
ਕਪੂਰਥਲਾ/ਏ.ਟੀ.ਨਿਊਜ਼: ਇੱਕ ਪਾਸੇ ਜਦੋਂ ਗ਼ੈਰ ਕਾਨੂੰਨੀ ਦਾਖ਼ਲੇ ਕਾਰਨ ਅਮਰੀਕਾ ਤੋਂ ਕੱਢੇ ਗਏ ਪੰਜਾਬੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਥੇ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਦੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਦੀ ਨੇਵੀ ਪੁਲਿਸ ’ਚ ਚੁਣੇ ਜਾਣ ’ਤੇ ਅਪਣੇ ਮਾਪਿਆਂ ਦਾ ਮਾਣ ਵਧਾਇਆ ਹੈ ਜਿਸ ਲਈ ਪ੍ਰਵਾਰ ਨੂੰ ਚੁਫ਼ੇਰਿਉਂ ਵਧਾਈਆਂ ਮਿਲ ਰਹੀਆਂ ਹਨ।
ਦਾਦਾ ਗੱਜਣ ਸਿੰਘ ਅਤੇ ਦਾਦੀ ਬਲਵਿੰਦਰ ਕੌਰ ਦੀ ਹੋਣਹਾਰ ਪੋਤਰੀ ਰੂਪਨਪ੍ਰੀਤ ਕੌਰ ਜੋ ਕੈਨੇਡਾ ਨੇਵੀ ਪੁਲਿਸ ’ਚ ਭਰਤੀ ਹੋਈ ਹੈ, ਬਾਰੇ ਕੈਨੇਡਾ ਤੋਂ ਭਰਾ ਜਸ਼ਨ ਸਿੰਘ ਅਤੇ ਇੰਡੀਆ ਤੋਂ ਪਿਤਾ ਮਹਿੰਦਰਪਾਲ ਸਿੰਘ ਸਾਬੀ ਮਹਿਰੋਕ ਅਤੇ ਮਾਤਾ ਚਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੁਰੂ ਨਾਨਕ ਦੇਵ ਮਾਡਲ ਸਕੂਲ, ਸ਼ਤਾਬਗੜ੍ਹ ਤੋਂ ਮੁਢਲੀ ਪੜ੍ਹਾਈ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੋਂ +2 ਪਾਸ ਕਰ ਕੇ 2018 ’ਚ ਕੈਨੇਡਾ ਗਈ ਧੀ ਰਾਣੀ ਨੇ ਪਹਿਲਾਂ ‘ਲੰਗਾਰਾ ਕਾਲਜ, ਸਰੀ’ ’ਚ ਪੂਰੀ ਲਗਨ ਅਤੇ ਮਿਹਨਤ ਨਾਲ ਅਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੀ.ਆਰ. ਹੋਣ ਉਪਰੰਤ ਅਪਣੀ ਜੌਬ ਦੇ ਨਾਲ ਨਾਲ ਕੈਨੇਡਾ ਨੇਵੀ ਲਈ ‘ਫ਼ੋਰਸ ਟੈਸਟ ਮਿਲਟਰੀ ਅਤੇ ਇਥੌਸ ਫਿਟਨੈੱਸ ਟੈਸਟ’ ਦੀ ਪੜ੍ਹਾਈ ਜਾਰੀ ਰੱਖੀ ਜਿਸ ਦੇ ਫ਼ਲਸਰੂਪ ਉਹ ਅਪਣੀ ‘ਕੈਨੇਡਾ ਨੇਵੀ’ ਦੀ ਮੰਜ਼ਲ ਨੂੰ ਸਰ ਕਰ ਸਕੀ ਹੈ।