ਪੰਜ ਵਰ੍ਹਿਆਂ ਵਿਚ ‘ਬੁਲੇਟ ਤੇ ਥਾਰ’ ਦਾ ਸ਼ੌਕੀਨ ਪੰਜਾਬੀਆਂ ਨੇ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਖ਼ਰਚੇ

In ਖਾਸ ਰਿਪੋਰਟ
February 06, 2025
ਪੰਜ ਵਰ੍ਹਿਆਂ ਵਿਚ ‘ਬੁਲੇਟ ਤੇ ਥਾਰ’ ਦਾ ਸ਼ੌਕੀਨ ਪੰਜਾਬੀਆਂ ਨੇ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਖ਼ਰਚ ਦਿੱਤੇ ਹਨ। ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੇ ਅਕਤੂਬਰ 2020 ਵਿਚ ਥਾਰ ਜੀਪ ਨੂੰ ਲਾਂਚ ਕੀਤਾ ਸੀ।ਪੰਜਾਬੀਆਂ ਨੂੰ ਗੱਡੀਆਂ ਦਾ ਸ਼ੌਂਕ ਤਾਂ ਹੁੰਦਾ ਹੈ, ਪਰ ਥਾਰ ਨੂੰ ਲੈ ਕੇ ਇਨ੍ਹਾਂ ਦੀ ਦਿਵਾਨਗੀ ਤਾਂ ਵੇਖਦਿਆਂ ਹੀ ਬਣਦੀ ਹੈ। ਥਾਰ ਗੱਡੀ ਥੱਲੇ ਹੋਵੇ ਤੇ ਪੰਜਾਬੀ ਗਭਰੂ ਉਸ ਨੂੰ ਚਲਾ ਰਿਹਾ ਹੋਵੇ ਤਾਂ ਬੱਸ ਫਿਰ ਹੋਰ ਕੀ ਚਾਹੀਦਾ ਹੈ। ਪੰਜਾਬੀ ਗਾਣੇ ਅਤੇ ਫਿਲਮਾਂ ਵਿੱਚ ਵੀ ਥਾਰ ਦਾ ਕ੍ਰੇਜ ਬਹੁਤ ਜ਼ਿਆਦਾ ਹੁੰਦਾ ਹੈ। ਸਾਲ 2020-21 ਤੋਂ ਅਕਤੂਬਰ 2024 ਤੱਕ ਸਮੁੱਚੇ ਦੇਸ਼ ਵਿਚ 2.07 ਲੱਖ ਥਾਰ ਜੀਪਾਂ ਦੀ ਵਿਕਰੀ ਹੋਈ ਹੈ, ਜਦੋਂ ਕਿ ਇਕੱਲੇ ਪੰਜਾਬ ਵਿਚ ਇਨ੍ਹਾਂ ਪੰਜ ਵਰ੍ਹਿਆਂ ’ਚ 24,794 ਥਾਰ ਜੀਪਾਂ ਵਿਕੀਆਂ। ਪਹਿਲਾਂ ਤਿੰਨ ਤਾਕੀਆਂ ਵਾਲੀ ਅਤੇ ਹੁਣ ਪੰਜ ਤਾਕੀਆਂ ਵਾਲੀ ਥਾਰ ਬਾਜ਼ਾਰ ਵਿਚ ਹੈ। ਥਾਰ ਦੀ ਕੀਮਤ 13 ਲੱਖ ਤੋਂ 20 ਲੱਖ ਤੱਕ ਦੱਸੀ ਜਾ ਰਹੀ ਹੈ। ਸਾਲ 2024 ਦੇ ਨਵੰਬਰ ਮਹੀਨੇ ਤੱਕ ਪੰਜਾਬ ਵਿਚ 5211 ਥਾਰ ਜੀਪਾਂ ਦੀ ਵਿਕਰੀ ਹੋਈ ਹੈ, ਜਦੋਂ ਕਿ ਸਾਲ 2023-24 ਵਿਚ 8951 ਥਾਰ ਜੀਪਾਂ ਵਿਕੀਆਂ ਸਨ। ਸਾਲ 2020-21 ਵਿਚ ਸਿਰਫ਼ 708 ਥਾਰ ਜੀਪਾਂ ਸੂਬੇ ਵਿਚ ਵਿਕੀਆਂ ਸਨ। ਇੰਝ ਹੀ ਸਾਲ 2021-22 ਵਿਚ 4354 ਅਤੇ ਸਾਲ 2022-23 ਵਿਚ 5570 ਥਾਰ ਜੀਪਾਂ ਦੀ ਵਿਕਰੀ ਹੋਈ। ਪ੍ਰਤੀ ਜੀਪ 15 ਲੱਖ ਦਾ ਖ਼ਰਚਾ ਵੀ ਮੰਨੀਏ ਤਾਂ ਇਨ੍ਹਾਂ ਪੰਜ ਵਰ੍ਹਿਆਂ ਵਿਚ 3719.10 ਕਰੋੜ ਰੁਪਏ ਖ਼ਰਚ ਕੀਤੇ। ਸਾਲ 2023-24 ਵਿਚ ਇਕੱਲੀ 13.71 ਫ਼ੀਸਦੀ ਥਾਰ ਦੀ ਵਿਕਰੀ ਪੰਜਾਬ ਵਿਚ ਰਹੀ ਹੈ। ਰਾਇਲ ਇਨਫੀਲਡ (ਬੁਲੇਟ) ਦੀ ਸਦਾਬਹਾਰ ਮੰਗ ਪੰਜਾਬ ਵਿਚ ਰਹੀ ਹੈ। ਪੰਜਾਬ ਵਿਚ ਮੌਜੂਦਾ ਸਮੇਂ ਵਿਚ 5.01 ਲੱਖ ਬੁਲੇਟ ਮੋਟਰਸਾਈਕਲ ਰਜਿਸਟਰਡ ਹਨ, ਜਦੋਂ ਕਿ ਲੰਘੇ ਪੰਜ ਸਾਲਾਂ ’ਚ 1.90 ਲੱਖ ਬੁਲੇਟ ਵਿਕੇ ਹਨ। ਬੁਲੇਟ ਮੋਟਰਸਾਈਕਲ ਆਨ ਰੋਡ ਘੱਟੋ ਘੱਟ ਪੌਣੇ ਦੋ ਲੱਖ ਰੁਪਏ ’ਚ ਪੈਂਦਾ ਹੈ। ਦੇਸ਼ ’ਚ ਇਸ ਵੇਲੇ ਕੁੱਲ 38.58 ਕਰੋੜ ਵਾਹਨ ਰਜਿਸਟਰਡ ਹਨ, ਜਦੋਂ ਕਿ ਪੰਜਾਬ ਵਿਚ ਹਰ ਤਰ੍ਹਾਂ ਦੇ 1.42 ਕਰੋੜ ਵਾਹਨ ਹਨ, ਜੋ ਦੇਸ਼ ਦਾ ਕਰੀਬ 3.68 ਫ਼ੀਸਦੀ ਬਣਦੇ ਹਨ। ਸੂਬੇ ਵਿਚ ਅਨੁਮਾਨਿਤ 75 ਲੱਖ ਘਰ ਹਨ ਅਤੇ ਇਸ ਲਿਹਾਜ਼ ਨਾਲ ਔਸਤਨ ਹਰ ਘਰ ਦੋ ਵਾਹਨ ਖੜ੍ਹੇ ਹਨ। ਉਂਝ ਹਰ ਪੰਦ੍ਹਰਵੇਂ ਘਰ ਵਿਚ ਬੁਲੇਟ ਹੈ। ਪੰਜਾਬ ਦੇ ਲੋਕਾਂ ਨੇ ਲੰਘੇ ਪੰਜ ਸਾਲਾਂ ’ਚ ਬੁਲੇਟ ਦੀ ਖ਼ਰੀਦ ’ਤੇ ਕਰੀਬ 3327.25 ਕਰੋੜ ਰੁਪਏ ਖ਼ਰਚ ਕੀਤੇ ਹਨ। ਵੈਸੇ ਤਾਂ ਪੰਜਾਬ ਦੇ ਸਿਆਸੀ ਨੇਤਾਵਾਂ ਦੀ ਪਹਿਲੀ ਪਸੰਦ ਅੱਜ ਕੱਲ੍ਹ ਫਾਰਚੂਨਰ ਗੱਡੀ ਹੈ ਪ੍ਰੰਤੂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਫਾਰਚੂਨਰ ਦੇ ਨਾਲ ਥਾਰ ਜੀਪ ਵੀ ਰੱਖੀ ਹੋਈ ਹੈ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਕੋਲ ਵੀ ਥਾਰ ਜੀਪ ਹੈ। ਸ਼ੌਕ ਦੇ ਮਾਮਲੇ ’ਚ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵੀ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕੋਲ ਤਿੰਨ ਜੀਪਾਂ, ਇੱਕ ਜੌਂਗਾ ਤੇ ਫਾਰਚੂਨਰ ਹੈ। ਪੰਜਾਬ ਵਿਚ ਮੌਜੂਦਾ ਸਮੇਂ 99.50 ਲੱਖ ਮੋਟਰਸਾਈਕਲ ਤੇ ਸਕੂਟਰ ਹਨ ਅਤੇ ਖੇਤਾਂ ਵਿਚ 6.15 ਲੱਖ ਟਰੈਕਟਰ ਹਨ। ਦੂਸਰੇ ਪਾਸੇ ਨਜ਼ਰ ਮਾਰੀਏ ਤਾਂ ਪੰਜਾਬ ਸਿਰ ਕਰਜ਼ਾ ਇਸ ਵਿੱਤੀ ਵਰ੍ਹੇ ਦੇ ਅਖੀਰ ਤੱਕ ਪੌਣੇ ਚਾਰ ਲੱਖ ਕਰੋੜ ਨੂੰ ਛੂਹ ਜਾਣਾ ਹੈ।

Loading