ਪੰਜਾਬ ਵਿੱਚ ਸਿੱਖ ਆਬਾਦੀ ਦਾ ਘਟਣਾ: ਇੱਕ ਬਦਲਦੀ ਜਨਸੰਖਿਆ ਦੀ ਚਿੰਤਾ

In ਖਾਸ ਰਿਪੋਰਟ
December 13, 2025

ਪੰਜਾਬ, ਜੋ ਕਿ ਦੁਨੀਆ ਦਾ ਇਕਲੌਤਾ ਸਿੱਖ ਬਹੁਗਿਣਤੀ ਵਾਲਾ ਰਾਜ ਹੈ, ਅੱਜ ਆਪਣੀ ਘੱਟ ਰਹੀ ਜਨਸੰਖਿਆ ਦੀ ਸਮੱਸਿਆ ਨਾਲ ਜੂਝ ਰਿਹਾ ਹੈ। 2011 ਦੀ ਜਨਗਣਨਾ ਅਨੁਸਾਰ ਸਿੱਖਾਂ ਦਾ ਹਿੱਸਾ 57.69 ਫ਼ੀਸਦੀ ਸੀ, ਪਰ ਨਵੇਂ ਅੰਕੜਿਆਂ ਅਨੁਸਾਰ ਇਹ ਹੁਣ 50 ਫ਼ੀਸਦੀ ਤੋਂ ਵੀ ਘੱਟ ਹੋ ਗਿਆ ਹੈ। ਯੂਨਾਈਟਿਡ ਡਿਸਟ੍ਰਿਕਟ ਇਨਫ਼ਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ ਪਲੱਸ (ਯੂ.ਡੀ.ਆਈ.ਐਸ.ਈ.+) ਦੀ 2023-24 ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ 3 ਤੋਂ 7 ਸਾਲ ਦੇ ਬੱਚਿਆਂ ਵਿੱਚ ਸਿੱਖਾਂ ਦਾ ਹਿੱਸਾ ਸਿਰਫ਼ 49 ਫ਼ੀਸਦੀ ਰਹਿ ਗਿਆ ਹੈ, ਜੋ 2011 ਵਿੱਚ 57.69 ਫ਼ੀਸਦੀ ਸੀ। ਇਸ ਤਰ੍ਹਾਂ, ਭਵਿੱਖ ਵਿੱਚ ਸਿੱਖ ਬਹੁਗਿਣਤੀ ਖਤਰੇ ਵਿੱਚ ਹੈ। ਦੂਜੇ ਪਾਸੇ, ਹਿੰਦੂ ਆਬਾਦੀ 38.49 ਫ਼ੀਸਦੀ ਤੋਂ ਵਧ ਕੇ 45.7 ਫ਼ੀਸਦੀ ਹੋ ਗਈ ਹੈ, ਜਦਕਿ ਮੁਸਲਮਾਨਾਂ ਦਾ ਹਿੱਸਾ 1.93 ਫ਼ੀਸਦੀ ਤੋਂ ਤਿੰਨ ਗੁਣਾ ਵਧ ਕੇ 3.4 ਫ਼ੀਸਦੀ ਹੋ ਗਿਆ ਹੈ। ਇਹ ਬਦਲਾਅ ਨਾ ਸਿਰਫ਼ ਸਿੱਖ ਕੌਮ ਲਈ ਚੁਣੌਤੀ ਹੈ, ਸਗੋਂ ਪੰਜਾਬ ਦੀ ਸੱਭਿਆਚਾਰਕ ਅਤੇ ਰਾਜਨੀਤਿਕ ਵਿਰਾਸਤ ਨੂੰ ਵੀ ਖਤਰੇ ਵਿੱਚ ਪਾ ਰਿਹਾ ਹੈ।
ਪ੍ਰਸਿੱਧ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, ‘ਇਹ ਕੋਈ ਸਾਧਾਰਣ ਘਟਨਾ ਨਹੀਂ ਹੈ। ਇਹ ਇੱਕ ਲੰਮੇ ਸਮੇਂ ਦੀ ਪ੍ਰਕਿਰਿਆ ਹੈ ਜਿਸ ਵਿੱਚ ਨੀਵੀਂ ਜਨਨ ਦਰ, ਵਿਦੇਸ਼ਾਂ ਵੱਲ ਪ੍ਰਵਾਸ ਅਤੇ ਅੰਦਰੂਨੀ ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਗਿਣਤੀ ਸ਼ਾਮਲ ਹੈ। ਜੇਕਰ ਹੁਣ ਵੀ ਕੋਈ ਉਪਰਾਲਾ ਨਾ ਹੋਇਆ ਤਾਂ 2050 ਤੱਕ ਪੰਜਾਬ ਵਿੱਚ ਸਿੱਖ ਘੱਟ ਗਿਣਤੀ ਬਣ ਜਾਣਗੇ।’
ਇਤਿਹਾਸਕ ਪਿਛੋਕੜ: ਪੰਜਾਬੀ ਸੂਬੇ ਦੀ ਸਿੱਖੀ ਵਿਰਾਸਤ
1966 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਮੁੱਖ ਤੌਰ ’ਤੇ ਸਿੱਖ ਬਹੁਗਿਣਤੀ ਵਾਲੇ ਰਾਜ ਬਣਾਉਣ ਲਈ ਹੀ ਕੀਤੀ ਗਈ ਸੀ। ਮਾਸਟਰ ਤਾਰਾ ਸਿੰਘ ਵਰਗੇ ਸਿੱਖ ਆਗੂਆਂ ਨੇ ਇਸ ਮੰਗ ਨੂੰ ਉਠਾਇਆ ਸੀ ਤਾਂ ਜੋ ਸਿੱਖ ਕੌਮ ਨੂੰ ਆਪਣਾ ਆਧਾਰ ਮਿਲ ਸਕੇ। 1971 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਸਿੱਖ 60.58 ਫ਼ੀਸਦੀ, ਹਿੰਦੂ 37.13 ਫ਼ੀਸਦੀ ਅਤੇ ਮੁਸਲਿਮ ਸਿਰਫ਼ 0.87 ਫ਼ੀਸਦੀ ਸਨ। ਇਹ ਅੰਕੜੇ ਪੰਜਾਬ ਨੂੰ ਸਿੱਖਾਂ ਦਾ ਘਰ ਬਣਾਉਣ ਦੀ ਸਫ਼ਲਤਾ ਦੱਸਦੇ ਸਨ।
ਪਰ ਇਤਿਹਾਸਕ ਤੌਰ ’ਤੇ ਆਰੀਆ ਸਮਾਜ ਅਤੇ ਜਨਸੰਘ ਵਰਗੀਆਂ ਸੰਗਠਨਾਂ ਨੇ ਪੰਜਾਬੀ ਭਾਸ਼ਾ ਨੂੰ ਹਿੰਦੀ ਨਾਲ ਜੋੜ ਕੇ ਵਿਰੋਧ ਕੀਤਾ, ਜਿਸ ਨਾਲ ਕਈ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਹਰਿਆਣਾ ਅਤੇ ਹਿਮਾਚਲ ਵਿੱਚ ਚਲੇ ਗਏ। ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਤਤਕਾਲੀ ਸਰਸੰਘ ਚਾਲਕ ਐਮ.ਐਸ. ਗੋਲਵਾਲਕਰ ਨੇ 1960 ਵਿੱਚ ਜਲੰਧਰ ਆ ਕੇ ਕਿਹਾ ਸੀ ਕਿ ‘ਪੰਜਾਬੀ ਹਰ ਪੰਜਾਬੀ (ਹਿੰਦੂ ਸਮੇਤ) ਦੀ ਮਾਤ ਭਾਸ਼ਾ ਹੈ।’ ਪਰ ਉਨ੍ਹਾਂ ਦੀ ਸਲਾਹ ਨੂੰ ਅਣਗੌਲਿਆ ਕੀਤਾ ਗਿਆ ਅਤੇ ਨਤੀਜਾ ਇਹ ਹੋਇਆ ਕਿ 1961 ਦੀ ਜਨਗਣਨਾ ਪੰਜਾਬ ਦੇ ਪੁਨਰਗਠਨ ਦਾ ਅਧਾਰ ਬਣੀ।
ਇਸ ਤੋਂ ਬਾਅਦ 2001 ਵਿੱਚ ਸਿੱਖ 59.9 ਫ਼ੀਸਦੀ ਅਤੇ ਹਿੰਦੂ 36.94 ਫ਼ੀਸਦੀ ਹੋ ਗਏ। ਪਰ 2011 ਵਿੱਚ ਸਿੱਖਾਂ ਦਾ ਹਿੱਸਾ 2 ਫ਼ੀਸਦੀ ਘਟ ਕੇ 57.69 ਫ਼ੀਸਦੀ ਹੋ ਗਿਆ, ਜਦਕਿ ਹਿੰਦੂ 38.49 ਫ਼ੀਸਦੀ ਹੋ ਗਏ। 2021 ਦੀ ਜਨਗਣਨਾ ਅਜੇ ਨਹੀਂ ਹੋਈ, ਪਰ ਅੰਦਾਜ਼ੇ ਦੱਸਦੇ ਹਨ ਕਿ ਸਿੱਖ ਹੁਣ 50 ਫ਼ੀਸਦੀ ਤੋਂ ਘੱਟ ਹਨ। ਇਹ ਬਦਲਾਅ ਕਿਵੇਂ ਹੋਇਆ? ਇਸ ਨੂੰ ਸਮਝਣ ਲਈ ਅਸੀਂ ਕਾਰਨਾਂ ਵੱਲ ਵੇਖੀਏ।
ਸਿੱਖ ਆਬਾਦੀ ਘਟਣ ਦੇ ਕਾਰਨ:ਨੀਵੀਂ ਜਨਨ ਦਰ ਅਤੇ ਪ੍ਰਵਾਸ
ਸਿੱਖ ਆਬਾਦੀ ਦਾ ਘਟਣਾ ਮੁੱਖ ਤੌਰ ’ਤੇ ਨੀਵੀਂ ਪ੍ਰਜਨਨ ਦਰ (ਟੀ.ਐਫ਼.ਆਰ.) ਕਾਰਨ ਹੈ। ਨੈਸ਼ਨਲ ਫ਼ੈਮਿਲੀ ਹੈਲਥ ਸਰਵੇ (ਐੱਨ.ਐੱਫ਼.ਐੱਚ.ਐੱਸ.-5, 2019-21) ਅਨੁਸਾਰ ਪੰਜਾਬ ਵਿੱਚ ਸਿੱਖਾਂ ਦੀ ਟੀ.ਐੱਫ਼.ਆਰ. ਸਿਰਫ਼ 1.6 ਹੈ, ਜੋ ਰਿਪਲੇਸਮੈਂਟ ਲੈਵਲ (2.1) ਤੋਂ ਘੱਟ ਹੈ। ਇੱਕ ਔਰਤ ਜਾਂ ਦੰਪਤੀ ਔਸਤਨ 1.6 ਬੱਚੇ ਪੈਦਾ ਕਰ ਰਿਹਾ ਹੈ, ਜਦਕਿ ਆਬਾਦੀ ਨੂੰ ਸਥਿਰ ਰੱਖਣ ਲਈ 2.1 ਚਾਹੀਦਾ ਹੈ। ਦੂਜੇ ਪਾਸੇ, ਰਾਸ਼ਟਰੀ ਤੌਰ ’ਤੇ ਹਿੰਦੂਆਂ ਦੀ ਟੀ.ਐੱਫ਼.ਆਰ. 2.0 ਅਤੇ ਮੁਸਲਿਮਾਂ ਦੀ 2.3 ਹੈ। ਪੰਜਾਬ ਵਿੱਚ ਵੀ ਇਹ ਅੰਤਰ ਵਧ ਰਿਹਾ ਹੈ।
ਪ੍ਰਵਾਸ ਵੀ ਵੱਡਾ ਕਾਰਨ ਹੈ।
ਪਿਊ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ, ਪੰਜਾਬ ਤੋਂ ਵਿਦੇਸ਼ਾਂ ਵੱਲ ਪ੍ਰਵਾਸ ਨੇ ਨੌਜਵਾਨਾਂ ਦੀ ਗਿਣਤੀ ਨੂੰ ਘਟਾਇਆ ਹੈ। ਬਹੁਤ ਸਾਰੇ ਪਿੰਡਾਂ ਵਿਚ ਨੌਜਵਾਨ ਘੱਟ ਨਜ਼ਰ ਆ ਰਹੇ ਹਨ।2024 ਵਿੱਚ ਟਾਈਮਜ਼ ਆਫ਼ ਇੰਡੀਆ ਨੇ ਲਿਖਿਆ ਕਿ ਸਿੱਖ ਨੌਜਵਾਨਾਂ ਦਾ ਵਿਦੇਸ਼ ਜਾਣਾ ਜਨਸੰਖਿਆ ਨੂੰ ਬਦਲ ਰਿਹਾ ਹੈ। ਯੂ.ਡੀ.ਆਈ.ਐਸ.ਈ.+ ਰਿਪੋਰਟ ਵਿੱਚ ਵਿਖਾਇਆ ਗਿਆ ਹੈ ਕਿ 3 ਤੋਂ 8 ਸਾਲ ਦੇ ਸਿੱਖ ਬੱਚਿਆਂ ਵਿੱਚ 8.68 ਫ਼ੀਸਦੀ ਘਟੀ ਹੈ, ਜਦਕਿ ਹਿੰਦੂ ਬੱਚੇ 38.48 ਤੋਂ 45.7 ਫ਼ੀਸਦੀ ਹੋ ਗਏ ਹਨ।
ਅਜਿਹੇ ਹੋਰ ਕਾਰਨ ਵੀ ਹਨ: ਹਵਾ ਅਤੇ ਪਾਣੀ ਦਾ ਪ੍ਰਦੂਸ਼ਣ, ਜੋ ਸਪਰਮ ਕਾਉਾਂਟਅਤੇ ਔਰਜਨ ਰਿਜ਼ਰਵ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੰਜਾਬ ਵਿੱਚ ਪੈਸਟੀਸਾਈਡਾਂ ਦਾ ਵੱਧ ਵਰਤੋਂ ਹਾਰਮੋਨਲ ਅਸੰਤੁਲਨ ਪੈਦਾ ਕਰ ਰਿਹਾ ਹੈ। ਲਾਈਫ਼ਸਟਾਈਲ ਬਦਲਾਅ – ਮੋਟਾਪਾ, ਸ਼ਰਾਬ ਪੀਣਾ ਅਤੇ ਤਣਾਅ – ਵੀ ਜ਼ਿੰਮੇਵਾਰ ਹਨ। ਐੱਨ.ਐੱਫ਼.ਐੱਚ.ਐੱਸ. ਅਨੁਸਾਰ, ਪੰਜਾਬ ਵਿੱਚ ਥਾਇਰਾਇਡ ਅਤੇ ਡਾਇਬਟੀਜ਼ ਵਧ ਰਹੇ ਹਨ, ਜੋ ਬਾਂਝਪਣ ਨੂੰ ਵਧਾਉਂਦੇ ਹਨ।
ਹਿੰਦੂ ਅਤੇ ਮੁਸਲਿਮ ਆਬਾਦੀ ਕਿਉਂ ਵਧ ਰਹੀ ਹੈ?
ਹਿੰਦੂ ਆਬਾਦੀ ਦਾ ਵਧਣਾ ਮੁੱਖ ਤੌਰ ’ਤੇ ਉਨ੍ਹਾਂ ਦੀ ਥੋੜ੍ਹੀ ਵਧੀਆ ਜਨਨ ਦਰ ਅਤੇ ਅੰਦਰੂਨੀ ਪ੍ਰਵਾਸ ਕਾਰਨ ਹੈ। ਐੱਨ.ਐੱਫ਼.ਐੱਚ.ਐੱਸ.-5 ਅਨੁਸਾਰ, ਪੰਜਾਬ ਵਿੱਚ ਹਿੰਦੂਆਂ ਦੀ ਟੀ.ਐੱਫ਼.ਆਰ. 1.8 ਤੋਂ 2.0 ਵਿਚਕਾਰ ਹੈ, ਜੋ ਸਿੱਖਾਂ ਤੋਂ ਵਧੇਰੇ ਹੈ। ਯੂ.ਡੀ.ਆਈ.ਐੱਸ.ਈ.+ ਰਿਪੋਰਟ ਵਿੱਚ ਹਿੰਦੂ ਬੱਚਿਆਂ ਵਿੱਚ 7 ਫ਼ੀਸਦੀ ਵਾਧਾ ਵਿਖਾਇਆ ਗਿਆ ਹੈ।
ਮੁਸਲਿਮ ਆਬਾਦੀ ਦਾ ਵਧਣਾ ਪੂਰਬੀ ਰਾਜਾਂ (ਬਿਹਾਰ, ਯੂ.ਪੀ.) ਤੋਂ ਪ੍ਰਵਾਸੀਆਂ ਕਾਰਨ ਹੈ। 2011 ਵਿੱਚ 1.93 ਫ਼ੀਸਦੀ ਤੋਂ ਵਧ ਕੇ 2024 ਵਿੱਚ 3.4 ਫ਼ੀਸਦੀ ਹੋ ਗਈ। ਇਹ ਪ੍ਰਵਾਸੀ ਉੱਚ ਜਨਨ ਦਰ ਵਾਲੇ ਹਨ – ਰਾਸ਼ਟਰੀ ਤੌਰ ’ਤੇ ਮੁਸਲਿਮ ਟੀ.ਐੱਫ਼.ਆਰ. 2.3 ਹੈ। ਪੰਜਾਬ ਟੁਡੇ ਨਿਊਜ਼ ਨੇ ਲਿਖਿਆ ਕਿ ਯੂ.ਡੀ.ਆਈ.ਐੱਸ.ਈ.+ 2023-24 ਵਿੱਚ ਮੁਸਲਿਮ ਬੱਚਿਆਂ ਦਾ ਹਿੱਸਾ 2.7 ਫ਼ੀਸਦੀ ਤੋਂ ਵਧ ਗਿਆ। ਇਹ ਲੋਕ ਅਕਸਰ ਖੇਤੀਬਾੜੀ ਅਤੇ ਨਿਰਮਾਣ ਵਿੱਚ ਕੰਮ ਕਰਦੇ ਹਨ ਅਤੇ ਰਹਿਣ ਲੱਗ ਪਏ ਹਨ।
ਇਸਾਈ ਆਬਾਦੀ ਵਿੱਚ ਵਾਧਾ ਨਹੀਂ ਹੋਇਆ, ਹਾਲਾਂਕਿ ਧਰਮ ਪਰਿਵਰਤਨ ਦੀਆਂ ਖਬਰਾਂ ਹਨ। ਪਰ ਯੂ.ਡੀ.ਆਈ.ਐੱਸ.ਈ.+ ਅਨੁਸਾਰ ਇਸਾਈ ਬੱਚੇ 1.2 ਫ਼ੀਸਦੀ ਤੋਂ ਵੀ ਘੱਟ ਹਨ।
ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਗਿਣਤੀ: ਸਿੱਖ ਬਹੁਗਿਣਤੀ ਲਈ ਚੁਣੌਤੀ
ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵਧਣ ਨਾਲ ਜਨਸੰਖਿਆ ਵਿੱਚ ਬਦਲਾਅ ਆ ਰਿਹਾ ਹੈ। ਫ਼ਰੰਟਲਾਈਨ ਮੈਗਜ਼ੀਨ ਨੇ ਅਕਤੂਬਰ 2025 ਵਿੱਚ ਲਿਖਿਆ ਸੀ ਕਿ ਬਿਹਾਰ ਅਤੇ ਯੂ.ਪੀ. ਤੋਂ ਆਏ ਮਜ਼ਦੂਰ ਖੇਤੀ, ਨਿਰਮਾਣ ਅਤੇ ਸੇਵਾ ਖੇਤਰ ਨੂੰ ਚਲਾ ਰਹੇ ਹਨ। ਪੰਜਾਬ ਵਿੱਚ 70 ਫ਼ੀਸਦੀ ਅਣਕੁਸ਼ਲ ਮਜ਼ਦੂਰੀ ਇਨ੍ਹਾਂ ਨੇ ਭਰ ਲਈ ਹੈ। ਇਹ ਲੋਕ ਛੋਟੇ ਕਾਰੋਬਾਰ ਕਰ ਰਹੇ ਹਨ ਅਤੇ ਪਰਿਵਾਰ ਧੜਾਧੜ ਪੰਜਾਬ ਵਿਚ ਲਿਆ ਰਹੇ ਹਨ, ਜਿਸ ਨਾਲ ਉਹਨਾਂ ਦੀ ਆਬਾਦੀ ਵਧ ਰਹੀ ਹੈ।
ਰਿਵੀਲਰ ਮੈਗਜ਼ੀਨ ਅਨੁਸਾਰ, ਪੰਜਾਬ ਵਿੱਚ 63 ਫ਼ੀਸਦੀ ਪ੍ਰਵਾਸੀ ਮਜ਼ਦੂਰ ਰੁਪਏ 20,000 ਤੋਂ 50,000 ਕਮਾਉਂਦੇ ਹਨ, ਪਰ ਉਹਨਾਂ ਦੀ ਜਨਨ ਦਰ ਉੱਚੀ ਹੈ। ਇਹ ਚੁਣੌਤੀ ਹੈ ਕਿਉਂਕਿ ਸਿੱਖ ਨੌਜਵਾਨ ਇਨ੍ਹਾਂ ਨੌਕਰੀਆਂ ਨੂੰ ਨਹੀਂ ਕਰਨਾ ਚਾਹੁੰਦੇ ਅਤੇ ਵਿਦੇਸ਼ ਜਾਂਦੇ ਹਨ। ਨਤੀਜਾ, ਸ਼ਹਿਰਾਂ ਵਿੱਚ ਭਈਆਂ ਦੀ ਵਧਦੀ ਹੋਂਦ ਨਾਲ ਸੱਭਿਆਚਾਰਕ ਤਣਾਅ ਵਧ ਰਿਹਾ ਹੈ।
ਇਹ ਪ੍ਰਵਾਸੀ ਆਰਥਿਕ ਤੌਰ ’ਤੇ ਪੰਜਾਬ ਲਈ ਲਾਭਕਾਰੀ ਹਨ, ਪਰ ਜਨਸੰਖਿਆ ਨੂੰ ਬਦਲ ਰਹੇ ਹਨ। ਪੰਜਾਬ ਟੁਡੇ ਨੇ ਲਿਖਿਆ ਕਿ ਇਹ ਚੁੱਪਚਾਪ ਡੈਮੋਗ੍ਰਾਫ਼ਿਕ ਬਦਲਾਅ ਨਾਲ ਉੱਤਰੀ ਭਾਰਤ ਨੂੰ ਨਵਾਂ ਰੂਪ ਦੇ ਰਹੇ ਹਨ।

ਸਿੱਖ ਬੁੱਧੀਜੀਵੀ ਕੀ ਕਹਿੰਦੇ ਹਨ ?: ਨੀਤੀਆਂ ਅਤੇ ਸੁਝਾਅ
ਸਿੱਖ ਬੁੱਧੀਜੀਵੀਆਂ ਵਿੱਚ ਚਿੰਤਾ ਹੈ ਅਤੇ ਉਹ ਸਪੱਸ਼ਟ ਨੀਤੀਆਂ ਦੀ ਮੰਗ ਕਰ ਰਹੇ ਹਨ। ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੇ ਲਿਖਿਆ, ‘ਸਿੱਖ ਆਬਾਦੀ ਘਟਣ ਨਾਲ ਸਾਡੀ ਸੰਸਥਾਗਤ ਸ਼ਕਤੀ ਘੱਟ ਰਹੀ ਹੈ। ਇਹ ਡੈਮੋਗ੍ਰਾਫ਼ਿਕ ਬਦਲਾਅ ਨਾਲ ਭਵਿੱਖ ਖਤਰੇ ਵਿੱਚ ਹੈ।’ ਉਹਨਾਂ ਨੇ ਵਿਦੇਸ਼ੀ ਪ੍ਰਵਾਸ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਵਧ ਰਹੀ ਗਿਣਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਡਾ. ਕੇ.ਬੀ.ਐੱਸ. ਸਿੱਧੂ, ਜੋ ਸਬਸਟੈਕ ’ਤੇ ਲਿਖਦੇ ਹਨ, ਕਹਿੰਦੇ ਹਨ, ‘ਸਿੱਖਾਂ ਨੂੰ ਆਪਣੀ ਪਛਾਣ ਨੂੰ ਮਜ਼ਬੂਤ ਕਰਨ ਲਈ ਲੀਡਰਸ਼ਿਪ ਚਾਹੀਦੀ ਹੈ। ਨੀਵੀਂ ਜਨਨ ਦਰ ਅਤੇ ਪ੍ਰਵਾਸ ਨੂੰ ਰੋਕਣ ਲਈ ਸਿੱਖ ਫ਼ੈਮਿਲੀਆਂ ਨੂੰ 2-3 ਬੱਚਿਆਂ ਦੀ ਨੀਤੀ ਅਪਣਾਉਣੀ ਚਾਹੀਦੀ ਹੈ।’ ਉਹ ਸਿੱਖ ਇੰਸਟੀਚਿਊਟਸ ਨੂੰ ਮਜ਼ਬੂਤ ਕਰਨ ਅਤੇ ਸਿੱਖੀ ਪਛਾਣ ਨੂੰ ਬਚਾਉਣ ਦੀ ਗੱਲ ਕਰਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2020 ਵਿੱਚ ਤੇ ਹੁਣ ਐਕਟਿੰਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸੰਦੇਸ਼ ਵਿੱਚ ਕਿਹਾ ਸੀ ਕਿ ‘ਕੌਮ ਨੂੰ ਆਬਾਦੀ ਘਟਣ ਤੋਂ ਸੁਚੇਤ ਹੋਣਾ ਚਾਹੀਦਾ ਹੈ। ਚੰਗੀ ਆਰਥਿਕ ਹਾਲਤ ਵਾਲੇ ਘਰਾਂ ਨੂੰ 3 ਬੱਚੇ ਅਤੇ ਆਮ ਘਰਾਂ ਨੂੰ 2 ਬੱਚੇ ਪੈਦਾ ਕਰਨੇ ਚਾਹੀਦੇ ਹਨ।’ ਇਹ ਸੁਝਾਅ ਅੱਜ ਵੀ ਪ੍ਰਸੰਗਿਕ ਹੈ।
ਸਿੱਖ ਚਿੰਤਕ ਡਾਕਟਰ ਸਵਰਾਜ ਸਿੰਘ ਨੇ ਕਿਹਾ ਕਿ, ‘ਡੈਮੋਗ੍ਰਾਫ਼ਿਕ ਡਿਕਲਾਈਨ ਨੂੰ ਰੋਕਣ ਲਈ ਸਿੱਖਾਂ ਨੂੰ ਕਿਰਦਾਰ,ਐਜੂਕੇਸ਼ਨ ਅਤੇ ਹੈਲਥਕੇਅਰ ਤੇ ਜਨਸੰਖਿਆ ਵਲ ਧਿਆਨ ਦੇਣਾ ਚਾਹੀਦਾ ਹੈ। ਦਿਹਾਤੀ ਅਰਥਵਿਵਸਥਾ ਨੂੰ ਮਜ਼ਬੂਤ ਕਰੋ ਅਤੇ ਪ੍ਰਵਾਸ ਨੂੰ ਰੋਕੋ।
ਭਵਿੱਖ ਲਈ ਕਾਰਵਾਈ ਦੀ ਲੋੜ
ਪੰਜਾਬ ਦੀ ਲੋਕਸੰਖਿਆ ਬਦਲਾਅ ਸਿਰਫ਼ ਅੰਕੜੇ ਨਹੀਂ, ਸਗੋਂ ਇੱਕ ਕੌਮੀ ਸੰਕਟ ਹੈ। ਏਸ਼ੀਆ ਸਮਾਚਾਰ ਨੇ ਦਸੰਬਰ 2024 ਵਿੱਚ ਲਿਖਿਆ ਕਿ 2025-26 ਦੀ ਜਨਗਣਨਾ ਵਿੱਚ ਸਿੱਖਾਂ ਦਾ ਹਿੱਸਾ ਹੋਰ ਘਟੇਗਾ। ਜੇਕਰ ਸਿੱਖ ਰਹਿਨੁਮਾ ਅਤੇ ਭਾਈਚਾਰਾ ਏਕਤਾ ਨਾਲ ਨਹੀਂ ਉੱਠੇ ਤਾਂ ਪੰਜਾਬੀ ਸੂਬੇ ਦੀ ਸਿੱਖੀ ਵਿਰਾਸਤ ਖਤਮ ਹੋ ਜਾਵੇਗੀ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਆਖਦੇ ਹਨ ਕਿ ਪਰਿਵਾਰ ਵਧਾਓ, ਸਿੱਖੀ ਨੂੰ ਅਪਣਾਓ, ਕਿਰਦਾਰ ਗੁਰਮਤਿ ਅਨੁਸਾਰ ਰਖੋ ਅਤੇ ਪੰਜਾਬ ਨੂੰ ਮਜ਼ਬੂਤ ਬਣਾਓ। ਇਹ ਸਮਾਂ ਚਿੰਤਾ ਕਰਨ ਦਾ ਨਹੀਂ, ਕਾਰਵਾਈ ਕਰਨ ਦਾ ਹੈ। ਜੇਕਰ ਅਸੀਂ ਹੁਣ ਨਹੀਂ ਜਾਗੇ ਤਾਂ ਭਵਿੱਖ ਵਿੱਚ ਕੋਈ ਖੇਤਰ ਨਹੀਂ ਰਹੇਗਾ ਜਿੱਥੇ ਸਿੱਖ ਬਹੁਗਿਣਤੀ ਹੋਵੇ। ਚਰੜ੍ਹਦੀ ਕਲਾ ਵਿੱਚ ਰਹਿਣ ਲਈ, ਸਾਨੂੰ ਨਵੀਂ ਪੀੜ੍ਹੀ ਨੂੰ ਵਧਾਉਣਾ ਪਵੇਗਾ।

Loading