
ਅੰਮ੍ਰਿਤਸਰ/ਏ.ਟੀ.ਨਿਊਜ਼:
ਸ਼੍ਰੋਮਣੀ ਅਕਾਲੀ ਦਲ ਦੇ ਗਠਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦੇ ਆਗੂਆਂ ਵਿਚਾਲੇ ਪਿਛਲੇ ਦਿਨੀਂ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਾਂਝਾ ਪੰਥਕ ਮੰਚ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ।
ਇਹ ਮੀਟਿੰਗ ਜੱਲੂਪੁਰ ਖੇੜਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਘਰ ਵਿੱਚ ਹੋਈ। ਮੀਟਿੰਗ ਵਿੱਚ ਭਰਤੀ ਕਮੇਟੀ ਦੀ ਮੈਂਬਰ ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ ਸ਼ਾਮਿਲ ਸਨ। ਇਨ੍ਹਾਂ ਦੇ ਨਾਲ ਭਾਈ ਦਇਆ ਸਿੰਘ ਲਹੌਰੀਆ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂਆਂ ਨੇ ਭਰਤੀ ਕਮੇਟੀ ਵੱਲੋਂ ਪੰਥਕ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ। ਇਸ ਮੌਕੇ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹ ਫੈਸਲਾ ਹੋਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਪੰਥਕ ਧਿਰਾਂ ਨਾਲ ਤਾਲਮੇਲ ਕਰ ਕੇ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕਰਨ ਦੇ ਸਾਂਝੇ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਨੂੰ ਪੰਥਕ ਸੰਕਟ ’ਚੋਂ ਕੱਢ ਕੇ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕੇ।
ਇਸ ਸਮੇਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਾਪੂ ਤਰਸੇਮ ਸਿੰਘ, ਭਾਈ ਸਰਬਜੀਤ ਸਿੰਘ ਖਾਲਸਾ ਐਮ.ਪੀ. ਫਰੀਦਕੋਟ, ਅਮਰਜੀਤ ਸਿੰਘ ਬਨਚਿੱੜੀ, ਹਰਭਜਨ ਸਿੰਘ ਤੁੜ, ਸੁਰਜੀਤ ਸਿੰਘ ਦੌਲਤਪੁਰ ਹਾਜ਼ਰ ਸਨ।