ਪੰਜਾਬ ਵਿੱਚ ਹਾਰ-ਸ਼ਿੰਗਾਰ ਦੇ ਉਤਪਾਦਾਂ ਦਾ ਬਾਜ਼ਾਰ ਸਾਲਾਨਾ ਨੌਂ ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। 2017-18 ਵਿੱਚ ਜਿੱਥੇ ਇਹ ਬਾਜ਼ਾਰ 1640.40 ਕਰੋੜ ਦਾ ਸੀ, ਉੱਥੇ 2023-24 ਵਿੱਚ ਇਹ 9018.13 ਕਰੋੜ ਰੁਪਏ ਦਾ ਹੋ ਗਿਆ ਸੀ। ਸਾਢੇ ਸੱਤ ਸਾਲਾਂ ਵਿੱਚ 41,239 ਕਰੋੜ ਦਾ ਕਾਰੋਬਾਰ ਹੋ ਗਿਆ! ਇਹ ਅੰਕੜੇ ਦੱਸਦੇ ਹਨ ਕਿ ਪੰਜਾਬਣਾਂ ਦੀ ਸੁੰਦਰਤਾ ਪ੍ਰਤੀ ਰੀਝ ਨੇ ਨਵੇਂ ਰਾਹ ਖੋਲ੍ਹੇ ਹਨ। ਜ਼ਿਲ੍ਹਾ ਪਟਿਆਲਾ ਇਸ ਮਾਮਲੇ ਵਿੱਚ ਸਭ ਨੂੰ ਪਿਛੇ ਛਡਦਾ ਨਜ਼ਰ ਆਉਂਦਾ ਜਾਪਦਾ ਹੈ, ਜਿੱਥੇ ਇੱਕ ਕੌਮਾਂਤਰੀ ਬਰਾਂਡ ਨੇ ਸਿਰਫ਼ 2023-24 ਵਿੱਚ 1466.08 ਕਰੋੜ ਦਾ ਕਾਰੋਬਾਰ ਕੀਤਾ।
ਲੁਧਿਆਣਾ (479.34 ਕਰੋੜ) ਅਤੇ ਮੋਹਾਲੀ (200.08 ਕਰੋੜ) ਵੀ ਇਸ ਦੌੜ ਵਿੱਚ ਪਿੱਛੇ ਨਹੀਂ। ਪੰਜਾਬੀ ਔਰਤਾਂ, ਜਿਨ੍ਹਾਂ ਦੀ ਸੁੰਦਰਤਾ ਦੀ ਮਿਸਾਲ ਪੁਰਾਣੇ ਲੋਕ-ਗੀਤਾਂ ਵਿੱਚ ‘ਗੋਰੀਏ ਨੀ ਗੋਰੀਏ, ਤੇਰੇ ਰੂਪ ਦੀ ਚਰਚਾ’ ਵਰਗੇ ਬੋਲਾਂ ਨਾਲ ਮਿਲਦੀ ਸੀ, ਅੱਜ ਆਧੁਨਿਕ ਕਾਸਮੈਟਿਕ ਬਰਾਂਡਾਂ ਦੀਆਂ ਝੰਡੀਆਂ ਚੁੱਕੀਆਂ ਹੋਈਆਂ ਹਨ। ਲਿਪਸਟਿਕ, ਫਾਊਂਡੇਸ਼ਨ, ਆਈ-ਲਾਈਨਰ, ਤੇ ਨੇਲ ਪੌਲਿਸ਼ ਵਰਗੇ ਉਤਪਾਦ ਹੁਣ ਪਿੰਡਾਂ ਦੇ ਬਿਊਟੀ ਸੈਲੂਨਾਂ ਤੱਕ ਪਹੁੰਚ ਗਏ ਹਨ। ਸਕੂਲਾਂ ਦੀਆਂ ਨਿੱਕੀਆਂ-ਨਿੱਕੀਆਂ ਬੱਚੀਆਂ ਵੀ ਮੇਕਅੱਪ ਦੀ ਦੁਨੀਆ ਵਿੱਚ ਗੋਤੇ ਲਾਉਾਂਦੀਆਂਦਿਖਦੀਆਂ ਹਨ।
ਪੰਜਾਬ ਦਾ ਸੁੰਦਰਤਾ ਬਾਜ਼ਾਰ: ਭਾਰਤ ਵਿਚੋਂ ਅੱਗੇ ਕਿਵੇਂ?
ਭਾਰਤ ਦੁਨੀਆ ਦੇ ਕਾਸਮੈਟਿਕ ਬਾਜ਼ਾਰ ਵਿੱਚ ਚੌਥੇ ਸਥਾਨ ’ਤੇ ਹੈ, ਪਰ ਪੰਜਾਬ ਦਾ ਇਸ ਵਿੱਚ ਯੋਗਦਾਨ ਕੋਈ ਛੋਟਾ-ਮੋਟਾ ਨਹੀਂ। ਪੰਜਾਬ ਦੀ ਸੁੰਦਰਤਾ ਬਾਜ਼ਾਰ ਦੀ ਤੇਜ਼ੀ ਦੀਆਂ ਕਈ ਵਜ੍ਹਾਂ ਹਨ। ਪਹਿਲੀ, ਪੰਜਾਬ ਦੀ ਅਰਥਚਾਰੀ, ਜੋ ਖੇਤੀਬਾੜੀ ਅਤੇ ਉਦਯੋਗ ਨਾਲ ਜੁੜੀ ਹੋਈ ਹੈ, ਨੇ ਲੋਕਾਂ ਦੀ ਖਰੀਦ ਸਮਰੱਥਾ ਵਧਾਈ ਹੈ। ਦੂਜੀ, ਸੋਸ਼ਲ ਮੀਡੀਆ ਅਤੇ ਫਿਲਮੀ ਸਿਤਾਰਿਆਂ ਦੀਆਂ ਚਮਕਦੀਆਂ ਤਸਵੀਰਾਂ ਨੇ ਸੁੰਦਰਤਾ ਪ੍ਰਤੀ ਇੱਕ ਨਵਾਂ ਜਨੂੰਨ ਪੈਦਾ ਕੀਤਾ ਹੈ। ਤੀਜਾ, ਵਿਆਹਾਂ ਅਤੇ ਸਮਾਜਕ ਸਮਾਰੋਹਾਂ ਵਿੱਚ ਸੁੰਦਰਤਾ ਉਤਪਾਦਾਂ ਦੀ ਵਰਤੋਂ ਨੇ ਇਸ ਬਾਜ਼ਾਰ ਨੂੰ ਹੁੰਗਾਰਾ ਦਿੱਤਾ ਹੈ।
ਪੰਜਾਬ ਵਿੱਚ 7,571 ਕਾਸਮੈਟਿਕ ਡੀਲਰ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਲੁਧਿਆਣਾ (1420), ਮੋਹਾਲੀ (1042), ਅੰਮ੍ਰਿਤਸਰ (923), ਜਲੰਧਰ (861), ਅਤੇ ਪਟਿਆਲਾ (481) ਵਿੱਚ ਹਨ। ਇਹ ਡੀਲਰ ਨਾ ਸਿਰਫ਼ ਸ਼ਹਿਰੀ ਖੇਤਰਾਂ ਵਿੱਚ, ਸਗੋਂ ਪਿੰਡਾਂ ਵਿੱਚ ਵੀ ਆਪਣੀ ਪਹੁੰਚ ਬਣਾ ਰਹੇ ਹਨ। ਪਟਿਆਲਾ ਦਾ ਬਾਜ਼ਾਰ ਸਭ ਤੋਂ ਵੱਡਾ ਹੈ, ਜਿੱਥੇ ਇੱਕ ਬਰਾਂਡ ਦਾ ਸਾਲਾਨਾ ਕਾਰੋਬਾਰ 1466.08 ਕਰੋੜ ਰੁਪਏ ਤੱਕ ਪਹੁੰਚਿਆ।
ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦਾ ਸੁੰਦਰਤਾ ਬਾਜ਼ਾਰ ਬਾਕੀ ਭਾਰਤ ਦੇ ਮੁਕਾਬਲੇ ਨਾ ਸਿਰਫ਼ ਤੇਜ਼ੀ ਨਾਲ ਵਧ ਰਿਹਾ ਹੈ, ਸਗੋਂ ਕੌਮਾਂਤਰੀ ਬਰਾਂਡਾਂ ਲਈ ਵੀ ਇੱਕ ਵੱਡੀ ਮੰਡੀ ਬਣ ਗਿਆ ਹੈ।
ਵਿਆਹਾਂ ਵਿੱਚ ਸੁੰਦਰਤਾ ੳੁੱਪਰ ਭਾਰੀ ਖਰਚਾ
ਵਿਆਹਾਂ ਵਿੱਚ ਸੁੰਦਰਤਾ ਉਤਪਾਦਾਂ ਦਾ ਖਰਚਾ ਅੱਜ ਕੱਲ੍ਹ ਲੱਖਾਂ ਵਿੱਚ ਪਹੁੰਚ ਗਿਆ ਹੈ। ਇੱਕ ਔਸਤ ਪੰਜਾਬੀ ਵਿਆਹ ਵਿੱਚ ਸੁੰਦਰਤਾ ਉਤਪਾਦਾਂ ’ਤੇ 50,000 ਤੋਂ 2 ਲੱਖ ਰੁਪਏ ਤੱਕ ਖਰਚ ਕੀਤਾ ਜਾਂਦਾ ਹੈ, ਜਿਸ ਵਿੱਚ ਮੇਕਅੱਪ, ਸਕਿਨ ਕੇਅਰ, ਹੇਅਰ ਸਟਾਈਲਿੰਗ, ਅਤੇ ਨੇਲ ਆਰਟ ਸ਼ਾਮਲ ਹੁੰਦੇ ਹਨ। ਇਹ ਖਰਚਾ ਜ਼ਿਆਦਾਤਰ ਔਰਤਾਂ ਦੀ ਸੁੰਦਰਤਾ ਨਾਲ ਜੁੜਿਆ ਹੁੰਦਾ ਹੈ, ਜਿਸ ਵਿੱਚ 70% ਹਿੱਸੇਦਾਰੀ ਔਰਤਾਂ ਦੀ ਹੀ ਹੁੰਦੀ ਹੈ। ਦੁਲਹਨ ਦੀ ਤਿਆਰੀ ਦਾ ਖਰਚਾ ਇਸ ਦਾ ਸਭ ਤੋਂ ਵੱਡਾ ਹਿੱਸਾ ਹੈ। ਇੱਕ ਦੁਲਹਨ ਨੂੰ ਤਿਆਰ ਕਰਨ ਲਈ 20,000 ਤੋਂ 5 ਲੱਖ ਰੁਪਏ ਤੱਕ ਖਰਚ ਕੀਤੇ ਜਾਂਦੇ ਹਨ। ਪ੍ਰੋਫੈਸ਼ਨਲ ਮੇਕਅੱਪ ਆਰਟਿਸਟ, ਜਿਨ੍ਹਾਂ ਦੀ ਫੀਸ 10,000 ਤੋਂ 1 ਲੱਖ ਰੁਪਏ ਤੱਕ ਹੁੰਦੀ ਹੈ, ਨਾਲ ਹੀ ਜੈਵਿਕ ਅਤੇ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ, ਸਪਾ ਟਰੀਟਮੈਂਟ, ਅਤੇ ਡਿਜ਼ਾਈਨਰ ਲਹਿੰਗਿਆਂ ਦੀ ਚਮਕ-ਦਮਕ ਇਸ ਖਰਚੇ ਨੂੰ ਹੋਰ ਵਧਾਉਂਦੀ ਹੈ। ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਵਿਆਹਾਂ ਦੀ ਸੀਜ਼ਨ ਦੌਰਾਨ ਬਿਊਟੀ ਸੈਲੂਨਾਂ ਦੀਆਂ ਬੁਕਿੰਗਜ਼ ਮਹੀਨੇ ਪਹਿਲਾਂ ਹੀ ਪੂਰੀਆਂ ਹੋ ਜਾਂਦੀਆਂ ਹਨ ਪਰ ਇਸ ਚਮਕ-ਦਮਕ ਦੇ ਪਿੱਛੇ ਇੱਕ ਸਵਾਲ ਵੀ ਖੜ੍ਹਾ ਹੁੰਦਾ ਹੈ - ਕੀ ਇਹ ਸੁੰਦਰਤਾ ਸਾਡੇ ਸੱਭਿਆਚਾਰ ਦੀ ਸਾਦਗੀ ਨੂੰ ਢਾਹ ਲਾਉਂਦੀ ਨਹੀਂ? ਪਹਿਲਾਂ ਵਿਆਹਾਂ ਵਿੱਚ ਫੁਲਕਾਰੀ ਵਾਲੀ ਚੁੰਨੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਘਰੇਲੂ ਨੁਸਖਿਆਂ ਨਾਲ ਸੁੰਦਰਤਾ ਨਿਖਾਰੀ ਜਾਂਦੀ ਸੀ। ਅੱਜ ਕੌਮਾਂਤਰੀ ਬਰਾਂਡਾਂ ਦੀ ਚਮਕ ਨੇ ਇਸ ਸਾਦਗੀ ਨੂੰ ਗਹਿਣੇ ਪਾ ਦਿੱਤਾ ਹੈ।
ਸੁੰਦਰਤਾ ਉਤਪਾਦਾਂ ਦਾ ਸਿਹਤ ’ਤੇ ਅਸਰ
ਸੁੰਦਰਤਾ ਉਤਪਾਦਾਂ ਦੀ ਵਰਤੋਂ ਨੇ ਜਿੱਥੇ ਰੂਪ ਨੂੰ ਸੰਵਾਰਿਆ ਹੈ, ਉੱਥੇ ਸਿਹਤ ਨਾਲ ਜੁੜੀਆਂ ਚਿੰਤਾਵਾਂ ਵੀ ਵਧਾਈਆਂ ਹਨ। ਕਈ ਕਾਸਮੈਟਿਕ ਉਤਪਾਦਾਂ ਵਿੱਚ ਪੈਰਾਬੇਨ, ਸਲਫੇਟ, ਅਤੇ ਸਿੰਥੈਟਿਕ ਰਸਾਇਣ ਹੁੰਦੇ ਹਨ, ਜੋ ਚਮੜੀ ’ਤੇ ਅਲਰਜੀ, ਲਾਲੀ, ਜਾਂ ਖਾਰਸ਼ ਦਾ ਕਾਰਨ ਬਣ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਤੇ ਅੰਤਰਰਾਸ਼ਟਰੀ ਡਾਕਟਰੀ ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ, ਲੰਬੇ ਸਮੇਂ ਤੱਕ ਅਜਿਹੇ ਉਤਪਾਦਾਂ ਦੀ ਵਰਤੋਂ ਨਾਲ ਚਮੜੀ ਦੇ ਕੈਂਸਰ, ਹਾਰਮੋਨਲ ਅਸੰਤੁਲਨ, ਅਤੇ ਫਰਟੀਲਿਟੀ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਸਕਦਾ ਹੈ। ਇਸੇ ਤਰ੍ਹਾਂ, ਭਾਰਤੀ ਡਰਮੈਟੋਲੋਜੀ ਸੁਸਾਇਟੀ ਦੀ 2024 ਦੀ ਰਿਪੋਰਟ ਵਿੱਚ ਕਿਹਾ ਗਿਆ ਕਿ 30% ਤੋਂ ਵੱਧ ਔਰਤਾਂ, ਜੋ ਨਿਯਮਤ ਤੌਰ ’ਤੇ ਹੈਵੀ ਮੇਕਅੱਪ ਦੀ ਵਰਤੋਂ ਕਰਦੀਆਂ ਹਨ, ਨੂੰ ਚਮੜੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬੀਅਤ, ਜੋ ਸਾਦਗੀ, ਸਮਰਪਣ, ਅਤੇ ਸਚਾਈ ਦੀ ਪ੍ਰਤੀਕ ਸੀ, ਅੱਜ ਕਾਰਪੋਰੇਟ ਬਾਜ਼ਾਰ ਦੀ ਚਮਕ ਵਿੱਚ ਗੁਆਚਦੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵਿਸ਼ਵ ਸੁੰਦਰੀਆਂ ਅਤੇ ਫਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਨੇ ਨੌਜਵਾਨ ਪੀੜ੍ਹੀ ਨੂੰ ਇੱਕ ਅਜਿਹੀ ਦੌੜ ਵਿੱਚ ਸ਼ਾਮਲ ਕਰ ਦਿੱਤਾ ਹੈ, ਜਿੱਥੇ ਸੁੰਦਰਤਾ ਦੀ ਪਰਿਭਾਸ਼ਾ ਕਾਰਪੋਰੇਟ ਬਰਾਂਡਾਂ ਦੀਆਂ ਇਸ਼ਤਿਹਾਰਬਾਜ਼ੀਆਂ ਨੇ ਤੈਅ ਕਰ ਦਿੱਤੀ ਹੈ।
ਕੀ ਕਰੀਏ? ਸੁੰਦਰਤਾ ਨੂੰ ਸੰਵਾਰੀਏ ਜਾਂ ਜੜ੍ਹਾਂ ਨੂੰ ਸੰਭਾਲੀਏ?
ਇਹ ਸੱਚ ਹੈ ਕਿ ਸੁੰਦਰਤਾ ਉਤਪਾਦਾਂ ਨੇ ਪੰਜਾਬ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਹਨ। ਸਰਕਾਰ ਨੂੰ ਸਾਢੇ ਸੱਤ ਸਾਲਾਂ ਵਿੱਚ 636.66 ਕਰੋੜ ਦਾ ਟੈਕਸ ਮਿਲਿਆ ਅਤੇ ਹਜ਼ਾਰਾਂ ਬਿਊਟੀ ਸੈਲੂਨਾਂ ਨੇ ਨੌਜਵਾਨਾਂ ਨੂੰ ਕੰਮ ਦਿੱਤਾ। ਪਰ ਸਵਾਲ ਇਹ ਹੈ ਕਿ ਕੀ ਅਸੀਂ ਇਸ ਚਮਕ-ਦਮਕ ਦੀ ਦੌੜ ਵਿੱਚ ਆਪਣੀ ਪੰਜਾਬੀ ਪਛਾਣ ਨੂੰ ਨਹੀਂ ਗੁਆ ਰਹੇ?
ਸਾਨੂੰ ਚਾਹੀਦਾ ਹੈ ਕਿ ਅਸੀਂ ਸੁੰਦਰਤਾ ਅਤੇ ਸਿਹਤ ਦਾ ਸੰਤੁਲਨ ਬਣਾਈਏ। ਜੈਵਿਕ ਅਤੇ ਆਯੁਰਵੈਦਿਕ ਉਤਪਾਦਾਂ ਨੂੰ ਤਰਜੀਹ ਦੇਈਏ, ਜੋ ਸਾਡੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਉਣ। ਸਾਡੇ ਪੁਰਾਣੇ ਨੁਸਖੇ - ਜਿਵੇਂ ਹਲਦੀ, ਮੁਲਤਾਨੀ ਮਿੱਟੀ ਅਤੇ ਗੁਲਾਬ ਜਲ - ਅੱਜ ਵੀ ਕੌਮਾਂਤਰੀ ਬਾਜ਼ਾਰ ਵਿੱਚ ਮਕਬੂਲ ਹਨ। ਇਨ੍ਹਾਂ ਨੂੰ ਅਪਣਾ ਕੇ ਅਸੀਂ ਨਾ ਸਿਰਫ਼ ਸਿਹਤਮੰਦ ਰਹਿ ਸਕਦੇ ਹਾਂ, ਸਗੋਂ ਆਪਣੀ ਜੜ੍ਹਾਂ ਨਾਲ ਵੀ ਜੁੜੇ ਰਹਿ ਸਕਦੇ ਹਾਂ। ਸੁੰਦਰਤਾ ਸਿਰਫ਼ ਚਿਹਰੇ ਦੀ ਚਮਕ ਨਹੀਂ, ਸਗੋਂ ਅੰਦਰੂਨੀ ਸਾਦਗੀ ਅਤੇ ਪੰਜਾਬੀਅਤ ਦੀ ਮਹਿਕ ਹੈ। ਪੰਜਾਬ ਦਾ ਸੁੰਦਰਤਾ ਬਾਜ਼ਾਰ ਇੱਕ ਤਰਫ ਜਿੱਥੇ ਅਰਥਚਾਰੇ ਨੂੰ ਮਜ਼ਬੂਤ ਕਰ ਰਿਹਾ ਹੈ, ਉੱਥੇ ਸਾਡੀ ਸੱਭਿਆਚਾਰਕ ਪਛਾਣ ਨੂੰ ਵੀ ਚੁਣੌਤੀ ਦੇ ਰਿਹਾ ਹੈ।
2024-25 ਲਈ, ਭਾਰਤ ਦੇ ਸੁੰਦਰਤਾ ਅਤੇ ਨਿੱਜੀ ਸੰਭਾਲ ਬਾਜ਼ਾਰ ਦਾ ਅੰਦਾਜ਼ਨ ਮੁੱਲ 28 ਅਰਬ ਅਮਰੀਕੀ ਡਾਲਰ (ਲਗਭਗ 2.3 ਲੱਖ ਕਰੋੜ ਰੁਪਏ) ਸੀ, ਅਤੇ ਇਹ 2025-2033 ਦੌਰਾਨ 5.60% ਦੀ ਸੀ.ਏ.ਜੀ.ਆਰ. ਨਾਲ ਵਧ ਕੇ 48.3 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।
![]()
