ਡਾ. ਅਮਨਪ੍ਰੀਤ ਸਿੰਘ ਬਰਾੜ
ਅੱਜ-ਕੱਲ੍ਹ ਪੰਜਾਬ ਵਿੱਚ ਇੱਕ ਖ਼ਾਸ ਚਰਚਾ ਹੈ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੇ ਵਿਦੇਸ਼ ਤੁਰ ਜਾਣ ਨਾਲ ਪੰਜਾਬ ਖਾਲੀ ਹੋਣ ਲੱਗਾ ਹੈ। ਉਨ੍ਹਾਂ ਦੀ ਜਗ੍ਹਾ ਇੱਥੇ ਦੂਜੇ ਸੂਬਿਆਂ ਤੋਂ ਆਏ ਲੋਕਾਂ, ਖਾਸ ਕਰਕੇ ਬਿਹਾਰ ਤੇ ਯੂ.ਪੀ. ਵਾਲਿਆਂ ਲੈ ਲਈ ਹੈ। ਪੰਜਾਬ ਵਿੱਚ ਸਭ ਤੋਂ ਪਹਿਲਾਂ ਦੋਆਬੇ ਦੇ ਪਿੰਡਾਂ ’ਚੋਂ ਲੋਕਾਂ ਨੇ ਇੰਗਲੈਂਡ ਜਾਣਾ ਸ਼ੁਰੂ ਕੀਤਾ ਸੀ। ਇਸ ਦਾ ਮੁੱਖ ਕਾਰਨ ਜ਼ਮੀਨਾਂ ਥੋੜ੍ਹੀਆਂ ਹੋਣ ਕਰਕੇ ਲੋਕਾਂ ਦਾ ਗੁਜ਼ਾਰਾ ਔਖਾ ਹੁੰਦਾ ਸੀ, ਪੜ੍ਹੇ-ਲਿਖੇ ਲੋਕਾਂ ਦੇ ਬਾਹਰ ਚਲੇ ਜਾਣ ਨਾਲ ਪਿੱਛੇ ਪਰਿਵਾਰਾਂ ਦਾ ਗੁਜ਼ਾਰਾ ਸੌਖਾ ਹੋਣ ਲੱਗਾ। ਜਦੋਂ ਬਾਹਰੋਂ ਪੌਂਡ/ਡਾਲਰ ਆਉਣ ਲੱਗੇ ਤਾਂ ਮਗਰ ਵਾਲਿਆਂ ਨੇ ਜ਼ਮੀਨਾਂ ਤੇ ਵੱਡੇ ਘਰ ਬਣਾਉਣ ਤੋਂ ਇਲਾਵਾ ਸਾਧਾਰਨ ਕਿਸਾਨ ਤੋਂ ਸਰਦਾਰੀ ਤੱਕ ਦਾ ਸਫ਼ਰ ਤਹਿ ਕੀਤਾ।
ਪੰਜਾਬ ਤੋਂ ਪ੍ਰਵਾਸ ਨੂੰ ਵੱਡਾ ਹੁਲਾਰਾ ਸਾਲ 1984 ਵਿੱਚ ਵੀ ਮਿਲਿਆ, ਜਦੋਂ ਲੋਕਾਂ ਨੇ ਪੰਜਾਬ ਦੇ ਮਾਹੌਲ ਤੋਂ ਡਰਦਿਆਂ ਆਪਣੇ ਬੱਚੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਸਮਾਂ ਬੀਤਣ ’ਤੇ ਬਾਹਰਲਿਆਂ ਦੀ ਚੜ੍ਹਾਈ ਵੇਖ ਕੇ ਵਿਦੇਸ਼ ਜਾਣ ਦਾ ਰੁਝਾਨ ਵਧ ਗਿਆ। ਫਿਰ ਪੰਜਾਬੀਆਂ ਦੀ ਵਿਦੇਸ਼ਾਂ ’ਚ ਤੂਤੀ ਬੋਲਣ ਲੱਗੀ, ਅੱਜ ਉਹ ਬਾਹਰਲੇ ਦੇਸ਼ਾਂ ਦੀ ਪਾਰਲੀਮੈਂਟ ਵਿੱਚ ਪਹੁੰਚ ਕੇ ਵਜ਼ੀਰ ਤੱਕ ਬਣ ਚੁੱਕੇ ਹਨ। ਇੱਥੇ ਅਸੀਂ ਉਨ੍ਹਾਂ ਦੀ ਉੱਥੇ ਤਰੱਕੀ ਦੇਖ ਕੇ ਖ਼ੁਸ਼ ਹੁੰਦੇ ਹਾਂ, ਪਰ ਇਹ ਕਦੇ ਨਹੀਂ ਸੋਚਿਆ ਕਿ ਪਿੱਛੇ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ। ਜਦਕਿ ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਧੜਾਧੜ ਪ੍ਰਵਾਸੀ ਆ ਰਹੇ ਹਨ। ਭਾਵੇਂ ਹੁਣ ਪ੍ਰਵਾਸੀਆਂ ਨੂੰ ਪੰਜਾਬ ’ਚੋਂ ਕੱਢਣ ਦੇ ਚਰਚੇ ਚੱਲ ਰਹੇ ਹਨ, ਪਰ ਉਨ੍ਹਾਂ ਦੇ ਚਲੇ ਜਾਣ ਨਾਲ ਮਿਸਤਰੀਆਂ ਤੇ ਮਜ਼ਦੂਰਾਂ ਦੀ ਘਾਟ ਮਹਿਸੂਸ ਹੋਵੇਗੀ ਤੇ ਕਈ ਤਰ੍ਹਾਂ ਦੇ ਵਪਾਰ ਰੁਕ ਜਾਣਗੇ। ਇੱਕ ਉਦਾਹਰਨ ਨਾਲ ਸਮਝਦੇ ਹਾਂ, ਸਾਡੇ ਇੱਕ ਰਿਸ਼ਤੇਦਾਰ ਨੇ ਦੋ ਕਮਰੇ ਬਣਾਉਣੇ ਸੀ ਤੇ ਉਹ ਕੰਮ ਸਿਰਫ਼ ਪੰਜਾਬੀ ਮਿਸਤਰੀ ਤੋਂ ਕਰਵਾਉਣਾ ਚਾਹੁੰਦਾ ਸੀ। ਜਦੋਂ ਉਸ ਨੂੰ ਇੱਕ ਪੰਜਾਬੀ ਮਿਸਤਰੀ ਮਿਲਿਆ ਤਾਂ ਉਸ ਨੇ ਕੰਮ ਦਾ ਰੇਟ ਇੰਨਾ ਜ਼ਿਆਦਾ ਮੰਗਿਆ ਕਿ ਆਖਰ ਉਸ ਨੂੰ ਪ੍ਰਵਾਸੀਆਂ ਤੋਂ ਹੀ ਕਮਰੇ ਬਣਵਾਉਣੇ ਪਏ। ਫਿਰ ਬਿਜਲੀ ਦਾ ਕੰਮ ਕਰਨ ਵਾਲੇ ਪੰਜਾਬੀ ਨੇ ਉਸ ਦੇ ਨੱਕ ਵਿੱਚ ਦਮ ਕਰ ਦਿੱਤਾ, ਜੋ ਕੁਝ ਦੱਸਣ ਜਾਂ ਪੁੱਛਣ ’ਤੇ ਕੰਮ ਛੱਡ ਕੇ ਅੱਗੋਂ ਬਹਿਸ ਕਰਨ ਲੱਗ ਪੈਂਦਾ। ਉਸ ਨੇ ਦੂਜੇ ਕਮਰਿਆਂ ’ਚੋਂ ਕੁਨੈਕਸ਼ਨ ਲੈਣ ਸਮੇਂ ਗ਼ਲਤ ਤਾਰ ਕੱਟ ਕੇ ਸਾਰੇ ਘਰ ਦੀ ਬਿਜਲੀ ਹੀ ਖਰਾਬ ਕਰ ਦਿੱਤੀ ਅਤੇ ਸਮਝਾਉਣ ’ਤੇ ਨਾਰਾਜ਼ ਹੋ ਕੇ ਘਰ ਚਲਾ ਗਿਆ। ਆਖਿਰ ਉਸ ਨੂੰ ਬਿਜਲੀ ਦਾ ਕੰਮ ਕਿਸੇ ਹੋਰ ਇਲੈਕਟ੍ਰੀਸ਼ਨ ਤੋਂ ਕਰਵਾਉਣਾ ਪਿਆ, ਇਹ ਸਾਡੇ ਅੱਖੀਂ ਦੇਖੀ ਹਕੀਕਤ ਹੈ।
ਪੰਜਾਬ ਵਿਚੋਂ ਭਈਏ ਭਜਾਓ ਕਿਸੇ ਮਸਲੇ ਦਾ ਹੱਲ ਨਹੀਂ ਹੈ, ਸਗੋਂ ਸਾਡੇ ਕਾਨੂੰਨ ਅਜਿਹੇ ਹੋਣੇ ਚਾਹੀਦੇ ਹਨ ਕਿ ਦੋਵੇਂ ਧਿਰਾਂ ਪੰਜਾਬ ਤੇ ਪ੍ਰਵਾਸੀਆਂ ਦਾ ਫਾਇਦਾ ਹੋਵੇ। ਜਿਵੇਂ ਸਾਡੇ ਲੋਕ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਾਂਦੇ ਸਾਰ ਕੰਮ ਕਰਨ ਦੀ ਇਜਾਜ਼ਤ ਲੈਣ ਲਈ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ, ਕੈਨੇਡਾ ਵਿੱਚ ਸਿੰਮ ਨੰਬਰ ਤੇ ਅਮਰੀਕਾ ’ਚ ਗ੍ਰੀਨ ਕਾਰਡ ਹੁੰਦਾ ਹੈ। ਅਜਿਹੀ ਵਿਵਸਥਾ ਪੰਜਾਬ ਵਿੱਚ ਵੀ ਹੋਣੀ ਚਾਹੀਦੀ ਹੈ, ਕੋਈ ਵੀ ਪ੍ਰਵਾਸੀ ਪੰਜਾਬ ਆਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਰਜਿਸਟ੍ਰੇਸ਼ਨ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ’ਤੇ ਹੀ ਹੋ ਜਾਣੀ ਚਾਹੀਦੀ ਹੈ। ਉਨ੍ਹਾਂ ਕੋਲ ਕਾਰਡ ਹੋਵੇ ਤਾਂ ਹੀ ਉਨ੍ਹਾਂ ਨੂੰ ਕੰਮ ’ਤੇ ਰੱਖਿਆ ਜਾਵੇ, ਸਰਕਾਰ ਕੋਲ ਹਰ ਸੂਚਨਾ ਹੋਵੇ ਕਿ ਉਹ ਕਿੱਥੇ ਕੰਮ ਕਰਦੇ ਹਨ ਜਾਂ ਰਹਿ ਰਹੇ ਹਨ। ਇਸੇ ਤਰ੍ਹਾਂ ਪ੍ਰਵਾਸੀ ਠੇਕੇਦਾਰਾਂ ਦੇ ਵੱਖ-ਵੱਖ ਕੰਮਾਂ ਦੇ ਲਾਇਸੰਸ ਬਣਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਕੋਲ ਕੰਮ ਕਰਦੇ ਕਿਰਤੀਆਂ ਬਾਰੇ ਵੀ ਪੱਕੀ ਜਾਣਕਾਰੀ ਰੱਖਣੀ ਚਾਹੀਦੀ ਹੈ। ਜਿਹੜੇ ਲੋਕ ਕਿਰਤੀਆਂ ਨੂੰ ਕਿਰਾਏ ’ਤੇ ਕੁਆਟਰ ਜਾਂ ਮਕਾਨ ਦਿੰਦੇ ਹਨ, ਉਨ੍ਹਾਂ ਨੂੰ ਵੀ ਕਾਰਡ ਵੇਖ ਕੇ ਮਕਾਨ ਕਿਰਾਏ ’ਤੇ ਦੇਣਾ ਚਾਹੀਦਾ ਹੈ, ਅਜਿਹਾ ਨਾ ਕਰਨ ’ਤੇ ਮਕਾਨ ਮਾਲਕ ਨੂੰ ਜੁਰਮਾਨਾ ਹੋਣਾ ਚਾਹੀਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਪ੍ਰਵਾਸੀਆਂ ਦੀ ਪੰਜਾਬ ਵਿੱਚ ਆਮਦ ਦੀ ਸ਼ੁਰੂਆਤ ਕਿਵੇਂ ਹੋਈ? ਦਰਅਸਲ ਜਦੋਂ ਪੰਜਾਬੀ ਪੱਕੇ ਤੌਰ ’ਤੇ ਬਾਹਰ ਜਾਣ ਲੱਗੇ ਤਾਂ ਆਪਣੇ ਘਰ ਤੇ ਜ਼ਮੀਨਾਂ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲ ਗਏ। ਫਿਰ ਰਿਸ਼ਤੇਦਾਰ ਘਰਾਂ ਜ਼ਮੀਨਾਂ ਦੀ ਦੇਖਭਾਲ ਕਰਦੇ-ਕਰਦੇ ਲਾਲਚ ਵੱਸ ਉਨ੍ਹਾਂ ’ਤੇ ਕਬਜ਼ੇ ਕਰਨ ਲੱਗ ਪਏ ਤਾਂ ਝਗੜੇ ਤੋਂ ਬਚਣ ਲਈ ਐੱਨ.ਆਰ.ਆਈ. ਆਪਣੇ ਘਰਾਂ ਦੀ ਦੇਖਭਾਲ ਪ੍ਰਵਾਸੀਆਂ ਹਵਾਲੇ ਕਰਨ ਲੱਗੇ। ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਪ੍ਰਵਾਸੀ ਵੀ ਧੱਕੇਸ਼ਾਹੀ ਕਰਨ ਲੱਗ ਪਏ ਹਨ।
ਕਿਸੇ ਸੂਬੇ ’ਚ ਕੰਮ ਕਰਨ ਲਈ ਆਉਣ ਤੇ ਜ਼ਮੀਨ ਜਾਇਦਾਦ ਖਰੀਦ ਕੇ ਪੱਕੇ ਹੋਣ ਵਿੱਚ ਬਹੁਤ ਅੰਤਰ ਹੁੰਦਾ ਹੈ। ਇਨ੍ਹਾਂ ਪ੍ਰਵਾਸੀਆਂ ਕਰਕੇ ਪੰਜਾਬ ’ਚ ਬਿਮਾਰੀਆਂ ਤੇ ਜੁਰਮ ਵੀ ਵਧੇ ਹਨ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਤੁਹਾਨੂੰ ਬਹੁਤੇ ਪ੍ਰਵਾਸੀ ਹੀ ਨਜ਼ਰ ਆਉਣਗੇ। ਕਈ ਇਥੇ ਵਸਦੇ ਪ੍ਰਵਾਸੀਆਂ ਦੀ ਦੂਜੀ-ਤੀਜੀ ਪੀੜ੍ਹੀ ਆ ਗਈ ਹੈ, ਉਨ੍ਹਾਂ ’ਚੋਂ ਕਈ ਦਾਹੜੀ ਰੱਖ ਕੇ ਪੰਜਾਬੀਆਂ ਵਾਂਗ ਪੱਗਾਂ ਵੀ ਬੰਨ੍ਹਣ ਲੱਗੇ ਹਨ। ਉਨ੍ਹਾਂ ਦੇ ਨਾਂਅ, ਬੋਲੀ ਸਭ ਕੁਝ ਬਦਲ ਚੁੱਕਾ ਹੈ, ਪਰ ਸੋਚ ਤੇ ਸੰਸਕਾਰ ਨਹੀਂ ਬਦਲੇ। ਬਹੁਤੇ ਪ੍ਰਵਾਸੀਆਂ ਦੇ ਬੱਚੇ ਇੱਥੇ ਸਰਕਾਰੀ ਸਕੂਲਾਂ ’ਚ ਵੀ ਪੜ੍ਹ ਰਹੇ ਹਨ। ਅਜਿਹਾ ਹੀ ਹਾਲ ਕੈਨੇਡਾ ਵਿੱਚ ਪੰਜਾਬੀਆਂ ਨੇ ਕੀਤਾ ਹੋਇਆ ਹੈ, ਜੋ ਹੁਣ ਦੁਨੀਆ ਤੋਂ ਛੁਪਿਆ ਹੋਇਆ ਨਹੀਂ। ਸ਼ਾਇਦ ਉਨ੍ਹਾਂ ਦੀਆਂ ਆਪਹੁਦਰੀਆਂ ਕਾਰਨ ਹੀ ਵੀਜ਼ੇ ਨਾ ਮਿਲਣ ਜਾਂ ਹੋਰ ਸਖਤੀਆਂ ਦਾ ਸੰਤਾਪ ਚੰਗੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕਈਆਂ ਦੇ ਡਿਪੋਰਟ ਕੀਤੇ ਜਾਣ ਦੀ ਵੀ ਸੰਭਾਵਨਾ ਬਣੀ ਹੋਈ ਹੈ। ਭਾਵੇਂ ਬਹੁਤੇ ਲੋਕ ਪ੍ਰਵਾਸੀਆਂ ਨੂੰ ਪੰਜਾਬ ’ਚੋਂ ਕੱਢਣ ਬਾਰੇ ਕਹਿ ਰਹੇ ਹਨ, ਪਰ ਉਨ੍ਹਾਂ ਦੇ ਚਲੇ ਜਾਣ ਨਾਲ ਕਾਰਖਾਨਿਆਂ, ਝੋਨੇ ਦੀ ਲਵਾਈ ਤੇ ਘਰੇਲੂ ਕੰਮਾਂ ਲਈ ਮਜ਼ਦੂਰ ਨਹੀਂ ਮਿਲਣੇ ਅਤੇ ਪੰਜਾਬੀ ਕਿਰਤੀਆਂ ਦੀ ਮਜ਼ਦੂਰੀ ਦੇਣੀ ਬਹੁਤੇ ਲੋਕਾਂ ਦੀ ਜੇਬ ਤੋਂ ਬਾਹਰ ਹੋਵੇਗੀ। ਜਦੋਂ ਛੱਠ ਪੂਜਾ ਦੌਰਾਨ ਬਹੁਤ ਸਾਰੇ ਪ੍ਰਵਾਸੀ ਆਪਣੇ ਘਰਾਂ ਨੂੰ ਚਲੇ ਗਏ ਤਾਂ ਲੁਧਿਆਣੇ ਵਿੱਚ ਕੰਮ ਠੱਪ ਹੋਣ ਲੱਗ ਪਏ ਸਨ। ਖਾਣੇ ਦੀਆਂ ਰੇਹੜੀਆਂ ਲਾਉਣ ਵਾਲੇ ਪ੍ਰਵਾਸੀਆਂ ਦੀ ਚਰਚਾ ਅਕਸਰ ਸੋਸ਼ਲ ਮੀਡੀਆ ’ਤੇ ਬਹੁਤ ਹੁੰਦੀ ਹੈ ਕਿ ਇਹ ਲੋਕਾਂ ਨੂੰ ਗੰਦ ਖੁਆ ਰਹੇ ਹਨ। ਪਰ ਜਿਹੜੇ ਪੰਜਾਬੀ ਇਹੀ ਕੰਮ ਧੰਦੇ ਕਰਦੇ ਹਨ, ਅਸੀਂ ਉਨ੍ਹਾਂ ਦਾ ਸਾਥ ਹੀ ਨਹੀਂ ਦਿੰਦੇ। ਜਦੋਂ ਗੱਲ ਸਿਹਤ ਦੀ ਆਉਂਦੀ ਹੈ ਤਾਂ ਜ਼ਰੂਰੀ ਹੈ ਕਿ ਕੋਈ ਵੀ ਰੇਹੜੀ ਲਾਉਣ ਵਾਲਾ, ਫਾਸਟ ਫੂਡ ਦੀ ਦੁਕਾਨ ਜਾਂ ਢਾਬਾ ਚਲਾਉਣ ਵਾਲਾ ਹੋਵੇ ਪਰ ਖਾਣੇ ਦੀ ਗੁਣਵੱਤਾ ਦੇ ਨਾਲ-ਨਾਲ ਸਾਫ ਸਫ਼ਾਈ ਦਾ ਵੀ ਖਿਆਲ ਜ਼ਰੂਰ ਰੱਖੇ। ਉਨ੍ਹਾਂ ਘੱਟੋ-ਘੱਟ ਦਸਵੀਂ ਪਾਸ ਕੀਤੀ ਹੋਵੇ ਅਤੇ ਉਸ ਨੇ ਖਾਣ ਦਾ ਸਾਮਾਨ ਬਣਾਉਣ ਦਾ ਮੁੱਢਲਾ ਕੋਰਸ ਜ਼ਰੂਰ ਕੀਤਾ ਹੋਵੇ, ਜਿਵੇਂ ਬਾਹਰਲੇ ਦੇਸ਼ਾਂ ਵਿੱਚ ਹੁੰਦਾ ਹੈ।
ਭਾਵੇਂ ਕੁਝ ਸਿਆਸੀ ਲੋਕ ਬਹੁਤ ਦੇਰ ਤੋਂ ਕਹਿ ਰਹੇ ਹਨ ਕਿ ਗ਼ੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਜ਼ਮੀਨ ਖਰੀਦਣ ਦੀ ਇਜਾਜ਼ਤ ਨਾ ਹੋਵੇ। ਇਹ ਗੱਲ ਠੀਕ ਵੀ ਹੈ ਕਿ ਇੱਕ ਦੇਸ਼ ਇੱਕ ਕਾਨੂੰਨ ਕਿਉਂ ਨਹੀਂ, ਜਦੋਂ ਪੰਜਾਬੀ ਕਈਆਂ ਹੋਰ ਸੂਬਿਆਂ ’ਚ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਫਿਰ ਦੂਜੇ ਸੂਬਿਆਂ ਦੇ ਲੋਕ ਇੱਥੇ ਆ ਕੇ ਜ਼ਮੀਨ ਕਿਵੇਂ ਖਰੀਦ ਸਕਦੇ ਹਨ? ਪਰ ਸਿਆਸਤਦਾਨ ਇਸ ਦਾ ਕੋਈ ਪੱਕਾ ਹੱਲ ਲੱਭਣ ਲਈ ਤਿਆਰ ਨਹੀਂ, ਕਿਉਂਕਿ ਉਨ੍ਹਾਂ ਲਈ ਪ੍ਰਵਾਸੀ ਇੱਕ ਵੱਡਾ ਵੋਟ ਬੈਂਕ ਹੈ, ਜਿਸ ਦੀ ਅਸਾਨੀ ਨਾਲ ਖਰੀਦੋ-ਫਰੋਖਤ ਹੋ ਸਕਦੀ ਹੈ। ਮੁੱਕਦੀ ਗੱਲ ਇਹ ਹੈ ਕਿ ਜੇ ਉਨ੍ਹਾਂ ਦੀਆਂ ਵੋਟਾਂ ਬਣਾਉਗੇ ਤਾਂ ਫਿਰ ਆਉਣ ਵਾਲੇ ਸਮੇਂ ਦੌਰਾਨ ਉਨ੍ਹਾਂ ਦੇ ਕੌਂਸਲਰ, ਐਮ.ਐਲ.ਏ., ਐਮ.ਪੀ. ਵੀ ਬਣਨਗੇ। ਪਰ ਪ੍ਰਵਾਸੀਆਂ ਨੂੰ ਭਜਾਉਣਾ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ, ਇਨ੍ਹਾਂ ਨੂੰ ਰਜਿਸਟਰ ਕਰਕੇ ਸਿਰਫ਼ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਜੇ ਕੋਈ ਅਪਰਾਧ ਕਰਦਾ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਸਜ਼ਾ ਵੀ ਜ਼ਰੂਰ ਦਿੱਤੀ ਜਾਵੇ। ਕੋਈ ਵੀ ਨੀਤੀ ਬਣਾਉਣ ਤੇ ਲਾਗੂ ਕਰਨ ਵਾਲਿਆਂ ਦੀ ਨੀਯਤ ਵੀ ਠੀਕ ਹੋਣੀ ਜ਼ਰੂਰੀ ਹੈ।
![]()
