ਪੰਜਾਬ ਵਿੱਚ ਕਬੱਡੀ ਖਿਡਾਰੀ ਗੈਂਗਸਟਰਾਂ ਦਾ ਨਿਸ਼ਾਨਾ ਕਿਉਂ?

In ਖਾਸ ਰਿਪੋਰਟ
December 19, 2025

ਪੰਜਾਬ ਵਿੱਚ ਇੱਕ ਵਾਰ ਫਿਰ ਗੈਂਗ ਵਾਰ ਅਤੇ ਕਤਲਾਂ ਦੀਆਂ ਵਾਰਦਾਤਾਂ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਇਸ ਵਾਰ ਕਤਲ ਕਾਂਡ ਦੀ ਕਹਾਣੀ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਚੌਰੀਆ ਦੇ ਕਤਲ ਦੀ ਹੈ, ਜੋ ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ ਵਾਪਰੀ। ਇਹ ਘਟਨਾ ਨਾ ਸਿਰਫ਼ ਰਾਣਾ ਦੇ ਪਰਿਵਾਰ ਲਈ ਦੁੱਖ ਵਾਲੀ ਹੈ, ਸਗੋਂ ਪੰਜਾਬ ਦੇ ਨੌਜਵਾਨਾਂ ਅਤੇ ਖੇਡ ਜਗਤ ਲਈ ਵੀ ਇੱਕ ਵੱਡਾ ਝਟਕਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਹਨ ਅਤੇ ਕਿਹਾ ਹੈ ਕਿ ਇਹ ਕਤਲ ਕਬੱਡੀ ਵਿੱਚ ਦਬਦਬੇ ਨੂੰ ਲੈ ਕੇ ਵਾਪਰੀ ਰੰਜਿਸ਼ ਕਾਰਨ ਹੋਇਆ ਹੈ। 

ਰਾਣਾ ਬਲਚੌਰੀਆ ਕਤਲ ਕੇਸ- ਵਾਰਦਾਤ ਦੀ ਪੂਰੀ ਕਹਾਣੀ

ਰਾਣਾ ਬਲਚੌਰੀਆ ਇੱਕ ਨਾਮੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੀ। ਉਹ ਨੌਜਵਾਨ ਖਿਡਾਰੀਆਂ ਨੂੰ ਟਰੇਨਿੰਗ ਦਿੰਦਾ ਸੀ ਅਤੇ ਕਈ ਟੀਮਾਂ ਚਲਾਉਂਦਾ ਸੀ। ਉਸ ਨੇ ਹਾਲ ਹੀ ਵਿੱਚ ਵਿਆਹ ਕੀਤਾ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ। ਪਰ 15 ਦਸੰਬਰ 2025 ਨੂੰ ਮੋਹਾਲੀ ਵਿੱਚ ਬੇਦਵਾਨ ਸਪੋਰਟਸ ਕਲੱਬ ਵਿੱਚ ਚੱਲ ਰਹੇ ਇੱਕ ਕਬੱਡੀ ਟੂਰਨਾਮੈਂਟ ਵਿੱਚ ਅਚਾਨਕ ਗੋਲੀਆਂ ਚੱਲੀਆਂ। ਤਿੰਨ ਹਮਲਾਵਰਾਂ ਨੇ ਰਾਣਾ ਨੂੰ ਨੇੜੇ ਜਾ ਕੇ ਗੋਲੀਆਂ ਮਾਰੀਆਂ। ਰਾਣਾ ਨੂੰ ਸਿਰ ਵਿੱਚ ਗੋਲੀ ਲੱਗੀ ਅਤੇ ਉਹ ਹਸਪਤਾਲ ਵਿੱਚ ਮੌਤ ਨਾਲ ਲੜਦਾ ਰਿਹਾ, ਪਰ ਅਗਲੇ ਦਿਨ ਉਸ ਨੇ ਦਮ ਤੋੜ ਦਿੱਤਾ। ਇਹ ਵਾਰਦਾਤ ਬਹੁਤ ਡਰਾਉਣੀ ਸੀ ਕਿਉਂਕਿ ਹਮਲਾਵਰ ਆਮ ਲੋਕਾਂ ਵਾਂਗ ਆਏ ਅਤੇ ਰਾਣਾ ਨਾਲ ਸੈਲਫੀ ਲੈਣ ਦੇ ਬਹਾਨੇ ਨੇੜੇ ਆ ਗਏ।

ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ। ਐੱਸਐੱਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਵਾਰਦਾਤ ਵਿੱਚ ਤਿੰਨ ਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਦੋ ਦੀ ਪਛਾਣ ਹੋ ਗਈ ਹੈ – ਅਦਿੱਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ। ਇਹ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ।ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆ ਦਾ ਰਹਿਣ ਵਾਲਾ ਹਰਪਿੰਦਰ  ਮਿੱਡੂ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ ਸੀ। ਇਸ ਕਾਰਵਾਈ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਯਾਦ ਰਹੇ ਕਿ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਇਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਹੈ। ਗੈਂਗਸਟਰਾਂ ਨੇ ਆਰੋਪ ਲਾਇਆ ਕਿ ਰਾਣਾ ਨੇ ਮੂਸੇਵਾਲਾ ਦੇ ਕਾਤਲਾਂ ਨੂੰ ਸਹਾਰਾ ਦਿੱਤਾ ਸੀ। ਪਰ ਪੁਲਿਸ ਨੇ ਇਸ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਰਾਣਾ ਦਾ ਮੂਸੇਵਾਲਾ ਕੇਸ ਨਾਲ ਕੋਈ ਲਿੰਕ ਨਹੀਂ ਮਿਲਿਆ। ਇਸ ਦੀ ਬਜਾਏ, ਕਤਲ ਦਾ ਮੁੱਖ ਕਾਰਨ ਕਬੱਡੀ ਟੂਰਨਾਮੈਂਟਾਂ ਵਿੱਚ ਪੈਸੇ ਅਤੇ ਨਿਯੰਤਰਣ ਨੂੰ ਲੈ ਕੇ ਰੰਜਿਸ਼ ਹੈ।

ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਨਾਲ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰਾਣਾ ਨਾਲ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਡੋਨੀ ਬੱਲ ਵਰਗੇ ਨਾਂਵਾਂ ਨਾਲ ਲਿੰਕ ਦੀਆਂ ਖ਼ਬਰਾਂ ਆਈਆਂ ਹਨ, ਪਰ ਰਾਣਾ ਨੂੰ ਇੱਕ ਸਾਫ਼-ਸੁਥਰਾ ਆਦਮੀ ਮੰਨਿਆ ਜਾਂਦਾ ਹੈ। ਉਹ ਕਿਸੇ ਗੈਂਗ ਵਿੱਚ ਨਹੀਂ ਸੀ ਅਤੇ ਨੌਜਵਾਨਾਂ ਨੂੰ ਖੇਡ ਵੱਲ ਲਿਆਉਣ ਵਿੱਚ ਰੁੱਝਿਆ ਹੋਇਆ ਸੀ। ਪੁਲਿਸ ਨੇ ਬੰਬੀਹਾ ਗੈਂਗ ਦੇ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਤੇ ਕਿਹਾ ਕਿ 12 ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀਆਂ ਹਨ। ਐੱਸਐੱਸਪੀ ਨੇ ਭਰੋਸਾ ਦਿੱਤਾ ਕਿ ਜਲਦੀ ਸਾਰੇ ਮੁਲਜ਼ਮ ਗ੍ਰਿਫ਼ਤਾਰ ਹੋ ਜਾਣਗੇ ਅਤੇ ਵਾਰਦਾਤ ਦੇ ਪਿੱਛੇ ਦਾ ਪੂਰਾ ਮਕਸਦ ਸਾਹਮਣੇ ਆਵੇਗਾ।ਮ

ਇਹ ਕਤਲ ਸੰਦੀਪ ਨੰਗਲ ਅੰਬੀਆਂ ਵਰਗੇ ਪੁਰਾਣੇ ਕੇਸ ਨਾਲ ਮਿਲਦਾ ਹੈ, ਜਿੱਥੇ ਵੀ ਕਬੱਡੀ ਵਿੱਚ ਰੰਜਿਸ਼ ਨੇ ਖੂਨ ਵਹਾਇਆ ਸੀ। ਰਾਣਾ ਦੀ ਮੌਤ ਨੇ ਪੰਜਾਬ ਵਿੱਚ ਗੈਂਗ ਵਾਰ ਅਤੇ ਕਾਨੂੰਨ ਵਿਵਸਥਾ ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਨਾਕਾਮ ਕਿਹਾ ਹੈ ਅਤੇ ਮੰਗ ਕੀਤੀ ਹੈ ਕਿ ਗੈਂਗਸ ਨੂੰ ਸਖਤੀ ਨਾਲ ਰੋਕਿਆ ਜਾਵੇ।

2019 ਤੋਂ 2025 ਤੱਕ ਕਬੱਡੀ ਖਿਡਾਰੀਆਂ ਦੇ ਕਤਲ: ਖੂਨੀ ਰੰਜਿਸ਼ਾਂ ਦੀ ਲੜੀ

ਪਿਛਲੇ  ਛੇ ਸਾਲਾਂ ਵਿੱਚ ਪੰਜਾਬ ਵਿੱਚ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਵਧੀਆਂ ਹਨ। ਕਬੱਡੀ, ਜੋ ਪੰਜਾਬ ਦੀ ਪਹਿਚਾਣ ਹੈ, ਹੁਣ ਗੈਂਗ ਵਾਰ ਅਤੇ ਪੈਸੇ ਦੀ ਲੜਾਈ ਵਿੱਚ ਬਦਲ ਗਈ ਹੈ। ਰਿਪੋਰਟਾਂ ਮੁਤਾਬਕ, 2919 ਤੋਂ 2025 ਤੱਕ ਘੱਟੋ ਘੱਟ 5-7 ਨਾਮੀ ਕਬੱਡੀ ਖਿਡਾਰੀਆਂ ਜਾਂ ਪ੍ਰਮੋਟਰਾਂ ਦੇ ਕਤਲ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਰੰਜਿਸ਼ ਅਤੇ ਗੈਂਗ ਵਾਰ ਨਾਲ ਜੁੜੇ ਹਨ।

2019 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਨੰਗਲ ਜੋਹਲ ਪਿੰਡ ਨੇੜੇ ਦੋ ਵਿਅਕਤੀਆਂ ਨੇ ਦੋ ਕਬੱਡੀ ਖਿਡਾਰੀਆਂ ਸੁਖਰਾਜ ਸਿੰਘ ਅਤੇ ਗੁਰਕਮਲ ਸਿੰਘ ‘ਤੇ ਗੋਲੀਆਂ ਚਲਾ ਕੇ ਹਮਲਾ ਕੀਤਾ। ਦੋਵੇਂ ਕਬੱਡੀ ਖਿਡਾਰੀ ਜ਼ਖਮੀ ਹੋਏ ਪਰ ਬਚ ਗਏ।

ਮਈ 2020 ਵਿੱਚ ਕਪੂਰਥਲਾ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲੇ ਦਾ ਇਲਜ਼ਾਮ ਪੰਜਾਬ ਪੁਲਿਸ ਦੇ ਏਐਸਆਈ ਪਰਮਜੀਤ ਸਿੰਘ ਉੱਤੇ ਲੱਗਿਆ ਸੀ। ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਬਾਅਦ ਵਿੱਚ ਏਐਸਆਈ ਨੂੰ ਬਰਖਾਸਤ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਸਭ ਤੋਂ ਵੱਡਾ ਕੇਸ ਸੰਦੀਪ ਨੰਗਲ ਅੰਬੀਆਂ ਦਾ ਹੈ, ਜੋ 2022 ਵਿੱਚ ਜਲੰਧਰ ਵਿੱਚ ਇੱਕ ਟੂਰਨਾਮੈਂਟ ਵਿੱਚ ਮਾਰਿਆ ਗਿਆ ਸੀ। ਕਾਰਨ ਸੀ ਕਬੱਡੀ ਫੈਡਰੇਸ਼ਨਾਂ ਵਿੱਚ ਰੰਜਿਸ਼ ਅਤੇ ਪੈਸੇ ਦੀ ਲੜਾਈ। ਫਿਰ 2024 ਵਿੱਚ ਇੱਕ ਹੋਰ ਖਿਡਾਰੀ ਨੂੰ ਲੁਧਿਆਣਾ ਵਿੱਚ ਗੋਲੀ ਮਾਰੀ ਗਈ, ਜਿੱਥੇ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ। 

2025 ਵਿੱਚ ਹੀ ਤਿੰਨ ਵੱਡੇ ਕੇਸ ਵਾਪਰੇ ਹਨ। ਅਕਤੂਬਰ ਵਿੱਚ ਲੁਧਿਆਣਾ ਦੇ ਜਗਰਾਓ ਵਿੱਚ ਤੇਜਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਸ ਨੂੰ ਪਹਿਲਾਂ ਕਾਰ ਨਾਲ ਟੱਕਰ ਮਾਰੀ ਗਈ ਅਤੇ ਫਿਰ ਗੋਲੀਆਂ ਚਲਾਈਆਂ ਗਈਆਂ। ਨਵੰਬਰ ਵਿੱਚ ਗੁਰਵਿੰਦਰ ਸਿੰਘ ਨਾਂ ਦੇ ਖਿਡਾਰੀ ਨੂੰ ਲੁਧਿਆਣਾ ਵਿੱਚ ਮਾਰਿਆ ਗਿਆ ਅਤੇ ਬਿਸ਼ਨੋਈ ਗੈਂਗ ਨੇ ਦਾਅਵਾ ਕੀਤਾ ਕਿ ਇਹ ਰੰਜਿਸ਼ ਕਾਰਨ ਹੈ।ਦਸੰਬਰ 2025 ਵਿੱਚ ਫਿਰੋਜ਼ਪੁਰ ਦੇ ਜ਼ੀਰਾ ਹਲਕੇ ਦੇ ਪਿੰਡ ਜੋਗੈਵਾਲਾ ਵਿੱਚ ਇੱਕ ਕਬੱਡੀ ਖਿਡਾਰੀ ਨਿਰਵੈਲ ਸਿੰਘ ‘ਤੇ ਫਾਇਰਿੰਗ ਹੋਈ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ। ਅਤੇ ਹੁਣ ਰਾਣਾ ਬਲਚੌਰੀਆ ਦਾ ਕਤਲ ਹੋਇਆ ਹੈ।

ਇਨ੍ਹਾਂ ਕਤਲਾਂ ਦੇ ਮੁੱਖ ਕਾਰਨ ਹਨ: ਕਬੱਡੀ ਵਿੱਚ ਵੱਡੇ ਪੈਸੇ ਦੀ ਆਮਦ

 ਟੂਰਨਾਮੈਂਟਾਂ ਤੇ ਨਿਯੰਤਰਣ ਲਈ ਲੜਾਈ, ਅਤੇ ਗੈਂਗਸ ਨਾਲ ਜੁੜੇ ਖਿਡਾਰੀ। ਕਈ ਖਿਡਾਰੀ ਗੈਂਗਸ ਨਾਲ ਮਿਲ ਕੇ ਪੈਸਾ ਕਮਾਉਂਦੇ ਹਨ, ਜਿਸ ਨਾਲ ਰੰਜਿਸ਼ ਵਧਦੀ ਹੈ। ਪੰਜਾਬ ਵਿੱਚ ਕਬੱਡੀ ਨੂੰ ਗੈਂਗ ਵਾਰ ਦਾ ਮੈਦਾਨ ਬਣਾ ਦਿੱਤਾ ਗਿਆ ਹੈ, ਜਿੱਥੇ ਪੈਸਾ, ਮਸਲ ਪਾਵਰ ਅਤੇ ਅਪਰਾਧ ਮਿਲ ਕੇ ਖੇਡ ਨੂੰ ਬਰਬਾਦ ਕਰ ਰਹੇ ਹਨ। ਯੂਕੇ ਤੋਂ ਰਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜੋ ਗੋਲੀਬਾਰੀ ਦੀਆਂ ਇਹਨਾਂ ਘਟਨਾਵਾਂ ਤੋਂ ਡਰ ਕੇ ਕਬੱਡੀ ਖੇਡਣਾ ਛੱਡ ਗਏ ਹਨ।ਉਹ ਕਹਿੰਦੇ ਹਨ, “ਗੈਂਗਸਟਰ ਟੂਰਨਾਮੈਂਟ ਤੋਂ ਪਹਿਲਾਂ ਖਿਡਾਰੀਆਂ ਨੂੰ ਫੋਨ ਕਰਕੇ ਧਮਕੀ ਦਿੰਦੇ ਹਨ ਕਿ ਅੱਜ ਇਹ ਟੀਮ ਨਹੀਂ ਖੇਡੇਗੀ ਤੇ ਜੇਕਰ ਉਹ ਟੀਮ ਖੇਡ ਗਈ ਤਾਂ ਟੂਰਨਾਮੈਂਟ ਦੇ ਅੰਦਰ ਕਦੋਂ ਗੋਲੀਆਂ ਚੱਲ ਜਾਣੀਆਂ ਕਿਸੇ ਨੂੰ ਕੁਝ ਪਤਾ ਨਹੀਂ ਚੱਲਣਾ। ਖਿਡਾਰੀ ਕੋਲ ਆਪਣੀ ਜਾਨ ਬਚਾਉਣ ਲਈ ਕੁਝ ਵੀ ਨਹੀਂ ਹੈ। ਗੈਂਗਸਟਰ ਕਬੱਡੀ ਤੋਂ ਪੈਸੇ ਕਮਾਉਣਾ ਚਾਹੁੰਦੇ ਹਨ, ਸਿਰਫ ਪੈਸੇ ਅਤੇ ਦਬਦਬੇ ਕਰਕੇ ਗੈਂਗਸਟਰ ਖਿਡਾਰੀਆਂ ਨੂੰ ਧਮਕਾਉਂਦੇ ਹਨ।” ਉਹ ਕਹਿੰਦੇ ਹਨ, “ਰਾਣੇ ਦੇ ਕਤਲ ਮਗਰੋਂ ਪੰਜਾਬ ਵਿੱਚ ਕਈ ਕਬੱਡੀ ਟੂਰਨਾਮੈਂਟ ਰੱਦ ਹੋ ਗਏ ਹਨ।”

ਪੱਤਰਕਾਰ ਡਾਕਟਰ ਸ਼ਿੰਗਾਰਾ ਸਿੰਘ ਯੂਕੇ ਦਾ ਕਹਿਣਾ ਹੈ ਕਿ ਕਬੱਡੀ ਵਿੱਚ ਹਾਰਲੇ, ਥਾਰ, ਵਰਗੇ ਮਹਿੰਗੇ ਇਨਾਮ ਰੱਖੇ ਜਾਂਦੇ ਹਨ। ਇਹ ਪੈਸੇ ਕਿੱਥੋਂ ਆ ਰਿਹਾ, ਇਸਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ, ਪ੍ਰਮੋਟਰ ਆਪਣਾ ਨਾਮ ਚਮਕਾਉਣਾ ਚਾਹੁੰਦੇ ਹਨ, ਪਰ ਖਿਡਾਰੀ ਮਰ ਰਹੇ ਹਨ।”

ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡਾਇਰੈਕਟਰ-ਜਨਰਲ(ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਜੋ ਹੁਣ ਮੌਜੂਦਾ ਸਮੇਂ ਕਾਂਗਰਸ ਪਾਰਟੀ ਦੇ ਆਗੂ ਵੀ ਹਨ,ਉਹ ਕਬੱਡੀ ਵਿੱਚ ਵੱਧ ਰਹੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਮੁੱਖ ਕਾਰਨ “ਸਿਸਟੇਮੈਟਿਕ ਫੇਲੀਅਰ” ਮੰਨਦੇ ਹਨ। ਢਿੱਲੋਂ ਦਲੀਲ ਦਿੰਦੇ ਕਹਿੰਦੇ ਹਨ, “ਅੱਜ ਵੀ ਜਦੋਂ ਪੰਜਾਬ ਵਿੱਚ ਕਿਤੇ ਕੋਈ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਤਾਂ ਪਿੰਡਾਂ ਦੇ ਮੋਹਤਰਬਰ ਬੰਦੇ ਇਕੱਠੇ ਹੋ ਕੇ ਐਲਾਨ ਕਰ ਦਿੰਦੇ ਹਨ ਕਿ ਇਸ ਤਰੀਕ ਨੂੰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਇਸਦੇ ਵਿੱਚ ਕੁਝ ਪਰਵਾਸੀ ਪੰਜਾਬੀ ਸ਼ਾਮਲ ਹੁੰਦੇ ਹਨ।ਪੈਸੇ ਕਿਥੋਂ ਆ ਰਿਹਾ ਹੈ, ਇਸਦੇ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ, ਇਲਾਕੇ ਦੀ ਪੁਲਿਸ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਜਾਂਦਾ, ਕੋਈ ਕਲੀਅਰੈਂਸ ਸਰਟੀਫਿਕੇਟ ਨਹੀਂ ਲਿਆ ਜਾਂਦਾ, ਜਿਸ ਕਾਰਨ ਇਸ ਖੇਡ ਵਿੱਚ ਪੈਸਾ ਭਾਰੂ ਹੋ ਜਾਂਦਾ ਹੈ, ਪੁਲਿਸ ਨੂੰ ਘਟਨਾ ਹੋਣ ਮਗਰੋਂ ਪਤਾ ਲੱਗਦਾ ਹੈ ਕਿ ਇਸ ਇਲਾਕੇ ਵਿੱਚ ਕੋਈ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ।”ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਰਕੇ ਲਾਜ਼ਮੀ ਹੈ ਕਿ ਪੰਜਾਬ ਸਰਕਾਰ ਕਬੱਡੀ ਟੂਰਨਾਮੈਂਟਾਂ ਲਈ ਨਿਯਮ ਤੈਅ ਕਰੇ ਕਿ ਕਬੱਡੀ ਟੂਰਨਾਮੈਂਟ ਕੌਣ ਕਰਵਾ ਸਕਦਾ ਹੈ ਅਤੇ ਕਿੱਥੇ ਕਰਵਾ ਸਕਦਾ ਹੈ।”

ਕਈ ਸਾਲਾਂ ਤੋਂ ਖੇਡ ਪੱਤਰਕਾਰੀ ਨਾਲ ਜੁੜੇ ਜਗਰੂਪ ਸਿੰਘ ਜਰਖੜ ਵੀ ਕਬੱਡੀ ਟੂਰਨਾਮੈਂਟਾਂ ਵਿੱਚ ਵੱਧ ਰਹੀਆਂ ਕਤਲ ਦੀਆਂ ਵਾਰਦਾਤਾਂ ਲਈ ਅਨੁਸ਼ਾਸ਼ਨਹੀਣਤਾ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ।  ਜਗਰੂਪ ਸਿੰਘ ਕਹਿੰਦੇ ਹਨ ਕਿ ਅੱਜ ਤੱਕ ਪੰਜਾਬ ਸਟਾਈਲ ਕਬੱਡੀ ਲਈ ਕੋਈ ਵੀ ਨਿਯਮ ਤੈਅ ਨਹੀਂ ਕੀਤੇ ਗਏ, ਕਬੱਡੀ ਪੰਜਾਬ ਦੀ ਵਿਰਾਸਤੀ ਖੇਡ ਹੈ ਪਰ ਹਜੇ ਤੱਕ ਪੰਜਾਬ ਸਟਾਈਲ ਕਬੱਡੀ ਲਈ ਰਾਸ਼ਟਰੀ ਪੱਧਰ ਉੱਤੇ ਕੋਈ ਵੀ ਪ੍ਰਬੰਧਕੀ ਬਾਡੀ ਨਹੀਂ ਬਣਾਈ ਜਾ ਸਕੀ ਜੋ ਖੇਡ ਲਈ ਨਿਯਮ ਤੈਅ ਕਰੇ। ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।”

ਕਬੱਡੀ ਟੂਰਨਾਮੈਂਟ ਦਾ ਕੋਈ ਵਿਧੀ-ਵਿਧਾਨ ਬਣਾਇਆ ਹੀ ਨਹੀਂ ਗਿਆ, ਰਾਜਨੀਤਕ ਲੀਡਰਾਂ ਨੇ ਕਬੱਡੀ ਕੱਪਾਂ ਵਿੱਚ ਹੁੰਦੇ ਇਕੱਠ ਦਾ ਲਾਹਾ ਲੈਣ ਲਈ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਕੇ ਲਾਲਚੀ ਬਣਾ ਦਿੱਤਾ। ਗੈਰ-ਕਾਨੂੰਨੀ ਪੈਸਾ ਕਬੱਡੀ ਵਿੱਚ ਵੱਧ ਗਿਆ, ਕਬੱਡੀ ਪ੍ਰਮੋਟਰ ਪੈਦਾ ਹੋ ਗਏ, ਜੋ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਕਬੱਡੀ ਨੂੰ ਬਿਨਾਂ ਕਾਨੂੰਨਾਂ ਤੋਂ ਚਲਾ ਰਹੇ ਹਨ। ਪੈਸੇ ਅਤੇ ਹਥਿਆਰਾਂ ਦੇ ਜ਼ੋਰ ਉੱਤੇ ਹੌਲੀ-ਹੌਲੀ ਅਪਰਾਧੀ ਕਬੱਡੀ ਨਾਲ ਜੁੜ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਹੀ ਕਦਮ ਨਾ ਚੁੱਕੇ ਗਏ ਤਾਂ ਕਬੱਡੀ ਖਤਮ ਹੋ ਜਾਵੇਗੀ , ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇ, ਅਜਿਹੇ ਵੱਡੇ ਕੱਪ ਨਾ ਕਰਵਾਏ ਜਾਣ ਜਿੱਥੇ ਪੈਸੇ ਦਾ ਦਬਦਬਾ ਹੋਵੇ। ਛੋਟੀਆਂ ਟੀਮਾਂ ਨੂੰ ਖੇਡਣ ਦੇ ਮੌਕੇ ਦਿੱਤੇ ਜਾਣ, ਇਨਾਮ ਛੋਟੇ ਰੱਖੇ ਜਾਣ, ਖੇਡ ਉੱਤੇ ਧਿਆਨ ਦਿੱਤਾ ਜਾਵੇ, ਇਨਾਮ ਉੱਤੇ ਨਹੀਂ।”

ਖੇਡ ਪੱਤਰਕਾਰ ਜਗਰੂਪ ਸਿੰਘ ਮੰਨਦੇ ਹਨ ਕਿ ਜੇਕਰ ਕੋਈ ਸਰਕਾਰ ਪੰਜਾਬ ਵਿੱਚ ਕਬੱਡੀ ਦੀ ਤਸਵੀਰ ਨੂੰ ਸੁਧਾਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਸੂਬਾ ਪੱਧਰ ਉੱਤੇ ਪੰਜਾਬ ਸਟਾਈਲ ਕਬੱਡੀ ਨੂੰ ਪਛਾਣ ਦਵੇ। ਜ਼ਿਲ੍ਹਾ ਪੱਧਰ ਉੱਤੇ ਕਬੱਡੀ ਦੀਆਂ ਟੀਮਾਂ ਬਣਨ। ਫੇਰ ਰਾਸ਼ਟਰੀ ਪੱਧਰ ਉੱਤੇ ਇੱਕ ਪ੍ਰਬੰਧਕੀ ਢਾਂਚਾ ਪੰਜਾਬ ਸਟਾਈਲ ਕਬੱਡੀ ਦਾ ਤਿਆਰ ਕੀਤਾ ਜਾਵੇ।

“ਉਸਤੋਂ ਬਾਅਦ ਜਿਹੜੇ-ਜਿਹੜੇ ਦੇਸ਼ ਕਬੱਡੀ ਖੇਡਦੇ ਹਨ, ਉਹਨਾਂ ਦੇ ਮੈਂਬਰ ਲੈ ਕੇ ਅੰਤਰਰਾਸ਼ਟਰੀ ਪੱਧਰ ਦਾ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਜਾਵੇ। ਜਿੰਨਾ ਸਮਾਂ ਕਬੱਡੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਏਜੰਡੇ ਹੇਠ ਨਹੀਂ ਹੁੰਦੀ ਉਦੋਂ ਤੱਕ ਕਬੱਡੀ ਦੀ ਤਸਵੀਰ ਨਹੀਂ ਸੁਧਰ ਸਕਦੀ

ਖੇਡ ਵਿਭਾਗ ਨੇ ਇਸ ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਨੌਜਵਾਨਾਂ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

Loading