ਪੰਥਕ ਜਥੇਬੰਦੀਆਂ ਵੱਲੋਂ ਭਾਈ ਗਜਿੰਦਰ ਸਿੰਘ ਤੇ ਸ਼ਹੀਦ ਭਾਈ ਨਿੱਝਰ ਨੂੰ ਸ਼ਰਧਾਂਜਲੀ ਭੇਟ

In ਪੰਜਾਬ
July 07, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਦਲ ਖ਼ਾਲਸਾ ਦੇ ਬਾਨੀ ਤੇ ਜਲਾਵਤਨ ਸਿੱਖ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਤੇ ਕੈਨੇਡਾ ਵਿਖੇ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਨੂੰ ਸਮਰਪਿਤ ਦਲ ਖ਼ਾਲਸਾ ਵੱਲੋਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਜ਼ਦੀਕ ਸ਼ਰਧਾਂਜਲੀ ਰੂਪੀ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਦਲ ਖ਼ਾਲਸਾ ਤੋਂ ਕੰਵਰਪਾਲ ਸਿੰਘ, ਭਾਈ ਪਰਮਜੀਤ ਸਿੰਘ ਮੰਡ, ਸਤਨਾਮ ਸਿੰਘ ਪਾਉਂਟਾ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਭਾਈ ਮੋਹਕਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ, ਭਾਈ ਨਰੈਣ ਸਿੰਘ ਚੌੜਾ ਤੇ ਹੋਰ ਸਿੱਖ ਸ਼ਖ਼ਸੀਅਤਾਂ ਤੇ ਭਾਈ ਗਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਅਰਦਾਸ ਤੇ ਹੁਕਮਨਾਮੇ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਧਾਮੀ ਵੱਲੋਂ ਹਵਾਈ ਜਹਾਜ਼ ਅਗਵਾਕਾਰ ਤੇ ਜਲਤਾਵਤਨ ਸਿੱਖ ਆਗੂ ਭਾਈ ਗਜਿੰਦਰ ਸਿੰਘ, ਜੋ ਬੀਤੇ ਵਰ੍ਹੇ ਪਾਕਿਸਤਾਨ ਵਿੱਚ ਅਕਾਲ ਚਲਾਣਾ ਕਰ ਗਏ ਸਨ, ਦੇ ਭਰਾਤਾ ਦਰਸ਼ਨ ਸਿੰਘ, ਭਰਜਾਈ ਤੇਜਿੰਦਰ ਕੌਰ ਤੋਂ ਇਲਾਵਾ ਭਾਈ ਗਜਿੰਦਰ ਸਿੰਘ ਦੇ ਸਾਥੀ ਹਾਈਜੈਕਰ ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ ਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਭੈਣ ਬੀਬੀ ਸੁਰਿੰਦਰ ਕੌਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਦਲ ਖ਼ਾਲਸਾ ਦੇ ਭਾਈ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਪਰਮਜੀਤ ਸਿੰੰਘ ਮੰਡ, ਸਿਮਰਨਜੀਤ ਸਿੰਘ ਮਾਨ ਤੇ ਹੋਰਨਾਂ ਨੇ ਮੰਗ ਕੀਤੀ ਕਿ ਭਾਈ ਗਜਿੰਦਰ ਸਿੰਘ ਤੇ ਕੈਨੇਡਾ ਵਿਖੇ ਸ਼ਹੀਦ ਕੀਤੇ ਗਏ ਭਾਈ ਨਿੱਝਰ ਦੀਆਂ ਪੰਥਕ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਤੋਂ ਉਨ੍ਹਾਂ ਦੀਆਂ ਤਸਵੀਰਾਂ ਜਲਦੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦੀ ਮੰਗ ਕੀਤੀ ਗਈ।

Loading