
ਪੰਜਾਬ ਦੇ ਅੱਧੀ ਦਰਜ਼ਨ ਜ਼ਿਲੇ੍ਹ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਤਰਨ ਤਾਰਨ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਪਾਣੀ ਨੇ ਆਮ ਜਨ ਜੀਵਨ ਅਸਤ ਵਿਅਸਤ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਪਏ ਮੀਂਹ ਦਾ ਪਾਣੀ ਪੰਜਾਬ ਵਿੱਚ ਆ ਕੇ ਵੱਡੀ ਮਾਰ ਕਰ ਰਿਹਾ ਹੈ। ਹਰ ਸਾਲ ਅਜਿਹਾ ਹੁੰਦਾ ਹੈ ਪਰ ਇਸ ਵੱਡੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਉਪਰਾਲਾ ਅਜੇ ਤੱਕ ਨਹੀਂ ਕੀਤਾ ਗਿਆ। ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਨੂੰ ਕੁਦਰਤੀ ਕਰੋਪੀ ਕਹਿਕੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੇ ਹਨ। ਸਰਕਾਰ ਅਤੇ ਪ੍ਰਸ਼ਾਸਨ ਉਦੋਂ ਹੀ ਜਾਗਦੇ ਹਨ, ਜਦੋਂ ਹੜ੍ਹਾਂ ਦਾ ਪਾਣੀ ਦਰਿਆਵਾਂ ਵਿੱਚ ਖਤਰੇ ਦੇ ਨਿਸ਼ਾਨ ਨੂੰ ਟੱਪ ਜਾਂਦਾ ਹੈ। ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕ ਅਕਸਰ ਰੋਸ ਪ੍ਰਗਟ ਕਰਦੇ ਹਨ ਕਿ ਜੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹੜ੍ਹਾਂ ਸਬੰਧੀ ਸਮੇਂ ਸਿਰ ਸੁਚੇਤ ਕੀਤਾ ਜਾਂਦਾ ਤਾਂ ਉਹ ਆਪਣੇ ਅਤੇ ਆਪਣੇ ਸਮਾਨ ਦੇ ਬਚਾਓ ਲਈ ਕੋਈ ਨਾ ਕੋਈ ਉਪਰਾਲਾ ਕਰ ਲੈਂਦੇ ਪਰ ਇੱਕਦਮ ਹੀ ਹੜ੍ਹਾਂ ਦਾ ਪਾਣੀ ਲੋਕਾਂ ਦੇ ਮਕਾਨਾਂ ਵਿੱਚ ਆਉਣ ਕਾਰਨ ਆਮ ਲੋਕਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ।
ਵੱਡੀ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਸਾਲ 1947, 1955, 1988, 1993 ਅਤੇ 2023 ਦੇ ਹੜ੍ਹਾਂ ਤੋਂ ਮਨੁੱਖ ਨੇ ਕੁੱਝ ਨਹੀਂ ਸਿੱਖਿਆ ਸਗੋਂ ਹੁਣ 2025 ਦੇ ਦੌਰਾਨ ਆਏ ਹੜ੍ਹਾਂ ਤੋਂ ਬਚਾਓ ਲਈ ਯੋਗ ਉਪਰਾਲੇ ਕਰਨ ਵਿੱਚ ਮਨੁੱਖ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ। ਵਿਡੰਬਨਾ ਇਹ ਹੈ ਕਿ ਇੱਕ ਪਾਸੇ ਹੜ੍ਹ ਦਾ ਪਾਣੀ ਕਹਿਰ ਬਣਿਆ ਹੋਇਆ ਹੈ, ਦੂਜੇ ਪਾਸੇ ਵੱਖ- ਵੱਖ ਨਿਊਜ਼ ਚੈਨਲਾਂ ’ਤੇ ਹੜ੍ਹਾਂ ਸਬੰਧੀ ਡੀਬੇਟ ਅਤੇ ਵਿਚਾਰ ਚਰਚਾ ਦਾ ਹੜ੍ਹ ਆਇਆ ਹੋਇਆ ਹੈ, ਜਿਸ ਵਿੱਚ ਹੜ੍ਹਾਂ ਦੀ ਮਾਰ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਤਸਵੀਰਾਂ ਦਿਖਾਉਣ ’ਤੇ ਜਿਆਦਾ ਜੋਰ ਹੁੰਦਾ ਹੈ। ਇਸ ਦੇ ਬਾਵਜੂਦ ਹੜ੍ਹਾਂ ਤੋਂ ਬਚਾਓ ਲਈ ਪੂਰੇ ਪ੍ਰਬੰਧ ਕਰਨ ਵਿੱਚ ਸਰਕਾਰ, ਪ੍ਰਸ਼ਾਸਨ ਬਿਲਕੁਲ ਫੇਲ੍ਹ ਹੋ ਗਏ ਹਨ। ਹੜ੍ਹਾਂ ਨੂੰ ਸਿਰਫ਼ ਕੁਦਰਤੀ ਆਫ਼ਤ ਕਹਿ ਕੇ ਨਹੀਂ ਸਰਨਾ, ਹੜ੍ਹਾਂ ਦੇ ਲਈ ਮਨੁੱਖਤਾ ਵੀ ਜਿੰਮੇਵਾਰ ਹੈ, ਜਿਸ ਵਿੱਚ ਲੈਂਡ ਸ਼ਾਰਕ ਵੀ ਜਿੰਮੇਵਾਰ ਹਨ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਡਰੇਨਾਂ, ਬਰਸਾਤੀ ਨਦੀਆਂ ਅਤੇ ਚੋਆਂ ਨੂੰ ਸਾਫ ਅਤੇ ਡੂੰਘਾ ਕਰਨ ਲਈ ਕੁਝ ਨਹੀਂ ਕੀਤਾ ਗਿਆ। ਇਸ ਵਾਰ ਮਾਨਸੂਨ ਆਉਣ ਤੋਂ ਪਹਿਲਾਂ ਪੰਜਾਬ ਦੀ ਮੌਜੂੁਦਾ ਸਰਕਾਰ ਵੀ ਇਹ ਕੰਮ ਕਰਨ ਵਿੱਚ ਅਵੇਸਲੀ ਰਹੀ, ਜਿਸ ਕਾਰਨ ਪੰਜਾਬ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ।
ਹੜ੍ਹ ਆਉਂਦੇ ਕਿਉਂ-ਕਿਵੇਂ ਹਨ? ਕੀ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ? ਜੇ ਆ ਹੀ ਗਏ ਤਾਂ ਕੀ ਕੀਤਾ ਜਾਵੇ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ? ਜਿਨ੍ਹਾਂ ਦੇ ਖੇਤਾਂ ਵਿੱਚ, ਜਿਨ੍ਹਾਂ ਦੇ ਘਰਾਂ ਵਿੱਚ ਹੜ੍ਹਾਂ ਦਾ ਸ਼ੂਕਦਾ ਪਾਣੀ ਆਣ ਵੜਦਾ ਹੈ ਉਹੀ ਜਾਣਦੇ ਹਨ ਉਨ੍ਹਾਂ ’ਤੇ ਕੀ ਬੀਤਦੀ ਹੈ। ਕੋਈ ਦੂਸਰਾ ਉਸ ਭੈੜੀ ਡਰਾਉਣੀ ਪੀੜ ਦੀ ਸ਼ਿੱਦਤ ਤੱਕ ਨਹੀਂ ਪਹੁੰਚ ਸਕਦਾ। ਇਹ ਠੀਕ ਹੈ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਸਤਲੁਜ, ਬਿਆਸ ਤੇ ਰਾਵੀ ਦਰਿਆ ਇਸ ਦੀ ਜਿੰਦ ਜਾਨ ਹਨ ਪਰ ਜਦੋਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਜ਼ੋਰਦਾਰ ਬਰਸਾਤ ਪੈਂਦੀ ਹੈ ਤਾਂ ਪੰਜਾਬ ’ਚ ਵਗਦੇ ਦਰਿਆਵਾਂ ’ਚ ਵੀ ਪਹਾੜਾਂ ’ਤੇ ਪਈ ਭਰਵੀਂ ਬਰਸਾਤ ਦਾ ਪਾਣੀ ਆ ਜਾਂਦਾ ਹੈ, ਜਿਸ ਕਾਰਨ ਪੰਜਾਬ ’ਚ ਵੀ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸ ਤੋਂ ਪਤਾ ਚੱਲ ਜਾਂਦਾ ਹੈ ਕਿ ਪਹਾੜਾਂ ’ਚ ਮਾਨਸੂਨ ਦੇ ਪਏ ਭਰਵੇਂ ਮੀਂਹ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਵੱਡੇ ਪੱਧਰ ’ਤੇ ਹੁੰਦਾ ਹੈ। ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ’ਚ ਇਸ ਸਮੇਂ ਝੋਨੇ ਦੀ ਫ਼ਸਲ ਬੀਜੀ ਹੋਈ ਹੈ, ਇਹ ਠੀਕ ਹੈ ਕਿ ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ ਪਰ ਇਸ ਸਮੇਂ ਤਾਂ ਪੰਜਾਬ ਦੇ ਕਈ ਇਲਾਕਿਆਂ ’ਚ ਹੜ੍ਹਾਂ ਦੇ ਪਾਣੀ ਕਾਰਨ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ, ਜਿਸ ਕਾਰਨ ਇਹ ਫ਼ਸਲ ਖਰਾਬ ਹੋ ਗਈ ਹੈ।
ਜੇ ਸਰਕਾਰੀ ਤੇ ਗੈਰ ਸਰਕਾਰੀ ਪੱਧਰ ’ਤੇ ਸਮਾਜਿਕ ਸਹਿਯੋਗ ਨਾਲ ਸੰਭਾਵੀ ਹੜ੍ਹਾਂ ਤੋਂ ਬਚਾਓ ਲਈ ਪਹਿਲਾਂ ਹੀ ਮਜ਼ਬੂਤ ਪ੍ਰਬੰਧ ਕਰ ਲਏ ਜਾਣ ਤਾਂ ਹੜ੍ਹਾਂ ਦੌਰਾਨ ਹੁੰਦੀ ਤਬਾਹੀ ਨੂੰ ਘੱਟ ਕੀਤਾ ਜਾ ਸਕਦਾ ਹੈ। ਕੁਦਰਤੀ ਆਫ਼ਤਾਂ ਅੱਗੇ ਮਨੁੱਖ ਬੇਬਸ ਹੁੰਦਾ ਹੈ, ਪਰ ਮਨੁੱਖ ਵੱਲੋਂ ਪਹਿਲਾਂ ਤੋਂ ਹੀ ਅਜਿਹੇ ਢੁਕਵੇਂ ਪ੍ਰਬੰਧ ਅਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿ ਹੜ੍ਹਾਂ ਵਰਗੀ ਕੁਦਰਤੀ ਕਰੋਪੀ ਤੋਂ ਬਚਾਓ ਹੋ ਸਕੇ।