ਪੰਥਕ ਕੌਂਸਲ ਦੀ ਇਕੱਤਰਤਾ ਵਿੱਚ ਵੱਖ- ਵੱਖ ਪੰਥਕ ਮੁੱਦਿਆਂ ’ਤੇ ਚਰਚਾ

In ਪੰਜਾਬ
February 05, 2026

ਪਿਛਲੇ ਦਿਨੀਂ ਪੰਥਕ ਇਕਸੁਰਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਨਤਮਸਤਕ ਹੋਣ ਉਪਰੰਤ ਕਾਰਜਸ਼ੀਲ ਹੋਈ ਪੰਥਕ ਕੌਂਸਲ ਦੀ ਪੰਜ ਮੈਂਬਰੀ ਕਮੇਟੀ ਦੀ ਮੁੱਖ ਸੇਵਾਦਾਰ ਬੀਬਾ ਸਤਵੰਤ ਕੌਰ ਜੀ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਥਕ ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ ਪੰਥਕ ਕੌਂਸਲ ਦੇ ਕਾਰਜ ਖੇਤਰ ਨੂੰ, ਜਿਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸ਼ਾਮਿਲ ਕਰਦਿਆਂ, ਤਿੰਨ ਤਿੰਨ ਜ਼ਿਲ੍ਹਿਆਂ ਦੇ ਆਧਾਰ ’ਤੇ ਕੁੱਲ ਅੱਠ ਜ਼ੋਨ ਬਣਾਏ ਗਏ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜਲਦੀ ਹੀ ਇਹਨਾਂ ਅੱਠਾਂ ਜ਼ੋਨਾਂ ਦੇ ਜ਼ੋਨਲ ਇੰਚਾਰਜ਼ਾਂ ਅਤੇ ਉਹਨਾਂ ਦੀ ਅਗਵਾਈ ਵਿੱਚ ਬਣੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਐਲਾਨ ਵੀ ਕੀਤਾ ਜਾਵੇਗਾ। ਜਿਸ ਵਿੱਚ ਬੀਬੀਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ਤੋਂ ਬਲਾਕ ਅਤੇ ਪਿੰਡ ਪੱਧਰ ਦੀਆਂ ਦਰਜਾ ਬ ਦਰਜਾ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਇਸ ਤਰ੍ਹਾਂ ਪੰਥਕ ਕੌਂਸਲ, ਪੰਥਕ ਇਕਸੁਰਤਾ, ਸੰਗਠਨਾਤਮਕ ਏਕਤਾ ਅਤੇ ਪੰਥਕ ਮਕਸਦਾਂ ਦੀ ਪ੍ਰਾਪਤੀ ਲਈ ਕਾਰਜਸ਼ੀਲ ਹੋਵੇਗੀ। ਇਸ ਦੇ ਨਾਲ ਦੁਨੀਆਂ ਭਰ ਦੇ ਸਿੱਖਾਂ ਨੂੰ ਪੰਥਕ ਕੌਂਸਲ ਦਾ ਹਿੱਸਾ ਬਣਾਉਣ ਵਾਸਤੇ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਵਿਆਪੀ ਕਮੇਟੀਆਂ ਦਾ ਐਲਾਨ ਵੀ ਕੀਤਾ ਜਾਵੇਗਾ। ਪੰਥਕ ਕੌਂਸਲ ਵੱਲੋਂ ਜਲਦੀ ਹੀ ਆਪਣਾ ਇੱਕ ਲੀਗਲ ਸੈੱਲ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਨੇ ਇਸ ਗੱਲ ’ਤੇ ਜ਼ੋਰ ਦਿੰਦਿਆ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਦੇ ਹੱਲ ਵਾਸਤੇ ਅੱਜ ਸਮੁੱਚੇ ਪੰਥ ਨੂੰ ਨਿੱਜ ਤੋਂ ਉਪਰ ਉਠ ਕੇ ਪੰਥ ਦੀ ਤਾਕਤ ਨੂੰ ਇੱਕਜੁਟ ਕਰਨਾ ਬਹੁਤ ਜ਼ਰੂਰੀ ਹੈ ਅਤੇ ਪੰਥਕ ਕੌਂਸਲ ਇਸ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕਦੀ ਰਹੇਗੀ। ਕੌਂਸਲ ਨੇ ਸਪਸ਼ਟ ਕੀਤਾ ਕਿ ਪੰਥ ਦੀ ਚੜ੍ਹਦੀਕਲਾ ਅਤੇ ਇਕਸੁਰਤਾ ਉਸ ਦੀ ਪ੍ਰਾਥਮਿਕਤਾ ਰਹੇਗੀ। ਇਸ ਮੀਟਿੰਗ ਵਿੱਚ ਮੈਂਬਰ ਡਾ. ਜਸਪਾਲ ਸਿੰਘ, ਭਾਈ ਬਲਦੀਪ ਸਿੰਘ ਰਾਮੂੰਵਾਲੀਆ, ਐਡਵੋਕੇਟ ਬਲਵੰਤ ਸਿੰਘ ਅਤੇ ਐਡਵੋਕੇਟ ਪਰਮਜੀਤ ਸਿੰਘ ਭੰਗੂ ਸ਼ਾਮਲ ਸਨ।

Loading