ਪੰਜਾਬ ਦੀ ਰਾਜਨੀਤੀ ਦੀ ਨਵੇਂ ਗੱਠਜੋੜਾਂ ਵੱਲ ਵਧਣ ਦੀ ਸੰਭਾਵਨਾ ਹੈ। ਪੰਜਾਬ ਦੇ ਰਾਜਨੀਤਕ ਹਲਕਿਆਂ ਵਿੱਚ ਚਰਚਾ ਛਿੜੀ ਹੋਈ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਨੈਸ਼ਨਲ ਕਨਵੀਨਰ ਅਤੇ ਸਾਬਕਾ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲ ਦੋਸਤੀ ਦਾ ਹੱਥ ਵਧਾ ਸਕਦੇ ਹਨ । ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਰਣਨੀਤਕ ਤੌਰ ’ਤੇ ਕਾਫ਼ੀ ਮਹੱਤਵਪੂਰਨ ਹੈ।
ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਭਾਜਪਾ ਤੋਂ ਹਾਰਨ ਤੋਂ ਬਾਅਦ ਆਪ ਪੰਜਾਬ ਵਿੱਚ ਵੀ ਨਿਘਾਰ ਵਲ ਜਾ ਰਹੀ ਹੈ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਪ ਆਪਣੀ ਰਾਜਨੀਤੀ ਨੂੰ ਮਜਬੂਤ ਕਰਨ ਲਈ ਲਈ ਨਵੀ ਰਣਨੀਤੀ ਅਪਣਾ ਸਕਦੀ ਹੈ।ਆਪ ਸੁਪਰੀਮੋ ਕੇਜਰੀਵਾਲ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਉਹ 2027 ਦੀਆਂ ਚੋਣਾਂ ਲਈ ਰਣਨੀਤੀ ਬਣਾ ਰਹੇ ਹਨ।
ਪੰਜਾਬ ਦੀ ਰਾਜਨੀਤੀ ਹਮੇਸ਼ਾ ਤੋਂ ਗਠਜੋੜਾਂ ਅਤੇ ਸਮੀਕਰਨਾਂ ਨਾਲ ਭਰਪੂਰ ਰਹੀ ਹੈ। 2017 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤ ਕੇ ਸੱਤਾ ਸੰਭਾਲੀ ਸੀ, ਜਦਕਿ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ। ਉਸ ਵੇਲੇ ਭਾਜਪਾ-ਅਕਾਲੀ ਦਲ (ਬਾਦਲ) ਗਠਜੋੜ ਨੇ ਵੀ ਕਾਫ਼ੀ ਨੁਕਸਾਨ ਝੱਲਿਆ ਸੀ। ਪਰ 2022 ਵਿੱਚ ਆਪ ਨੇ ਇਤਿਹਾਸ ਰਚ ਦਿੱਤਾ ਅਤੇ 92 ਸੀਟਾਂ ਜਿੱਤ ਕੇ ਇਕੱਲੀ ਪਾਰਟੀ ਬਣ ਗਈ। ਇਸ ਵਾਰ ਭਾਜਪਾ ਨੇ 2 ਸੀਟਾਂ, ਕਾਂਗਰਸ ਨੂੰ 18 ਅਤੇ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ। ਹੁਣ 2027 ਵਿੱਚ ਚੋਣਾਂ ਨੇੜੇ ਆ ਰਹੀਆਂ ਹਨ, ਜਿੱਥੇ ਆਪ ਨੂੰ ਵਿਰੋਧੀ ਧਿਰਾਂ ਨਾਲ ਲੜਨ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਵਿੱਚ ਅੰਦਰੂਨੀ ਨਿਘਾਰ ਵੀ ਵਧ ਰਿਹਾ ਹੈ, ਜਿਸ ਕਰਕੇ ਆਪ ਨੂੰ ਨਵੀਂ ਰਣਨੀਤੀ ਅਪਣਾ ਸਕਦੀ ਹੈ।
ਭਾਜਪਾ ਪਾਰਟੀ ਨੇਤਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਨੂੰ ਵਧੇਰੇ ਸੀਟਾਂ ਦੀ ਉਮੀਦ ਹੈ ਅਤੇ ਅਸੀਂ ਵਿਕਾਸ ਲਈ ਕਿਸੇ ਨਾਲ ਵੀ ਮਿਲ ਸਕਦੇ ਹਾਂ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਪ ਤੇ ਭਾਜਪਾ ਗਠਜੋੜ ਨਾਲ ਆਪ ਨੂੰ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੇ ਵੋਟ ਬੈਂਕ ਨਾਲ ਫਾਇਦਾ ਹੋ ਸਕਦਾ ਹੈ, ਜਿੱਥੇ ਭਾਜਪਾ ਨੂੰ ਸ਼ਹਿਰੀ ਪੰਜਾਬੀ ਅਤੇ ਵਪਾਰੀ ਵਰਗ ਨਾਲ ਸਬੰਧਤ ਵੋਟ ਮਿਲਦੇ ਹਨ।
ਪੰਜਾਬ ਵਿੱਚ ਡੈਮੋਗ੍ਰਾਫਿਕ ਬਦਲਾਅ ਕਾਰਨ ਵੀ ਇਸ ਗਠਜੋੜ ਦਾ ਇੱਕ ਵੱਡਾ ਕਾਰਨ ਹੈ। ਦੋਹਾਂ ਪਾਰਟੀਆਂ ਨੇ ਪਰਵਾਸੀ ਵੋਟ ਬੈਂਕ ਉੱਪਰ ਟੇਕ ਰਖੀ ਹੋਈ ਹੈ।ਰਿਪੋਰਟਾਂ ਅਨੁਸਾਰ, ਪੰਜਾਬ ਵਿੱਚ ਬਿਹਾਰ ਅਤੇ ਯੂ.ਪੀ. ਤੋਂ ਆਉਣ ਵਾਲੇ ਮਜ਼ਦੂਰਾਂ (ਭਈਆਂ) ਦੀ ਗਿਣਤੀ ਵਧ ਰਹੀ ਹੈ। 2011 ਦੀ ਗਣਨਾ ਅਨੁਸਾਰ, ਪੰਜਾਬ ਵਿੱਚ ਬਾਹਰੋਂ ਆਏ ਲੋਕਾਂ ਦੀ ਗਿਣਤੀ 14 ਲੱਖ ਤੋਂ ਵੱਧ ਸੀ, ਜੋ ਹੁਣ ਵਧ ਕੇ 20 ਲੱਖ ਤੱਕ ਪਹੁੰਚ ਗਈ ਹੈ। ਇਸ ਕਾਰਨ ਖਾਸ ਕਰ ਸ਼ਹਿਰੀ ਖੇਤਰਾਂ ਜਿਵੇਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਸਿਆਸੀ ਲਾਭ ਹੋ ਸਕਦਾ ਹੈ। ਆਪ ਨੂੰ ਪਰਵਾਸੀ ਵਰਗ ਨੂੰ ਆਕਰਸ਼ਿਤ ਕਰਨ ਲਈ ਭਾਜਪਾ ਨਾਲ ਹੱਥ ਮਿਲਾਉਣਾ ਪੈ ਸਕਦਾ ਹੈ।
ਦੂਜੇ ਪਾਸੇ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਪ-ਭਾਜਪਾ ਸਮਝੌਤਾ ਸੰਭਵ ਨਹੀਂ ਜਾਪਦਾ।ਇਨ੍ਹਾਂ ਮਾਹਿਰਾਂ ਅਨੁਸਾਰ ਇਹ ਗੱਲ ਅਨਹੋਣੀ ਵੀ ਹੈ ਤੇ ਭਾਜਪਾ ਲਈ ਵੱਡੀ ਨੁਕਸਾਨਦਾਇਕ ਵੀ। ਕਿਉਂਕਿ 2027 ਵਿੱਚ 7 ਪ੍ਰਾਂਤਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜੇਕਰ ਭਾਜਪਾ ਪੰਜਾਬ ਵਿੱਚ ਆਪ ਨਾਲ ਸਮਝੌਤਾ ਕਰ ਲਵੇਗੀ ਫਿਰ ਐਨ.ਡੀ.ਏ. ਵਿਰੋਧੀ ਵੋਟਾਂ ਵੰਡਣ ਲਈ ਕੌਣ ਬਚੇਗਾ। 2027 ਵਿੱਚ ਪੰਜਾਬ ਤੋਂ ਇਲਾਵਾ ਗੋਆ, ਉਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਤੇ ਗੁਜਰਾਤ ਤੋਂ ਇਲਾਵਾ ਮਨੀਪੁਰ ਵਿੱਚ ਚੋਣਾਂ ਹੋਣੀਆਂ ਹਨ। ਮਨੀਪੁਰ ਨੂੰ ਛੱਡ ਕੇ ਬਾਕੀ ਰਾਜਾਂ ਵਿੱਚ ਵੀ ਜੇਕਰ ‘ਆਪ’ ਵੱਖਰੇ ਤੌਰ ’ਤੇ ਨਾ ਲੜੀ ਤਾਂ ਇਹ ਭਾਜਪਾ ਲਈ ਖਤਰੇ ਵਾਲੀ ਗੱਲ ਹੋਵੇਗੀ। ਇਸ ਲਈ ਸਾਨੂੰ ਨਹੀਂ ਜਾਪਦਾ ਕਿ ‘ਆਪ’ ਤੇ ਭਾਜਪਾ ਪੰਜਾਬ ਵਿੱਚ ਮਿਲ ਕੇ ਚੋਣਾਂ ਲੜ ਸਕਦੀਆਂ ਹਨ।
ਰਾਜਨੀਤਕ ਵਿਸ਼ਲੇਸ਼ਕ ਹਰਜੇਸ਼ਵਰ ਸਿੰਘ ਕਹਿੰਦੇ ਹਨ, ‘ਡੈਮੋਗ੍ਰਾਫਿਕ ਬਦਲਾਅ ਨੇ ਪੰਜਾਬ ਨੂੰ ਨਵੀਂ ਸਿਆਸੀ ਰੂਪ ਰੇਖਾ ਦਿੱਤੀ ਹੈ। ਇਸ ਨਾਲ ਕਈ ਸਿਆਸੀ ਬਦਲਾਅ ਹੋ ਸਕਦੇ ਹਨ।’
ਸਿੱਖ ਸਿਆਸਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਤੇ ਆਪ ਦਾ ਗਠਜੋੜ ਸਿੱਖ ਭਾਈਚਾਰੇ ਵਿੱਚ ਵਿਰੋਧ ਪੈਦਾ ਕਰ ਸਕਦਾ ਹੈ, ਜਿੱਥੇ ਪੰਥਕ ਧਿਰਾਂ ਨੂੰ ਫਾਇਦਾ ਹੋ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਤੇ ਨਵੇਂ ਅਕਾਲੀ ਦਲ ਆਪਸ ਵਿੱਚ ਗੱਠਜੋੜ ਕਰ ਸਕਦੇ ਹਨ।ਦੋਹਾਂ ਧਿਰਾਂ ਵਿੱਚ ਕਈ ਵਾਰ ਗੱਲਬਾਤ ਹੋ ਚੁਕੀ ਹੈ।ਜੇਕਰ ਇਹਨਾਂ ਦਾ ਬਸਪਾ ਨਾਲ ਗਠਜੋੜ ਹੋ ਜਾਂਦਾ ਹੈ, ਤਾਂ ਉਹ ਪੰਥਕ ਵੋਟ ਨੂੰ ਇਕਮੁਠ ਕਰਕੇ 20-25 ਸੀਟਾਂ ਜਿੱਤ ਸਕਦੇ ਹਨ। ਇਸ ਵਿੱਚ ਬਸਪਾ ਨੂੰ ਵੀ ਫਾਇਦਾ ਹੋ ਸਕਦਾ ਹੈ।ਬਸਪਾ ਪਹਿਲਾਂ ਵੀ ਅਕਾਲੀਆਂ ਨਾਲ ਮਿਲ ਕੇ ਚੋਣਾਂ ਲੜਦੀ ਰਹੀ ਹੈ।
ਦੂਜੇ ਪਾਸੇ ਕਾਂਗਰਸ ਨੂੰ ਅੰਦਰੂਨੀ ਫੁੱਟ ਕਾਰਨ ਨੁਕਸਾਨ ਹੋ ਰਿਹਾ ਹੈ, ਪਰ ਉਹ ਰਾਹੁਲ ਗਾਂਧੀ ਦੇ ਲੀਡਰਸ਼ਿਪ ਹੇਠ ਪੰਜਾਬ ਕਾਂਗਰਸ ਵਿੱਚ ਨਵਾਂ ਜੋਸ਼ ਪੈਦਾ ਹੋ ਰਿਹਾ ਹੈ। ਪਰ ਕਾਂਗਰਸ ਤੇ ਬਾਦਲ ਦੀ ਕਿਸੇ ਨਾਲ ਗੱਠਜੋੜ ਦੀ ਸੰਭਾਵਨਾ ਨਹੀਂ ਦਿਖਾਈ ਦਿੰਦੀ।
ਪੰਜਾਬ ਵਿੱਚ ਬੇਅਦਬੀ, ਡੈਮੋਗਰਾਫੀ,ਵਿਕਾਸ ਦੇ ਮੁੱਦੇ ਵੀ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਆਪ ਸਰਕਾਰ ਨੇ ਮੁਫ਼ਤ ਬਿਜਲੀ, ਮਹਿਲਾ ਸਨਮਾਨ ਯੋਜਨਾ ਅਤੇ ਮਹੱਲਾ ਕਲੀਨਿਕਾਂ ਵਰਗੇ ਪ੍ਰੋਗਰਾਮ ਚਲਾਏ ਹਨ, ਪਰ ਔਰਤਾਂ ਨੂੰ ਹੁਣ ਵੀ 1000 ਰੁਪਏ ਮਹੀਨੇ ਦੀ ਯੋਜਨਾ ਪੂਰੀ ਨਹੀਂ ਹੋਈ। ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਖੇਤੀਬਾੜੀ ਸੰਕਟ ਵੀ ਚੋਣਾਂ ਨੂੰ ਪ੍ਰਭਾਵਿਤ ਕਰੇਗਾ। ਕਿਸਾਨ ਅੰਦੋਲਨਾਂ ਨੇ ਭਾਜਪਾ ਨੂੰ ਨੁਕਸਾਨ ਪਹੁੰਚਾਇਆ ਹੈ, ਹੁਣ ਕਿਸਾਨ ਭਾਈਚਾਰਾ ਆਪ ਤੋਂ ਨਰਾਜ਼ ਜਾਪਦਾ ਹੈ। ਰਾਜਨੀਤਕ ਵਿਸ਼ਲੇਸ਼ਕ ਜਗਤਾਰ ਸਿੰਘ ਕਹਿੰਦੇ ਹਨ, ‘ਪੰਜਾਬ ਵਿੱਚ ਅਕਾਲੀ ਸਿਆਸਤ ਦਾ ਸੰਕਟ ਹੈ, ਜਿਸ ਨੂੰ ਅੰਮ੍ਰਿਤਪਾਲ ਸਿੰਘ ਵਰਗੇ ਰੈਡੀਕਲ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਠਜੋੜ ਦੀ ਸਿਆਸਤ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗੀ।’
ਅੰਮ੍ਰਿਤਪਾਲ ਦੀ ਪਾਰਟੀ ਨੇ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੈ ਅਤੇ ਉਸ ਨੇ ਪੰਥਕ ਮੁੱਦਿਆਂ ’ਤੇ ਫੋਕਸ ਕੀਤਾ ਹੈ। ਉਸ ਦੇ ਸਮਰਥਕਾਂ ਨੇ ਵਿਸਾਖੀ ਤੇ ਤਲਵੰਡੀ ਸਾਬੋ ਵਿੱਚ ਰੈਲੀ ਕੀਤੀ, ਜਿੱਥੇ ਫ਼ਰੀਦਕੋਟ ਐੱਮਪੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ, ‘2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ।’ ਜੇਕਰ ਬਸਪਾ ਨਾਲ ਗਠਜੋੜ ਹੋ ਜਾਂਦਾ ਹੈ, ਤਾਂ ਇਹ ਪੰਥਕ-ਦਲਿਤ ਏਕਤਾ ਨਵਾਂ ਰੰਗ ਲੈ ਲਵੇਗੀ।
ਕਾਂਗਰਸ ਲਈ ਉਭਾਰ ਦੀ ਸੰਭਾਵਨਾ ਵੀ ਹੈ। ਪਾਰਟੀ ਨੇ ਦਿੱਲੀ ਹਾਰ ਤੋਂ ਬਾਅਦ ਪੰਜਾਬ ਵਿੱਚ ਏਕਤਾ ਦਿਖਾਈ ਹੈ ਅਤੇ ਰਾਹੁਲ ਗਾਂਧੀ ਨੇ ਕਿਸਾਨ ਮੁੱਦਿਆਂ ’ਤੇ ਫੋਕਸ ਕੀਤਾ ਹੈ। ਪਰ ਅੰਦਰੂਨੀ ਕਲੇਸ਼ਾਂ ਨੇ ਪਾਰਟੀ ਨੂੰ ਕਮਜ਼ੋਰ ਕੀਤਾ ਹੈ।ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾ ਸਿਰਫ਼ ਸੱਤਾ ਦਾ ਸਵਾਲ ਹੋਣਗੀਆਂ, ਸਗੋਂ ਪੰਜਾਬ ਦੇ ਭਵਿੱਖ ਦਾ ਵੀ।
![]()
