ਇਹ ਸਾਰੇ ਉਹ ਨੌਜਵਾਨ ਸਨ ਜਿਹੜੇ ਗੈਂਗਸਟਰ ਬਣ ਕੇ ਵਿਚਰਦੇ ਰਹੇ ਸਨ। ਪੰਜਾਬ ਪੁਲਿਸ ਗੈਂਗਸਟਰ ਖਾੜਕੂਆਂ ਦਾ ਹੀ ਦੂਜਾ ਰੂਪ ਸਮਝਦੀ ਹੈ,ਜਦਕਿ ਇਹ ਸਿਆਸਤਦਾਨਾਂ ਦਾ ਹਥਿਆਰ ਰਹੇ,ਡਰਗ ਸਮਗਲਿੰਗ ਦੇ ਜਿੰਮੇਵਾਰ ਹਨ।ਜਨਤਕ ਥਾਵਾਂ ’ਤੇ ਗੋਲ਼ੀਆਂ ਚਲਾ ਕੇ ਆਮ ਜਨਤਾ ਨੂੰ ਡਰਾਉਣਾ,ਫਿਰੌਤੀਆਂ ਲੈਣਾ ਇਹਨਾਂ ਦਾ ਕੂੜ ਧੰਦਾ ਹੈ। ਤਿੰਨ ਕੁ ਸਾਲ ਪਹਿਲਾਂ ਦੇ ਅੰਕੜਿਆਂ ਅਨੁਸਾਰ ਪੰਜਾਬ ’ਚ 70 ਦੇ ਲਗਪਗ ਗਿਰੋਹ ਸਰਗਰਮ ਸਨ ਜੋ ਅਗਵਾ, ਕਤਲਾਂ, ਲੁੱਟਾਂ-ਖੋਹਾਂ ਤੇ ਫਿਰੌਤੀਆਂ ਵਸੂਲਣ ਜਿਹੇ ਅਪਰਾਧਾਂ ਵਿਚ ਸ਼ਾਮਲ ਰਹੇ ਹਨ।
ਸੈਂਕੜੇ ਗਿ੍ਰਫ਼ਤਾਰੀਆਂ ਤੋਂ ਬਾਵਜੂਦ ਇਨ੍ਹਾਂ ਵਿਚੋਂ ਬਹੁਤ ਸਾਰੇ ਗੈਂਗ ਹਾਲੇ ਵੀ ਸਰਗਰਮ ਹਨ। ਬਹੁਤ ਸਾਰੇ ਸਮਰੱਥ ਗੈਂਗਸਟਰ ਹੁਣ ਕੈਨੇਡਾ, ਅਮਰੀਕਾ ਤੇ ਹੋਰ ਪੱਛਮੀ ਮੁਲਕਾਂ ’ਚ ਜਾ ਕੇ ਵਸ ਗਏ ਹਨ ਤੇ ਉੱਥੋਂ ਹੀ ਆਪਣੇ ਗਿਰੋਹ ਚਲਾ ਰਹੇ ਹਨ ਤੇ ਭਾਰਤ ਲਈ ਸਿਰਦਰਦੀ ਬਣੇ ਹਨ।
ਇਹ ਸਮਾਜ ਵਿਰੋਧੀ ਅਨਸਰ ਸੋਸ਼ਲ ਮੀਡੀਆ ਦੀ ਡਟ ਕੇ ਦੁਰਵਰਤੋਂ ਕਰ ਰਹੇ ਹਨ। ਉਹ ਸ਼ਰੇਆਮ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਹਨ। ਬੀਤੇ ਕੁਝ ਸਮੇਂ ਦੌਰਾਨ ਪੰਜਾਬ ’ਚ ਭਾਵੇਂ ਗੈਂਗਸਟਰਾਂ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਹਾਲੇ ਵੀ ਜਾਰੀ ਹਨ।
ਕੈਨੇਡਾ ’ਚ ਰਹਿੰਦੇ ਗੋਲਡੀ ਬਰਾੜ ਜਿਹੇ ਗੈਂਗਸਟਰ ’ਤੇ ਸਿੱਧੂ ਮੂਸੇਵਾਲਾ ਤੇ ਡੇਰਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲਾਂ ਸਮੇਤ 50 ਤੋਂ ਵੱਧ ਹੋਰ ਸੰਗੀਨ ਕਿਸਮ ਦੇ ਅਪਰਾਧਾਂ ਦੇ ਦੋਸ਼ ਹਨ। ਸਾਲ 2019 ਵਿਚ ਜਦੋਂ ਉਹ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਗਿਆ ਸੀ ਤਦ ਉਸ ਖ਼ਿਲਾਫ਼ ਕੋਈ ਵੀ ਮਾਮਲਾ ਨਹੀਂ ਸੀ ਪਰ ਉੱਥੇ ਜਾ ਕੇ ਉਹ ਅਪਰਾਧ ਜਗਤ ਦੇ ਢਹੇ ਚੜ੍ਹ ਗਿਆ। ਲਾਰੈਂਸ ਬਿਸ਼ਨੋਈ ਵੀ ਪੰਜਾਬ ਯੂਨੀਵਰਸਿਟੀ ਵਿਚ ਜਾ ਕੇ ਹੀ ਮਾੜੀ ਸੰਗਤ ’ਚ ਪਿਆ ਸੀ।
ਆਖ਼ਰ ਵਿੱਦਿਆ ਦੇ ਇਨ੍ਹਾਂ ਮੰਦਰਾਂ ’ਚ ਸਮਾਜ ਵਿਰੋਧੀ ਅਨਸਰਾਂ ਦੀ ਛੂਤ ਕਿਉਂ ਤੇ ਕਿਵੇਂ ਫੈਲਦੀ ਹੈ, ਇਸ ਦੇ ਜ਼ਿੰਮੇਵਾਰ ਸਿਆਸਤਦਾਨ ਤੇ ਭਿ੍ਸ਼ਟ ਪੁਲਿਸ ਅਫਸਰ ਹਨ ।