ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਨਹੀਂ ਹੋਵੇਗੀ। ਦਿਲਜੀਤ ਨੇ ਖੁਦ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ, ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਸਨ। ਇਸਦੀ ਰਿਲੀਜ਼ ਨੂੰ ਲੈ ਕੇ ਭਾਰਤ ਵਿੱਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ। ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝਾ ਕੀਤਾ – ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ‘ਪੰਜਾਬ 95’ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਕੁਝ ਹਾਲਾਤਾਂ ਦੇ ਕਾਰਨ ਜੋ ਸਾਡੇ ਕੰਟਰੋਲ ਤੋਂ ਬਾਹਰ ਹਨ। ਇਹ ਫਿਲਮ ਪਹਿਲਾਂ ਹੀ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਸੀ।
ਪਿਛਲੇ ਹਫਤੇ ਜਦੋਂ ਦਿਲਜੀਤ ਨੇ ਪੰਜਾਬ 95 ਰਿਲੀਜ਼ ਦਾ ਟੀਜ਼ਰ ਯੂ ਟਿਊਬ ‘ਤੇ ਰਿਲੀਜ਼ ਕੀਤਾ ਤਾਂ ਕੁਝ ਹੀ ਘੰਟਿਆਂ ਦੇ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਸੀ । ਸੈਂਸਰ ਬੋਰਡ ਨੇ ਫਿਲਮ ‘ਤੇ 120 ਕੱਟ ਦੇ ਨਾਲ ਰਿਲੀਜ਼ ਕਰਨ ਲਈ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਫਿਲਮ ਦਾ ਨਾਂ ਸਤਲੁਜ ਰੱਖਣ ਲਈ ਵੀ ਕਿਹਾ ਸੀ । ਪਰ ਪ੍ਰੋਡੂਸਰਾਂ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਫਿਲਮ ਦੀ ਅਸਲੀ ਕਹਾਣੀ ਖਤਮ ਹੋ ਜਾਵੇਗੀ।
ਦਿਲਜੀਤ ਦੀ ਫਿਲਮ ਪੰਜਾਬ 95 ਸਭ ਤੋਂ ਵੱਡੇ ਮਨੁੱਖੀ ਅਧਿਕਾਰਾ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ ਜਿੰਨਾਂ ਨੇ ਪੰਜਾਬ ਵਿੱਚ 80 ਅਤੇ 90 ਦੇ ਦਹਾਕਿਆਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਦੀਆਂ ਅਵਾਜ਼ ਚੁੱਕੀ ਸੀ । ਦਿਲਜੀਤ ਫਿਲਮ ਪੰਜਾਬ 95 ਵਿੱਚ ਜਸਵੰਤ ਸਿੰਘ ਖਾਲੜਾ ਦਾ ਰੋਲ ਹੀ ਅਦਾ ਕਰ ਰਹੇ ਹਨ।
ਖਾਲੜਾ ਪਰਿਵਾਰ ਨੇ ਅਫ਼ਸੋਸ ਜਤਾਇਆ ਹੈ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ-ਸੈਂਸਰ ਬੋਰਡ (ਸੀਬੀਐੱਫ਼ਸੀ) ਨੇ ਫ਼ਿਲਮ ਦੇ ਕੁਝ ਹਵਾਲਿਆਂ ਉੱਤੇ ਇਤਰਾਜ਼ ਜਤਾਉਂਦਿਆਂ 120 ਕੱਟ ਲਾਉਣ ਦੀ ਮੰਗ ਕੀਤੀ ਸੀ ਜੋ ਸਾਨੂੰ ਮਨਜੂਰ ਨਹੀਂਂ।ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵਲੋਂ ਸਾਂਝੀ ਕੀਤੀ ਗਈ ਇਸ ਪੋਸਟ ਮੁਤਾਬਕ ਸੈਂਸਰ ਬੋਰਡ ਨੇ ਫ਼ਿਲਮ ਵਿੱਚ ਕੁਝ ਹੋਰ ਬਦਲਾਅ ਵੀ ਸੁਝਾਏ ਹਨ ਜਿਵੇਂ ਕਿ ਜਸਵੰਤ ਸਿੰਘ ਖਾਲੜਾ ਦਾ ਨਾਮ ਨਾ ਵਰਤਿਆ ਜਾਵੇ, ਗੁਰਬਾਣੀ ਦਾ ਉਚਾਰਣ ਹਟਾਇਆ ਜਾਵੇ, ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ, ਲਾਵਾਰਸ ਲਾਸ਼ਾਂ ਦੇ ਅੰਕੜੇ ਅਤੇ ਉਨ੍ਹਾਂ ਥਾਵਾਂ ਦੇ ਨਾਮ ਜਿੱਥੇ ਇਹ ਘਟਨਾਵਾਂ ਵਾਪਰੀਆਂ, ਹਟਾਏ ਜਾਣ।
ਪਰਿਵਾਰ ਸੈਂਸਰ ਬੋਰਡ ਵਲੋਂ ਸੁਝਾਏ ਗਏ ਬਦਲਾਵਾਂ ਨਾਲ ਸਹਿਮਤ ਨਹੀਂ ਅਤੇ ਫ਼ਿਲਮ ਜਿਸ ਤਰੀਕੇ ਨਾਲ ਬਣੀ ਹੈ ਉਸੇ ਤਰ੍ਹਾਂ ਰਿਲੀਜ਼ ਹੋਣ ਦੀ ਮੰਗ ਕਰਦਾ ਹੈ।ਪਰਮਜੀਤ ਕੌਰ ਨੇ ਕਿਹਾ ਕਿ ਸੀਬੀਐੱਫ਼ਸੀ ਵੱਲੋਂ ਫ਼ਿਲਮ ਵਿੱਚ ਜਿਹੜੇ ਬਦਲਾਅ ਕਰਨ ਲਈ ਕਿਹਾ ਗਿਆ ਹੈ, ਫ਼ਿਲਮ ਵਿੱਚ ਦਰਸਾਈਆਂ ਗਈਆਂ ਉਹ ਘਟਨਾਵਾਂ ਜਨਤਕ ਦਸਤਾਵੇਜ਼ਾਂ (ਅਖ਼ਬਾਰਾਂ ਅਤੇ ਅਦਾਲਤੀ ਰਿਕਾਰਡ) ਵਿੱਚੋਂ ਲਈਆਂ ਗਈਆਂ ਹਨ।
ਉਨ੍ਹਾਂ ਨੇ ਇਨ੍ਹਾਂ ਬਦਲਾਵਾਂ ਨੂੰ, “ਭਾਰਤ ਸਰਕਾਰ ਅਤੇ ਸੈਂਸਰ ਬੋਰਡ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਭਾਰਤ ਦੇ ਸੁਪਰੀਮ ਕੋਰਟ ਵਲੋਂ ਪ੍ਰਮਾਣਿਤ ਕੀਤੇ ਤੱਥਾਂ ਅਤੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਬਦਲਣ ਦੀ ਕੋਸ਼ਿਸ਼” ਦੱਸਿਆ ਹੈ।
ਪਰਮਜੀਤ ਕੌਰ ਖਾਲੜਾ ਨੇ ਇਲਜ਼ਾਮ ਲਾਇਆ ਸੀ ਕਿ ਫ਼ਿਲਮ ਕੈਨੇਡਾ ਦੇ ਟੋਰਾਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (2023) ਲਈ ਚੁਣੀ ਗਈ ਸੀ ਪਰ ਇਸ ਨੂੰ ਉੱਥੇ ਦਿਖਾਉਣ ਨਹੀਂ ਦਿੱਤਾ ਗਿਆ।ਪਰਿਵਾਰ ਨੇ ਸੀਬੀਐੱਫ਼ਸੀ ਨੂੰ ਅਪੀਲ ਕੀਤੀ ਹੈ ਕਿ ਫ਼ਿਲਮ ਵਿੱਚ ਦਿਖਾਏ ਗਏ ਇਤਿਹਾਸਿਕ ਤੱਥ ਸਾਬਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਾ ਬਦਲਿਆ ਜਾਵੇ।
ਸਿੱਖ ਚਿੰਤਕ ਗੁਰਤੇਜ ਸਿੰਘ ਨੇ ਇਸ ਫ਼ਿਲਮ ‘ਪੰਜਾਬ 95’ ਨਾਲ ਜੁੜੇ ਵਿਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਆਸੀ ਅਤੇ ਇਤਿਹਾਸਕ ਵਿਸ਼ਿਆਂ ਉੱਤੇ ਬਣਨ ਵਾਲੀਆਂ ਫ਼ਿਲਮਾਂ ਬਾਰੇ ਸੈਂਸਰ ਬੋਰਡ ਦੇ ਮਾਪਦੰਡ ਵੱਖਰੇ ਹੋਣੇ ਚਾਹੀਦੇ ਹਨ।ਉਨ੍ਹਾਂ ਕਿਹਾ,“ਇਹ ਫ਼ਿਲਮ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਲੜੇ ਸਿੱਖ ਕਾਰਕੁੰਨ ਜਸਵੰਤ ਸਿੰਘ ਖਾਲੜਾ ਬਾਰੇ ਹੈ ਨਾ ਕਿ ਰੋਚਿਕ ਡਰਾਮਾ ਕਿ ਇਸ ਦੇ ਤਥ ਤੇ ਮੂਲ ਬਦਲ ਦਿਤਾ ਜਾਵੇ।