
ਮੁੰਬਈ/ਏ.ਟੀ.ਨਿਊਜ਼:
ਆਈ.ਪੀ.ਐਲ. ਫਾਈਨਲ 2025 ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ ਤੋਂ ਪੰਜਾਬ ਕਿੰਗਜ਼ ਦੀ ਹਾਰ ਤੋਂ ਕੁਝ ਦਿਨ ਬਾਅਦ, ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ “ਸ਼ੇਰ ਸਕੁਐਡ” ਲਈ ਇੱਕ ਉਤਸ਼ਾਹਜਨਕ ਸੰਦੇਸ਼ ਲਿਖਿਆ ਹੈ। ਪ੍ਰੀਤੀ ਨੇ ਪੂਰੇ ਸੀਜ਼ਨ ਦੌਰਾਨ ਦਲੇਰੀ ਨਾਲ ਲੜਨ ਅਤੇ ਦ੍ਰਿੜ੍ਹਤਾ ਦਿਖਾਉਣ ਲਈ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ।
ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ: “ਇਹ (ਸੀਜ਼ਨ) ਉਸ ਤਰੀਕੇ ਨਾਲ ਖਤਮ ਨਹੀਂ ਹੋਇਆ ਜਿਵੇਂ ਅਸੀਂ ਚਾਹੁੰਦੇ ਸਾਂ ਪਰ......ਸਫਰ ਸ਼ਾਨਦਾਰ ਸੀ! ਇਹ ਰੋਮਾਂਚਕ, ਮਨੋਰੰਜਕ ਅਤੇ ਪ੍ਰੇਰਨਾਦਾਇਕ ਸੀ। ਮੈਨੂੰ ਸਾਡੀ ਨੌਜਵਾਨ ਟੀਮ ਦੀ ਲੜਾਈ ਅਤੇ ਹਿੰਮਤ ਬਹੁਤ ਪਸੰਦ ਆਈ, ਸਾਡੇ ਸ਼ੇਰ ਪੂਰੇ ਟੂਰਨਾਮੈਂਟ ਦੌਰਾਨ ਬੱਲੇ-ਬੱਲੇ ਕਰਾਉਂਦੇ ਰਹੇ। ਮੈਨੂੰ ਆਪਣੇ ਕਪਤਾਨ, ਆਪਣੇ ਸਰਪੰਚ ਵੱਲੋਂ ਅੱਗੇ ਹੋ ਕੇ ਅਗਵਾਈ ਕਰਨ ਦਾ ਤਰੀਕਾ ਪਸੰਦ ਆਇਆ ਕਿ ਕਿਵੇਂ ਭਾਰਤੀ ਅਨਕੈਪਡ ਖਿਡਾਰੀਆਂ ਨੇ ਇਸ ਆਈ.ਪੀ.ਐਲ. ’ਤੇ ਦਬਦਬਾ ਬਣਾਇਆ।” ਉਸਨੇ ਕਪਤਾਨ ਸ਼ਰੇਅਸ ਅਈਅਰ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਪਿਆਰ ਨਾਲ “ਸਰਪੰਚ ਸਾਹਿਬ” ਕਿਹਾ ਜਾਂਦਾ ਹੈ।
ਪ੍ਰੀਤੀ ਨੇ ਹੋਰ ਕਿਹਾ, “‘ਇਹ ਸਾਲ ਵਿਲੱਖਣ ਸੀ। ਅਸੀਂ ਰਿਕਾਰਡ ਤੋੜ ਦਿੱਤੇ ਭਾਵੇਂ ਅਸੀਂ ਸੱਟਾਂ ਅਤੇ ਕੌਮੀ ਡਿਊਟੀ ਕਾਰਨ ਮੁੱਖ ਖਿਡਾਰੀਆਂ ਤੋਂ ਵਾਂਝੇ ਸਾਂ, ਟੂਰਨਾਮੈਂਟ ਵਿੱਚ ਇੱਕ ਵਕਫ਼ੇ ਦਾ ਸਾਹਮਣਾ ਕੀਤਾ, ਘਰੇਲੂ ਮੈਚਾਂ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕੀਤਾ ਗਿਆ ਅਤੇ ਇੱਕ ਸਟੇਡੀਅਮ ਖਾਲੀ ਕਰਵਾਇਆ ਗਿਆ! ਅਸੀਂ ਇੱਕ ਦਹਾਕੇ ਬਾਅਦ ਅੰਕ ਸੂਚੀ ਵਿੱਚ ਅਨੁਕੂਲਤਾ ਬਣਾਈ ਅਤੇ ਸਿਖਰ ’ਤੇ ਰਹੇ ਅਤੇ ਇੱਕ ਦਿਲਚਸਪ ਫਾਈਨਲ ਵਿੱਚ ਅੰਤ ਤੱਕ ਲੜੇ।”
ਪ੍ਰੀਤੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕਿੰਗਜ਼ ਅਗਲੇ ਸਾਲ ਸ਼ਾਨਦਾਰ ਵਾਪਸੀ ਕਰੇਗੀ। ਉਨ੍ਹਾਂ ਕਿਹਾ, “‘ਮੈਨੂੰ ਪੰਜਾਬ ਕਿੰਗਜ਼ ਦੇ ਹਰੇਕ ਖਿਡਾਰੀ ’ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਇੰਨੀ ਵਧੀਆ ਕਾਰਗੁਜ਼ਾਰੀ ਦਿਖਾਈ। ਉਨ੍ਹਾਂ ਸਾਰਿਆਂ ਦਾ, ਸਾਡੇ ਸਪੋਰਟ ਸਟਾਫ ਅਤੇ ਪੰਜਾਬ ਕਿੰਗਜ਼ ਵਿਚਲੇ ਹਰੇਕ ਵਿਅਕਤੀ ਦਾ ਬਹੁਤ-ਬਹੁਤ ਧੰਨਵਾਦ, ਇੱਕ ਸ਼ਾਨਦਾਰ ਸੀਜ਼ਨ ਲਈ। ਸਭ ਤੋਂ ਵੱਧ, ਸਾਡੇ ਸਾਡੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਜੋ ਸਾਡੇ ਨਾਲ ਹਰ ਪਲ ਖੜ੍ਹੇ ਰਹੇ। ਅਸੀਂ ਜੋ ਵੀ ਹਾਂ ਅਤੇ ਅਸੀਂ ਕਿੰਨੀ ਦੂਰ ਪਹੁੰਚੇ ਹਾਂ, ਇਹ ਸਭ ਤੁਹਾਡੇ ਕਾਰਨ ਹੈ। ਮੈਂ ਵਾਅਦਾ ਕਰਦੀ ਹਾਂ ਕਿ ਅਸੀਂ ਕੰਮ ਪੂਰਾ ਕਰਨ ਲਈ ਵਾਪਸ ਆਵਾਂਗੇ ਕਿਉਂਕਿ ਹੁਣ ਤੱਕ ਕੰਮ ਅਜੇ ਅੱਧਾ ਰਹਿ ਗਿਆ ਹੈ। ਅਗਲੇ ਸਾਲ ਸਟੇਡੀਅਮ ਵਿੱਚ ਮਿਲਦੇ ਹਾਂ, ਉਦੋਂ ਤੱਕ ਧਿਆਨ ਰੱਖੋ ਅਤੇ ਸੁੱਖੀ-ਸਾਂਦੀ ਰਹੋ। ਤੁਹਾਨੂੰ ਸਾਰਿਆਂ ਨੂੰ ਪਿਆਰ।’
ਫਾਈਨਲ ਗੇਮ ਨੂੰ ਯਾਦ ਕਰਦੇ ਹੋਏ ਪੰਜਾਬ ਕਿੰਗਜ਼ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗ਼ੌਰਤਲਬ ਹੈ ਕਿ ਪ੍ਰੀਤੀ ਜ਼ਿੰਟਾ ਦੀ ਟੀਮ ਪੰਜਾਬ ਕਿੰਗਜ਼ ਫਾਈਨਲ ਮੈਚ ਆਰ.ਸੀ.ਬੀ. ਤੋਂ 6 ਦੌੜਾਂ ਨਾਲ ਹਾਰ ਗਈ ਸੀ।