ਪੰਜਾਬ ਦੇ ਵਿਅਕਤੀ ਨੇ ਨਿਊਜ਼ੀਲੈਂਡ ‘ਚ ਗੱਡੇ ਝੰਡੇ, ਬਣਿਆ ਪਹਿਲਾ ਸਿੱਖ ‘ਇਸ਼ੂਇੰਗ ਅਫ਼ਸਰ’

In ਮੁੱਖ ਖ਼ਬਰਾਂ
September 09, 2024
ਦਸੂਹਾ :- ਦਸੂਹਾ ਸ਼ਹਿਰ ਦੇ ਜੰਮਪਲ ਕਰਮਜੀਤ ਸਿੰਘ ਤਲਵਾੜ ਨੇ ਨਿਊਜ਼ੀਲੈਂਡ ਵਿੱਚ ਮਨਿਸਟਰੀ ਆਫ਼ ਜਸਟਿਸ ਸਰਵਿਸਜ਼ ਨਾਲ ਸਬੰਧ ‘ਇਸ਼ੂਇੰਗ ਅਫ਼ਸਰ’ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਨਿਊਜ਼ਲੈਂਡ ਦੇ ‘ਅਟਾਰਨੀ ਜਨਰਲ’ਨੇ ਸੌਂਪਿਆ ਇਸ ਨਾਲ ਸਮੁੱਚੇ ਦੇਸ਼ ਵਿੱਚ ਉਨ੍ਹਾਂ ਦਾ ਨਾਮ ਰੌਸ਼ਨ ਹੋਇਆ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ ਉਹ ਧਾਰਮਿਕ ਸਿੱਖ ਆਗੂ ਜੋਗਿੰਦਰ ਸਿੰਘ ਤਲਵਾੜ ਦੇ ਬੇਟੇ ਹਨ। ਇਸ ਤੋਂ ਪਹਿਲਾ ਤਲਵਾੜ ਨਿਊਜ਼ੀਲੈਂਡ ਦੇ ਨੋਰਥ ਸ਼ੋਰ ਇਲਾਕੇ ਦੇ ਇਕਲੌਤੇ ‘ਜਸਟਿਸ ਆਫ਼ ਪੀਸ (ਜੇਪੀ) ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਨਿਊਜ਼ੀਲੈਂਡ ਵਿੱਚ ਕੋਈ ਅੰਮ੍ਰਿਤਧਾਰੀ ਸਿੱਖ ਇਸ਼ੂਇੰਗ ਅਫ਼ਸਰ ਬਣਿਆ ਹੋਵੇ। ਜਦਕਿ ਤਕਰੀਬਨ 27 ਸਾਲ ਤੋਂ ਪਰਿਵਾਰ ਸਮੇਤ ਨਿਊਜ਼ੀਲੈਡ ਵਿੱਚ ਰਹਿ ਰਹੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ਸਕੂਲ ਬੋਰਡ ਦੇ ਤਿੰਨ ਵਾਰ ਟਰੱਸਟੀ ਵੀ ਬਣੇ ਹਨ। ਉਨ੍ਹਾਂ ਦੀ ਇਸ ਉਪਲੱਬਧੀ ਉੱਤੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਬਾਬਾ ਬੋਹੜ, 'ਆਪ' ਦੇ ਨੇਤਾ ਜਗਮੋਹਨ ਸਿੰਘ ਬੱਬੂ ਘੁੰਮਣ, ਸੀਨੀਅਰ ਸਿਟੀਜਨ ਦੇ ਕਨਵੀਨਰ ਚੌਧਰੀ ਕੁਮਾਰ ਸੈਣੀ, ਵਿਜੈ ਮੌਲ ਦੇ ਐੱਮ. ਡੀ. ਵਿਜੈ ਕੁਮਾਰ ਸ਼ਰਮਾ ਨੇ ਸੁਆਗਤ ਕੀਤਾ।

Loading