ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਨੂੰ ਬਚਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਇਸ ਵਾਰ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਸਰਕਾਰ ਵੱਲੋਂ ਝੋਨੇ ਹੇਠੋਂ ਰਕਬਾ ਘਟਾਉਣ ਲਈ ਹੀ ਮੱਕੀ ਦੀ ਬਿਜਾਈ ਕਰਵਾਈ ਜਾ ਰਹੀ ਹੈ। ਰਾਜ ਵਿੱਚ ਮੱਕੀ ਦੀ ਲੋੜ ਬਹੁਤ ਵੱਧ ਗਈ ਹੈ, ਪਰ ਉਤਪਾਦਨ ਅਤੇ ਬਿਜਾਈ ਖੇਤਰ ਇਸ ਦੇ ਮੁਕਾਬਲੇ ਕਾਫ਼ੀ ਘੱਟ ਹੈ, ਜਿਸ ਕਾਰਨ ਪੰਜਾਬ ਨੂੰ ਹਰ ਸਾਲ ਲੱਖਾਂ ਮੀਟਰਿਕ ਟਨ ਮੱਕੀ ਬਾਹਰਲੇ ਰਾਜਾਂ ਤੋਂ ਮੰਗਵਾਉਣੀ ਪੈ ਰਹੀ ਹੈ। ਵਿਭਾਗ ਅਨੁਸਾਰ ਸੂਬੇ ਅੰਦਰ ਕਰੀਬ ਪੰਜ ਲੱਖ ਮੀਟਰਿਕ ਟਨ ਮੱਕੀ ਦੀ ਪੈਦਾਵਾਰ ਹੁੰਦੀ ਹੈ, ਪਰ ਇਹ ਖਪਤ ਪੰਜ ਗੁਣਾ ਜਿਆਦਾ ਹੈ। ਚਾਰ ਦਹਾਕੇ ਪਹਿਲਾਂ ਮੱਕੀ ਪੰਜਾਬ ਦੀਆਂ ਮੁੱਖ ਫਸਲਾਂ ਵਿੱਚੋਂ ਹੁੰਦੀ ਸੀ ਪਰ ਹੌਲੀ ਹੌਲੀ ਮੱਕੀ ਹੇਠ ਰਕਬਾ ਘੱਟ ਗਿਆ। ਸਾਲ 1960,61 ਮੱਕੀ ਹੇਠ ਰਕਬਾ 3.72 ਲੱਖ ਹੈਕਟੇਅਰ ਸੀ। ਇਸ ਵਾਰ ਪੰਜਾਬ ਸਰਕਾਰ ਨੇ ਝੋਨੇ ਹੇਠੋਂ ਰਕਬਾ ਘਟਾਉਣ ਦੇ ਮਨੋਰਥ ਨਾਲ 6 ਜ਼ਿਲ੍ਹਿਆਂ ਵਿੱਚ ਮੱਕੀ ਦੀ ਬਿਜਾਈ ਦਾ ਪਾਈਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ਅਤੇ ਸੰਗਰੂਰ ਨੂੰ ਚੁਣ ਕੇ 10,000 ਹੈਕਟੇਅਰ ਰਕਬੇ ਹੇਠ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ, ਪਰ ਹੁਣ ਤਕ 7200 ਹੈਕਟੇਅਰ ਵਿਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ ਅਤੇ ਬਿਜਾਈ ਅਜੇ ਚੱਲ ਰਹੀ ਹੈ। ਵਿਭਾਗ ਦਾ ਦਾਅਵਾ ਹੈ ਕਿ ਮੱਕੀ ਦੀ ਬਿਜਾਈ ਦਾ ਰੱਖਿਆ ਗਿਆ ਟੀਚਾ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਸਰਕਾਰ ਵੱਲੋਂ ਇਸ ਦੇ ਬਦਲੇ ਕਿਸਾਨਾਂ ਨੂੰ 17,500 ਪ੍ਰਤੀ ਹੈਕਟੇਅਰ ਵਿੱਤੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਮਾਰਕਫੈੱਡ ਵੱਲੋਂ ਮੱਕੀ ਦੀ 2400 ਰੁਪਏ ਸਮਰਥਨ ਮੁੱਲ ’ਤੇ ਖ਼ਰੀਦ ਕੀਤੀ ਜਾਵੇਗੀ।
ਪੰਜਾਬ ਅੰਦਰ ਮੱਕੀ ਦੀ ਬਿਜਾਈ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀ ਹੈ। ਖੇਤੀਬਾੜੀ ਵਿਭਾਗ ਦੇੇ ਅਧਿਕਾਰੀ ਖੁਦ ਨਿੱਜੀ ਦਿਲਚਸਪੀ ਲੈ ਕੇ ਕਿਸਾਨਾਂ ਨੂੰ ਮੱਕੀ ਦੀ ਬਿਜਾਈ ਲਈ ਪ੍ਰੇਰਿਤ ਕਰ ਰਹੇ ਹਨ। ਪੰਜਾਬ ਸਰਕਾਰ ਨੇ ਪਹਿਲੀ ਵਾਰ ਮੱਕੀ ਦੀ ਬਿਜਾਈ ਲਈ 10 ਹਜ਼ਾਰ ਹੈਕਟੇਅਰ ਰਕਬੇ ਦਾ ਟੀਚਾ ਮਿਥਿਆ ਹੈ, ਜਿਸ ਵਿੱਚੋਂ ਹੁਣ ਤੱਕ ਕਰੀਬ 7200 ਹੈਕਟੇਅਰ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਸੂਬੇ ਦੇ ਸੰਗਰੂਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਅੰਦਰ ਦੋ ਦੋ ਹਜ਼ਾਰ ਹੈਕਟੇਅਰ ਵਿੱਚ ਮੱਕੀ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ 1500 ਹੈਕਟੇਅਰ ਵਿੱਚ ਮੱਕੀ ਬਿਜਾਈ ਦਾ ਟੀਚਾ ਮਿਥਿਆ ਗਿਆ ਹੈ। ਬਠਿੰਡਾ ਜ਼ਿਲ੍ਹੇ ਅੰਦਰ 1500 ਹੈਕਟੇਅਰ ਰਕਬੇ ਵਿੱਚ ਬਿਜਾਈ ਦਾ ਟੀਚਾ ਸੀ, ਜਿਸ ਵਿੱਚੋਂ ਹੁਣ ਤੱਕ ਕਰੀਬ 1150 ਹੈਕਟੇਅਰ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ ਜਦੋਂ ਕਿ ਸੰਗਰੂਰ ਜ਼ਿਲ੍ਹੇ ਵਿੱਚ 2 ਹਜ਼ਾਰ ਹੈਕਟੇਅਰ ਵਿੱਚ ਮੱਕੀ ਦੀ ਬਿਜਾਈ ਦਾ ਟੀਚਾ ਹੈ। ਜਿਸ ਵਿੱਚੋਂ 1200 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਇਸ ਤਰ੍ਹਾਂ ਹੀ ਜਲੰਧਰ ਜ਼ਿਲ੍ਹੇ ਵਿੱਚ 1500 ਹੈਕਟੇਅਰ ਵਿੱਚ ਬਿਜਾਈ ਦਾ ਟੀਚਾ ਹੈ, ਜਿਸ ਵਿੱਚੋਂ 1220 ਹੈਕਟੇਅਰ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਕਪੂਰਥਲਾ ਵਿੱਚ ਵੀ ਮੱਕੀ ਦੀ ਬਿਜਾਈ ਦਾ ਟੀਚਾ 1400 ਹੈਕਟੇਅਰ ਰੱਖਿਆ ਗਿਆ ਸੀ, ਜਿਸ ਵਿੱਚੋਂ 950 ਹੈਕਟੇਅਰ ਵਿੱਚ ਬਿਜਾਈ ਮੁਕੰਮਲ ਹੋ ਚੁੱਕੀ ਹੈ। ਇਸ ਤਰ੍ਹਾਂ ਹੀ ਗੁਰਦਾਸਪੁਰ ਜ਼ਿਲ੍ਹੇ ਅੰਦਰ 2 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਸੀ ਪਰ ਇੱਥੇ ਹੁਣ ਤੱਕ 940 ਹੈਕਟੇਅਰ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਪਠਾਨਕੋਟ ਸੂਬੇ ਦਾ ਅਜਿਹਾ ਜ਼ਿਲ੍ਹਾ ਹੈ, ਜਿੱਥੇ 1500 ਹੈਕਟੇਅਰ ਟੀਚੇ ਦੇ ਮੁਕਾਬਲੇ 1650 ਹੈਕਟੇੇਅਰ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ।
ਪੋਲਟਰੀ, ਡੇਅਰੀ, ਸਟਾਰਚ ਅਤੇ ਐਲਕੋਹਲ ਉਦਯੋਗ ਲਈ ਅਤੇ ਈਥੋਨੌਲ ਲਈ ਮੱਕੀ ਦੀ ਲੋੜ ਪੈਂਦੀ ਹੈ, ਪਰ ਪੰਜਾਬ ਅੰਦਰ ਮੱਕੀ ਦੀ ਵੱਡੀ ਘਾਟ ਹੈ। ਪੰਜਾਬ ਵਿੱਚ ਪ੍ਰਤੀ ਸਾਲ ਮੱਕੀ ਦਾ ਉਤਪਾਦਨ ਕਰੀਬ 5 ਲੱਖ ਮੀਟਰਿਕ ਟਨ ਹੁੰਦਾ ਹੈ, ਪਰ ਇਸ ਦੀ ਖਪਤ ਕਈ ਗੁਣਾ ਜਿਆਦਾ ਹੈ। ਪੰਜਾਬ ਦੂਜੇ ਰਾਜਾਂ ਤੋਂ ਮੱਕੀ ਖਰੀਦਦਾ ਆ ਰਿਹਾ ਹੈ। ਪੰਜਾਬ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਫੀਡ ਮਿੱਲਾਂ ਨੂੰ ਆਪਣੀ ਮੰਗ ਪੂਰੀ ਕਰਨ ਲਈ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਮੱਕੀ ਮੰਗਵਾਉਣੀ ਪੈਂਦੀ ਹੈ। ਜੇਕਰ ਸਰਕਾਰ ਦਾ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ ਕਾਮਯਾਬ ਹੋ ਜਾਂਦਾ ਹੈ ਤਾਂ ਕਿਸਾਨਾਂ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ। ਮੱਕੀ ਪ੍ਰਯੋਗ ਸਾਈਲੇਜ ਲਈ ਵੀ ਵੱਡੀ ਪੱਧਰ ’ਤੇ ਹੁੰਦਾ ਹੈ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਅਸੀਂ ਫ਼ਸਲੀ ਵਿਭਿੰਨਤਾ ਨੂੰ ਅਪਨਾ ਕੇ ਮਿੱਟੀ ਦੀ ਸਿਹਤ ਵਿੱਚ ਸੁਧਾਰ, ਪਾਣੀ ਦੀ ਖਪਤ ਘਟਾਉਣ ਦੇ ਨਾਲ-ਨਾਲ ਇੱਕ ਵਧੇਰੇ ਟਿਕਾਊ ਖੇਤੀਬਾੜੀ ਪ੍ਰਣਾਲੀ ਤਿਆਰ ਕਰ ਸਕਦੇ ਹਾਂ। ਇਸ ਨਾਲ ਨਾ ਸਿਰਫ਼ ਸਾਡੇ ਕਿਸਾਨਾਂ ਨੂੰ ਲਾਭ ਹੋਵੇਗਾ ਸਗੋਂ ਇਹ ਪੰਜਾਬ ਵਿੱਚ ਟਿਕਾਊ ਖੇਤੀਬਾੜੀ ਦੇ ਸਾਡੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵੀ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਰਮੇ ਦੀ ਬਿਜਾਈ ਦਾ ਟੀਚਾ ਪੂਰਾ ਕੀਤਾ ਗਿਆ ਹੈ। ਹੁਣ ਮੱਕੀ ਵਿਭਾਗ ਮੱਕੀ ਦੀ ਬਿਜਾਈ ਦੇ ਟੀਚੇ ਨੇੜੇ ਪਹੁੰਚ ਗਿਆ ਹੈ ਅਤੇ ਅਗਲੇ ਦਿਨਾਂ ਵਿਚ ਟੀਚਾ ਪੂਰਾ ਕਰ ਲਿਆ ਜਾਵੇਗਾ।
![]()
