ਪੰਜਾਬ ਦੀ ਸਿਆਸਤ ਦੀ ਦਿਸ਼ਾ ਤੈਅ ਕਰੇਗੀ ਤਰਨ ਤਾਰਨ ਉਪ-ਚੋਣ

In ਮੁੱਖ ਲੇਖ
October 10, 2025

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ

ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਉਪ-ਚੋਣ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰ ਫ਼ਿਰ ਸੁਰਖ਼ੀਆਂ ਵਿੱਚ ਲੈ ਆਉਂਦਾ ਹੈ। ਇਹ ਚੋਣ ਨਾ ਸਿਰਫ਼ ਇੱਕ ਵਿਧਾਨ ਸਭਾ ਸੀਟ ਦੀ ਜਿੱਤ-ਹਾਰ ਦਾ ਸਵਾਲ ਹੈ, ਸਗੋਂ ਪੰਜਾਬ ਦੀ ਸਿਆਸਤ ਅਤੇ ਸਿੱਖ ਰਾਜਨੀਤੀ ਦੇ ਭਵਿੱਖ ਦੀ ਦਿਸ਼ਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਸਿੱਖ ਬਹੁਲ ਹਲਕੇ ਵਿੱਚ ਪੰਥਕ ਭਾਵਨਾਵਾਂ, ਰਾਜਨੀਤਕ ਗਠਜੋੜ ਅਤੇ ਸਥਾਨਕ ਮੁੱਦਿਆਂ ਦਾ ਮਿਸ਼ਰਣ ਇਸ ਚੋਣ ਨੂੰ ਰੋਮਾਂਚਕ ਬਣਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ), ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ, ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਮੇਤ ਕਈ ਪਾਰਟੀਆਂ ਅਤੇ ਸੁਤੰਤਰ ਉਮੀਦਵਾਰ ਇਸ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਚੋਣ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਸੂਝਵਾਨ ਪੰਥਕ ਲੀਡਰਸ਼ਿਪ ਦੇਵੇਗੀ, ਜਾਂ ਫ਼ਿਰ ਪੰਥਕ ਸਿਆਸਤ ਉੱਪਰ ਨਾਅਰੇਬਾਜ਼ੀ ਤੇ ਭਾਵੁਕਤਾ ਦਾ ਹੀ ਬੋਲਬਾਲਾ ਰਹੇਗਾ?
ਤਰਨ ਤਾਰਨ ਉਪ-ਚੋਣ: ਪਾਰਟੀਆਂ ਦੀ ਸਥਿਤੀ ਅਤੇ ਮੁਕਾਬਲੇ ਦੀ ਸੰਭਾਵਨਾ
ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਉਪ-ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਜ਼ੋਰਾਂ ’ਤੇ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਪੰਥਕ ਗਠਜੋੜ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਕਾਰ ਹੋਣ ਦੀ ਸੰਭਾਵਨਾ ਹੈ। ਆਪ ਨੇ ਇਸ ਹਲਕੇ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ, ਜੋ ਪੰਜਾਬ ਸਰਕਾਰ ਦੀ ਸੱਤਾ ਅਤੇ ਸਰਕਾਰੀ ਤੰਤਰ ਦਾ ਸਹਾਰਾ ਲੈ ਕੇ ਮਜ਼ਬੂਤ ਸਥਿਤੀ ਵਿੱਚ ਦਿਖਾਈ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪਿ੍ਰੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਸਥਾਨਕ ਪੱਧਰ ’ਤੇ ਜਾਣੇ-ਪਛਾਣੇ ਨਾਮ ਵਜੋਂ ਜਾਣੇ ਜਾਂਦੇ ਹਨ।
ਕਾਂਗਰਸ ਨੇ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹਿੰਦੂ ਵੋਟਰਾਂ ਵਿੱਚ ਮਜ਼ਬੂਤੀ ਮਿਲਣ ਦੀ ਉਮੀਦ ਹੈ। ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ, ਪਰ ਪਾਰਟੀ ਦੀ ਸਥਿਤੀ ਕਮਜ਼ੋਰ ਦਿਖਾਈ ਦੇ ਰਹੀ ਹੈ। ਹਾਲਾਂਕਿ, ਭਾਜਪਾ ਵੋਟ ਫ਼ੀਸਦੀ ਵਧਾਉਣ ਅਤੇ ਨਵੇਂ ਕੇਡਰ ਨੂੰ ਜੋੜਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ।
ਸਭ ਤੋਂ ਦਿਲਚਸਪ ਮੋੜ ਅਕਾਲੀ ਦਲ (ਵਾਰਿਸ ਪੰਜਾਬ ਦੇ), ਨਵਾਂ ਅਕਾਲੀ ਦਲ, ਹੋਰ ਪੰਥਕ ਧਿਰਾਂ ਦੀ ਹਮਾਇਤ ਪ੍ਰਾਪਤ ਅਜ਼ਾਦ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਐਂਟਰੀ ਨੇ ਲਿਆਂਦਾ ਹੈ। ਮਨਦੀਪ ਸਿੰਘ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੰਨੀ ਦੇ ਭਰਾ ਹਨ।ਇਸ ਉਮੀਦਵਾਰ ਨੇ ਪੰਥਕ ਧਿਰਾਂ ਦੀ ਹਮਾਇਤ ਨਾਲ ਸਭ ਰਾਜਨੀਤਿਕ ਪਾਰਟੀਆਂ ਨੂੰ ਚੋਣ ਮੈਦਾਨ ਵਿੱਚ ਵੱਡੀ ਚੁਣੌਤੀ ਦਿੱਤੀ ਹੈ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਥਕ ਵੋਟਾਂ ਦੀ ਵੰਡ ਇਸ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਤਰਨ ਤਾਰਨ, ਜੋ ਪੰਥਕ ਭਾਵਨਾਵਾਂ ਦਾ ਕੇਂਦਰ ਮੰਨਿਆ ਜਾਂਦਾ ਹੈ, ਵਿੱਚ ਪੰਥਕ ਵੋਟਾਂ ਦੀ ਭੂਮਿਕਾ ਹਮੇਸ਼ਾ ਅਹਿਮ ਰਹੀ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ 44,703 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ। ਇਸ ਨੇ ਸਪੱਸ਼ਟ ਕੀਤਾ ਸੀ ਕਿ ਪੰਥਕ ਵੋਟਰਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਜਥੇਬੰਦੀ ਦਾ ਕਾਫ਼ੀ ਪ੍ਰਭਾਵ ਹੈ। ਹੁਣ ਭਾਈ ਮਨਦੀਪ ਸਿੰਘ ਨੂੰ ਸਮਰਥਨ ਦੇਣ ਦਾ ਫ਼ੈਸਲਾ ਵੀ ਪੰਥਕ ਭਾਵਨਾਵਾਂ ਨੂੰ ਜਗਾਉਣ ਦੀ ਕੋਸ਼ਿਸ਼ ਹੈ।ਇਸ ਵਾਰ ਬਹੁਤ ਸਾਰੀਆਂ ਪੰਥਕ ਧਿਰਾਂ ਇਕਜੁੱਟ ਹਨ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਮਨਜੀਤ ਸਿੰਘ ਭੂਰਾ ਕੋਹਨਾ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਮਨਦੀਪ ਸਿੰਘ ਦੇ ਸਮਰਥਨ ਦੀ ਅਪੀਲ ਕੀਤੀ ਹੈ। ਪਰ ਇਸ ਫ਼ੈਸਲੇ ਨੇ ਸਿੱਖ ਰਾਜਨੀਤੀ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਸਵਾਲ ਉੱਠ ਰਿਹਾ ਹੈ ਕਿ ਕੀ ਮਨਦੀਪ ਸਿੰਘ ਵਿਜ਼ਨਰੀ ਲੀਡਰਸ਼ਿਪ ਦੀ ਸਮਰੱਥਾ ਰੱਖਦੇ ਹਨ, ਜੋ ਪੰਜਾਬ ਅਤੇ ਸਿੱਖ ਕੌਮ ਨੂੰ ਨਵੀਂ ਦਿਸ਼ਾ ਦੇ ਸਕਣ? ਇਤਿਹਾਸ ਗਵਾਹ ਹੈ ਕਿ ਪੰਥਕ ਸਿਆਸਤ ਵਿੱਚ ਭਾਵੁਕਤਾ ’ਤੇ ਅਧਾਰਿਤ ਫ਼ੈਸਲਿਆਂ ਨੇ ਅਕਸਰ ਨਿਰਾਸ਼ਾ ਹੀ ਦਿੱਤੀ ਹੈ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 7 ਸੀਟਾਂ ਜਿੱਤੀਆਂ ਸਨ, ਪਰ ਸਿਆਸੀ ਸਿਆਣਪ ਦੀ ਘਾਟ ਕਾਰਨ ਪੰਥਕ ਰਾਜਨੀਤੀ ਨੂੰ ਸਥਿਰਤਾ ਨਹੀਂ ਮਿਲੀ। ਸਿਮਰਨਜੀਤ ਸਿੰਘ ਮਾਨ, ਰਜਿੰਦਰ ਕੌਰ ਬੁਲਾਰਾ ਅਤੇ ਅਤਿੰਦਰਪਾਲ ਸਿੰਘ ਵਰਗੇ ਉਮੀਦਵਾਰਾਂ ਨੂੰ ਸ਼ਹੀਦ ਪਰਿਵਾਰਾਂ ਤੇ ਸਿੱਖ ਸੰਘਰਸ਼ ਨਾਲ ਜੋੜ ਕੇ ਚੋਣਾਂ ਜਿੱਤੀਆਂ ਗਈਆਂ, ਪਰ ਉਹ ਪੰਥਕ ਸਿਆਸਤ ਨੂੰ ਮਜ਼ਬੂਤ ਨਹੀਂ ਕਰ ਸਕੇ।
ਇਸ ਵਾਰ ਵੀ ਮਨਦੀਪ ਸਿੰਘ ਦੇ ਸਮਰਥਨ ਨੂੰ ਲੈ ਕੇ ਭਾਵੁਕਤਾ ਦਾ ਪਹਿਲੂ ਸਪੱਸ਼ਟ ਦਿਖਾਈ ਦਿੰਦਾ ਹੈ। ਉਨ੍ਹਾਂ ਦੇ ਭਰਾ ਸੰਦੀਪ ਸਿੰਘ ਸੰਨੀ ਦੀ ਪੰਥਕ ਭਾਵਨਾਵਾਂ ਨਾਲ ਜੁੜੀ ਪਛਾਣ ਨੇ ਮਨਦੀਪ ਸਿੰਘ ਨੂੰ ਸੁਰਖ਼ੀਆਂ ਵਿੱਚ ਲਿਆਂਦਾ ਹੈ, ਪਰ ਸਵਾਲ ਇਹ ਹੈ ਕਿ ਕੀ ਇਹ ਭਾਵੁਕਤਾ ਲੰਮੇ ਸਮੇਂ ਦੀ ਸਿਆਸੀ ਸਥਿਰਤਾ ਦੇ ਸਕਦੀ ਹੈ?
ਵੋਟਰ ਪੈਟਰਨ ਅਤੇ ਬਦਲਦੇ ਸਿਆਸੀ ਹਾਲਾਤ
ਤਰਨ ਤਾਰਨ ਦੇ ਵੋਟਰ ਪੈਟਰਨ ਨੂੰ ਸਮਝਣ ਲਈ ਪਿਛਲੀਆਂ ਚੋਣਾਂ ਦਾ ਵਿਸ਼ਲੇਸ਼ਣ ਜ਼ਰੂਰੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 52,469 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ, ਜਦਕਿ ਅਕਾਲੀ ਦਲ (ਬਾਦਲ) 39,232 ਵੋਟਾਂ ਨਾਲ ਦੂਜੇ ਸਥਾਨ ’ਤੇ ਸੀ। ਕਾਂਗਰਸ 26,460 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ, ਜਦਕਿ ਭਾਜਪਾ ਨੂੰ ਸਿਰਫ਼ 1,132 ਵੋਟਾਂ ਮਿਲੀਆਂ ਅਤੇ ਉਹ ਨੋਟਾ ਤੋਂ ਵੀ ਪਿੱਛੇ ਸੀ। ਪਰ 2024 ਦੀਆਂ ਲੋਕ ਸਭਾ ਚੋਣਾਂ ਨੇ ਵੋਟਰ ਪੈਟਰਨ ਵਿੱਚ ਵੱਡੀ ਤਬਦੀਲੀ ਦਿਖਾਈ। ਆਪ 18,298 ਵੋਟਾਂ ਨਾਲ ਤੀਜੇ ਸਥਾਨ ’ਤੇ ਖਿਸਕ ਗਈ, ਅਕਾਲੀ ਦਲ (ਬਾਦਲ) 10,896 ਵੋਟਾਂ ਨਾਲ ਚੌਥੇ ਸਥਾਨ ’ਤੇ ਪਹੁੰਚਿਆ, ਜਦਕਿ ਕਾਂਗਰਸ ਨੇ 20,000 ਦੇ ਕਰੀਬ ਵੋਟਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਨੇ 44,703 ਵੋਟਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਭਾਜਪਾ ਨੇ 8,105 ਵੋਟਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ।
ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਵੋਟਰ ਪੈਟਰਨ ਸਮੇਂ ਅਤੇ ਹਾਲਾਤਾਂ ਦੇ ਨਾਲ ਬਦਲਦਾ ਹੈ। ਸਥਾਨਕ ਮੁੱਦੇ, ਉਮੀਦਵਾਰ ਦੀ ਪਛਾਣ ਅਤੇ ਰਾਜਨੀਤਕ ਮਾਹੌਲ ਨਤੀਜਿਆਂ ’ਤੇ ਅਸਰ ਪਾਉਂਦੇ ਹਨ। ਇਸ ਵਾਰ ਹੜ੍ਹਾਂ ਦੌਰਾਨ ਸਰਕਾਰ ਅਤੇ ਸਥਾਨਕ ਲੋਕਾਂ ਦੀ ਭੂਮਿਕਾ ਵੀ ਵੋਟਰਾਂ ਦੇ ਮੂਡ ਨੂੰ ਪ੍ਰਭਾਵਿਤ ਕਰ ਸਕਦੀ ਹੈ। ਆਪ ਸਰਕਾਰ ਦੀ ਕਾਰਗੁਜ਼ਾਰੀ, ਖ਼ਾਸਕਰ ਹੜ੍ਹ ਪ੍ਰਬੰਧਨ ਅਤੇ ਸਥਾਨਕ ਵਿਕਾਸ ਦੇ ਮੁੱਦਿਆਂ ’ਤੇ, ਚੋਣ ਦੇ ਨਤੀਜਿਆਂ ’ਤੇ ਅਸਰ ਪਾਵੇਗੀ।
ਸਿੱਖ ਰਾਜਨੀਤੀ ਦਾ ਭਵਿੱਖ ਕੀ ਹੈ?
ਸਿੱਖ ਰਾਜਨੀਤੀ ਦਾ ਇਤਿਹਾਸ ਭਾਵੁਕਤਾ ਅਤੇ ਤੁਰੰਤ ਨਤੀਜਿਆਂ ’ਤੇ ਆਧਾਰਿਤ ਫ਼ੈਸਲਿਆਂ ਨਾਲ ਭਰਿਆ ਪਿਆ ਹੈ। 1984 ਦੀਆਂ ਘਟਨਾਵਾਂ ਤੋਂ ਲੈ ਕੇ ਅੱਜ ਦੇ ਅੰਦੋਲਨਾਂ ਤੱਕ, ਸਿੱਖ ਸਿਆਸਤ ਅਕਸਰ ਭਾਵਨਾਤਮਕ ਨਾਹਰਿਆਂ ’ਤੇ ਟਿਕੀ ਰਹੀ ਹੈ। ਪਰ ਇਹ ਭਾਵੁਕਤਾ ਲੰਮੇ ਸਮੇਂ ਦੀ ਸਥਿਰਤਾ ਅਤੇ ਵਿਜ਼ਨਰੀ ਲੀਡਰਸ਼ਿਪ ਪੈਦਾ ਨਹੀਂ ਕਰ ਸਕੀ। ਅਕਾਲੀ ਦਲ, ਜੋ ਸਿੱਖ ਸਿਆਸਤ ਦਾ ਮੁੱਖ ਧਾਰਕ ਰਿਹਾ ਹੈ, ਨੇ ਆਨੰਦਪੁਰ ਸਾਹਿਬ ਮਤੇ ਵਰਗੇ ਮੁੱਦਿਆਂ ਨੂੰ ਛੱਡ ਕੇ ਕੇਂਦਰੀ ਸੱਤਾ ਨਾਲ ਗਠਜੋੜ ਕਰਨ ਨੂੰ ਤਰਜੀਹ ਦਿੱਤੀ। ਇਸ ਨਾਲ ਪੰਜਾਬ ਦੇ ਹੱਕਾਂ ਦੀ ਲੜਾਈ ਕਮਜ਼ੋਰ ਹੋਈ ਹੈ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਦੇ ਬਾਵਜੂਦ, ਪੰਥਕ ਮੁੱਦਿਆਂ ਜਿਵੇਂ ਕਿ ਬੇਅਦਬੀਆਂ ਅਤੇ ਸੌਦਾ ਸਾਧ ਵਿਵਾਦ ਨੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ। 2017 ਅਤੇ 2022 ਦੀਆਂ ਚੋਣਾਂ ਵਿੱਚ ਵੀ ਅਕਾਲੀ ਦਲ ਨੂੰ ਨਿਰਾਸ਼ਾ ਹੀ ਹੱਥ ਲੱਗੀ ਸੀ।
ਭਾਈ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਗੀਆਂ ਜਥੇਬੰਦੀ ਨੇ ਨੌਜਵਾਨਾਂ ਵਿੱਚ ਨਵੀਂ ਉਮੀਦ ਜਗਾਈ ਹੈ, ਪਰ ਉਨ੍ਹਾਂ ਦੀ ਸਿਆਸਤ ਵੀ ਅਕਸਰ ਭਾਵੁਕਤਾ ’ਤੇ ਅਧਾਰਿਤ ਹੈ। ਅੰਮ੍ਰਿਤਪਾਲ ਸਿੰਘ ਦੀ ਗਿ੍ਰਫ਼ਤਾਰੀ ਅਤੇ ਐਨਐਸਏ ਅਧੀਨ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ, ਉਨ੍ਹਾਂ ਦੀ ਜਥੇਬੰਦੀ ਨੇ ਪੰਥਕ ਵੋਟਰਾਂ ਨੂੰ ਆਕਰਸ਼ਿਤ ਕੀਤਾ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਭਾਵੁਕ ਸਿਆਸਤ ਸਿੱਖ ਰਾਜਨੀਤੀ ਨੂੰ ਮਜ਼ਬੂਤ ਕਰ ਸਕਦੀ ਹੈ? ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ, ਸਿੱਖ ਲੀਡਰਸ਼ਿਪ ਵਿਜ਼ਨ ਅਤੇ ਬੌਧਿਕਤਾ ’ਤੇ ਅਧਾਰਿਤ ਸੀ। ਅੱਜ ਦੀ ਸਿੱਖ ਸਿਆਸਤ ਨੂੰ ਵੀ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਭਾਵੁਕਤਾ ਦੀ ਬਜਾਏ ਸੂਝਬੂਝ ਅਤੇ ਸਮਰਪਣ ਨਾਲ ਮੁੱਦਿਆਂ ਨੂੰ ਸੁਲਝਾਵੇ।
ਪੰਜਾਬ ਦੀ ਸਿਆਸਤ ਨੂੰ ਬੰਗਾਲ ਅਤੇ ਤਾਮਿਲਨਾਡੂ ਵਰਗੀ ਸੂਝਵਾਨ ਲੀਡਰਸ਼ਿਪ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ। ਇਨ੍ਹਾਂ ਸੂਬਿਆਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਜੋੜਦਿਆਂ ਆਰਥਿਕ ਵਿਕਾਸ, ਸਿੱਖਿਆ, ਅਤੇ ਸਿਹਤ ਵਰਗੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕੀਤਾ। ਪੰਜਾਬ ਨੂੰ ਵੀ ਅਜਿਹੀ ਸਿਆਸਤ ਦੀ ਜ਼ਰੂਰਤ ਹੈ, ਜੋ ਕਿਸਾਨਾਂ ਦੇ ਐਮਐਸਪੀ, ਸਰਹੱਦੀ ਵਪਾਰ ਅਤੇ ਨੌਜਵਾਨਾਂ ਲਈ ਰੁਜ਼ਗਾਰ,ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ ’ਤੇ ਕੰਮ ਕਰੇ। ਨਸ਼ਿਆਂ ਤੇ ਝੂਠੇ ਪੁਲਿਸ ਮੁਕਾਬਲਿਆਂ ਵਿਰੁੱਧ ਆਵਾਜ਼ ਬੁਲੰਦ ਕਰੇ।ਸਰਹੱਦੀ ਵਪਾਰ ਲਈ ਭਾਰਤ- ਪਾਕਿ ਦਰਮਿਆਨ ਵਾਘਾ ਤੇ ਹੁਸੈਨੀਵਾਲਾ ਬਾਰਡਰ ਖੋਲ੍ਹਣ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋ ਸਕਦੀ ਹੈ, ਪਰ ਸਿੱਖ ਲੀਡਰਸ਼ਿਪ ਅਕਸਰ ਇਨ੍ਹਾਂ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਦੀ ਹੈ।
ਨਤੀਜੇ ਦੀ ਸੰਭਾਵਨਾ ਅਤੇ ਸਿੱਖ ਰਾਜਨੀਤੀ ਦਾ ਭਵਿੱਖ
ਤਰਨ ਤਾਰਨ ਉਪ-ਚੋਣ ਦਾ ਨਤੀਜਾ ਪੰਜਾਬ ਦੀ ਸਿਆਸਤ ’ਤੇ ਡੂੰਘਾ ਅਸਰ ਪਾਵੇਗਾ। ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ, ਤਾਂ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਸ ਦੇ ਹੌਸਲੇ ਵਧਾਏਗੀ। ਪਰ ਜੇਕਰ ਆਪ ਹਾਰਦੀ ਹੈ, ਤਾਂ ਸੂਬੇ ਦੀ ਸਿਆਸਤ ਵਿੱਚ ਤਬਦੀਲੀ ਆ ਸਕਦੀ ਹੈ। ਅਕਾਲੀ ਦਲ (ਬਾਦਲ) ਦੀ ਪੰਥਕ ਵੋਟਾਂ ਦੀ ਵੰਡ ਕਾਰਨ ਉਸ ਦੀ ਸਥਿਤੀ ਅੱਗੇ ਨਾਲੋਂ ਕਮਜ਼ੋਰ ਵੀ ਹੋ ਸਕਦੀ ਹੈ। ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਉਮੀਦਵਾਰ ਮਨਦੀਪ ਸਿੰਘ ਦੀ ਜਿੱਤ ਪੰਥਕ ਸਿਆਸਤ ਵਿੱਚ ਨਵੀਂ ਲਹਿਰ ਪੈਦਾ ਕਰ ਸਕਦੀ ਹੈ, ਪਰ ਉਨ੍ਹਾਂ ਦੀ ਵਿਜ਼ਨਰੀ ਲੀਡਰਸ਼ਿਪ ਦੀ ਸਮਰੱਥਾ ’ਤੇ ਸਵਾਲ ਉੱਠਣਗੇ।
ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਲਈ ਭਾਵੁਕਤਾ ਦੀ ਬਜਾਏ ਸੂਝਬੂਝ, ਸਮਰਪਣ ਅਤੇ ਜਵਾਬਦੇਹੀ ਵਾਲੀ ਲੀਡਰਸ਼ਿਪ ਦੀ ਜ਼ਰੂਰਤ ਹੈ। ਸਮਾਜ ਦੇ ਸਾਰੇ ਵਰਗਾਂ ਨੂੰ ਜੋੜਦਿਆਂ, ਆਰਥਿਕ ਵਿਕਾਸ ਅਤੇ ਸਥਾਨਕ ਮੁੱਦਿਆਂ ’ਤੇ ਅਧਾਰਿਤ ਸਿਆਸਤ ਹੀ ਪੰਜਾਬ ਨੂੰ ਮੁੜ ਉਭਾਰ ਸਕਦੀ ਹੈ। ਤਰਨ ਤਾਰਨ ਦੀ ਇਹ ਚੋਣ ਸਿਰਫ਼ ਇੱਕ ਸੀਟ ਦੀ ਜਿੱਤ-ਹਾਰ ਨਹੀਂ, ਸਗੋਂ ਸਿੱਖ ਰਾਜਨੀਤੀ ਦੇ ਭਵਿੱਖ ਦਾ ਫ਼ੈਸਲਾ ਕਰੇਗੀ।

Loading