ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਮੋਹ ਰੱਖਦਾ ਸੀ ਵਰਿੰਦਰ

ਪੰਜਾਬੀ ਸਿਨੇਮੇ ਲਈ ਅੱਸੀ-ਨੱਬੇ ਦਾ ਦੌਰ ਪੂਰੀ ਤਰ੍ਹਾਂ ਵਰਿੰਦਰ ਨੂੰ ਹੀ ਸਮਰਪਿਤ ਸੀ। ਜੇ ਗੱਲ ਕਰੀਏ ‘ਸਰਪੰਚ’, ‘ਬਲਬੀਰੋ ਭਾਬੀ’, ‘ਨਿੰਮੋ’, ‘ਜਿਗਰੀ ਯਾਰ’, ‘ਸਰਦਾਰਾ ਕਰਤਾਰਾ’, ‘ਯਾਰੀ ਜੱਟ ਦੀ’, ਇਨ੍ਹਾਂ ਫ਼ਿਲਮਾਂ ਵਿਚਲਾ ‘ਜੀਤਾ’, ‘ਕਰਮਾ’, ‘ਸੁੱਚਾ’ ਅੱਜ ਵੀ ਦਰਸ਼ਕਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਵਰਿੰਦਰ ਇੱਕ ਅਜਿਹਾ ਅਦਾਕਾਰ ਸੀ ਜਿਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਹੁਤ ਨੇੜਿਓਂ ਫ਼ਿਲਮੀ ਪਰਦੇ ’ਤੇ ਉਤਾਰਿਆ। ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ, ਸਮਾਜਿਕ ਕੁਰੀਤੀਆਂ ਨੂੰ ਵਰਿੰਦਰ ਨੇ ਆਪਣੀਆਂ ਫ਼ਿਲਮਾਂ ਦਾ ਹਿੱਸਾ ਬਣਾਇਆ। ਫ਼ਿਲਮ ‘ਸਰਪੰਚ’ ਰਾਹੀਂ ਉਸ ਨੇ ਨਸ਼ਿਆਂ ਨਾਲ ਉੱਜੜਦੇ ਘਰਾਂ ਦੀ ਦਾਸਤਾਨ ਬਿਆਨ ਕਰਦਿਆਂ ਇਹ ਦਿਖਾਇਆ ਕਿ ਕਿਵੇਂ ਨਸ਼ੇ ਦੇ ਸੌਦਾਗਰ ਆਪਣੀਆਂ ਜੇਬਾਂ ਭਰਨ ਲਈ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਦੇ ਰਾਹ ਪੈਂਦੇ ਹਨ। ਇਸੇ ਤਰ੍ਹਾਂ ਫ਼ਿਲਮ ‘ਨਿੰਮੋ’ ਰਾਹੀਂ ਇੱਕ ਗਾਉਣ ਵਾਲੀ ਦੇ ਵਿਅਕਤਿਤਵ ਤੇ ਲੋਕਾਂ ਵਿਚਲੀ ਸ਼ੋਹਰਤ ਨੂੰ ਦੋ ਵੱਖ-ਵੱਖ ਪੱਖਾਂ ਤੋਂ ਪੇਸ਼ ਕੀਤਾ। ‘ਬਲਬੀਰੋ ਭਾਬੀ’ ਫ਼ਿਲਮ ਰਾਹੀਂ ਉਸ ਨੇ ਪੰਜਾਬੀ ਕਿੱਸਿਆਂ ਦੇ ਲੋਕ ਨਾਇਕ ‘ਸੁੱਚਾ ਸੂਰਮੇ’ ਨੂੰ ਫ਼ਿਲਮੀ ਪਰਦੇ ’ਤੇ ਉਤਾਰਿਆ। ਫ਼ਿਲਮ ‘ਯਾਰੀ ਜੱਟ ਦੀ’ ਵਿੱਚ ਇੱਕ ਅਜਿਹੀ ਖ਼ੂਬਸੂਰਤ ਮੁਟਿਆਰ ਦੀ ਕਹਾਣੀ ਨੂੰ ਮੂਲ ਬਣਾਇਆ ਜਿਸ ਦੀ ਮਤਰੇਈ ਮਾਂ ਡਾਲਰਾਂ ਦੇ ਲਾਲਚ ਵਿੱਚ ਆ ਕੇ ਉਸ ਦਾ ਵਿਆਹ ਕੈਨੇਡਾ ਦੇ ਇੱਕ ਬੁੱਢੇ ਨਾਲ ਕਰ ਦਿੰਦੀ ਹੈ।
ਵਰਿੰਦਰ ਦਾ ਜਨਮ 15 ਅਗਸਤ 1948 ਨੂੰ ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਹੋਇਆ। ਨਾਮੀ ਫ਼ਿਲਮ ਸਟਾਰ ਧਰਮਿੰਦਰ ਤੇ ਵਰਿੰਦਰ ਆਪਸ ਵਿੱਚ ਮਾਮੇ-ਭੂਆ ਦੇ ਪੁੱਤ ਸਨ। ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਵਰਿੰਦਰ ਫਗਵਾੜੇ ਇੱਕ ਪ੍ਰਾਈਵੇਟ ਇੰਡਸਟਰੀ ਵਿੱਚ ਬੁਕਿੰਗ ਕਲਰਕ ਵਜੋਂ ਕੰਮ ਕਰਦਾ ਸੀ। ਆਪਣੇ ਕੰਮ ਦੇ ਸਿਲਸਿਲੇ ਜਦੋਂ ਉਹ ਬੰਬੇ, ਕਲਕੱਤੇ ਜਾਂਦਾ ਤਾਂ ਅਕਸਰ ਧਰਮਿੰਦਰ ਕੋਲ ਠਹਿਰਦਾ। ਫ਼ਿਲਮਾਂ ਦੀ ਚਕਾਚੌਂਧ ਨੇ ਵਰਿੰਦਰ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਨੇ ਫ਼ਿਲਮਾਂ ਵੱਲ ਆਉਣ ਦਾ ਮਨ ਬਣਾਇਆ। ਵਰਿੰਦਰ ਦੀ ਪਹਿਲੀ ਫ਼ਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਸੀ ਜਿਸ ਵਿੱਚ ਉਸ ਨੇ ਪਹਿਲੀ ਵਾਰ ਬਤੌਰ ਨਾਇਕ ਕੈਮਰੇ ਦਾ ਸਾਹਮਣਾ ਕੀਤਾ। ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਵੱਲੋਂ ‘ਲੁਧਿਆਣਾ ਫ਼ਿਲਮਜ਼’ ਦੇ ਬੈਨਰ ਹੇਠ ਬਣਾਈ ਇਸ ਫ਼ਿਲਮ ਵਿੱਚ ਧਰਮਿੰਦਰ ਨੇ ਵੀ ਕੰਮ ਕੀਤਾ ਸੀ। ਵਰਿੰਦਰ ਬਹੁਤ ਸੰਗਾਊ ਸੁਭਾਅ ਵਾਲਾ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਸ ਨੇ ਅਦਾਕਾਰਾ ਮੀਨਾ ਰਾਏ ਨਾਲ ਦ੍ਰਿਸ਼ ਬਹੁਤ ਹੀ ਸੰਗ-ਸੰਗ ਦਿੱਤੇ ਸਨ। ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਹਿੱਟ ਗਾਣਾ ‘ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ’ ਵਰਿੰਦਰ ’ਤੇ ਹੀ ਫ਼ਿਲਮਾਇਆ ਗਿਆ। ਇਸ ਫ਼ਿਲਮ ਤੋਂ ਬਾਅਦ ਉਹ ਪੂਰੀ ਤਰ੍ਹਾਂ ਪੰਜਾਬੀ ਫ਼ਿਲਮਾਂ ਨੂੰ ਸਮਰਪਿਤ ਹੋ ਗਿਆ। ਅਦਾਕਾਰੀ ਦੇ ਨਾਲ-ਨਾਲ ਉਸ ਨੇ ਫ਼ਿਲਮ ਨਿਰਦੇਸ਼ਨ ਵਿੱਚ ਵੀ ਚੰਗਾ ਗਿਆਨ ਹਾਸਲ ਕੀਤਾ।
ਵਰਿੰਦਰ ਆਪਣੀ ਫ਼ਿਲਮ ਦੀ ਕਹਾਣੀ, ਸੰਵਾਦਾਂ, ਲੁਕੇਸ਼ਨਾਂ ਅਤੇ ਗੀਤਾਂ ਦਾ ਖ਼ਾਸ ਧਿਆਨ ਰੱਖਦਾ ਸੀ। ਉਹ ਫ਼ਿਲਮ ਦੇ ਨਾਇਕ ਦੀ ਆਵਾਜ਼ ਨਾਲ ਮਿਲਦੀ-ਆਵਾਜ਼ ਤੋਂ ਹੀ ਗੀਤ ਗਵਾਉਂਦਾ ਸੀ। ਮਹਿੰਦਰ ਕਪੂਰ ਉਸ ਦਾ ਮਨਪਸੰਦ ਗਾਇਕ ਸੀ। ਇਹੋ ਕਾਰਨ ਸੀ ਕਿ ਉਸ ਦੀ ਫ਼ਿਲਮ ਦਾ ਸੰਗੀਤ ਕੋਈ ਨਾਮੀ ਮਿਊਜ਼ਕ ਕੰਪਨੀ ਸਜ-ਧਜ ਕੇ ਰਿਲੀਜ਼ ਕਰਦੀ ਹੁੰਦੀ ਸੀ। ਵਰਿੰਦਰ ਦੀਆਂ ਫ਼ਿਲਮਾਂ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰਦੇ ਸਨ। ਉਸ ਦੀ ਫ਼ਿਲਮ ਕਈ-ਕਈ ਹਫ਼ਤੇ ਇੱਕੋ ਸਿਨੇਮੇ ਵਿੱਚ ਲੱਗੀ ਰਹਿੰਦੀ ਸੀ। ਦਰਸ਼ਕਾਂ ਦਾ ਜਿਹੜਾ ਪਿਆਰ ਵਰਿੰਦਰ ਦੀਆਂ ਫ਼ਿਲਮਾਂ ਦੇ ਹਿੱਸੇ ਆਇਆ, ਉਹ ਕਿਸੇ ਹੋਰ ਦੇ ਹਿੱਸੇ ਬਹੁਤ ਘੱਟ ਆਇਆ ।
ਵਰਿੰਦਰ ਨੇ ਆਪਣੇ 12 ਸਾਲ ਦੇ ਫ਼ਿਲਮੀ ਕੈਰੀਅਰ ਦੌਰਾਨ ਬਤੌਰ ਲੇਖਕ, ਨਿਰਮਾਤਾ-ਨਿਰਦੇਸ਼ਕ ਅਤੇ ਨਾਇਕ ਲਗਪਗ 25 ਫ਼ਿਲਮਾਂ ਪੰਜਾਬੀ ਦਰਸ਼ਕਾਂ ਨੂੰ ਦਿੱਤੀਆਂ। ‘ਲੰਬੜਦਾਰਨੀ’, ‘ਲਾਜੋ’, ‘ਵੈਰੀ ਜੱਟ’, ‘ਸੈਦਾ ਜੋਗਣ’, ‘ਬਟਵਾਰਾ’, ‘ਬਲਬੀਰੋ ਭਾਬੀ’, ‘ਰਾਣੋ’, ‘ਸਰਪੰਚ’, ‘ਸੰਤੋ-ਬੰਤੋ’, ‘ਤੇਰੀ ਮੇਰੀ ਇੱਕ ਜਿੰਦੜੀ’, ‘ਸਰਦਾਰਾ ਕਰਤਾਰਾ’, ‘ਜਿਗਰੀ ਯਾਰ’, ‘ਜੱਟ ਸੂਰਮੇ’, ‘ਕੁਆਰਾ ਮਾਮਾ’, ‘ਗਿੱਧਾ’, ‘ਟਾਕਰਾ’, ‘ਧਰਮਜੀਤ’, ‘ਯਾਰੀ ਜੱਟ ਦੀ’, ‘ਜੱਟ ਤੇ ਜ਼ਮੀਨ’, ‘ਨਿੰਮੋ’ ਆਦਿ ਉਸ ਦੀਆਂ ਚਰਚਿਤ ਫ਼ਿਲਮਾਂ ਹਨ। ਉਸ ਨੇ ਦੋ ਹਿੰਦੀ ਫ਼ਿਲਮਾਂ ‘ਖੇਲ ਮੁਕੱਦਰ ਕਾ’ ਅਤੇ ‘ਦੋ ਚਿਹਰੇ’ ਵਿੱਚ ਵੀ ਕੰਮ ਕੀਤਾ। ਉਂਝ ਤਾਂ ਵਰਿੰਦਰ ਨਾਲ ਕਈ ਹੀਰੋਇਨਾਂ ਨੇ ਕੰਮ ਕੀਤਾ ਪਰ ਪ੍ਰੀਤੀ ਸਪਰੂ ਨਾਲ ਵਰਿੰਦਰ ਦੀ ਜੋੜੀ ਵਧੇਰੇ ਪ੍ਰਵਾਨ ਚੜ੍ਹੀ।
ਨੌਜਵਾਨ ਫ਼ਿਲਮਕਾਰ ਨਵਤੇਜ ਸੰਧੂ ਦੀ ਵਰਿੰਦਰ ਨਾਲ ਦਿਲੀ ਸਾਂਝ ਰਹੀ। ਨਵਤੇਜ ਦਾ ਕਹਿਣਾ ਹੈ ਕਿ ਵਰਿੰਦਰ ਵਰਗਾ ਪੰਜਾਬ ਦੀ ਮਿੱਟੀ ਨਾਲ ਜੁੜਿਆ ਕਲਾਕਾਰ ਦੁਬਾਰਾ ਪੈਦਾ ਨਹੀਂ ਹੋਣਾ। ਉਸ ਨੇ ਆਪਣੀਆਂ ਫ਼ਿਲਮਾਂ ਵਿੱਚ ਹਮੇਸ਼ਾ ਲੋਕਾਂ ਦੀ ਗੱਲ ਕੀਤੀ। ਉਸ ਦੀਆਂ ਫ਼ਿਲਮਾਂ ਵਿੱਚ ਕੋਈ ਬਨਾਉਟੀਪਣ ਨਹੀਂ ਸੀ ਹੁੰਦਾ। ਜੇ ਅੱਜ ਵਰਿੰਦਰ ਜਿਊਂਦਾ ਹੁੰਦਾ ਤਾਂ ਪੰਜਾਬੀ ਸਿਨੇਮਾ ਕਿਤੇ ਦਾ ਕਿਤੇ ਹੁੰਦਾ। ਵਰਿੰਦਰ ਆਪ ਤਾਂ ਚੰਗਾ ਕਲਾਕਾਰ ਹੈ ਹੀ ਸੀ, ਦੂਜੇ ਕਲਾਕਾਰਾਂ ਨੂੰ ਵੀ ਉਹ ਚੰਗੀਆਂ ਗੱਲਾਂ ਦੱਸਦਾ ਸੀ। ਯੋਗਰਾਜ ਸਿੰਘ, ਪ੍ਰੀਤੀ ਸਪਰੂ, ਗੁਰਚਰਨ ਪੋਹਲੀ, ਸਰੂਪ ਪਰਿੰਦਾ, ਮੇਹਰ ਮਿੱਤਲ, ਸੁਖਜਿੰਦਰ ਸ਼ੇਰਾ, ਨਿਰਦੇਸ਼ਕ ਰਵਿੰਦਰ ਰਵੀ, ਮੋਹਨ ਬੱਗੜ ਆਦਿ ਨੇ ਵਰਿੰਦਰ ਦੀਆਂ ਫ਼ਿਲਮਾਂ ਤੋਂ ਹੀ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਵਰਿੰਦਰ ਅਕਸਰ ਕਹਿੰਦਾ ਹੁੰਦਾ ਸੀ ਕਿ ਪੰਜਾਬ ਮੇਰਾ ਆਪਣਾ ਹੈ। ਮੈਂ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਕਲਾਕਾਰ ਹਾਂ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਅੰਤਾਂ ਦਾ ਮੋਹ ਰੱਖਣ ਵਾਲਾ ਪੰਜਾਬੀ ਸਿਨੇਮੇ ਦਾ ਇਹ ਹੋਣਹਾਰ ਅਦਾਕਾਰ 6 ਦਸੰਬਰ 1988 ਨੂੰ ਪੰਜਾਬ ’ਚ ਚੱਲੇ ਕਾਲੇ ਦੌਰ ਦਾ ਸ਼ਿਕਾਰ ਹੋ ਗਿਆ। ਉਹ ਉਸ ਵਕਤ ਪਿੰਡ ਤਲਵੰਡੀ ਵਿਖੇ ਫ਼ਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਕਰ ਰਿਹਾ ਸੀ। ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਸਿਨੇਮੇ ਵਿੱਚ ਵਿਰਾਨੀ ਛਾ ਗਈ।
ਭਾਵੇਂ ਅੱਜ ਪੰਜਾਬੀ ਸਿਨੇਮਾ ਕੌਮਾਂਤਰੀ ਪੱਧਰ ’ਤੇ ਪਛਾਣ ਰੱਖਦਾ ਹੈ ਪਰ ਵਰਿੰਦਰ ਦੀ ਪੰਜਾਬੀ ਸਿਨੇਮੇ ਵਿੱਚ ਪਈ ਘਾਟ ਕਦੇ ਪੂਰੀ ਨਹੀਂ ਹੋ ਸਕਦੀ। ਨਵੇਂ ਫ਼ਿਲਮਕਾਰਾਂ ਨੂੰ ਵਰਿੰਦਰ ਦੀਆਂ ਫ਼ਿਲਮਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਹੋ ਉਸ ਮਹਾਨ ਕਲਾਕਾਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Loading