੋ ਕਰਨਾਂ ਕਰੀ ਜਾ ਚੁੱਪ ਕਰਕੇ ਆਦਿ
ਕੇ-ਦੀਪ ਫ਼ਿਲਮੀ ਡਾਇਰੈਕਟਰ ਵੀ ਰਿਹਾ ਇਸ ਨੇ ਫਿਲਮਾਂ ਵਿਚ ਵੀ ਕੰਮ ਕੀਤਾ। ਕੇ-ਦੀਪ ਨੇ ਦਾਜ, ਮੁਟਿਆਰ, ਸੰਤੋ ਬੰਤੋ ਫ਼ਿਲਮ ਲਈ ਗੀਤ ਗਾਏ ਜੋ ਸਕਰੀਨ ਤੇ ਮਿਹਰ ਮਿੱਤਲ ਨੇ ਫਿਲਮਾਏ।
ਕੇ-ਦੀਪ ਜਗਮੋਹਣ ਕੌਰ ਨੇ ਬਹੁਤ ਸਾਰੇ ਗੀਤਕਾਰਾਂ ਦੇ ਗੀਤ ਗਾਏ ਜਿਵੇ ਬਲਦੇਵ ਸਿੰਘ ਸਾਬਰ, ਬਾਬੂ ਸਿਘ ਮਾਨ, ਇਦਰਜੀਤ ਹਸਨਪੁਰੀ, ਜਸਵੰਤ ਸੰਦੀਲਾ, ਗਰਦੇਵ ਸਿੰਘ ਮਾਨ, ਸ਼ੰਕਰ ਵਾਲਾ ਸ਼ੌਂਕੀ, ਕਰਮ ਸਿੰਘ ਯੋਗੀ, ਸਨਮੁੱਖ ਆਜ਼ਾਦ, ਨਾਜ ਗੋਪਾਲ ਪੁਰੀ, ਸਾਜਨ ਰਾਏਕੋਟੀ, ਅਭੀਨਾਸ਼ ਭਾਖੜੀ, ਢਿੱਲੋ ਮਹਿਰਾਜ ਵਾਲਾ, ਚਰਨ ਸਿੰਘ ਸਫ਼ਰੀ ਆਦਿ।
ਕੇ-ਦੀਪ ਨੇ ਆਪਣੀ ਕਲਾ ਕਰਕੇ ਬਹੁਤ ਸਾਰੇ ਐਵਾਰਡ ਪ੍ਰਾਪਤ ਕੀਤੇ ਜਿਵੇ ਰਾਜ ਕਪੂਰ ਵਲੋਂ
ਉਸ ਨੂੰ ਮਹੁੰਮਦ ਰਫ਼ੀ ਐਵਾਰਡ, ਪੀ ਟੀ ਸੀ ਵਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ, ਇਸ ਨੂੰ ਸਟੇਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਐਵਾਰਡ ਪ੍ਰਾਪਤ ਕਰ ਚੁੱਕਾ ਸੀ।
ਇਹਨਾਂ ਦੀ ਪਤਨੀ ਬੀਬੀ ਜਗਮੋਹਣ ਕੌਰ ਐਕਸੀਡੈਂਟ ਦਾ ਸ਼ਿਕਾਰ ਹੋ ਗਈ ਸੀ ਫਿਰ ਵੀ ਕੁਝ ਸਮਾਂ ਪਰੋਗ੍ਰਾਮ ਕਰਦੀ ਰਹੀ ਪਰ ਚੰਗੀ ਤਰਾਂ ਠੀਕ ਨਾ ਹੋਈ ਹੋਣ ਕਰਕੇ 6 ਦਸੰਬਰ 1997 ਨੂੰ 49 ਸਾਲ ਦੀ ਉਮਰ ਵਿਚ ਅਲਵਿਦਾ ਕਹਿ ਗਈ ਸੀ ਉਸ ਦੀ ਮੌਤ ਤੋਂ ਬਾਅਦ ਕੇ-ਦੀਪ ਕਿਹਾ ਕਰਦਾ ਸੀ ਮਾਈ ਮੋਹਣੋ ਤੋਂ ਬਿੰਨਾ ਪੋਸਤੀ ਦੀ ਜਿੰਦਗੀ ਬਹੁਤ ਉਦਾਸੀ ਹੈ ਜਗਮੋਹਣ ਕੌਰ ਤੋਂ ਲਗਭਗ 23 ਸਾਲ ਬਾਅਦ ਇਹ ਗਾਇਕੀ ਦਾ ਹੀਰਾ 22 ਅਕਤੂਬਰ 2020 ਨੂੰ 80 ਸਾਲ ਦੀ ਉਮਰ ਵਿਚ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ।
ਸਮਾਪਤ
ਸੁਖਵਿੰਦਰ ਸਿੰਘ ਮੁੱਲਾਂਪੁਰ