ਪੰਜਾਬ ਦੇ ਪਲੀਤ ਪਾਣੀਆਂ ਦੀ ਕੌਣ ਲਊ ਸਾਰ?

In ਸੰਪਾਦਕੀ
March 21, 2025
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਕੁਝ ਹਿੱਸਿਆਂ ਦਾ ਪਾਣੀ ਹੀ ਹੁਣ ਪਲੀਤ ਹੋ ਗਿਆ ਹੈ। ਇਸ ਤੋਂ ਵੱਡੀ ਦੁੱਖ ਅਤੇ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ ਕਿ ਪੰਜਾਬ ਦੇ ਜਿਹੜੇ ਦਰਿਆਵਾਂ ਦਾ ਪਾਣੀ ਅੰਮ੍ਰਿਤ ਵਰਗਾ ਸਮਝਿਆ ਜਾਂਦਾ ਸੀ, ਉਹ ਪਾਣੀ ਕਈ ਇਲਾਕਿਆਂ ਵਿੱਚ ਹੁਣ ਏਨਾ ਪਲੀਤ ਹੋ ਚੁੱਕਿਆ ਹੈ ਕਿ ਇਹ ਕੈਂਸਰ ਵੰਡ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਵੀ ਕੁਝ ਇਲਾਕਿਆਂ ਵਿੱਚ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਹ ਕਿਸੇ ਲੇਖਕ ਦੀ ਕਲਪਨਾ ਨਹੀਂ ਸਗੋਂ ਪੰਜਾਬ ਦੇ ਪਾਣੀਆਂ ਸਬੰਧੀ ਪਿਛਲੇ ਦਿਨੀਂ ਆਈਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ। ਜਲ ਸਰੋਤਾਂ ਬਾਰੇ ਸਥਾਈ ਸੰਸਦੀ ਕਮੇਟੀ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਵਧ ਰਹੇ ਰੇਡੀਓਐਕਟਿਵ ਅਤੇ ਜ਼ਹਿਰੀਲੇ ਮਾਦਿਆਂ ਦੀ ਭਰਮਾਰ ਵੱਲ ਧਿਆਨ ਦਿਵਾਉਂਦਿਆਂ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।ਸੰਸਦੀ ਕਮੇਟੀ ਦੀ ਰਿਪੋਰਟ ਵਿੱਚ ਇਹ ਗੱਲ ਉਭਾਰੀ ਗਈ ਹੈ ਕਿ ਫ਼ਤਹਿਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮੋਗਾ, ਪਟਿਆਲਾ ਅਤੇ ਰੂਪਨਗਰ ਸਣੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਆਇਰਨ, ਖਾਰੇ, ਨਾਈਟ੍ਰੇਟ ਅਤੇ ਭਾਰੀਆਂ ਧਾਤਾਂ ਦੇ ਕਣਾਂ ਦਾ ਪੱਧਰ ਕਾਫ਼ੀ ਉੱਚਾ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਪੀਣ-ਯੋਗ ਨਹੀਂ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਪੰਜਾਬ ਦਾ ਪਾਣੀ ਖੇਤੀ ਲਈ ਵਰਤੋ ਯੋਗ ਵੀ ਨਹੀਂ ਰਿਹਾ ਹੈ। ਕੁਝ ਸਮਾਂ ਪਹਿਲਾਂ ਕੇਂਦਰੀ ਜ਼ਮੀਨੀ ਜਲ ਬੋਰਡ (ਸੀ.ਜੀ.ਡਬਲਿਊ.ਬੀ.) ਦੀ ਸਾਲ 2024 ਦੀ ਰਿਪੋਰਟ ਵਿੱਚ ਇਹ ਦਰਜ ਕੀਤਾ ਗਿਆ ਸੀ ਕਿ ਪੰਜਾਬ 20 ਜ਼ਿਲ੍ਹਿਆਂ ਦੇ ਜ਼ਮੀਨੀ ਪਾਣੀ ਵਿੱਚ ਯੂਰੇਨੀਅਮ, ਨਾਈਟ੍ਰੇਟਸ, ਆਰਸੈਨਿਕ, ਕਲੋਰਾਈਡ ਅਤੇ ਫ਼ਲੋਰਾਈਡ ਜਿਹੇ ਖ਼ਤਰਨਾਕ ਤੱਤਾਂ ਦੀ ਮੌਜੂਦਗੀ ਪ੍ਰਵਾਨਿਤ ਹੱਦ ਤੋਂ ਕਿਤੇ ਵੱਧ ਨਿਕਲੀ ਹੈ।ਹੁਣੇ ਜਿਹੇ ਆਈ ਇੱਕ ਹੋਰ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਲਗਾਤਾਰ ਗੰਧਲਾ ਹੋ ਰਿਹਾ ਪਾਣੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਾ ਰਿਹਾ ਹੈ।ਕੇਂਦਰ ਸਰਕਾਰ ਦੇ ਜਲ ਸਰੋਤ ਮੰਤਰਾਲੇ ਦੀ ਰਿਪੋਰਟ ਅਨੁਸਾਰ ਪੰਜਾਬ ਦਾ 26 ਫ਼ੀਸਦੀ ਪਾਣੀ ਖੇਤਾਂ ਨੂੰ ਸਿੰਜਣ ਦੇ ਯੋਗ ਨਹੀਂ ਰਿਹਾ ਹੈ। ਇਹੀ ਹਾਲਾਤ ਪੀਣ ਵਾਲੇ ਪਾਣੀ ਦੇ ਹਨ। ਆਈ.ਸੀ.ਐੱਮ.ਆਰ. ਦੀ 2024 ਦੀ ਰਿਪੋਰਟ ਦੀ ਮੰਨੀਏ ਤਾਂ ਨਦੀਆਂ ਤੇ ਨਾਲਿਆਂ ਦੇ ਲਾਗੇ ਰਹਿਣ ਵਾਲੇ ਲੋਕਾਂ ਵਿੱਚ ਕੈਂਸਰ ਦੀ ਬਹੁਤਾਤ ਪਾਈ ਗਈ ਹੈ। ਇੱਕ ਹੋਰ ਖੋਜ ਮੁਤਾਬਕ ਪਾਣੀ ’ਚ ਲੋਹਾ, ਸੀਸਾ, ਐਲਮੀਨੀਅਮ ਤੇ ਹੋਰ ਕਈ ਜਾਨਲੇਵਾ ਧਾਤਾਂ ਘੁਲ ਰਹੀਆਂ ਹਨ। ਪੰਜਾਬ ਦੇ 12 ਜ਼ਿਲ੍ਹਿਆਂ ਦੇ ਪਾਣੀ ’ਚ ਇਸ ਵੇਲੇ ਆਰਸੇਨਿਕ ਹੱਦੋਂ ਵੱਧ ਮਿਲ ਰਹੀ ਹੈ। ਇਸ ਕਾਰਨ ਕੈਂਸਰ ਦੇ ਨਾਲ-ਨਾਲ ਹੋਰ ਰੋਗ ਫ਼ੈਲਣ ਦਾ ਖ਼ਤਰਾ ਵਧ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ ਸਿਰਫ਼ ਦੋ ਮੁੱਖ ਦਰਿਆ ਸਤਲੁਜ ਅਤੇ ਬਿਆਸ ਹਨ। ਰਾਵੀ ਦਾ ਕੁਝ ਹਿੱਸਾ ਹੀ ਪੰਜਾਬ ਵਿੱਚ ਹੈ। ਇਸ ਤੋਂ ਇਲਾਵਾ ਘੱਗਰ ਦਰਿਆ, ਬੁੱਢਾ ਦਰਿਆ ਤੇ ਹੋਰ ਛੋਟੇ ਦਰਿਆ ਅਸਲ ਵਿੱਚ ਛੋਟੀਆਂ ਜਲ ਧਾਰਾਵਾਂ ਹਨ। ਪੰਜਾਬ ਦੇ ਇਹਨਾਂ ਦਰਿਆਵਾਂ ਤੇ ਜਲ ਧਾਰਾਵਾਂ ਵਿੱਚ ਬਹੁਤ ਪ੍ਰਦੂਸ਼ਣ ਫ਼ੈਲ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਉਦਯੋਗਾਂ ਅਤੇ ਦਵਾਈਆਂ ਦੀਆਂ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਵੀ ਪੰਜਾਬ ਦੇ ਦਰਿਆਵਾਂ ਵਿੱਚ ਆ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਸ਼ਹਿਰਾਂ ਦੇ ਉਦਯੋਗਾਂ, ਡਾਈਆਂ ਅਤੇ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਵੀ ਪੰਜਾਬ ਦੇ ਦਰਿਆਵਾਂ ਵਿੱਚ ਰਲ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਦਰਿਆ ਪ੍ਰਦੂਸ਼ਿਤ ਹੋ ਗਏ ਹਨ। ਪੰਜਾਬ ਦੇ ਅਨੇਕਾਂ ਸ਼ਹਿਰਾਂ ਦਾ ਸੀਵਰੇਜ ਵੀ ਦਰਿਆਵਾਂ ਵਿੱਚ ਹੀ ਪਾਇਆ ਜਾਂਦਾ ਹੈ, ਜਿਸ ਕਾਰਨ ਦਰਿਆਵਾਂ ਦਾ ਪਾਣੀ ਹੋਰ ਪ੍ਰਦੂਸ਼ਿਤ ਹੋ ਜਾਂਦਾ ਹੈ। ਕਈ ਇਲਾਕਿਆਂ ਵਿੱਚ ਦਰਿਆਵਾਂ ਦਾ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਹੈ, ਜਿਸ ਕਾਰਨ ਇਹ ਦੂਸ਼ਿਤ ਪਾਣੀ ਪੀਣ ਵਾਲੇ ਲੋਕ ਵੀ ਬਿਮਾਰ ਹੋ ਸਕਦੇ ਹਨ। ਮਹਾਨਗਰ ਲੁਧਿਆਣਾ ਦੇ ਪੂਰਬੀ ਖੇਤਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚੋਂ ਲੰਘਣ ਵਾਲਾ ਬੁੱਢਾ ਦਰਿਆ ਖ਼ਤਰਨਾਕ ਤੋਂ ਵੀ ਵੱਧ ਪੱਧਰ ’ਤੇ ਦੂਸ਼ਿਤ ਹੋ ਚੁੱਕਾ ਹੈ। ਕੂਮ ਕਲਾਂ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਵਿੱਚ ਜਾ ਰਲਣ ਤੱਕ ਉਦਯੋਗਿਕ ਇਕਾਈਆਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀ ਨੇ ਬੁੱਢੇ ਦਰਿਆ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ। ਪੁਰਾਣੇ ਸਮੇਂ ਸਾਫ਼ ਪਾਣੀ ਦੇ ਇਸ ਸੋਮੇ ਵਿੱਚ ਚੋਰੀ-ਛੁੱਪੇ ਸੁੱਟੇ ਜਾਣ ਵਾਲੇ ਡਾਇੰਗਾਂ, ਇਲੈਕਟਰੋ ਪਲੇਟਿੰਗ ਇਕਾਈਆਂ ਦੇ ਖ਼ਤਰਨਾਕ ਕੈਮੀਕਲਾਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਮਲ ਮੂਤਰ ਨੇ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ। ਇਨਸਾਨੀ ਸਵਾਰਥ ਦੀ ਭੇਟ ਚੜ੍ਹੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਅੱਜ ਏਨਾ ਦੂਸ਼ਿਤ ਹੋ ਚੁੱਕਾ ਹੈ ਕਿ ਆਪਣੇ ਰਾਹ ਵਿੱਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਹੋਰ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਵੀ ਜਾਨਲੇਵਾ ਬਿਮਾਰੀਆਂ ਵੰਡ ਰਿਹਾ ਹੈ। ਅਸਲ ਵਿੱਚ ਪੰਜਾਬ ਵਿੱਚ ਜਿੰਨੇ ਵੀ ਦਰਿਆ ਜਾਂ ਜਲ ਧਾਰਾਵਾਂ ਜਾਂ ਜਲ ਸੋਮੇ ਹਨ, ਉਹ ਬੁਰੀ ਤਰ੍ਹਾਂ ਪਲੀਤ ਹੋ ਚੁੱਕੇ ਹਨ, ਜਿਨ੍ਹਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਪੰਜਾਬ ਦੇ ਪਾਣੀਆਂ ਦੇ ਪਲੀਤ ਹੋਣ ਦੇ ਕਾਰਨਾਂ ਦੀ ਜਾਂਚ ਜੇ ਡੂੰਘਾਈ ਨਾਲ ਕੀਤੀ ਜਾਵੇ ਤਾਂ ਇਸ ਦੇ ਤਾਰ ਹਰੀ ਕ੍ਰਾਂਤੀ ਨਾਲ ਜਾ ਜੁੜਦੇ ਹਨ। ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਅੰਨੇ੍ਹਵਾਹ ਰਸਾਇਣਿਕ ਖਾਂਦਾ ਅਤੇ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰ ਦਵਾਈਆਂ ਤੇ ਜ਼ਹਿਰਾਂ ਦੀ ਵਰਤੋਂ ਕਾਰਨ ਇਸ ਦਾ ਅਸਰ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਿਆ, ਜਿਸ ਕਾਰਨ ਪੰਜਾਬ ਦਾ ਸਾਰਾ ਪਾਣੀ ਹੀ ਪਲੀਤ ਹੋ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਪਲੀਤ ਹੋ ਚੁੱਕੇ ਪਾਣੀਆਂ ਦੀ ਸਾਰ ਕੌਣ ਲਊ? ਪੰਜਾਬ ਦੇ ਦਰਿਆਈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਇਸ ਦੀ ਸੰਭਾਲ ਕਰਨ, ਇਸ ਨੂੰ ਪ੍ਰਦੂਸ਼ਣ ਮੁਕਤ ਅਤੇ ਜ਼ਹਿਰਾਂ ਮੁਕਤ ਕਰਨ ਲਈ ਪੰਜਾਬ ਸਰਕਾਰ ਨੂੰ ਠੋਸ ਉਪਰਾਲੇ ਕਰਨ ਦੀ ਲੋੜ ਹੈ।

Loading