ਪੰਜਾਬ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਇਕਾਈਆਂ ਹਿੰਦੀ ਭਾਸ਼ੀ ਸੂਬਿਆਂ ਨਾਲ ਸਬੰਧਿਤ ਮਜ਼ਦੂਰਾਂ ਉੱਤੇ ਨਿਰਭਰ ਹੈ। ਪੰਜਾਬ ਵਿੱਚ ਤਿੰਨ ਤਰੀਕੇ ਨਾਲ ਮਜ਼ਦੂਰੀ ਕਰਨ ਲਈ ਪਰਵਾਸੀ ਮਜ਼ਦੂਰ ਦੂਜੇ ਸੂਬਿਆਂ ਤੋਂ ਆਉਂਦੇ ਹਨ।ਪਹਿਲੀ ਕਿਸਮ ਦੇ ਮਜ਼ਦੂਰ ਖੇਤੀ ਕਾਮਿਆਂ ਵਜੋਂ ਆਉਂਦੇ ਹਨ। ਉਨ੍ਹਾਂ ਦਾ ਛਿਮਾਹੀ- ਦਰ ਛਿਮਾਹੀ ਫ਼ਸਲਾਂ ਦੇ ਕੰਮ ਦੇ ਹਿਸਾਬ ਨਾਲ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
ਦੂਜੇ ਕਿਸਮ ਦੇ ਮਜ਼ਦੂਰ, ਸੂਬੇ ਦੀਆਂ ਫ਼ੈਕਟਰੀਆਂ, ਢਾਂਚਾ ਗਤ ਸਹੂਲਤਾਂ ਦੇ ਉਸਾਰੀ ਕਾਰਜਾਂ ਲਈ ਆਉਂਦੇ ਹਨ। ਇਹ ਪੰਜਾਬ ਵਿੱਚ ਵੱਧ ਸਥਾਈ ਤੌਰ ਉੱਤੇ ਰਹਿੰਦੇ ਹਨ।
ਤੀਜੀ ਕਿਸਮ ਘਰੇਲੂ ਕਾਮਿਆਂ, ਰੇਹੜੀ ਫੜੀ ਲਾਉਣ ਵਾਲਿਆਂ ਅਤੇ ਜ਼ਮੀਨਾਂ ਠੇਕੇ ਉੱਤੇ ਲੈ ਕੇ ਖੇਤੀ ਕਰਨ ਜਾਂ ਛੋਟੇ-ਮੋਟੇ ਧੰਦਿਆਂ ਵਾਲਿਆਂ ਦੀ ਹੈ, ਇਹ ਵੀ ਪੰਜਾਬ ਸਥਾਈ ਤੌਰ ਉੱਤੇ ਵੱਸਦੇ ਹਨ।
ਇਨ੍ਹਾਂ ਵਿੱਚ ਬਹੁਗਿਣਤੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਕ ਅਸਲ ਵਿੱਚ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ।
ਸਾਲ 1978 ਵਿੱਚ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ 2.18 ਲੱਖ ਦੇ ਕਰੀਬ ਦੱਸੀ ਗਈ ਸੀ। ਪੰਜਾਬ ਸਰਕਾਰ ਦੇ ਇੱਕ ਸਰਵੇਖਣ ਮੁਤਾਬਕ 50 ਹਜ਼ਾਰ ਦੇ ਕਰੀਬ ਪਰਵਾਸੀ ਮਜ਼ਦੂਰ ਲੁਧਿਆਣਾ ਨੇੜਲੇ ਪਿੰਡ ਸਾਹਨੇਵਾਲ ਵਿੱਚ ਰਹਿੰਦੇ ਹਨ।
ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਲੇਬਰ ਐਂਡ ਇੰਪਲਾਈਮੈਂਟ ਵਿਭਾਗ ਮੁਤਾਬਕ ਸਾਲ 1977 ਤੋਂ ਲੈ ਕੇ ਭਾਰਤ ਦੇ ਦੂਜੇ ਸੂਬਿਆਂ ਵਿੱਚੋਂ ਮਜ਼ਦੂਰਾਂ ਦਾ ਪੰਜਾਬ ਆਉਣ ਦਾ ਰੁਝਾਨ ਨਿਰੰਤਰ ਜਾਰੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਸਾਲ 2015 ਤੱਕ ਪੰਜਾਬੀਆਂ ਦੀ 3 ਕਰੋੜ ਦੀ ਆਬਾਦੀ ਪਿੱਛੇ 37 ਲੱਖ ਪਰਵਾਸੀ ਮਜ਼ਦੂਰ ਦੂਜੇ ਸੂਬਿਆਂ ਤੋਂ ਪੰਜਾਬ ਆ ਕੇ ਪੰਜਾਬ ਇੱਥੇ ਵਸ ਚੁੱਕੇ ਹਨ।ਅੰਕੜਿਆਂ ਮੁਤਾਬਕ ਪੰਜਾਬ ਆ ਕੇ ਵਸਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਸਾਲ 2022 ਦੇ ਅੰਤ ਤੱਕ ਹੋਰ ਵਾਧਾ ਹੋਇਆ ਹੈ।
ਪਰਵਾਸੀ ਕਾਮਿਆਂ ਸਬੰਧੀ ਖੋਜ ਕਰ ਚੁੱਕੇ ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਦਾ ਮੁਤਾਬਕ, "ਪੰਜਾਬ ਦੀ ਖੇਤੀਬਾੜੀ ਪਰਵਾਸੀ ਕਾਮਿਆਂ ਉੱਤੇ ਕਿੰਨੀ ਨਿਰਭਰ ਹੈ ਇਸ ਦੀ ਉਦਾਹਰਨ ਕੋਵਿਡ ਵੇਲੇ ਦੇਖਣ ਨੂੰ ਮਿਲੀ ਸੀ। ਉਸ ਵੇਲੇ ਮਜ਼ਦੂਰਾਂ ਦੀ ਇੰਨੀ ਜ਼ਿਆਦਾ ਕਮੀ ਹੋ ਗਈ ਸੀ ਕਿ ਪੰਜਾਬੀ ਕਿਸਾਨ ਆਪ ਯੂਪੀ ਅਤੇ ਬਿਹਾਰ ਦੇ ਪਿੰਡਾਂ ਵਿੱਚ ਜਾ ਕੇ ਮਜ਼ਦੂਰਾਂ ਨੂੰ ਲੈ ਕੇ ਆਏ ਸਨ।ਉਨ੍ਹਾਂ ਆਖਿਆ ਕਿ ਪੰਜਾਬ ਦੀ ਸਥਾਨਕ ਮਜ਼ਦੂਰਾਂ ਨੇ ਝੋਨੇ ਦੀ ਲੁਆਈ ਇੰਨੀ ਮਹਿੰਗੀ ਕਰ ਦਿੱਤੀ ਸੀ ਜੋ ਕਿਸਾਨਾਂ ਦੇ ਵਿੱਤ ਵਿੱਚ ਨਹੀਂ ਸੀ। ਇਸ ਕਰ ਕੇ ਪੰਜਾਬ ਦੀ ਖੇਤੀਬਾੜੀ ਅਤੇ ਉਦਯੋਗ ਪਰਵਾਸੀਆਂ ਤੋਂ ਬਗ਼ੈਰ ਚੱਲ ਨਹੀਂ ਸਕਦੇ।