ਡਾਕਟਰ ਮਨਮੋਹਨ ਜੀਤ ਸਿੰਘ
ਪੰਜਾਬ, ਦੇਸ਼ ਦਾ ਅੰਨ ਭੰਡਾਰ ਹੀ ਨਹੀਂ, ਇਸ ਦਾ ਰਾਖਾ ਵੀ ਹੈ। ਇੱਥੇ ਦਰਿਆਵਾਂ ਰਾਹੀਂ ਆਈ ਉਪਜਾਊ ਮਿੱਟੀ, ਸਾਫ ਪਾਣੀ ਤੇ ਅਨੁਕੂਲ ਮੌਸਮ ਜਿੱਥੇ ਖੇਤੀ ਲਈ ਸਹਾਈ ਹੋਇਆ, ਉਥੇ ਸਿਰੜੀ ਕਿਸਾਨਾਂ, ਖੇਤੀ ਖੋਜ ਤੇ ਸਮੇਂ ਦੀਆਂ ਸਰਕਾਰਾਂ ਦੀਆਂ ਅਨਾਜ ਪੈਦਾਵਾਰ ਵਧਾਉਣ ਦੀਆਂ ਨੀਤੀਆਂ ਨੇ ਪੰਜਾਬ ਵਿਚ ਹਰਾ ਇਨਕਲਾਬ ਲਿਆ ਕੇ ਦੇਸ਼ ਦੇ ਕਰੋੜਾਂ ਨਾਗਰਿਕਾਂ ਦਾ ਢਿੱਡ ਭਰਨ ਦਾ ਕੰਮ ਕੀਤਾ। ਪਹਾੜਾਂ ਦੇ ਪੈਰਾਂ ਵਿਚ ਵਸਿਆ ਹੋਣ ਕਰਕੇ ਪੰਜਾਬ ਨੂੰ ਜਿੱਥੇ ਦਰਿਆਵਾਂ ਨੇ ਉਪਜਾਊ ਮਿੱਟੀ ਦਿੱਤੀ, ਉੱਥੇ ਦਰਿਆਵਾਂ ‘ਚ ਆਉਂਦੇ ਹੜ੍ਹਾਂ ਕਾਰਨ ਭਿਆਨਕ ਤਬਾਹੀ ਵੀ ਇਸ ਦੇ ਹਿੱਸੇ ਹੀ ਆਈ। ਪੰਜਾਬ ਦਾ ਲਗਭਗ 25 ਫ਼ੀਸਦੀ ਇਲਾਕਾ ਹੜ੍ਹਾਂ ਦੀ ਮਾਰ ਹੇਠ ਆਉਣ ਵਾਲਾ ਹੈ। ਇਸ ਵਾਰ ਪੰਜਾਬ ਦੇ ਲਗਭਗ 2000 ਪਿੰਡਾਂ ਦੇ ਘਰਾਂ ਤੇ 4 ਲੱਖ ਏਕੜ ਫਸਲ ਨੂੰ ਹੜ੍ਹਾਂ ਦੀ ਭਿਆਨਕ ਮਾਰ ਪਈ ਹੈ। ਇਨ੍ਹਾਂ ਹੜ੍ਹਾਂ ਕਾਰਨ ਸਾਰੀ ਦੁਨੀਆਂ ਵਿਚ ਵਸਦੇ ਪੰਜਾਬੀ ਚਿੰਤਤ ਹਨ, ਜੋ ਦੁਨੀਆ ਵਿਚ ਕਿਤੇ ਵੀ ਮੁਸੀਬਤ ਆਉਣ ‘ਤੇ ਸਹਾਇਤਾ ਕਰਨ ਲਈ ਸਭ ਤੋਂ ਮੂਹਰੇ ਰਹਿੰਦੇ ਹਨ। ਸਮਾਜ ਸੇਵੀ ਸੰਸਥਾਵਾਂ ਤੇ ਸੋਸ਼ਲ ਮੀਡੀਆ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇਕ ਵੱਡੀ ਮੁਹਿੰਮ ਖੜ੍ਹੀ ਕੀਤੀ ਤਾਂ ਸਮਾਜ ਦਾ ਹਰ ਵਰਗ ਵਿਸ਼ੇਸ਼ਕਰ ਪੰਜਾਬੀ ਕਲਾਕਾਰ ਇਸ ਔਖੀ ਘੜੀ ਵਿਚ ਸਭ ਤੋਂ ਅੱਗੇ ਹੋ ਕੇ ਮਦਦ ਲਈ ਬਹੁੜੇ ਹਨ।
ਇਨ੍ਹਾਂ ਹੜ੍ਹਾਂ ਨੇ ਪੰਜਾਬੀਆਂ ਦੇ ਮਨਾਂ ਵਿਚ ਬਹੁਤ ਸਾਰੇ ਤੌਖਲੇ ਪੈਦਾ ਕੀਤੇ ਹਨ, ਉਹ ਹੜ੍ਹਾਂ ਲਈ ਡੈਮਾਂ, ਦਰਿਆਵਾਂ, ਨਾਲਿਆਂ ਦੀ ਸਫਾਈ ਨਾ ਹੋਣ ਨੂੰ ਦੋਸ਼ੀ ਠਹਿਰਾਅ ਰਹੇ ਹਨ। ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਮੁੜ ਵਸੇਬੇ ਲਈ ਯਤਨ ਕਰਨ ਦੌਰਾਨ ਇਕ ਵੱਡਾ ਪ੍ਰਸ਼ਨ ਹਰ ਪੰਜਾਬੀ ਦੇ ਮਨ ਵਿਚ ਹੈ ਕਿ ਆਉਣ ਵਾਲੇ ਸਮਿਆਂ ਲਈ ਇਸ ਸਾਰੇ ਵਾਕਿਆ ਤੋਂ ਸਬਕ ਲੈਂਦਿਆ ਕੀ-ਕੀ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ? ਅਸੀਂ ਇਨ੍ਹਾਂ ਇੰਤਜ਼ਾਮਾਂ ਨੂੰ 3 ਹਿੱਸਿਆਂ ਵਿਚ ਵੰਡ ਸਕਦੇ ਹਾਂ: ਤੁਰੰਤ ਕਰਨ ਵਾਲੇ ਕੰਮ, ਜਲਦੀ ਕਰਨ ਵਾਲੇ ਕੰਮ ਅਤੇ ਲੰਮੇ ਸਮੇਂ ਦੀ ਯੋਜਨਾਬੰਦੀ।
ਤੁਰੰਤ ਕਰਨ ਵਾਲੇ ਕੰਮ:-ਕਿਸੇ ਵੀ ਹੜ੍ਹ-ਪੀੜਤ ਇਲਾਕੇ ਵਿਚ ਸਭ ਤੋਂ ਪਹਿਲਾ ਕੰਮ ਮਨੁੱਖੀ ਜਾਨਾਂ ਤੇ ਪਸ਼ੂਆਂ ਦੀ ਜਾਨ ਦੀ ਹਿਫਾਜ਼ਤ ਕਰਨੀ ਅਤੇ ਹੜ੍ਹ-ਪ੍ਰਭਾਵਿਤ ਇਲਾਕੇ ਵਿਚ ਰਾਸ਼ਨ, ਪੀਣ ਵਾਲਾ ਪਾਣੀ, ਹੋਰ ਜ਼ਰੂਰੀ ਵਸਤਾਂ ਤੇ ਕੱਪੜੇ ਆਦਿ ਉਪਲੱਬਧ ਕਰਵਾਉਣੇ ਹੁੰਦੇ ਹਨ, ਸਾਡੀਆਂ ਸੰਸਥਾਵਾਂ ਨੇ ਇਹ ਕੰਮ ਬਹੁਤ ਤੇਜ਼ੀ ਨਾਲ ਕਰਦਿਆਂ ਅਨੇਕਾਂ ਮਨੁੱਖੀ ਜਾਨਾਂ ਤੇ ਪਸ਼ੂਆਂ ਦੀਆਂ ਜਾਨਾਂ ਬਚਾਅ ਲਈਆਂ ਹਨ। ਇਸ ਤੋਂ ਅਗਲਾ ਕੰਮ ਹੜ੍ਹ ਮਾਰੇ ਇਲਾਕਿਆਂ ‘ਚੋਂ ਲੋਕਾਂ ਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾ ਕੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਅਸਥਾਈ ਪ੍ਰਬੰਧ ਕਰਨਾ, ਹੜ੍ਹਾਂ ਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਨੀ ਬਹੁਤ ਮਹੱਤਵਪੂਰਨ ਹੁੰਦੀ ਹੈ। ਭਾਵੇਂ ਸਮਾਜ ਸੇਵੀ ਸੰਸਥਾਵਾਂ ਨੇ ਬੇਮਿਸਾਲ ਪ੍ਰਬੰਧ ਕੀਤੇ ਹਨ, ਪਰ ਸੰਸਥਾਵਾਂ ਦੀ ਆਪਸੀ ਤਾਲਮੇਲ ਦੀ ਘਾਟ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਸਮੇਂ ਇਲਾਕਾ ਪੱਧਰ ‘ਤੇ ਸਭ ਮਹਿਕਮਿਆਂ ਤੇ ਸਮਾਜ ਸੇਵੀ ਸੰਸਥਾਵਾਂ ਵਿਚਾਲੇ ਤਾਲਮੇਲ ਦੀ ਲੋੜ ਹੈ, ਇਸ ਕੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੋਹਰੀ ਰੋਲ ਨਿਭਾਉਣਾ ਹੋਵੇਗਾ।
ਜਲਦੀ ਕਰਨ ਵਾਲੇ ਹੋਰ ਕੰਮ:- ਪਾਣੀ ਉਤਰਨ ਬਾਅਦ ਪਿੰਡ ਪੱਧਰ ‘ਤੇ ਘਰ-ਘਰ ਹੋਏ ਨੁਕਸਾਨ, ਫਸਲਾਂ ਤੇ ਖੇਤਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਤੋਂ ਇਲਾਵਾ ਘਰਾਂ ਦਾ ਸੁਰੱਖਿਆ ਆਡਿਟ ਕਰਕੇ ਹੜ੍ਹ ਪੀੜਤਾਂ ਦੀ ਜਲਦੀ ਘਰ ਵਾਪਸੀ ਇਕ ਅਹਿਮ ਕੰਮ ਹੋਵੇਗਾ। ਘਰਾਂ ‘ਚੋਂ ਗਾਰ ਕੱਢਣ, ਹੜ੍ਹਾਂ ਦੇ ਪਾਣੀ ਨਾਲ ਘਰਾਂ ਦੇ ਖਰਾਬ ਹੋਏ ਸਮਾਨ ਦੀ ਜਗ੍ਹਾ ਨਵੇਂ ਸਮਾਨ ਦਾ ਪ੍ਰਬੰਧ ਕਰਨ ਅਤੇ ਛੱਤਾਂ, ਕੰਧਾਂ ਤੇ ਫਰਸ਼ਾਂ ਦੀ ਮੁਰੰਮਤ ‘ਤੇ ਵੀ ਵੱਡਾ ਖਰਚਾ ਹੋਵੇਗਾ। ਖੇਤਾਂ ਵਿਚ ਆਈ ਰੇਤ ਤੇ ਮਿੱਟੀ ਨੂੰ ਹਟਾਉਣਾ ਅਤੇ ਟਿਊਬਵੈਲਾਂ ਤੇ ਬੋਰਾਂ ਨੂੰ ਠੀਕ ਕਰਵਾਉਣ ਤੇ ਕਈ ਥਾਵਾਂ ‘ਤੇ ਖੇਤਾਂ ਦੀ ਹੱਦ-ਬੰਦੀ ਨੂੰ ਦੁਬਾਰਾ ਨਿਰਧਾਰਤ ਕਰਨਾ ਵੀ ਵੱਡੀਆਂ ਚੁਣੌਤੀਆਂ ਹੋਣਗੀਆਂ। ਪੰਜਾਬ ਕੈਬਨਿਟ ਵਲੋਂ ਲਿਆ ਗਿਆ ਫ਼ੈਸਲਾ ਕਿ ਕਿਸਾਨ ਆਪਣੇ ਖੇਤਾਂ ‘ਚੋਂ ਹੜ੍ਹਾਂ ਨਾਲ ਆਈ ਰੇਤਾ ਨੂੰ ਵੇਚ ਸਕਦਾ ਹੈ, ਕੁਝ ਹੱਦ ਤੱਕ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰ ਸਕਦਾ ਹੈ। ਭਾਵੇਂ ਹੜ੍ਹ ਪੀੜਤਾਂ ਨੂੰ ਪੰਜਾਬੀ ਕਲਾਕਾਰਾਂ, ਸੋਸ਼ਲ ਮੀਡੀਆ, ਸਮਾਜ ਸੇਵੀ ਸੰਸਥਾਵਾਂ ਤੇ ਕਾਰਸੇਵਾ ਵਾਲੇ ਸੇਵਾਦਾਰਾਂ ਨੇ ਵੱਡੇ ਪੱਧਰ ‘ਤੇ ਰਾਹਤ ਪਹੁੰਚਾ ਕੇ ਔਖਾ ਸਮਾਂ ਸੰਭਾਲਿਆ ਹੈ। ਇਸ ਮੌਕੇ ਤਕਨੀਕੀ ਮਾਹਰਾਂ ਦੇ ਸਹਿਯੋਗ ਨਾਲ ਜੀ.ਪੀ.ਐੱਸ., ਜੀ.ਆਈ.ਐੱਸ., ਰਿਮੋਟ ਸੈਂਸਿੰਗ, ਮਨਸੂਈ ਬੁੱਧੀ (ਏ.ਆਈ.) ਤੇ ਵੈੱਬ ਬੇਸਡ ਐਪਲੀਕੇਸ਼ਨਾਂ ਬਣਾ ਕੇ ਹਰ ਪੀੜਿਤ ਤੱਕ ਪਹੁੰਚ ਬਣਾਉਣੀ ਜ਼ਰੂਰੀ ਹੈ। ਇਸ ਸਮੇਂ ਹਰ ਨਾਗਰਿਕ, ਸਮਾਜਿਕ ਸੰਸਥਾਵਾਂ, ਸਥਾਨਕ ਸ਼ਾਹੂਕਾਰ ਤੇ ਸੂਬਾ ਸਰਕਾਰ ਪੀੜਤਾਂ ਦੀ ਵੱਡੀ ਮਦਦ ਕਰ ਸਕਦੇ ਹਨ।
ਆਮ ਨਾਗਰਿਕ ਕੀ ਕਰੇ?
ਆਉਣ ਵਾਲੇ ਸਮੇਂ ਵਿਚ ਹੜ੍ਹ ਨਾ ਆਉਣ ਜਾਂ ਉਨ੍ਹਾਂ ਦਾ ਅਸਰ ਘੱਟ ਕਰਨ ਲਈ ਹਰ ਨਾਗਰਿਕ ਵੱਧ ਤੋਂ ਵੱਧ ਦਰਖਤ ਲਗਾ ਕੇ ਉਨ੍ਹਾਂ ਦੀ ਸੰਭਾਲ ਕਰੇ। ਹਰ ਘਰ ਵਿਚ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਉਸ ਦੀ ਮੁੜ ਵਰਤੋਂ ਲਈ ਢਾਂਚੇ ਬਣਾਏ ਜਾਣ ਜਾਂ ਪਾਣੀ ਦੇ ਜ਼ਮੀਨ ਵਿਚ ਜ਼ੀਰਨ ਦਾ ਪ੍ਰਬੰਧ ਕੀਤਾ ਜਾਵੇ। ਖੇਤਾਂ ਵਿਚ ਹਰ ਕਿਸਾਨ ਪੰਜਾਬ ਦੇ 4-5 ਕਿਸਮ ਦੇ ਵਿਰਾਸਤੀ ਦਰਖਤ ਲਗਾਏ ਤੇ 5-10 ਮਰਲੇ ਦਾ ਇਕ ਟੋਭਾ ਬਣਾ ਕੇ ਰੱਖੇ। ਇਹ ਟੋਭਾ ਮੀਂਹ ਦੇ ਪਾਣੀ ਨੂੰ ਜ਼ਮੀਨ ਵਿਚ ਜ਼ੀਰਨ ਵਿਚ ਸਹਾਇਤਾ ਕਰੇ ਸਕਦਾ ਹੈ।
ਪਿੰਡ ਪੱਧਰ ‘ਤੇ ਉਪਰਾਲੇ
ਪੰਜਾਬ ਦੇ ਪਿੰਡਾਂ ਵਿਚ ਇਸ ਸਮੇਂ ਲਗਭਗ 20,000 ਛੱਪੜ ਹਨ। ਇਨ੍ਹਾਂ ਛੱਪੜਾਂ ਵਿਚ ਹੇਠਾਂ ਗਾਰ ਜਮ੍ਹਾਂ ਹੋਣ ਕਰਕੇ ਸਾਰਾ ਸਾਲ ਪਾਣੀ ਖੜ੍ਹਾ ਰਹਿੰਦਾ ਹੈ। ਇਹ ਛੱਪੜ ਬਰਸਾਤੀ ਪਾਣੀ ਜ਼ਮੀਨ ਵਿਚ ਪਾਉਣ ਲਈ ਬਹੁਤ ਢੁਕਵੇਂ ਹਨ। ਜੇਕਰ ਮਈ-ਜੂਨ ਵਿਚ ਛੱਪੜਾਂ ‘ਚੋਂ ਮਿੱਟੀ-ਗਾਰਾ ਕੱਢ ਕੇ ਇਸ ਨੂੰ ਖੇਤਾਂ ਵਿਚ ਪਾਇਆ ਜਾਵੇ ਤਾਂ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਾਂ, ਮਿੱਟੀ ਕੱਢਣ ਨਾਲ ਮੀਂਹ ਦਾ ਪਾਣੀ ਜ਼ਮੀਨ ਵਿਚ ਤੇਜੀ ਨਾਲ ਜ਼ੀਰ ਜਾਵੇਗਾ। ਪੰਚਾਇਤਾਂ ਨੂੰ ਪਿੰਡ ਦੀਆਂ ਖਾਲੀ ਥਾਵਾਂ ‘ਤੇ ਵੱਧ ਤੋਂ ਵੱਧ ਦਰਖਤ ਲਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਸ਼ਹਿਰੀ/ਸਥਾਨਕ ਸਰਕਾਰਾਂ ਦੇ ਉਪਰਾਲੇ
ਸ਼ਹਿਰਾਂ ਤੇ ਕਸਬਿਆਂ ਵਿਚ ਥੋੜ੍ਹਾ ਜਿਹਾ ਮੀਂਹ ਪੈਣ ‘ਤੇ ਚਾਰੇ ਪਾਸੇ ਜਲ-ਥਲ ਹੋ ਜਾਂਦਾ ਹੈ, ਇਸ ਲਈ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਸ਼ਹਿਰਾਂ ‘ਚ ਛੱਤਾਂ ਦਾ ਪਾਣੀ ਜ਼ਮੀਨ ਵਿਚ ਰੀਚਾਰਜ ਕਰਨ ਲਈ ਕਾਨੂੰਨ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਸ਼ਹਿਰਾਂ ਦੇ ਨੀਂਵੇ ਇਲਾਕਿਆਂ ‘ਚ ਪਾਣੀ ਨੂੰ ਜ਼ਮੀਨ ‘ਚ ਰੀਚਾਰਜ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਜੀਨੀਅਰਾਂ ਵੱਲੋਂ ਵਿਕਸਿਤ ਕੀਤੇ ਮਾਡਲ ਨੂੰ ਅਪਣਾ ਕੇ ਢਾਂਚੇ ਬਣਾਉਣੇ ਚਾਹੀਦੇ ਹਨ। ਸ਼ਹਿਰਾਂ ਵਿਚ ਇੰਟਰਲਾਕ ਟਾਇਲਾਂ ਜਾਂ ਕੰਕਰੀਟ ਵਾਲੀਆਂ ਸੜਕਾਂ ਬਣਾਉਣ ਦੀ ਬਜਾਏ ਮੋਰੀਆਂ ਵਾਲੀਆਂ ਟਾਇਲਾਂ ਦੀ ਵਰਤੋਂ ਹੋਵੇ ਤਾਂ ਜੋ ਬਰਸਾਤੀ ਪਾਣੀ ਵੱਧ ਤੋਂ ਵੱਧ ਜ਼ਮੀਨ ਵਿਚ ਜ਼ੀਰ ਸਕੇ।
ਸਰਕਾਰੀ ਪੱਧਰ ‘ਤੇ ਹੋਣ ਵਾਲੇ ਉਪਰਾਲੇ
ਸਰਕਾਰ ਵੱਡੇ ਪੱਧਰ ‘ਤੇ ਮਾਹਰਾਂ ਦੀ ਸਲਾਹ ਨਾਲ ਯੋਜਨਾਬੰਦੀ ਤਿਆਰ ਕਰੇ। ਲੋਕਾਂ ਨੂੰ ਫਸਲ ਬੀਮਾ ਯੋਜਨਾ, ਪਸ਼ੂਆਂ ਦਾ ਬੀਮਾ ਤੇ ਘਰਾਂ ਦੇ ਬੀਮਾ ਆਦਿ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਆਪਣਾ ਢੁਕਵਾਂ ਹਿੱਸਾ ਪਾਵੇ ਤਾਂ ਹੜ੍ਹਾਂ ਤੋਂ ਬਾਅਦ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਨੂੰ ਘੱਟ ਪੈਸੇ ਖਰਚਣੇ ਪੈਣਗੇ। ਦਰਿਆਵਾਂ ਦੇ ਬੰਨ੍ਹਾਂ ਦੀ ਸਹੀ ਸਾਂਭ-ਸੰਭਾਲ ਕਰਨ ਤੋਂ ਇਲਾਵਾ ਰੇਤਾ-ਬਜਰੀ ਦੀ ਸਹੀ ਤਰੀਕੇ ਨਾਲ ਮਾਈਨਿੰਗ ਹੋਵੇ। ਪੰਜਾਬ ਦੇ ਕੰਢੀ ਇਲਾਕੇ ਵਿਚਲੇ ਦਰਿਆਵਾਂ ਤੇ ਚੋਆਂ ਵਿਚ ਥੋੜ੍ਹੇ-ਥੋੜ੍ਹੇ ਵਕਫੇ ‘ਤੇ ਛੋਟੇ ਬੰਨ੍ਹ ਬਣਾਏ ਜਾਣ ਤਾਂ ਕਿ ਜ਼ਿਆਦਾ ਪਾਣੀ ਜ਼ਮੀਨਾਂ ਵਿਚ ਜ਼ੀਰ ਸਕੇ। ਕੰਢੀ ਇਲਾਕੇ ਵਿਚ ਬਾਂਸ ਤੇ ਹੋਰ ਬਨਸਪਤੀ ਉਗਾ ਕੇ ਬੰਨ੍ਹਾਂ ਤੇ ਹੋਰ ਭੂਮੀ ਦੀ ਰੱਖਿਆ ਦੇ ਪ੍ਰਬੰਧ ਕਰਕੇ ਪਾਣੀ ਦੀ ਰੋੜ੍ਹ ਘਟਾਈ ਜਾ ਸਕਦੀ ਹੈ।
ਹੜ੍ਹ ਮਾਰੇ ਖੇਤਰਾਂ ਲਈ ਪ੍ਰਬੰਧ
ਪੰਜਾਬ ਦੇ ਜਿਨ੍ਹਾਂ ਇਲਾਕਿਆਂ ਵਿਚ ਹੜ੍ਹ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉਨ੍ਹਾਂ ਦੀ ਰਿਮੋਟ ਸੈਂਸਿੰਗ ਡੈਟਾ ਨਾਲ ਇਕ ਵੱਖਰੀ ਯੋਜਨਾ ਬਣਾਈ ਜਾਵੇ। ਪਿੰਡਾਂ ਵਿਚ ਸਾਂਝੀ ਥਾਂ ‘ਤੇ ਆਬਾਦੀ ਲਈੇ ਘੱਟੋ-ਘੱਟ 10 ਫੁੱਟ ਉੱਚੇ ਪਿੜ ਬਣਾ ਕੇ ਉੱਥੇ ਵੱਡੇ-ਵੱਡੇ ਸ਼ੈਡ ਬਣਾਏ ਜਾਣ ਤਾਂ ਜੋ ਲੋੜ ਪੈਣ ‘ਤੇ ਪਿੰਡ ਵਾਸੀਆਂ ਨੂੰ ਇੱਥੇ ਰੱਖਿਆ ਜਾ ਸਕੇ। ਜਾਨਵਰਾਂ ਲਈ ਵੱਖਰੇ ਸ਼ੈਡ ਬਣਾਏ ਜਾ ਸਕਦੇ ਹਨ। ਇਨ੍ਹਾਂ ਸ਼ੈਡਾਂ ਵਿਚ ਪੀਣ ਵਾਲੇ ਪਾਣੀ ਦਾ ਬੋਰ, ਪਖਾਨੇ ਤੇ ਜਨਰੇਟਰ ਆਦਿ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਐਤਕੀ ਹੜ੍ਹਾਂ ਦੌਰਾਨ ਸੰਸਥਾਵਾਂ ਤੇ ਵਿਅਕਤੀਆਂ ਵਲੋਂ ਜੋ ਕਿਸ਼ਤੀਆਂ ਦਾਨ ਕੀਤੀਆਂ ਗਈਆਂ ਹਨ, ਇਨ੍ਹਾਂ ਨੂੰ ਪਾਣੀ ਘੱਟਣ ਤੋਂ ਬਾਅਦ ਹੜ੍ਹ-ਮਾਰੇ ਇਲਾਕਿਆਂ ਦੀਆਂ ਪੰਚਾਇਤਾਂ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਮੁੜ ਕਦੇ ਹੜ੍ਹ ਆਉਣ ‘ਤੇ ਹਰ ਪਿੰਡ ਕਿਸ਼ਤੀਆਂ ਦੀ ਤੁਰੰਤ ਵਰਤੋਂ ਕਰ ਸਕੇ।
ਇਨ੍ਹਾਂ ਸਾਰੇ ਕਾਰਜਾਂ ਲਈ ਨਬਾਰਡ, ਵਿਸ਼ਵ ਬੈਂਕ, ਉਦਯੋਗਾਂ ਦੇ ਸਮਾਜਕ ਜ਼ਿੰਮੇਵਾਰੀ ਫੰਡ (ਸੀ.ਐੱਸ.ਆਰ.) ਅਤੇ ਪ੍ਰਵਾਸੀ ਪੰਜਾਬੀਆਂ ਤੋਂ ਆਰਥਿਕ ਮਦਦ ਲਈ ਜਾ ਸਕਦੀ ਹੈ। ਇਸ ਪੈਸੇ ਦੀ ਦੁਰਵਰਤੋਂ ਨਾ ਹੋਵੇ ਇਸ ਲਈ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਦੀ ਭਾਗੀਦਾਰੀ ਨਾਲ ਸਾਰੇ ਕਾਰਜ ਪਾਰਦਰਸ਼ੀ ਤਰੀਕੇ ਨਾਲ ਪੂਰੇ ਹੋਣੇ ਚਾਹੀਦੇ ਹਨ, ਤਾਂ ਜੋ ਅਸੀਂ ਭਵਿੱਖ ਵਿਚ ਹੜ੍ਹਾਂ ਦੀਆਂ ਚੁਣੌਤੀਆਂ ਦਾ ਹੋਰ ਤਕੜੇ ਹੋ ਕੇ ਟਾਕਰਾ ਕਰ ਸਕੀਏ।