
ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਖੇਡਾਂ ਦੇ ਖੇਤਰ ਵਿੱਚ ਹਰਿਆਣਾ ਨਾਲੋਂ ਪਿੱਛੇ ਰਹਿ ਗਿਆ ਹੈ। ਇਸ ਦੇ ਕਈ ਕਾਰਨ ਵੀ ਦਸੇ ਜਾਂਦੇ ਹਨ ਪਰ ਪੰਜਾਬ ਦੇ ਖੇਡਾਂ ਵਿੱਚ ਪਿੱਛੇ ਰਹਿਣ ਦੇ ਅਸਲ ਕਾਰਨਾਂ ਦੀ ਘੋਖ ਕਰਕੇ ਉਹਨਾਂ ਦਾ ਸਹੀ ਹੱਲ ਕਰਨ ਵੱਲ ਧਿਆਨ ਘੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਪੰਜਾਬ ਵਿੱਚ ਚੰਗੇ ਬਾਲ ਖਿਡਾਰੀ ਤਿਆਰ ਹੋਣ ਤੋਂ ਰਹਿ ਜਾਂਦੇ ਹਨ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਕਈ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਨੇ ਚੰਗੀ ਕਾਰਗੁਜਾਰੀ ਦਿਖਾਈ ਹੈ, ਪਰ ਫ਼ਿਰ ਵੀ ਪੰਜਾਬ ਦੇ ਖਿਡਾਰੀਆਂ ਨੂੰ ਹੋਰ ਟ੍ਰੇਨਿੰਗ ਦੇਣ ਦੀ ਲੋੜ ਹੈ ਤਾਂ ਕਿ ਉਹ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਣ ਕਰ ਸਕਣ।
ਪੰਜਾਬ ਵਿੱਚ ਇਸ ਸਮੇਂ ਹਾਲ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਦੀ ਥਾਂ ਸਿਰਫ਼ ਪੜ੍ਹਾਈ ਵਿੱਚ ਅੱਵਲ ਆਉਣ ਲਈ ਦਬਾਓ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਬੱਚੇ ਖੇਡਾਂ ਵਿੱਚ ਪਿੱਛੇ ਰਹਿ ਜਾਂਦੇ ਹਨ। ਮਾਪਿਆਂ ਦੀ ਸੋਚ ਹੁੰਦੀ ਹੈ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਬੱਚਾ ਪੜਾਈ ਵਿੱਚ ਪਿਛੜ ਜਾਂਦਾ ਹੈ, ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਤੋਂ ਦੂਰ ਰੱਖਦੇ ਹਨ। ਦੂਜੇ ਪਾਸੇ ਕਈ ਬੱਚੇ ਚੰਗੇ ਖਿਡਾਰੀ ਬਣਨ ਦੇ ਯੋਗ ਹੁੰਦੇ ਹਨ ਪਰ ਉਹਨਾਂ ਨੂੰ ਸਾਰਾ ਸਮਾਂ ਪੜ੍ਹਾਈ ਵਿੱਚ ਰੁਝੇ ਰਹਿਣਾ ਪੈਂਦਾ ਹੈ, ਜਿਸ ਕਾਰਨ ਖੇਡਾਂ ਵਿੱਚ ਹਿੱਸਾ ਲੈਣ ਦਾ ਉਹਨਾਂ ਨੂੰ ਸਮਾਂ ਨਹੀਂ ਮਿਲਦਾ। ਇਸ ਕਾਰਨ ਵੀ ਉਹ ਚਾਹ ਕੇ ਵੀ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦੇ। ਇਸ ਤੋਂ ਇਲਾਵਾ ਪੰਜਾਬ ਦੇ ਵੱਡੀ ਗਿਣਤੀ ਮਾਪੇ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਦਸਵੀਂ ਵਿਚੋਂ ਚੰਗੇ ਨੰਬਰ ਲੈ ਕੇ ਆਈਲੈਟਸ ਕਰ ਲਵੇ ਅਤੇ ਫ਼ਿਰ ਵਿਦੇਸ਼ ਚਲਿਆ ਜਾਵੇ, ਅਜਿਹੇ ਸਮੇਂ ਖੇਡਾਂ ਬਾਰੇ ਸੋਚਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੁੰਦਾ।
ਮਾਹਿਰ ਕਹਿੰਦੇ ਹਨ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਪੜ੍ਹਾਈ ਵਿੱਚ ਵੀ ਹੁਸ਼ਿਆਰ ਹੁੰਦੇ ਹਨ, ਕਿਉਂਕਿ ਖੇਡਾਂ ਵਿੱਚ ਹਿੱਸਾ ਲੈ ਕੇ ਬੱਚੇ ਤੰਦਰੁਸਤ ਰਹਿੰਦੇ ਹਨ ਅਤੇ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦਾ ਵਿਕਾਸ ਹੁੰਦਾ ਹੈ। ਇਸ ਲਈ ਸਾਰੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਅਕਸਰ ਸਕੂਲਾਂ ਵਿੱਚ ਵੇਖਿਆ ਜਾਂਦਾ ਹੈ ਕਿ ਜਦੋਂ ਖੇਡਾਂ ਵਿੱਚ ਟੀਮ ਦੀ ਚੋਣ ਕਰਨੀ ਹੁੰਦੀ ਹੈ ਤਾਂ ਚੰਗੇ ਖਿਡਾਰੀਆਂ ਦੀ ਥਾਂ ਅਕਸਰ ਮੈਡਮਾਂ ਜਾਂ ਅਧਿਆਪਕਾਂ ਦੇ ਰਿਸ਼ਤੇਦਾਰ ਜਾਂ ਸਿਫ਼ਾਰਸ਼ੀ ਬੱਚਿਆਂ ਦੀ ਚੋਣ ਕਰ ਲਈ ਜਾਂਦੀ ਹੈ, ਜਿਸ ਕਾਰਨ ਇਹ ਟੀਮ ਕੋਈ ਮੈਡਲ ਜਿੱਤਣ ਤੋਂ ਅਸਮਰਥ ਹੋ ਜਾਂਦੀ ਹੈ ਅਤੇ ਚੰਗੇ ਖਿਡਾਰੀ ਬੱਚੇ ਮਾਯੂਸ ਹੋ ਕੇ ਖੇਡਾਂ ਤੋਂ ਸਦਾ ਲਈ ਦੂਰ ਹੋ ਜਾਂਦੇ ਹਨ। ਭਾਵੇਂ ਕਿ ਅਜਿਹਾ ਸਾਰੇ ਸਕੂਲਾਂ ਵਿੱਚ ਨਹੀਂ ਹੁੰਦਾ ਪਰ ਕੁਝ ਸਕੂਲਾਂ ਵਿੱਚ ਅਜਿਹਾ ਕੁਝ ਹੋਣ ਦੀਆਂ ਖ਼ਬਰਾਂ ਮੀਡੀਆ ਵਿੱਚ ਅਕਸਰ ਆਉਂਦੀਆਂ ਰਹਿੰਦੀਆਂ ਹਨ, ਜਿਸ ਤੋਂ ਪੰਜਾਬ ਦੇ ਖੇਡ ਢਾਂਚੇ ਦੀਆਂ ਕਮੀਆਂ ਦਾ ਪਤਾ ਚਲਦਾ ਹੈ।
ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਉੱਪਰ ਪੂਰਾ ਧਿਆਨ ਦਿੱਤਾ ਜਾਂਦਾ ਹੈ, ਜਿਸਦੇ ਚੰਗੇ ਨਤੀਜੇ ਵੀ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਕਈ ਸਕੂੁਲਾਂ ਵਿੱਚ ਬੱਚਿਆਂ ਦੀਆਂ ਖੇਡਾਂ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਅਤੇ ਕਈ ਸਕੂਲਾਂ ਦੇ ਬੱਚੇ ਚੰਗੇ ਖਿਡਾਰੀ ਬਣ ਜਾਂਦੇ ਹਨ। ਕਈ ਸਕੂਲਾਂ ਵਿੱਚ ਤਰਾਂ ਵੱਖ ਵੱਖ ਖੇਡਾਂ ਦੀਆਂ ਟੀਮਾਂ ਬਣਾਉਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਪਰ ਦੁੱਖ ਦੀ ਗਲ ਇਹ ਹੈ ਕਿ ਅਜਿਹਾ ਸਾਰੇ ਸਕੂਲਾਂ ਵਿੱਚ ਨਹੀਂ ਹੁੰਦਾ। ਦੂਜੇ ਪਾਸੇ ਸਰਕਾਰੀ ਸਕੂਲਾਂ ਦੀ ਖੇਡਾਂ ਦੇ ਖੇਤਰ ਵਿੱਚ ਕਾਰਗੁਜਾਰੀ ਦਾ ਸਭ ਨੂੰ ਪਤਾ ਹੀ ਹੈ। ਹੁਣ ਸਮਝ ਇਹ ਨਹੀਂ ਲੱਗ ਰਹੀ ਕਿ ਆਖ਼ਰ ਘਾਟ ਕਿਥੇ ਰਹਿ ਜਾਂਦੀ ਹੈ। ਜਿਸ ਕਾਰਨ ਚੰਗੇ ਖਿਡਾਰੀ ਪੈਦਾ ਹੋਣ ਤੋਂ ਪਹਿਲਾਂ ਹੀ ਗਾਇਬ ਹੋ ਜਾਂਦੇ ਹਨ।
ਇਹ ਅਸਲੀਅਤ ਹੈ ਕਿ ਹ ਰ ਬੱਚਾ ਪੜਾਈ ਦੇ ਨਾਲ ਖੇਡਣਾ ਵੀ ਚਾਹੁੰਦਾ ਹੈ। ਖੇਡਾਂ ਵਿੱਚ ਹਿੱਸਾ ਲੈ ਕੇ ਬੱਚਿਆਂ ਦਾ ਮੰਨੋਰੰਜਨ ਵੀ ਹੁੰਦਾ ਹੈ। ਇਸ ਲਈ ਖੇਡਾਂ ਵਿੱਚ ਵੀ ਹਿਸਾ ਲੈਣ ਲਈ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ। ਖੇਡਾਂ ਵਿੱਚ ਹਿੱਸਾ ਨਾ ਲੈਣ ਵਾਲੇ ਬੱਚੇ ਅਕਸਰ ਕਮਜੋਰ ਰਹਿ ਜਾਂਦੇ ਹਨ, ਜਿਸ ਕਾਰਨ ਉਹ ਵੱਡੇ ਹੋ ਕੇ ਕਈ ਵਾਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਆਉਂਦੀ ਹੈ ਅਤੇ ਬੱਚਿਆਂ ਵਿੱਚ ਭਾਈਚਾਰਕ ਸਾਂਝ ਵੀ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਖੇਡਾਂ ਵਿੱਚ ਹਿੱਸਾ ਲੈ ਕੇ ਬੱਚਿਆਂ ਵਿੱਚ ਆਪਸੀ ਮੇਲ ਜੋਲ ਵਧਾਉਣ ਦਾ ਮੌਕਾ ਵੀ ਮਿਲਦਾ ਹੈ ਅਤੇ ਬੱਚੇ ਇੱਕ ਦੂਜੇ ਦੇ ਸਾਥੀ ਬਣਦੇ ਹਨ। ਇਸ ਲਈ ਬੱਚਿਆਂ ਦਾ ਖੇਡਾਂ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਲੋੜ ਤਾਂ ਇਸ ਖੇਡ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਹੈ। ਅਕਸਰ ਸਰਕਾਰੀ ਨੀਤੀਆਂ ਸਰਕਾਰੀ ਫ਼ਾਈਲਾਂ ਵਿੱਚ ਹੀ ਰਹਿ ਜਾਂਦੀਆਂ ਹਨ, ਜਿਸ ਕਰਕੇ ਇਹਨਾਂ ਨੀਤੀਆਂ ਨੂੰ ਸਹੀ ਤਰੀਕੇ ਨਾਲ ਲ ਾਗੂ ਨਹੀਂ ਕੀਤਾ ਜਾਂਦਾ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਪੰਜਾਬ ਦੇ ਖੇਡ ਢਾਂਚੇ ਦੀਆਂ ਕਮੀਆਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਪੰਜਾਬ ਪਹਿਲਾਂ ਵਾਂਗ ਖੇਡਾਂ ਦੇ ਖੇਤਰ ਵਿੱਚ ਅੱਵਲ ਨੰਬਰ ’ਤੇ ਆ ਜਾਵੇ।