ਪੰਜਾਬ ਵਿੱਚ ਹਿੰਦੂਤਵੀ,ਅਕਾਲੀ ਰਾਜਨੀਤੀ ਬਨਾਮ ਪੰਥਕ ਰਾਜਨੀਤੀ ਦਾ ਭਵਿੱਖ ਕੀ ਹੈ?

In ਖਾਸ ਰਿਪੋਰਟ
August 25, 2025

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ

ਪੰਜਾਬ, ਜਿਹੜਾ ਭਾਰਤੀ ਸੰਘ ਦਾ ਇਕੱਲਾ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ, ਅੱਜ ਵੀ ਆਪਣੀ ਵਿਲੱਖਣ ਰਾਜਨੀਤਕ ਅਤੇ ਸਮਾਜੀ ਪਛਾਣ ਨਾਲ ਜੂਝ ਰਿਹਾ ਹੈ। ਪੰਜਾਬ ਹਮੇਸ਼ਾ ਕੇਂਦਰ ਵਲੋਂ ਅਨਿਆਂ ਦਾ ਸ਼ਿਕਾਰ ਰਿਹਾ ਹੈ। ਅੱਜ ਪੰਜਾਬ ਤੇ ਸਿੱਖ ਪੰਥ ਵਿਰੋਧੀ ਨੀਤੀਆਂ ਕਾਰਣ ਅਕਾਲੀ ਦਲ ਦੀ ਹੋਂਦ ਖਤਮ ਹੋ ਚੁੱਕੀ ਹੈ। ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਕੋਈ ਰਾਜਨੀਤਕ ਜਮਾਤ ਨਹੀਂ ਬਚੀ।
ਦੂਜੇ ਪਾਸੇ ਹਿੰਦੂ ਰਾਸ਼ਟਰਵਾਦੀ ਰਾਜਨੀਤੀ, ਜੋ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਵਰਗੀਆਂ ਸੰਸਥਾਵਾਂ ਨਾਲ ਜੁੜੀ ਹੋਈ ਹੈ, ਪੰਜਾਬ ਵਿੱਚ ਆਪਣੀਆਂ ਜੜ੍ਹਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਹ ਰਾਜਨੀਤੀ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਨਾਲ ਗਠਜੋੜ ਕਰਕੇ ਸੱਤਾ ਵਿੱਚ ਆਈ ਸੀ। ਇਸ ਦਾ ਪੰਜਾਬ ਵਿੱਚ ਅਕਾਲੀ ਗਠਜੋੜ ਬਿਨਾਂ ਕੋਈ ਭਵਿੱਖ ਨਹੀਂ।
ਸਮੇਂ ਦਾ ਸੱਚ ਇਹ ਹੈ ਕਿ ਧੜਿਆਂ ਵਿੱਚ ਵੰਡੀ ਅਕਾਲੀ ਰਾਜਨੀਤੀ ਇਤਿਹਾਸ ਦੀਆਂ ਕਬਰਾਂ ਵਿੱਚ ਜਜ਼ਬ ਹੋ ਚੁੱਕੀ ਹੈ, ਜਿਸ ਦੇ ਮਰ ਕੇ ਉੱਠਣ ਦੀ ਕੋਈ ਉਮੀਦ ਨਹੀਂ ਜਾਪਦੀ। ਅਕਾਲੀ ਦਲ ਦੀ ਲੀਡਰਸ਼ਿਪ ਕਿਹੜਾ ਕੂਕੁਨੂਸ ਪੰਛੀ ਹੈ ਜੋ ਸੜ,ਬਲ ਕੇ ਤਬਾਹ ਹੋਕੇ ਫ਼ਿਰ ਜੀਅ ਉਠੇਗਾ।
ਕੂਕਨੂਸ ਤਾਂ ਗੁਰੂ ਦਾ ਪੰਥ ਹੈ ਜੋ ਅਨੇਕਾਂ ਘਲੂਘਾਰੇ ਅਤੇ ਜ਼ਾਲਮ ਤਾਕਤਾਂ, ਧਾੜਵੀਆਂ ਦਾ ਸਾਹਮਣਾ ਕਰਦਾ, ਤਬਾਹ ਹੁੰਦਾ, ਨਸਲਕੁਸ਼ੀਆਂ ਕਰਾਉਂਦਾ, ਘਲੂਘਾਰਿਆਂ ਦਾ ਸਾਹਮਣਾ ਕਰਦਾ ਅੱਜ ਵੀ ਅਮਰ ਹੈ। ਅੱਜ ਵੀ ਗੁਰੂ ਪੰਥ ਗੁਰੂ ਦੇ ਆਦਰਸ਼ ਉੱਤੇ ਖੜ੍ਹਾ ਹੈ।
ਅਕਾਲੀ ਦਲ ਦੇ ਵਿਨਾਸ਼ ਦਾ ਇਤਿਹਾਸਕ ਵਰਤਾਰਾ ਅਕਾਲੀ ਲੀਡਰਸ਼ਿਪ ਦੀ ਨਲਾਇਕੀ, ਸਮਝੌਤਾਵਾਦੀ ਵਿਹਾਰ ਅਤੇ ਸੱਤਾ ਦੀ ਲਾਲਸਾ, ਸਿੱਖ ਪੰਥ ਦੇ ਏਜੰਡੇ ਨੂੰ ਅਖੋਂ ਪਰੋਖੇ ਕਰਨ ਤੇ ਸਿੱਖ ਵਿਰੋਧੀਆਂ, ਸਿੱਖ ਨਸਲਕੁਸ਼ੀਆਂ ਦੇ ਜ਼ਿੰਮੇਵਾਰ ਦੋਸ਼ੀਆਂ ਦੇ ਹੱਕ ਵਿੱਚ ਭੁਗਤਣ ਕਾਰਨ ਵਾਪਰਿਆ ਹੈ। ਸਿੱਖ ਪੰਥ ਦੀ ਰੂਹ ਵਿੱਚੋਂ ਅਕਾਲੀ ਦਲ ਖ਼ਤਮ ਹੋ ਚੁੱਕਾ ਹੈ। ਇਹ ਦੁਬਾਰਾ ਜਨਮ ਲਵੇਗਾ, ਇਹ ਅਸੰਭਵ ਜਿਹਾ ਵਰਤਾਰਾ ਜਾਪਦਾ ਹੈ।
ਅਕਾਲੀ ਦਲ ਤੇ ਇਸ ਦੀ ਲੀਡਰਸ਼ਿਪ ਕੋਈ ਕੂਕੁਨੂਸ ਨਹੀਂ ਜੋ ਅੱਗ ਵਿੱਚ ਫ਼ਨਾਹ ਹੋਕੇ ਜੀਉਂਦਾ ਹੋ ਸਕੇ। ਜੋ ਅਕਾਲੀ ਲੀਡਰਸ਼ਿਪ, ਭਾਵੇਂ ਕਿਸੇ ਧੜੇ ਨਾਲ ਸਬੰਧਿਤ ਹੈ ,ਉਹ ਸੱਤਾ ਚਾਹੁੰਦੀ ਹੈ,ਪਰ ਸਿੱਖ ਪੰਥ ਨੂੰ ਇਹਨਾਂ ਅਕਾਲੀਆਂ ਦੀ ਸੱਤਾ ਦਾ ਕੀ ਫ਼ਾਇਦਾ,ਜਿਸ ਦਾ ਮਾੜਾ ਤੇ ਬੱਚੇਖਾਣੀ ਸਿਆਸਤ ਦਾ ਦੁਖਾਂਤਕ ਤਜਰਬਾ ਸਿੱਖ ਕੌਮ ਹੰਡਾ ਚੁੱਕੀ ਹੈ। ਬੇਅਦਬੀਆਂ, ਸੌਦਾ ਕਾਂਡ ਵਿੱਚ ਇਹਨਾਂ ਦੀ ਸ਼ਮੂਲੀਅਤ ਕਿਸੇ ਨੂੰ ਭੁੱਲੀ ਨਹੀਂ।
ਪੰਜਾਬ ਦੀ ਰਾਜਨੀਤੀ ਤੇ ਸਿੱਖ ਪੰਥ ਦੇ ਦੁਖਾਂਤ ਨੂੰ ਸਮਝਣ ਲਈ ਇਤਿਹਾਸ ਵੱਲ ਨਿਗਾਹ ਮਾਰਨੀ ਜ਼ਰੂਰੀ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਨਾਲ ਕੇਂਦਰ ਸਰਕਾਰ ਨੇ ਹਮੇਸ਼ਾ ਅਨਿਆਂ ਕੀਤਾ ਹੈ। ਚਾਹੇ ਰਾਜ ਭਾਸ਼ਾ ਦਾ ਮਸਲਾ ਹੋਵੇ, ਨਦੀਆਂ ਦੇ ਪਾਣੀਆਂ ਦੀ ਵੰਡ ਹੋਵੇ ਜਾਂ ਰਾਜਧਾਨੀ ਚੰਡੀਗੜ੍ਹ ਦਾ ਵਿਵਾਦ, ਪੰਜਾਬ ਨਾਲ ਵਾਰ ਵਾਰ ਵਿਤਕਰਾ ਤੇ ਬੇਇਨਸਾਫ਼ੀ ਕੀਤੀ ਗਈ। 1984 ਵਿੱਚ ਫ਼ੌਜੀ ਹਮਲੇ ਅਤੇ ਇਸ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਨੇ ਸਿੱਖ ਪੰਥ ਨੂੰ ਡੂੰਘੇ ਜ਼ਖਮ ਦਿੱਤੇ ਹਨ।
ਇਸ ਨੇ ਸਿੱਖਾਂ ਵਿੱਚ ਬੇਗਾਨਗੀ, ਨਰਾਜ਼ਗੀ, ਬੇਚੈਨੀ ਨੂੰ ਵਧਾਇਆ ਹੈ ਅਤੇ ਸਿੱਖ ਪੰਥ ਦੇ ਇੱਕ ਧੜੇ ਵਿੱਚ ਅਲੱਗਵਾਦ ਵਰਗੇ ਵਿਚਾਰਾਂ ਨੂੰ ਜਨਮ ਦਿੱਤਾ ਹੈ। ਕਾਂਗਰਸ ਸੱਤਾ ਕਾਲ ਵੇਲੇ ਕੇਂਦਰੀ ਰਾਜਨੀਤੀ ਨੇ ਪੰਜਾਬ ਨਾਲ ਜੁੜੇ ਅੰਦੋਲਨਾਂ ਨੂੰ ਹਿੰਸਾ ਤੇ ਅੱਤਵਾਦ ਨਾਲ ਜੋੜ ਕੇ ਬਦਨਾਮ ਕੀਤਾ ਸੀ। ਜੋ ਵੀ ਪੰਜਾਬ ਦੇ ਹਿੱਤਾਂ ਲਈ ਲੜਦਾ, ਉਸ ਨੂੰ ਦੇਸ਼ ਦਾ ਗੱਦਾਰ ਕਰਾਰ ਦਿੱਤਾ ਜਾਂਦਾ ਸੀ। ਪੰਜਾਬ ਵਿੱਚ ਫ਼ਿਰਕੂ ਗਤੀਵਿਧੀਆਂ ਧਾਰਮਿਕ ਤੇ ਜਾਤੀਵਾਦੀ, ਡੇਰਾਵਾਦ ਦਾ ਉਭਾਰ ਸਿੱਖ ਵਿਰੋਧੀ ਰਾਜਨੀਤੀ ਦਾ ਮਨੋਰਥ ਹੈ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਅਕਾਲੀ ਦਲ ਬਾਦਲ ਦਲ ਤੋਂ ਅਲੱਗ ਚੋਣ ਲੜਕੇ ਪੰਜਾਬ ਵਿੱਚ ਆਪਣਾ ਵੋਟ ਸ਼ੇਅਰ ਵਧਾਇਆ, ਪਰ ਕੋਈ ਸੀਟ ਨਹੀਂ ਜਿੱਤੀ। ਇਹ ਦਰਸਾਉਂਦਾ ਹੈ ਕਿ ਹਿੰਦੂ ਵੋਟ ਨੂੰ ਇੱਕਮੁੱਠ ਕਰਨ ਦੀ ਕੋਸ਼ਿਸ਼ ਪੰਜਾਬ ਵਿੱਚ ਜਾਰੀ ਹੈ, ਪਰ ਸਿੱਖ ਬਹੁਗਿਣਤੀ ਇਸ ਰਾਜਨੀਤੀ ਦੇ ਉਲਟ ਭੁਗਤਦੀ ਹੈ। ਇਸੇ ਕਰਕੇ ਪੰਜਾਬ ਦੀ ਰਾਜਨੀਤੀ ਭਾਰਤ ਦੇ ਬਾਕੀ ਪ੍ਰਾਂਤਾਂ ਤੋਂ ਵੱਖਰਾ ਸਿਆਸੀ ਨੈਰੇਟਿਵ ਤੇ ਸਿਆਸਤ ਸਿਰਜਦੀ ਹੈ।
ਪਰ ਗਲ ਦਿਲਚਸਪ ਹੈ ਕਿ ਅਕਾਲੀ ਦਲ ਨੇ ਭਾਜਪਾ ਦੀ ਪਰੋੜ ਰਾਜਨੀਤੀ ਤੋਂ ਕੁਝ ਨਹੀਂ ਸਿੱਖਿਆ। ਭਾਜਪਾ ਹਿੰਦੂ ਰਾਜਨੀਤੀ ਤੇ ਏਜੰਡਾ ਲੈ ਕੇ ਤੁਰੀ,ਪਰ ਸਭ ਹਿੰਦੂ ਭਾਈਚਾਰੇ ਨੂੰ ਆਪਣੇ ਹੱਕ ਵਿੱਚ ਇਕੱਠਾ ਕੀਤਾ ਤੇ ਕਦੇ ਵੀ ਸੱਤਾ ਦੌਰਾਨ ਹਿੰਦੂ ਭਾਈਚਾਰੇ ਖ਼ਿਲਾਫ਼ ਨਹੀਂ ਖੜੀ ਹੋਈ। ਇਸ ਦੇ ਉਲਟ ਅਕਾਲੀ ਦਲ ਬਾਦਲ ਕਦੇ ਵੀ ਸਿੱਖ ਪੰਥ ਦੇ ਹੱਕ ਵਿਚ ਖੜ੍ਹਾ ਨਹੀਂ ਹੋਇਆ। ਵਾਜਪਾਈ ਸਰਕਾਰ ਦੇ ਹੁੰਦਿਆਂ ਨਾ ਪੰਜਾਬ ਦਾ ਕਰਜ਼ਾ ਮਾਫ਼ ਕਰਾ ਸਕਿਆ, ਨਾ ਬੰਦੀ ਸਿੱਖ ਰਿਹਾਅ ਕਰਾ ਸਕਿਆ। ਭਾਜਪਾ ਨੇ ਅੱਜ ਤਕ ਕਿਸੇ ਪਾਰਟੀ ਨਾਲ ਬਿਨਾਂ ਸ਼ਰਤ ਸਮਝੌਤਾ ਨਹੀਂ ਕੀਤਾ। ਪਰ ਬਾਦਲ ਦਲ ਇੱਕ ਲੱਖ ਸਿੱਖਾਂ ਦੀਆਂ ਸ਼ਹਾਦਤਾਂ ਉਪਰੰਤ ਅਨੰਦਪੁਰ ਮਤੇ ਤੋਂ ਬਾਗੀ ਹੋ ਗਿਆ, ਪੰਜਾਬ ਦੀਆਂ ਮੰਗਾਂ ਮਨਵਾਉਣ ਦੀ ਥਾਂ ਬਿਨਾਂ ਸ਼ਰਤ ਭਾਜਪਾ ਨਾਲ ਗਠਜੋੜ ਕਰਦੇ ਰਹੇ।
ਅਕਾਲੀ ਦਲ ਦੇ ਵਿਰੋਧ ਵਿੱਚ ਪੰਥਕ ਰਾਜਨੀਤੀ
ਅਕਾਲੀ ਦਲ ਦੇ ਢਹਿ ਜਾਣ ਕਾਰਨ ਪੰਥਕ ਰਾਜਨੀਤੀ ਅੰਮ੍ਰਿਤਪਾਲ ਸਿੰਘ ਦੀ ਸਿਆਸਤ ਨਾਲ ਜੁੜ ਕੇ ਉਭਰੀ ਹੈ। ਅੰਮ੍ਰਿਤਪਾਲ ਸਿੰਘ, ਜੋ ਵਾਰਿਸ ਪੰਜਾਬ ਦੇ ਨਾਂ ਹੇਠ ਸਿੱਖ ਯੂਥ ਨੂੰ ਇਕੱਠਾ ਕਰਨ ਵਾਲੇ ਆਗੂ ਹਨ, ਨੂੰ 2023 ਵਿੱਚ ਐੱਨਐੱਸਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਫ਼ਿਰ ਵੀ, ਉਹ 2024 ਵਿੱਚ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਜਿੱਤ ਗਏ ਤੇ ਫ਼ਰੀਦਕੋਟ ਤੋਂ ਸ਼ਹੀਦ ਬੇਅੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਜਿੱਤ ਗਏ। ਇਹ ਜਿੱਤ ਇੱਕ ਤਰ੍ਹਾਂ ਸਿੱਖ ਭਾਈਚਾਰੇ ਦੀ ਬਾਦਲ ਦਲ ਖ਼ਿਲਾਫ਼ ਬਗਾਵਤ ਸੀ। ਜਨਵਰੀ 2025 ਵਿੱਚ ਉਹਨਾਂ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਂ ਨਾਲ ਨਵੀਂ ਪਾਰਟੀ ਲਾਂਚ ਕੀਤੀ, ਜੋ ਪੰਜਾਬ ਦੇ ਖੇਤਰੀ ਹਿੱਤਾਂ ਅਤੇ ਸਿੱਖ ਪਛਾਣ ਨੂੰ ਉਭਾਰਨ ਵੱਲ ਕੇਂਦਰਿਤ ਹੈ। ਇਹ ਰਾਜਨੀਤੀ ਅਕਾਲੀ ਰਾਜਨੀਤੀ ਲਈ ਚੁਣੌਤੀ ਹੈ। ਪਰ ਇਸ ਕੋਲ ਬੋਧਿਕ ਲੀਡਰਸ਼ਿਪ ਦੀ ਘਾਟ ਹੈ।ਇਹ ਸਮਾਂ ਹੀ ਦੱਸੇਗਾ ਕਿ ਇਹ ਪਾਰਟੀ ਕਿੰਨੀ ਕੁ ਸਫ਼ਲ ਹੁੰਦੀ ਹੈ।ਇਸ ਦਾ ਭਵਿੱਖ ਕੀ ਹੈ?
ਦੂਜੇ ਪਾਸੇ, ਖ਼ਾਲਿਸਤਾਨ ਦੇ ਡਰ ਦਾ ਨੈਰੇਟਿਵ ਜੋ ਮਿਥਿਆ ਗਿਆ ਹੈ, ਉਹ ਹਿੰਦੂਤਵ ਰਾਜਨੀਤੀ ਦੇ ਉਭਾਰ ਲਈ ਇੱਕ ਮਜ਼ਬੂਤ ਏਜੰਡਾ ਬਣਿਆ ਹੋਇਆ ਹੈ। ਇਸ ਨੈਰੇਟਿਵ ਦੀ ਉਪਯੋਗਤਾ ਅਸਲ ਵੱਖਵਾਦੀ ਖ਼ਤਰਿਆਂ ਵਿੱਚ ਨਹੀਂ, ਬਲਕਿ ਹਿੰਦੂ ਭਾਈਚਾਰੇ ਨੂੰ ਇਕੱਠਾ ਕਰਨ, ਪੰਜਾਬ ਵਿੱਚ ਰਾਸ਼ਟਰਵਾਦੀ ਸਿਆਸਤ ਸਿਰਜਣ ਵਿੱਚ ਹੈ। ਜਦ ਕਿ ਖ਼ਾਲਿਸਤਾਨ ਅੰਦੋਲਨ ਪੰਜਾਬ ਵਿੱਚ ਨਾਰੇ੍ਹਬਾਜ਼ੀ ਤਕ ਸੀਮਤ ਹੈ।
ਬਾਗੀ ਅਕਾਲੀ ਦਲ ਬਾਦਲ ਰਾਜਨੀਤੀ ਨੂੰ ਨੁਕਸਾਨ ਪਹੁੰਚਾਏਗਾ
ਭਾਰਤ ਦੇ ਹੋਰ ਹਿੱਸਿਆਂ ਵਿੱਚ ਖੇਤਰੀ ਪਾਰਟੀਆਂ ਨੇ ਹਿੰਦੂਤਵ ਦੇ ਕੇਂਦਰੀਕਰਨ ਵਿਰੁੱਧ ਵਿਰੋਧ ਪ੍ਰਦਾਨ ਕੀਤਾ ਹੈ। ਤਾਮਿਲਨਾਡੂ ਵਿੱਚ ਡੀਐੱਮਕੇ, ਬੰਗਾਲ ਵਿੱਚ ਟੀਐੱਮਸੀ ਅਤੇ ਉੱਤਰ ਪ੍ਰਦੇਸ਼ ਵਿੱਚ ਐੱਸ.ਪੀ. ਨੇ ਹਿੰਦੂਤਵੀ ਰਾਜਨੀਤੀ ਨੂੰ ਚੁਣੌਤੀ ਦਿੱਤੀ ਹੈ। ਪਰ ਪੰਜਾਬ ਵਿੱਚ ਖੇਤਰਵਾਦ ਦਾ ਏਜੰਡਾ ਨਹੀਂ ਉਭਰਿਆ। ਇਸ ਦਾ ਕਾਰਨ ਅਕਾਲੀ ਦਲ ਦੀ ਵੰਡੀਆਂ, ਨਿਘਾਰ ਤੇ ਪੰਥਕ ਅਧਾਰ ਗੁਆਉਣਾ ਹੈ। ਅਗਸਤ 2025 ਵਿੱਚ ਅਕਾਲੀ ਦਲ ਵਿੱਚ ਵੱਡੇ ਵਿਵਾਦ ਹੋਏ ਹਨ।
ਅਕਾਲੀ ਰਾਜਨੀਤੀ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਅਤੇ ਬਾਗੀ ਧੜੇ ਵਿੱਚ ਵੰਡ ਹੋ ਗਈ ਹੈ। ਬਾਗੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਹੈ। ਇਹ ਵੰਡ ਬਾਦਲ ਅਕਾਲੀ ਦਲ ਨੂੰ ਹੋਰ ਨੁਕਸਾਨ ਪਹੁੰਚਾਏਗੀ । ਸੱਚ ਇਹ ਵੀ ਹੈ ਕਿ ਖ਼ਾਲਿਸਤਾਨੀ ਧੜਿਆਂ ਵੱਲੋਂ ਅਨੰਦਪੁਰ ਮਤੇ ਦਾ ਵਿਰੋਧ ਕਾਰਨ ਅਕਾਲੀ ਰਾਜਨੀਤੀ ਤੇ ਖੇਤਰੀ ਏਜੰਡੇ ਦਾ ਨੁਕਸਾਨ ਹੋਇਆ ਹੈ। ਜਦ ਕਿ ਪੰਜਾਬ ਨੂੰ ਖੇਤਰੀ ਏਜੰਡੇ ਤੇ ਖੇਤਰੀ ਰਾਜਨੀਤਕ ਪਾਰਟੀ ਦੀ ਲੋੜ ਹੈ।
ਪੰਜਾਬ ਦੀ ਸਾਂਝੀ ਰਾਜਨੀਤੀ ਖ਼ਲਾਅ ਵਿੱਚ ਕਿਉਂ?
ਤੀਸਰਾ ਕਾਰਨ ਪੰਜਾਬ ਦੀ ਧਾਰਮਿਕ ਅਤੇ ਜਾਤੀ ਵੰਡ ਹੈ। ਪੰਜਾਬ ਵਿੱਚ ਸਿੱਖ, ਹਿੰਦੂ, ਦਲਿਤ ਅਤੇ ਹੋਰ ਭਾਈਚਾਰੇ ਵੱਖ ਵੱਖ ਰਾਜਨੀਤਕ ਏਜੰਡੇ ਉੱਤੇ ਵੰਡੇ ਹੋਏ ਹਨ। ਇਸੇ ਕਰਕੇ ਪੰਜਾਬ ਦਾ ਸਾਂਝਾ ਸਿਆਸੀ ਏਜੰਡਾ ਨਹੀਂ ਬਣ ਸਕਿਆ। ਇਸ ਕਾਰਣ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਅਕਾਲੀ ਧੜੇ ਖੇਤਰਵਾਦ ਨੂੰ ਮਜ਼ਬੂਤ ਕਰਨ ਦੀ ਬਜਾਏ ਭਾਜਪਾ ਨਾਲ ਗੱਠਜੋੜ ਕਰਨ ਲਈ ਪੱਬਾਂ ਭਾਰ ਹਨ। ਉਹਨਾਂ ਦੀ ਇੱਛਾ ਵੀ ਇਹੀ ਹੈ। ਇਹ ਆਪ ਹਾਈ ਕਮਾਂਡ ਨੂੰ ਪਹੁੰਚ ਕਰ ਰਹੇ ਹਨ ਸਾਡੇ ਨਾਲ ਸਮਝੌਤਾ ਕੀਤਾ ਜਾਵੇ। ਖੇਤਰੀ ਏਜੰਡਾ ਤੇ ਉਸ ਉਪਰ ਪਹਿਰੇਦਾਰੀ ਅਕਾਲੀ ਰਾਜਨੀਤੀ ਦਾ ਮਨੋਰਥ ਨਹੀਂ ਰਿਹਾ। ਇਸ ਕਾਰਨ ਸਿੱਖ ਅਤੇ ਪੰਜਾਬੀ ਇਨ੍ਹਾਂ ਉੱਤੇ ਵਿਸ਼ਵਾਸ ਨਹੀਂ ਕਰਦੇ। ਭਾਜਪਾ ਇਨ੍ਹਾਂ ਦੇ ਸਿਆਸੀ ਨਿਘਾਰ ਕਾਰਨ ਇਨ੍ਹਾਂ ਅਕਾਲੀ ਧੜਿਆਂ ਨਾਲ ਹਾਲ ਦੀ ਘੜੀ ਸਮਝੌਤਾ ਕਰਨ ਨੂੰ ਤਿਆਰ ਨਹੀਂ।
ਕਿਸਾਨ ਯੂਨੀਅਨਾਂ ਵਿਚੋਂ ਖੇਤਰੀ ਸਿਆਸਤ ਦਾ ਉਭਾਰ ਮੁਸ਼ਕਿਲ
ਹਾਲਾਂ ਕਿ ਕਿਸਾਨ ਅੰਦੋਲਨ ਕੇਂਦਰੀ ਰਾਜਨੀਤੀ ਲਈ ਚੈਲਿੰਜ ਹੈ। 2020-21 ਦੇ ਅੰਦੋਲਨ ਨੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸਨ। 2024-25 ਵਿੱਚ ਵੀ ਕਿਸਾਨ ਅੰਦੋਲਨ ਜਾਰੀ ਰਿਹਾ ਸੀ। ਐੱਮ.ਐੱਸ.ਪੀ. ਦੀ ਗਰੰਟੀ, ਕਰਜ਼ਾ ਮੁਆਫ਼ੀ ਅਤੇ ਭੂਮੀ ਨੀਤੀਆਂ ਵਿਰੁੱਧ ਪ੍ਰਦਰਸ਼ਨ ਹੁਣ ਵੀ ਹੋ ਰਹੇ ਹਨ। ਮਾਰਚ 2025 ਵਿੱਚ ਪੰਜਾਬ ਪੁਲਿਸ ਨੇ ਕਿਸਾਨ ਮੋਰਚਾ ਡੰਡੇ ਦੀ ਤਾਕਤ ਨਾਲ ਖਿੰਡਾਅ ਦਿੱਤਾ ਸੀ , ਲੀਡਰਸ਼ਿਪ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ। ਅਗਸਤ 2025 ਵਿੱਚ ਪੰਜਾਬ ਸਰਕਾਰ ਨੂੰ ਕਿਸਾਨ ਅੰਦੋਲਨ ਕਾਰਨ ਲੈਂਡ ਪੁਲਿੰਗ ਪਾਲਿਸੀ 2025 ਵਾਪਸ ਲੈਣੀ ਪਈ ਸੀ, ਜਿਸ ਨੂੰ ਕਿਸਾਨਾਂ ਨੇ ਲੋਕਾਂ ਦੀ ਜਿੱਤ ਕਿਹਾ ਸੀ। ਪਰ ਵੱਖ ਵੱਖ ਧੜਿਆਂ ਵਿੱਚ ਵੰਡੀ ਕਿਸਾਨ ਰਾਜਨੀਤੀ ਆਪਣੀ ਖੇਤਰੀ ਪਾਰਟੀ ਸਿਰਜਣ ਅਤੇ ਅਗਵਾਈ ਕਰਨ ਤੋਂ ਅਸਮਰੱਥ ਹੈ। ਇਸ ਵੱਲੋਂ ਪਹਿਲਾਂ ਵੀ ਰਾਜਨੀਤੀ ਸਿਰਜਣ ਦੇ ਤਜਰਬੇ ਫ਼ੇਲ੍ਹ ਹੋ ਚੁੱਕੇ ਹਨ ।
ਪੰਜਾਬ ਨੂੰ ਖੇਤਰੀ ਰਾਜਨੀਤੀ ਦੀ ਲੋੜ
ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਰਾਜਨੀਤੀ ਦੀ ਲੋੜ ਹੈ, ਜੋ ਧਾਰਮਿਕ ਅਤੇ ਜਾਤੀ ਵੰਡ ਤੋਂ ਉੱਪਰ ਉੱਠ ਕੇ ਪੰਜਾਬ ਦੇ ਆਰਥਿਕ, ਸਮਾਜੀ ,ਬੋਲੀ ਭਾਸ਼ਾ ਅਤੇ ਸੱਭਿਆਚਾਰਕ ਹਿੱਤਾਂ ਨੂੰ ਸੁਰੱਖਿਅਤ ਕਰੇ। ਪੰਜਾਬ ਨੂੰ ਇੱਕਮੁੱਠ ਹੋ ਕੇ ਆਪਣੀ ਖੇਤਰੀ ਰਾਜਨੀਤੀ ਸਿਰਜਣੀ ਚਾਹੀਦੀ ਹੈ। ਨਵੇਂ ਅਕਾਲੀ ਦਲ ਕੋਲ ਵੀ ਬਾਦਲ ਦਲ ਤੋਂ ਟੁੱਟ ਕੇ ਗਏ ਲੀਡਰ ਹਨ, ਜਿਨ੍ਹਾਂ ਦੀ ਮੌਕਾਪ੍ਰਸਤੀ ਤੋਂ ਪੰਥ ਤੇ ਪੰਜਾਬ ਪਹਿਲਾਂ ਹੀ ਨਿਰਾਸ਼ ਹੈ। ਉਹ ਪੰਜਾਬ ਦਾ ਨਵਾਂ ਏਜੰਡਾ ਸਿਰਜ ਕੇ ਖੇਤਰੀ ਰਾਜਨੀਤੀ ਸਿਰਜ ਸਕੇ, ਇਹ ਪੰਜਾਬੀਆਂ ਤੇ ਸਿੱਖ ਪੰਥ ਨੂੰ ਸੁਪਨਿਆਂ ਵਰਗਾ ਜਾਪਦਾ ਹੈ। ਇਹਨਾਂ ਕੋਲ ਤਾਮਿਲਨਾਡੂ ਵਰਗੇ ਸਟਾਲਿਨ, ਬੰਗਾਲ ਦੀ ਮਮਤਾ ਬੈਨਰਜੀ ਵਰਗਾ ਲੀਡਰ ਨਹੀਂ ਹੈ ਤੇ ਨਾ ਹੀ ਪੰਜਾਬ ਦੀ ਯੋਗ ਤੇ ਆਦਰਸ਼ਕ ਅਗਵਾਈ ਦੀ ਇੱਛਾ।

Loading