ਪੰਜਾਬ ਦੇ ਕਈ ਹਿੱਸਿਆਂ ’ਚ ਹਫ਼ਤੇ ਤੋਂ ਨਹੀਂ ਹੋਏ ਸੂਰਜ ਦੇ ਦਰਸ਼ਨ

In ਮੁੱਖ ਖ਼ਬਰਾਂ
November 13, 2024
ਪਟਿਆਲਾ : ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਈ ਧੁਆਂਖੀ ਧੁੰਦ ਕਾਰਨ ਸਥਿਤੀ ਅਜਿਹੀ ਬਣ ਗਈ ਹੈ ਕਿ ਸੂਰਜ ਦੀਆਂ ਕਿਰਨਾਂ ਧਰਤੀ ਦੀ ਸਤ੍ਵਾ ਤੱਕ ਨਹੀਂ ਪਹੁੰਚ ਰਹੀਆਂ। ਪੰਜਾਬ ਦੇ ਕਈ ਹਿੱਸਿਆਂ ਵਿੱਚ ਹਫਤੇ ਤੋਂ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਏ। ਮੌਸਮ ਵਿਗਿਆਨੀਆਂ ਨੇ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਦੀਵਾਲੀ ਮਗਰੋਂ ਪਹਿਲੀ ਨਵੰਬਰ ਨੂੰ 9.2 ਘੰਟੇ ਧੁੱਪ ਨਿਕਲੀ ਪਰ ਪਿਛਲੇ ਇੱਕ ਹਫ਼ਤੇ (6 ਤੋਂ 12 ਨਵੰਬਰ) ਤੱਕ ਧੁੱਪ ਦੇ ਘੰਟੇ ਵੀ ਸਿਫ਼ਰ ਹੋ ਗਏ ਹਨ। ਮੌਸਮ ਮਾਹਿਰਾਂ ਨੇ ਕਿਹਾ ਕਿ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਵਧਦੀਆਂ ਘਟਨਾਵਾਂ, ਖਾਸ ਕਰ ਸ਼ਾਮ ਸਮੇਂ ਇਸ ਸਮੱਸਿਆ ਨੂੰ ਹੋਰ ਵਧਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਧ ਨਮੀ ਅਤੇ ਹਵਾ ਦੀ ਗਤੀ ਘੱਟ ਹੋਣ ਕਾਰਨ ਪਰਾਲੀ ਦਾ ਧੂੰਆਂ ਫੈਲਦਾ ਨਹੀਂ ਅਤੇ ਗੁਬਾਰ ਬਣਿਆ ਰਹਿੰਦਾ ਹੈ। ਇਸ ਨਾਲ ਖੇਤਰ ਵਿੱਚ ਧੁਆਂਖੀ ਧੁੰਦ ਦੀ ਚਾਦਰ ਬਣ ਜਾਂਦੀ ਹੈ ਜੋ ਸੂਰਜ ਦੀ ਰੌਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮੁੱਖ ਖੇਤੀ ਮੌਸਮ ਵਿਗਿਆਨੀ ਕੇਕੇ ਗਿੱਲ ਨੇ ਕਿਹਾ ਕਿ ਇਹ ਸਥਿਤੀ ਅਕਤੂਬਰ ਦੇ ਦੂਸਰੇ ਹਫ਼ਤੇ ਮਗਰੋਂ ਹਵਾ ਦੀ ਗਤੀ ਸਥਿਰ ਰਹਿਣ ਕਾਰਨ ਬਣੀ ਹੈ।

Loading