ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਰਾਹੀਂ ਸਿੱਖੀ ਦੇ ਪ੍ਰਚਾਰ-ਪਸਾਰ ਲਈ ਯਤਨ ਕਰ ਰਹੀ ਹੈ ਸ਼੍ਰੋਮਣੀ ਕਮੇਟੀ : ਧਾਮੀ

In ਭਾਰਤ
February 20, 2026

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਦਿਨੀਂ ਰਾਏਪੁਰ ਵਿੱਚ ਛੱਤੀਸਗੜ੍ਹ ਦੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਆਗੂਆਂ ਨਾਲ ਮੀਟਿੰਗ ਕਰ ਕੇ ਸੂਬੇ ਅੰਦਰ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਰਚਾ ਕੀਤੀ। ਉਹ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਸਾਹਿਬ ਰਾਵਾਭਾਟਾ ਦੀ ਇਮਾਰਤ ਦੇ ਨਵੀਨੀਕਰਨ ਮਗਰੋਂ ਸੰਗਤ ਨੂੰ ਅਰਪਣ ਕਰਨ ਸਮੇਂ ਗੁਰਮਤਿ ਸਮਾਗਮ ਵਿੱਚ ਪੁੱਜੇ ਸਨ। ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇੇਟੀ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਰਾਹੀਂ ਸਿੱਖੀ ਦੇ ਪ੍ਰਚਾਰ-ਪਸਾਰ ਲਈ ਯਤਨ ਕਰ ਰਹੀ ਹੈ। ਛੱਤੀਸਗੜ੍ਹ ਦੇ ਸਿੱਖ ਆਗੂ ਬਲਦੇਵ ਸਿੰਘ ਭਾਟੀਆ ਅਤੇ ਛੱਤੀਸਗੜ੍ਹ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਛਾਬੜਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸੰਗਤ ਦੀ ਰਿਹਾਇਸ਼ ਲਈ ‘ਸ੍ਰੀ ਗੁਰੂ ਨਾਨਕ ਦੇਵ ਭਵਨ’ ਦਾ ਨੀਂਹ ਪੱਥਰ ਵੀ ਰੱਖਿਆ। ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਛੱਤੀਸਗੜ੍ਹ ਰਾਹੀਂ ਚਲਾਇਆ ਜਾਂਦਾ ਹੈ। ਇਸ ਦਰਬਾਰ ਦੇ ਨਵੀਨੀਕਰਨ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਜਗਜੀਤ ਸਿੰਘ ਖਨੂਜਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ। ਇਸ ਮੌਕੇ ਸਿੱਖ ਮਿਸ਼ਨ ਛੱਤੀਸਗੜ੍ਹ ਦੇ ਇੰਚਾਰਜ ਗੁਰਮੀਤ ਸਿੰਘ ਸ਼ੈਣੀ ਤੇ ਅਜੀਤ ਸਿੰਘ, ਸਿੱਖ ਆਗੂ ਜਗਜੀਤ ਸਿੰਘ ਖਨੂਜਾ ਆਦਿ ਮੌਜੂਦ ਸਨ।

Loading