ਪੰਥਕ ਸਖਸ਼ੀਅਤਾਂ ਤੇ ਵਿਦਵਾਨਾਂ ਦੇ ਵਿਚਾਰ

In ਪੰਜਾਬ
March 25, 2025
ਪ੍ਰਸਿੱਧ ਵਿਦਵਾਨ ਡਾਕਟਰ ਪਰਮਜੀਤ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਸਿੱਖ ਧਰਮ, ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਾਣ-ਮਰਿਆਦਾਵਾਂ ਨੂੰ ਸਮਰਪਿਤ ਅਜਿਹੇ ਖ਼ਾਲਸਾ ਵਿਅਕਤਿਤਵ ਦੇ ਮਾਲਕ ਹੋਣ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਸਰੋਤ ਗ੍ਰੰਥਾਂ, ਸਿੱਖ ਸਿਧਾਂਤਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ, ਸੰਸਥਾਵਾਂ ਅਤੇ ਖ਼ਾਲਸਾ ਪੰਥ ਦੇ ਆਦਰਸ਼ਾਂ ਦਾ ਗਿਆਨ ਹੋਵੇ। ਧਰਮ ਦੇ ਖੇਤਰ ਵਿਚ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘਾਂ ਦੇ ਵਰਗ ਤੇ ਸਿੱਖ ਪੰਥ ਦੇ ਵਿਦਵਾਨ ਵਰਗ ਵਿਚੋਂ ਜਥੇਦਾਰ ਦੀ ਚੋਣ ਹੋਵੇ।ਉਨ੍ਹਾਂ ਦੀ ਸਿੱਖ ਪੰਥ ਅਤੇ ਮਾਨਵ ਜਾਤੀ ਦੇ ਸਮੁੱਚੇ ਸਰੋਕਾਰਾਂ ਪ੍ਰਤੀ ਵਚਨਬੱਧਤਾ, ਈਮਾਨਦਾਰੀ, ਕੁਰਬਾਨੀ, ਸਪੱਸ਼ਟਤਾ ਅਤੇ ਦਿੱਬ-ਦ੍ਰਿਸ਼ਟੀ ਉੱਤਮ ਦਰਜੇ ਦੀ ਹੋਵੇ; ਉਨ੍ਹਾਂ ਨੂੰ ਸਿੱਖ ਸਮੱਸਿਆਵਾਂ ਅਤੇ ਸਰੋਕਾਰਾਂ ਦੀ ਸਮਝ ਹੋਵੇ ਅਤੇ ਇਨ੍ਹਾਂ ਨੂੰ ਹੱਲ ਕਰਨ/ਕਰਵਾਉਣ ਦੀ ਸਮਰੱਥਾ ਹੋਵੇ। ਉਨ੍ਹਾਂ ਨੂੰ ਸਿੱਖ ਅਤੇ ਵਿਸ਼ਵ ਇਤਿਹਾਸ ਦਾ ਡੂੰਘਾ ਗਿਆਨ ਅਤੇ ਡੂੰਘੀ ਨੀਝ ਹੋਵੇ, ਉਹ ਪੰਥ ਦੇ ਉੱਜਵਲ ਭਵਿੱਖ ਦੀ ਘਾੜਤ ਘੜਨ ਦੀ ਸਮਰੱਥਾ ਅਤੇ ਯੋਗਤਾ ਰੱਖਦੇ ਹੋਣ। ਉਨ੍ਹਾਂ ਨੂੰ ਵਿਸ਼ਵ-ਏਸ਼ੀਆ ਦੀਆਂ ਭੂਗੋਲਿਕ-ਰਾਜਨੀਤਕ ਸਥਿਤੀਆਂ ਦਾ ਗਿਆਨ ਹੋਵੇ ਅਤੇ ਮਸਲਿਆਂ ਨੂੰ ਹੱਲ ਕਰਨ ਦੀ ਯੋਗਤਾ, ਸਮੀਕਰਣਾਂ, ਰੁਝਾਨਾਂ ਅਤੇ ਪ੍ਰਸਿਥਿਤੀਆਂ ਆਦਿ ਦੀ ਸੂਝ-ਬੂਝ ਹੋਵੇ। ਉਨ੍ਹਾਂ ਨੇ ਸਿੱਖੀ ਅਤੇ ਸਿੱਖ ਪੰਥ ਲਈ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹੋਣ। ਚੰਗਾ ਹੋਵੇ ਜੇਕਰ ਉਨ੍ਹਾਂ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ ਤੋਂ ਬਿਨਾਂ ਵਿਸ਼ਵ ਦੀਆਂ ਹੋਰ ਮੁੱਖ ਜ਼ੁਬਾਨਾਂ ਦਾ ਗਿਆਨ ਵੀ ਹੋਵੇ। ਡਾਕਟਰ ਪਰਮਜੀਤ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਜਦ ਵੀ ਕਿਸੇ ਜਥੇਦਾਰ ਸਾਹਿਬ ਨੂੰ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਸੇਵਾ ਮੁਕਤ ਕਰਨ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਪਹਿਲੀ ਹਾਲਤ ਵਿਚ ਉਨ੍ਹਾਂ ਨੂੰ ਆਪਣੇ ਆਪ ਅਸਤੀਫਾ ਦੇਣ ਲਈ ਪ੍ਰੇਰਿਆ ਜਾਵੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਕੀਤੀ ਗਈ ਨਿਯੁਕਤੀ ਵਾਂਗ 'ਖ਼ਾਲਸਾ ਸੰਗਤ' ਦਾ ਸੈਸ਼ਨ ਬੁਲਾਏ। ਇਹ ਹਾਊਸ ਜਥੇਦਾਰ ਸਾਹਿਬ ਨੂੰ ਸੇਵਾ ਮੁਕਤ ਕਰਨ ਲਈ ਖੁੱਲ੍ਹੀ ਵਿਚਾਰ ਕਰੇ ਜੋ ਸੰਬੰਧਿਤ ਜਥੇਦਾਰ ਸਾਹਿਬ ਉੱਤੇ ਮਹਾਂਦੋਸ਼ ਆਇਦ ਕਰੇ। ਜਥੇਦਾਰ ਸਾਹਿਬ ਇਸ ਪੈਨਲ ਅੱਗੇ ਆਪਣੇ ਵਿਚਾਰ ਰੱਖ ਸਕਣ। ਜਥੇਦਾਰ ਸਾਹਿਬ ਨੂੰ ਸੁਣਨ ਉਪਰੰਤ ਅਤੇ ਉਨ੍ਹਾਂ ਨੂੰ ਨਿਰਧਾਰਿਤ ਕੀਤੇ ਗਏ ਨਿਯਮਾਂ ਅਨੁਸਾਰ ਸੇਵਾ ਮੁਕਤ ਕਰਨ ਸੰਬੰਧੀ ਫੈਸਲਾ ਹਾਜ਼ਰ ਮੈਂਬਰਾਂ ਦੀ ਸਰਬ ਸੰਮਤੀ, ਸਰਬ ਸਹਿਮਤੀ ਜਾਂ ਘੱਟੋ-ਘੱਟ ਦੋ ਤਿਹਾਈ ਬਹੁਮਤ ਨਾਲ ਕੀਤਾ ਜਾਵੇ। ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਦੀ ਲੋੜ ਉਤਪੰਨ ਹੋਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਪਹਿਲਕਦਮੀ ਉੱਤੇ ਇਸ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਬੋਰਡਾਂ ਸਮੇਤ ਸਿੱਖ ਪੰਥ ਦੀਆਂ ਵਿਸ਼ਵ ਵਿਚ ਫੈਲੀਆਂ ਹੋਰ ਨਾਮਵਰ ਪ੍ਰਤੀਨਿੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੂਝਦਾਨ ਪ੍ਰਤੀਨਿਧਾਂ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਧਾਰਮਿਕ ਜਥੇਬੰਦੀਆਂ, ਸਿੰਘ ਸਭਾਵਾਂ, ਸਮਰਪਿਤ ਸੰਪਰਦਾਵਾਂ, ਮਹੱਤਵਪੂਰਨ ਪੰਥਕ ਵਿਦਵਾਨਾਂ, ਗੁਰਮਤਿ ਵਿਆਖਿਆਕਾਰਾਂ ਅਤੇ ਦੇਸ਼-ਵਿਦੇਸ਼ ਵਿਚ ਸਿੱਖ ਪੰਥ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਯੋਗਤਾਪੂਰਨ ਪ੍ਰਤੀਨਿਧਾਂ ਉੱਤੇ ਆਧਾਰਿਤ ਇਕ 101 ਮੈਂਬਰੀ 'ਖ਼ਾਲਸਾ ਸੰਗਤ ਦਾ ਗਠਨ ਹੋਏ।ਕਿਸੇ ਵੀ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਦੀ ਲੋੜ ਉਤਪੰਨ ਹੋਣ ਉੱਤੇ ਇਹ ਹਾਊਸ ਵਿਚਾਰ-ਵਟਾਂਦਰਾ ਕਰਨ ਉਪਰੰਤ ਆਪਣੇ ਵਿਚੋਂ ਹੀ ਇਕ 15 ਮੈਂਬਰੀ ਚੋਣ ਪੈਨਲ ਦਾ ਗਠਨ ਕਰੇ, ਜਿਸ ਨੂੰ ਜਥੇਦਾਰ ਸਾਹਿਬ ਦੀ ਚੋਣ ਕਰਨ ਅਤੇ ਇਸ ਸੰਬੰਧੀ ਜ਼ਰੂਰੀ ਵਿਸਥਾਰ ਉਲੀਕਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ। ਇਹ ਚੋਣ ਪੈਨਲ ਅੱਗੇ ਇਕ ਪੰਜ ਮੈਂਬਰੀ ਖੋਜ ਕਮੇਟੀ ਦਾ ਗਠਨ ਕਰ ਕੇ ਉਸ ਜ਼ਿੰਮੇ ਪੰਥ ਵਿਚੋਂ ਜਥੇਦਾਰ ਸਾਹਿਬ ਦੀਆਂ ਯੋਗਤਾਵਾਂ ਅਨੁਸਾਰ ਅਜਿਹੇ ਗੁਰਸਿੱਖਾਂ ਦੀ ਖੋਜ ਕਰਨ ਦਾ ਜ਼ਿੰਮਾ ਲਗਾਏ। ਖਾਲਸਾ ਸੰਗਤ ਦੇ ਮੈਂਬਰਾਂ ਨੂੰ ਵੀ ਗੁਪਤ ਰੂਪ ਵਿਚ ਅਜਿਹੇ ਨਾਂਅ ਸੁਝਾਉਣ ਲਈ ਕਿਹਾ ਜਾਏ । ਨਿਯਤ ਕੀਤੇ ਗਏ ਸਮੇਂ ਉਪਰੰਤ ਇਹ ਖੋਜ ਕਮੇਟੀ ਆਪਣੀ ਚੋਣ ਦੀ ਤਰਜੀਹ ਅਨੁਸਾਰ 3 ਗੁਰਸਿੱਖਾਂ ਦੇ ਨਾਂਅ ਰਿਪੋਰਟ ਰੂਪ ਵਿਚ 15 ਮੈਂਬਰੀ ਚੋਣ ਪੈਨਲ ਅੱਗੇ ਪੇਸ਼ ਕਰੇ। ਚੋਣ ਪੈਨਲ ਸਾਹਮਣੇ ਆਏ ਨਾਵਾਂ ਬਾਰੇ ਵਿਚਾਰ ਕਰ ਕੇ ਕਿਸੇ ਇਕ ਗੁਰਸਿੱਖ ਦੀ ਤਖ਼ਤ ਜਥੇਦਾਰ ਸਾਹਿਬ ਵਜੋਂ ਚੋਣ ਨੂੰ ਸਰਬਸੰਮਤੀ ਨਾਲ ਅੰਤਿਮ ਰੂਪ ਦੇਵੇ ਅਤੇ ਇਸ ਦੀ ਪ੍ਰਵਾਨਗੀ 'ਖ਼ਾਲਸਾ ਸੰਗਤ' ਤੋਂ ਲਏ। ਜਥੇਦਾਰ ਸਾਹਿਬ ਦੀ ਨਿਯੁਕਤੀ ਸਮੇਂ ਉਨ੍ਹਾਂ ਦੀ ਘੱਟੋ-ਘੱਟ ਉਮਰ 40 ਸਾਲ ਹੋਵੇ। ਉਨ੍ਹਾਂ ਦੀ ਨਿਯੁਕਤੀ 5 ਸਾਲ ਲਈ ਹੋਵੇ, ਪਰ ਇਹ 10 ਸਾਲ ਤੱਕ ਵਧਾਈ ਵੀ ਜਾਵੇ। ਜਥੇਦਾਰ ਦੇ ਅਧਿਕਾਰ ਅਤੇ ਕਾਰਜ ਖੇਤਰ ਬਾਰੇ ਗਲ ਕਰਦਿਆਂ ਸਿੱਖ ਚਿੰਤਕ ਭਾਈ ਹਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਗੁਰੂ ਖ਼ਾਲਸਾ ਪੰਥ ਦੇ 'ਗੁਰੂ ਜਜ਼ਬੇ' ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਰਾਜ ਕਰੇਗਾ ਖ਼ਾਲਸਾ, ਇਸ ਦੇ ਗਲੋਬਲ ਪਾਸਾਰਾਂ, ਸਰਬੱਤ ਦੇ ਭਲੇ, ਖ਼ਾਲਸਾ ਜੀ ਕੇ ਬੋਲ ਬਾਲਿਆਂ ਤੇ ਕੁਲ ਮਾਨਵ ਜਾਤੀ ਦੇ ਮੁੱਖ ਸਰੋਕਾਰਾਂ ਦੀ ਪੂਰਤੀ ਤੇ ਵਿਸ਼ਵ ਪ੍ਰਤਿਭਾ ਦੇ ਸਹਿਯੋਗ ਨਾਲ ਕਾਰਜ ਕਰਨ ਲਈ ਵਚਨਬੱਧ ਹੋਣ।ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਸਿੱਖ ਸੰਸਥਾਵਾਂ/ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਉੱਤੇ ਆਧਾਰਿਤ ਵਿਸ਼ਵ ਵਿਚ ਫੈਲੇ ਸਿੱਖ ਪੰਥ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਪ੍ਰਤਿਭਾਵਾਨ ਸਿੰਘਾਂ ਦੀ ਨਿਸ਼ਾਨ ਦੇਹੀ ਕਰ ਕੇ ਉਨ੍ਹਾਂ ਨੂੰ ਆਪਣੇ ਸਲਾਹਕਾਰਾਂ ਵਜੋਂ ਨਿਯੁਕਤ ਕਰਨ। ਉਹ ਸਿੱਖ ਧਰਮ ਅਤੇ ਪੰਥ ਦੀਆਂ ਵੱਖ-ਵੱਖ ਸੰਸਥਾਵਾਂ, ਸਿੱਖ ਰਾਜਨੀਤੀ, ਸੱਤਾ, ਅੰਤਰਰਾਸ਼ਟਰੀ ਮਸਲਿਆਂ, ਸਿੱਖ ਧਰਮ ਪ੍ਰਚਾਰ-ਪ੍ਰਸਾਰ, ਗੁਰਦੁਆਰਾ ਸੰਸਥਾ, ਆਰਥਿਕਤਾ, ਵਿੱਦਿਆ, ਬੌਧਿਕਤਾ, ਕਲਾ, ਸਿਹਤ ਸਹੂਲਤਾਂ, ਖੇਡਾਂ, ਸੱਭਿਆਚਾਰ, ਪੰਜਾਬੀ ਬੋਲੀ, ਸੰਚਾਰ ਅਤੇ ਮੀਡੀਆ, ਮਨੁੱਖੀ ਵਸੀਲਿਆਂ ਦੀ ਸਿਰਜਣਾ ਅਤੇ ਗਿਆਨ-ਵਿਗਿਆਨ ਤਕਨਾਲੋਜੀ ਆਦਿ ਨਾਲ ਸੰਬੰਧਿਤ ਮਾਹਿਰਾਂ ਆਧਾਰਿਤ ਵੱਖਰੀਆਂ-ਵੱਖਰੀਆਂ ਕੌਂਸਲਾਂ ਦੀ ਰਾਇ ਨਾਲ ਪੰਥ ਦੀ ਸਮੁੱਚੀ ਦਿਸ਼ਾ ਅਥਵਾ ਨੀਤੀ ਨਿਰਧਾਰਿਤ ਕਰਨ। ਉਹ ਇਨ੍ਹਾਂ ਕੌਂਸਲਾਂ ਦੀਆਂ ਸਮੇਂ-ਸਮੇਂ ਇਕੱਤਰਤਾਵਾਂ ਵੀ ਕਰਵਾਉਣ। ਸ੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਸਵਿੰਦਰ ਸਿੰਘ ਐਡਵੋਕੇਟ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੁੱਚੇ ਕਾਰਜਾਂ ਅਤੇ ਜ਼ਿੰਮੇਵਾਰੀਆਂ ਨੂੰ ਅਮਲੀ ਰੂਪ ਦੇਣ ਲਈ ਇਕ ਆਤਮ-ਨਿਰਭਰ 'ਸ੍ਰੀ ਅਕਾਲ ਤਖ਼ਤ ਸਾਹਿਬ ਦਾ ਖਜ਼ਾਨਾ' ਕਾਇਮ ਕੀਤਾ ਜਾਵੇ। ਇਸ ਖ਼ਜ਼ਾਨੇ ਵਿਚ ਕੁਝ ਮੁਢਲੀ ਮਾਇਆ ਜਮ੍ਹਾਂ ਹੋਣ ਤੋਂ ਬਾਅਦ ਜਿੰਨੀ ਵੀ ਹੋਰ ਮਾਇਆ ਦੀ ਜ਼ਰੂਰਤ ਹੋਵੇ, ਉਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਪੰਜਾਬ/ਵਿਸ਼ਵ ਦੀਆਂ ਸਿੰਘ ਸਭਾਵਾਂ ਅਤੇ ਗੁਰਦੁਆਰਾ ਕਮੇਟੀਆਂ ਅਤੇ ਹੋਰ ਸੰਸਥਾਵਾਂ, ਗੁਰਦੁਆਰੇ ਅਤੇ ਵਿਅਕਤੀ ਆਪਣੇ ਬਜਟ ਦੇ ਅਨੁਪਾਤ ਅਤੇ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਉਣ। ਇਸ ਫੰਡ ਵਿਚੋਂ ਹੀ ਹਰ ਜਥੇਦਾਰ ਸਾਹਿਬ ਨੂੰ ਸਹੂਲਤਾਂ ਪ੍ਰਾਪਤ ਢੁਕਵੀਂ ਰਿਹਾਇਸ਼, ਸਕੱਤਰੇਤ ਦਾ ਬੁਨਿਆਦੀ ਢਾਂਚਾ ਅਤੇ ਹੋਰ ਸੇਵਾਵਾਂ ਲਈ ਖਰਚ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਚਲਾਈਆਂ ਜਾਣ ਵਾਲੀਆਂ ਸਮੁੱਚੀਆਂ ਸਰਗਰਮੀਆਂ ਅਤੇ ਕਾਰਜਾਂ ਲਈ ਇਸ ਖ਼ਜ਼ਾਨੇ ਵਿਚੋਂ ਹੀ ਖਰਚ ਕੀਤਾ ਜਾਵੇ।

Loading