
ਭੋਜਨ ਹਰ ਮਨੁੱਖ ਦੀ ਮੁੱਢਲੀ ਲੋੜ ਹੈ ਤੇ ਇਹ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ, ਜੋ ਸਰੀਰ ਦੇ ਵਿਕਾਸ ਤੇ ਰੱਖ-ਰਖਾਅ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਪਰ ਜਦੋਂ ਖਾਣ-ਪੀਣ ਦੀਆਂ ਵਸਤੂਆਂ ਵਿਚ ਮਿਲਾਵਟ ਹੁੰਦੀ ਹੈ ਤਾਂ ਇਹ ਸਾਡੇ ਸਰੀਰ ਲਈ ਕਾਫ਼ੀ ਨੁਕਸਾਨਦੇਹ ਹੁੰਦਾ ਹੈ। ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਘਰ ਆਉਣ ਵਾਲੇ ਫਲਾਂ ਤੇ ਸਬਜ਼ੀਆਂ ਤੋਂ ਲੈ ਕੇ ਦੁੱਧ ਤੇ ਘਿਓ ਤਕ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈ, ਜਿਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। ਬਠਿੰਡਾ ਜ਼ਿਲ੍ਹੇ ਦੇ 30 ਫੀਸਦੀ ਲੋਕ ਮਿਲਾਵਟੀ ਭੋਜਨ ਖਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਦੇ ਨਾਲ ਹੀ ਇਹ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਦਾ ਫੂਡ ਸੇਫਟੀ ਵਿੰਗ ਸੂਬਾ ਵਾਸੀਆਂ ਨੂੰ ਮਿਲਾਵਟ ਜ਼ਰੀਏ ਜ਼ਹਿਰ ਖਵਾਉਣ ਵਾਲਿਆਂ 'ਤੇ ਸ਼ਿਕੰਜਾ ਕਸਣ ਵਿਚ ਢਿੱਲ ਵਰਤਦਾ ਨਜ਼ਰ ਆ ਰਿਹਾ ਹੈ ।ਆਰ.ਟੀ.ਆਈ. ਤਹਿਤ ਪਿਛਲੇ 10 ਸਾਲਾਂ ਦੇ ਅੰਕੜਿਆਂ ਰਾਹੀਂ ਖੁਲਾਸਾ ਹੋਇਆ ਹੈ ਕਿ ਸਿਹਤ ਵਿਭਾਗ ਵਿਚ ਜ਼ਿਲ੍ਹਾ ਹੈਲਥ ਅਫ਼ਸਰ, ਇੰਸਪੈਕਟਰ ਅਤੇ ਟੀਮ ਵਲੋਂ ਮਿਲਾਵਟਖੋਰਾਂ ਨੂੰ ਬਣਦੀ ਸਜ਼ਾ ਦਿਵਾਉਣ ਦੇ ਨਾਂਅ 'ਤੇ ਸਿਰਫ਼ ਤਿਉਹਾਰਾਂ ਮੌਕੇ ਖਾਣ ਪੀਣ ਵਾਲੀਆਂ ਦੁਕਾਨਾਂ ਤੋਂ ਨਮੂਨੇ ਭਰੇ ਜਾਣ ਦਾ ਭਰਮ ਫੈਲਾ ਕੇ ਕਾਰਵਾਈ ਦੇ ਨਾਂਅ 'ਤੇ ਖਾਨਾਪੂਰਤੀ ਕੀਤੀ ਜਾ ਰਹੀ ਹੈ ।ਮੋਹਾਲੀ ਵਿਚ ਮੋਮੋਜ਼ ਤੇ ਸਪਰਿੰਗ ਰੋਲ ਬਣਾਉਣ ਵਾਲੀ ਫੈਕਟਰੀ ਵਿਚ ਗੰਦਗੀ, ਗਲੇ ਸੜੇ ਮਾਸ ਤੇ ਵੱਡੀ ਪੱਧਰ 'ਤੇ ਮਿਲਾਵਟ ਦੀ ਵੀਡੀਓ ਸੂਬੇ ਵਿਚ ਵੱਡੀ ਪੱਧਰ 'ਤੇ ਮਿਲਾਵਟਖੋਰਾਂ ਵਲੋਂ ਬੇਖੌਫ ਤਰੀਕੇ ਨਾਲ ਖਾਦ ਪਦਾਰਥਾਂ ਜ਼ਰੀਏ ਸੂਬਾ ਵਾਸੀਆਂ ਨੂੰ ਖਿਲਾਈ ਜਾ ਰਹੀ ਜ਼ਹਿਰ ਦੀ ਪ੍ਰਤੱਖ ਉੇਦਾਹਰਨ ਹੈ ।
ਆਰ.ਟੀ.ਆਈ. ਰਾਹੀਂ 2014 ਤੋਂ 2024 ਦੇ ਮਿਲੇ ਅੰਕੜੇ ਪੰਜਾਬ ਦੇ ਵੱਖ-ਵੱਖ 13 ਜ਼ਿਲਿਆਂ ਵਿਚ ਮਿਲਾਵਟਖੋਰਾਂ 'ਤੇ ਦਰਜ ਅਨੇਕਾਂ ਕੇਸਾਂ ਵਿਚ ਸਿਰਫ਼ ਖਾਨਾਪੂਰਤੀ ਦੇ ਨਾਂਅ 'ਤੇ ਚੰਦ ਕੁ ਮਿਲਾਵਟਖੋਰਾਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਤੱਕ ਪਹੁੰਚਾਇਆ ਗਿਆ ਹੈ ।ਆਰ.ਟੀ.ਆਈ. ਅਨੁਸਾਰ ਪਿਛਲੇ ਦਸ ਸਾਲਾਂ ਵਿਚ ਪਟਿਆਲਾ 'ਚ 17 ਨੂੰ , ਲੁਧਿਆਣਾ ਵਿਚ 11, ਜਲੰਧਰ ਵਿਚ 10, ਅੰਮਿ੍ਤਸਰ ਵਿਚ 2, ਮੋਗਾ ਵਿਚ 0, ਸ੍ਰੀ ਮੁਕਤਸਰ ਸਾਹਿਬ ਵਿਚ 0, ਬਰਨਾਲਾ ਵਿਚ 21, ਕਪੂਰਥਲਾ ਵਿਚ ਕੋਈ ਰਿਕਾਰਡ ਨਹੀਂ, ਮੋਹਾਲੀ ਵਿਚ 29, ਮਾਨਸਾ ਵਿਚ 1, ਸ੍ਰੀ ਫਤਹਿਗੜ੍ਹ ਸਾਹਿਬ ਵਿਚ ਕੋਈ ਰਿਕਾਰਡ ਨਹੀਂ, ਬਠਿੰਡਾ ਵਿਚ 8 ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਸਿਰਫ 2 ਮਿਲਾਵਟਖੋਰਾਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਤੱਕ ਪਹੁੰਚਾਇਆ ਗਿਆ ਹੈ ।ਜ਼ਹਿਰ ਰੂਪੀ ਫੈਲੀ ਇਸ ਮਿਲਾਵਟਖੋਰੀ ਪ੍ਰਤੀ ਸਿਹਤ ਵਿਭਾਗ ਦੀ ਸੰਜੀਦਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਡਾਇਰੈਕਟਰ ਸਿਹਤ ਵਿਭਾਗ ਚੰਡੀਗੜ੍ਹ ਨੂੰ ਇਨ੍ਹਾਂ ਅੰਕੜਿਆਂ ਦੀ ਪ੍ਰਾਪਤੀ ਸੰਬੰਧੀ ਆਰ.ਟੀ.ਆਈ. ਪਾਈ ਗਈ ਤਾਂ ਉਹ ਕੋਲ ਇਹ ਅੰਕੜੇ ਮੌਜੂਦ ਹੀ ਨਹੀਂ ਸਨ । ਪੰਜਾਬ ਵਿਚ ਜਿੱਥੇ ਸੂਬਾ ਸਰਕਾਰ ਨਸ਼ਿਆਂ ਦੀ ਭੈੜੀ ਅਲਾਮਤ ਨੂੰ ਦੂਰ ਕਰਨ ਲਈ ਪੰਜਾਬ ਪੁਲਿਸ ਨੂੰ ਸਖਤ ਹੁਕਮ ਜਾਰੀ ਕੀਤੇ ਜਾ ਰਹੇ ਹਨ ਉੱਥੇ ਹੀ ਸੂਬਾ ਵਾਸੀਆਂ ਨੂੰ ਪਰੋਸੀ ਜਾਂਦੀ ਜ਼ਹਿਰ ਰੂਪੀ ਮਿਲਾਵਟ ਨੂੰ ਰੋਕਣ ਲਈ ਸਿਹਤ ਮਹਿਕਮੇ ਦੇ ਫੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।
ਕਿਵੇਂ ਹੁੰਦੀ ਹੈ ਮਿਲਾਵਟ
ਮਾਹਿਰਾਂ ਅਨੁਸਾਰ ਸਰ੍ਹੋਂ ਦੇ ਤੇਲ ਵਿਚ ਆਰਗੇਮੋਨ ਤੇਲ ਮਿਲਾਇਆ ਜਾਂਦਾ ਹੈ। ਜਦੋਂ ਕਿ ਛੋਲਿਆਂ ਦੀ ਦਾਲ, ਅਰਹਰ ਦੀ ਦਾਲ ਵਿਚ ਪੀਲੀ ਹਲਦੀ ਦਾ ਆਟਾ ਮਿਲਾਇਆ ਜਾਂਦਾ ਹੈ। ਇਸੇ ਤਰਾਂ੍ਹ ਦਾਲਾਂ ਨੂੰ ਚਮਕਦਾਰ ਬਣਾਉਣ ਲਈ ਟੈਲਕਮ ਪਾਊਡਰ ਮਿਲਾਇਆ ਜਾਂਦਾ ਹੈ। ਲਾਲ ਮਿਰਚਾਂ ਵਿਚ ਇੱਟ ਪਾਊਡਰ ਮਿਲਾਇਆ ਜਾਂਦਾ ਹੈ। ਵੱਡੇ ਕਾਰੋਬਾਰੀਆਂ ਨੂੰ ਇਸ ਤੋਂ ਕਾਫੀ ਲਾਭ ਮਿਲਦਾ ਹੈ। ਹਾਲਾਂਕਿ ਹੇਠਲੇ ਪੱਧਰ 'ਤੇ ਵੀ ਮਿਲਾਵਟੀ ਸਮੱਗਰੀ ਦੁਕਾਨਾਂ 'ਤੇ ਸਸਤੇ ਭਾਅ 'ਤੇ ਉਪਲਬਧ ਕਰਵਾਈ ਜਾਂਦੀ ਹੈ, ਜਿਸ ਨਾਲ ਵਪਾਰੀ ਨੂੰ ਕਾਫੀ ਮੁਨਾਫਾ ਹੁੰਦਾ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਨਕਲੀ ਖੋਆ ਬਣਾਉਣ ਲਈ ਮਿਲਾਵਟੀ ਖੋਆ ਆਟਾ, ਪਾਮ ਆਇਲ, ਸਿੰਥੈਟਿਕ ਦੁੱਧ, ਐਰੋਰੂਟ, ਆਲੂ, ਸ਼ਕਰਕੰਦੀ, ਚੈਸਟਨਟ ਆਟਾ ਅਤੇ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਖੋਏ ਦਾ ਰੰਗ ਬਦਲਣ ਲਈ ਵੀ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ।