
ਚੰਡੀਗੜ੍ਹ :
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਮਰੀਕਾ ਤੋਂ ਕੱਢੇ ਭਾਰਤੀਆਂ ਦੇ ਜਹਾਜ਼ਾਂ ਦਾ ਅੰਮ੍ਰਿਤਸਰ ਵਿੱਚ ਉੱਤਰਨਾ ਇਸ ਦੀ ਮਿਸਾਲ ਹੈ। ਹਾਲਾਂ ਕਿ ਉਨ੍ਹਾਂ ’ਚੋਂ ਜ਼ਿਆਦਾਤਰ ਦੂਜੇ ਸੂਬਿਆਂ ਤੋਂ ਸਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਅਜਿਹਾ ਸਿਰਫ਼ ਪੰਜਾਬ ਨੂੰ ਬਦਨਾਮ ਕਰਨ ਲਈ ਕੀਤਾ ਹੈ। ਇਹ ਜਹਾਜ਼ ਗੁਜਰਾਤ ਵਿੱਚੋਂ ਆਏ ਪਰ ਉਨ੍ਹਾਂ ਨੂੰ ਉਤਾਰਿਆ ਪੰਜਾਬ ਦੀ ਧਰਤੀ ’ਤੇ ਗਿਆ, ਜੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਲਿਜਾ ਰਹੇ ਜਹਾਜ਼ ਨੂੰ ਹਿੰਡਨ ਹਵਾਈ ਅੱਡੇ ’ਤੇ ਉਤਾਰਿਆ ਜਾ ਸਕਦਾ ਹੈ ਤਾਂ ਇਸ ਜਹਾਜ਼ ਨੂੰ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਿਉਂ ਨਹੀਂ ਲਿਜਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਪਰਵਾਸ ਕੌਮੀ ਸਮੱਸਿਆ ਹੈ ਜਦਕਿ ਬੁਰੀ ਤਸਵੀਰ ਪੰਜਾਬ ਦੀ ਪੇਸ਼ ਕੀਤੀ ਜਾਂਦੀ ਹੈ।