ਪੰਥਕ ਜਥੇਬੰਦੀਆਂ ਵਿਚ ਸ੍ਰੋਮਣੀ ਕਮੇਟੀ ਤੇ ਬਾਦਲਕਿਆਂ ਖਿਲਾਫ ਫੈਲਿਆ ਰੋਹ

In ਮੁੱਖ ਖ਼ਬਰਾਂ
December 24, 2024
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਥੇਦਾਰ ਵਜੋਂ ਕੰਮ-ਕਾਜ 'ਤੇ ਸ੍ਰੋਮਣੀ ਕਮੇਟੀ ਵਲੋਂ 15 ਦਿਨਾਂ ਦੀ ਰੋਕ ਲਗਾਉਣ ਨੂੰ ਪੰਥਕ ਜਥੇਬੰਦੀਆਂ ਤੇ ਇਸ ਦੇ ਆਗੂਆਂ ਦਲ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ, ਬਾਬਾ ਸਰਬਜੋਤ ਸਿੰਘ ਬੇਦੀ,ਸਿੰਘ ਸਾਹਿਬ ਗਿਆਨੀ ਕੇਵਲ ਸਿੰਘ,ਬੀਬੀ ਜਗੀਰ ਕੌਰ ਦੇ ਅਕਾਲੀ ਧੜੇ,ਭਾਈ ਅੰਮ੍ਰਿਤਪਾਲ ਸਿੰਘ ਦੇ ਜਥੇ ਵਾਰਿਸ ਪੰਜਾਬ ਦੇ' ਤੇ ਸਿਖ ਚਿੰਤਕਾਂ ਆਦਿ ਨੇ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਚੋਣਵੇਂ ਤੌਰ 'ਤੇ 3 ਮੈਂਬਰੀ ਪੈਨਲ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਤੇ ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੀ ਚੋਣ ਕਰਨਾ ਜਥੇਦਾਰਾਂ ਦੇ ਅਹੁਦੇ ਦਾ ਅਪਮਾਨ ਹੈ।ਇਹ ਵੀ ਫ਼ੈਸਲਾ ਗਲਤ ਹੈ ਕਿ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਜਗਤਾਰ ਸਿੰਘ ਨੂੰ ਤਖ਼ਤ ਸਾਹਿਬ ਦਾ ਅਧਿਕਾਰ ਖੇਤਰ ਸੌਂਪਿਆ ਜਾਵੇ। ਯਾਦ ਰਹੇ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਸਾਬਕਾ ਸਾਂਢੂ ਗੁਰਪ੍ਰੀਤ ਸਿੰਘ ਵਾਸੀ ਮੁਕਤਸਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਸ਼ਿਕਾਇਤ ਕਰਕੇ ਜਥੇਦਾਰ ’ਤੇ ਗੰਭੀਰ ਦੋਸ਼ ਲਾਏ ਸਨ। ਪੰਥਕ ਜਥੇਬੰਦੀਆਂ ਦਾ ਤਰਕ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਤੋਂ ਤਖਤ ਜਥੇਦਾਰਾਂ ਦੇ ਅਹੁਦੇ ਲਈ ਸੇਵਾ-ਨਿਯਮ ਬਣਾਉਣ ਦੀ ਮੰਗ ਕਰ ਰਹੀਆਂ ਹਨ ਪਰ ਇਸ ਮੰਗ ‘ਤੇ ਕਮੇਟੀ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ । ਪੰਥਕ ਆਗੂਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸੱਚ-ਝੂਠ ਦਾ ਨਿਤਾਰਾ ਕਰਨ ਲਈ ਜਾਂਚ ਆਪਣੇ ਹੱਥਾਂ ਵਿਚ ਲੈਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਨੂੰ ਭੰਗ ਕਰ ਦੇਣ।ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ ਕੱਢਣ ਦੇ ਨਿਰਦੇਸ਼ ਦਿੱਤੇ ਅਤੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਅਕਾਲੀ ਲੀਡਰਸ਼ਿਪ ਨੂੰ ਸਖ਼ਤ ਲਹਿਜੇ ਵਿਚ ਤਾੜਨਾ ਕੀਤੀ ਸੀ ਕਿ ਮੌਜੂਦਾ ਲੀਡਰਸ਼ਿਪ ਅਕਾਲੀ ਮਾਮਲਿਆਂ ਨੂੰ ਚਲਾਉਣ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ, ਉਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਲਗਭਗ ਤੈਅ ਸੀ। ਪੰਥਕ ਆਗੂਆਂ ਦਾ ਮੰਨਣਾ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਵਲਟੋਹਾ ਦੋਵੇਂ ਬਹੁਤ ਹੀ ਹੰਕਾਰੀ ਵਿਅਕਤੀ ਹਨ ਅਤੇ ਉਨ੍ਹਾਂ ਕੋਲੋਂ ਇਹ ਉਮੀਦ ਸੀ ਕਿ ਉਹ ਸਮਾਂ ਆਉਣ ‘ਤੇ ਜਥੇਦਾਰਾਂ ਨੂੰ ਨਿਸ਼ਾਨਾ ਬਣਾਉਣਗੇ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ ਗੁਰਮਤਾ ਨਹੀਂ ਮੰਨਣਗੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫ਼ਾਰਗ ਕਰਨ ਕਾਰਣ ਬਾਦਲ ਗਰੁੱਪ ਦੀ ਰਣਨੀਤੀ ਜੱਗ ਜਾਹਿਰ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਧੜੇ ਨੇ ਆਪਣੇ ਅਸਤੀਫ਼ਿਆਂ ਨੂੰ ਲਮਕਾਉਣ, ਮਨਮਰਜ਼ੀ ਨਾਲ ਹੁਕਮਨਾਮੇ ਵਿੱਚ ਤਬਦੀਲੀ ਕਰਵਾਉਣ ਅਤੇ ਤਖ਼ਤ ਸਾਹਿਬ ਤੋਂ ਬਣੀ ਕਮੇਟੀ ਨੂੰ ਦਰਕਿਨਾਰ ਕਰਨ ਲਈ ਇਹ ਸਾਜ਼ਿਸ਼ ਘੜੀ ਗਈ।ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਆਪਣੇ 'ਪੰਥਕ ਏਜੰਡੇ' ਨੂੰ ਛੱਡਣ ਤੇ ਨਿਘਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਧਾਰਮਿਕ ਮਾਮਲਿਆਂ ਅਤੇ ਪੰਥਕ ਰਾਜਨੀਤੀ ਵਿਚ ਦਖ਼ਲਅੰਦਾਜ਼ੀ ਜਾਰੀ ਰੱਖੀ ਹੈ ਜੋ ਕਿ ਸਿਖ ਪੰਥ ਲਈ ਬਰਦਾਸ਼ਤ ਯੋਗ ਨਹੀਂ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਬਾਰੇ ਸਖਤ ਸਟੈਂਡ ਲੈਣਾ ਚਾਹੀਦਾ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਰਹੇ ਸੀਨੀਅਰ ਅਕਾਲੀ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਸਾਜ਼ਿਸ਼ ਦੇ ਵਿਰੋਧ ਵਿੱਚ ਵੱਡਾ ਇਕੱਠ ਸੱਦਣ ਦਾ ਫ਼ੈਸਲਾ ਕੀਤਾ ਹੈ। ਬਾਗੀ ਧੜੇ ਦੇ ਅਕਾਲੀ ਆਗੂਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਸੰਤਾ ਸਿੰਘ ਉਮੈਦਪੁਰੀ, ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਅਗਲੇ ਦਿਨਾਂ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਕਰਕੇ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਇਸ ਸਾਜਿਸ਼ ਖ਼ਿਲਾਫ਼ ਮੋਰਚਾਬੰਦੀ ਕੀਤੀ ਜਾਵੇਗੀ। ਇਸ ਸਾਜ਼ਿਸ਼ ਲਈ ਕੌਮ ਕਦੇ ਬਾਦਲ ਦਲ ਨੂੰ ਮੁਆਫ਼ ਨਹੀਂ ਕਰੇਗੀ।

Loading