ਪੰਥ ਤੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਹਰਕਤਾਂ ਦਾ ਵਿਰੋਧ ਕਰੋ

In ਮੁੱਖ ਲੇਖ
April 18, 2025
ਸਤਨਾਮ ਸਿੰਘ ਮਾਣਕ : ਪਿਛਲੇ ਦਿਨੀਂ ਵਿਦੇਸ਼ਾਂ ਵਿਚ ਬੈਠੇ ਇਕ ਅਖੌਤੀ ਆਗੂ ਵਲੋਂ ਸਿੱਖਾਂ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਤੌਹੀਨ ਕਰਨ ਜਾਂ ਉਨ੍ਹਾਂ ਦੇ ਬੁੱਤਾਂ ਦੇ ਨੇੜੇ ਭੜਕਾਊ ਨਾਅਰੇ ਲਿਖਣ ਲਈ ਉਕਸਾਇਆ ਗਿਆ ਹੈ। ਇਸ ਅਖੌਤੀ ਆਗੂ ਨੇ ਜੋ ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਵੀਡੀਓ ਪਾਈ ਹੈ ਉਸ ਵਿਚ ਇਹ ਕਿਹਾ ਗਿਆ ਹੈ ਕਿ ਡਾ. ਅੰਬੇਡਕਰ ਦੇ ਕਾਰਨ ਹੀ ਸੰਵਿਧਾਨ ਵਿਚ ਸਿੱਖਾਂ ਨੂੰ ਵੱਖਰੀ ਪਛਾਣ ਨਹੀਂ ਮਿਲ ਸਕੀ। ਇਸ ਕਰਕੇ ਦੇਸ਼ ਵਿਚ ਡਾ. ਅੰਬੇਡਕਰ ਦੇ ਬੁੱਤਾਂ ਦੀ ਤੌਹੀਨ ਕੀਤੀ ਜਾਣੀ ਚਾਹੀਦੀ ਹੈ। ਇਹ ਬਿਲਕੁਲ ਮੂਰਖਤਾ ਪੂਰਨ ਵਿਚਾਰ ਹੈ। ਜੇਕਰ ਸੰਵਿਧਾਨ ਵਿਚ ਸਿੱਖ ਧਰਮ ਨੂੰ ਇਕ ਵੱਖਰਾ ਧਰਮ ਮੰਨਦਿਆਂ ਉਸ ਦੀ ਵੱਖਰੀ ਪਹਿਚਾਣ ਦਰਜ ਨਹੀਂ ਕੀਤੀ ਗਈ ਤਾਂ ਇਸ ਲਈ ਡਾ. ਅੰਬੇਡਕਰ ਇਕੱਲੇ ਤੌਰ 'ਤੇ ਜ਼ਿੰਮੇਵਾਰ ਨਹੀਂ ਹਨ। ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਸਮੇਂ ਸਿੱਖ ਨੁਮਾਇੰਦਿਆਂ ਨੇ ਆਜ਼ਾਦੀ ਤੋਂ ਪਹਿਲਾਂ ਸਿੱਖ ਭਾਈਚਾਰੇ ਨਾਲ ਵੱਡੇ ਕਾਂਗਰਸੀ ਆਗੂਆਂ ਵਲੋਂ ਕੀਤੇ ਗਏ ਵਾਅਦਿਆਂ ਦੇ ਮੁਤਾਬਕ ਉੱਤਰੀ ਭਾਰਤ ਵਿਚ ਇਕ ਖ਼ੁਦਮੁਖਤਿਆਰ ਖਿੱਤਾ ਦੇਣ, ਜਿਸ ਵਿਚ ਸਿੱਖ ਭਾਈਚਾਰਾ ਵੀ ਆਜ਼ਾਦੀ ਦਾ ਨਿੱਘ ਮਾਣ ਸਕੇ ਅਤੇ ਸੰਵਿਧਾਨ ਵਿਚ ਸਿੱਖ ਧਰਮ ਦੀ ਵੱਖਰੀ ਪਹਿਚਾਣ ਨਿਸਚਿਤ ਕਰਨ ਆਦਿ ਦੀਆਂ ਮੰਗਾਂ ਰੱਖੀਆਂ ਸਨ। ਅਜਿਹੀਆ ਮੰਗਾਂ ਨਾ ਮੰਨੇ ਜਾਣ ਕਾਰਨ ਹੀ ਸੰਵਿਧਾਨ ਘੜਨੀ ਦੇ ਸਿੱਖ ਮੈਂਬਰ ਸ. ਹੁਕਮ ਸਿੰਘ ਤੇ ਸ. ਭੁਪਿੰਦਰ ਸਿੰਘ ਮਾਨ ਨੇ ਸੰਵਿਧਾਨ ਮੁਕੰਮਲ ਹੋਣ 'ਤੇ ਆਪਣੇ ਵਲੋਂ ਉਸ 'ਤੇ ਦਸਤਖ਼ਤ ਨਹੀਂ ਕੀਤੇ ਸਨ। ਇਹ ਸਾਰੇ ਤੱਥ ਹੁਣ ਇਤਿਹਾਸ ਦਾ ਹਿੱਸਾ ਹਨ। ਪਰ ਇਸ ਸਭ ਕੁਝ ਲਈ ਡਾ. ਅੰਬੇਡਕਰ ਨੂੰ ਕਿਸੇ ਵੀ ਰੂਪ ਵਿਚ ਇਕੱਲਿਆਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਡਾ. ਅੰਬੇਡਕਰ ਬਿਨਾਂ ਸ਼ੱਕ ਸੰਵਿਧਾਨ ਬਣਾਉਣ ਵਾਲੀ ਖਰੜਾ ਕਮੇਟੀ ਦੇ ਚੇਅਰਮੈਨ ਸਨ, ਪਰ ਸੰਵਿਧਾਨ ਵਿਚ ਕੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਜਾਂ ਕੀ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ, ਇਸ ਸੰਬੰਧੀ ਸੰਵਿਧਾਨ ਦੀ ਇਕ-ਇਕ ਧਾਰਾ 'ਤੇ ਸੰਵਿਧਾਨ ਘੜਨੀ ਸਭਾ ਵਿਚ ਲੰਮੀ ਵਿਚਾਰ-ਚਰਚਾ ਹੁੰਦੀ ਰਹੀ ਹੈ। ਜਿਸ ਵਿਚ ਸੰਵਿਧਾਨ ਘੜਨੀ ਸਭਾ ਦੇ ਸਾਰੇ 299 ਮੈਂਬਰ ਸ਼ਿਰਕਤ ਕਰਦੇ ਰਹੇ ਹਨ। ਇਸ ਕਰਕੇ ਜੇਕਰ ਸੰਵਿਧਾਨ ਸੰਬੰਧੀ ਸਿੱਖ ਭਾਈਚਾਰੇ ਦੀਆਂ ਉਸ ਸਮੇਂ ਕੁਝ ਸ਼ਿਕਾਇਤਾਂ ਸਨ ਜਾਂ ਅੱਜ ਵੀ ਸ਼ਿਕਾਇਤਾਂ ਹਨ ਤਾਂ ਇਸ ਲਈ ਸਿਰਫ਼ ਡਾ. ਅੰਬੇਡਕਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਡਾ. ਅੰਬੇਡਕਰ ਇਕ ਬਹੁਤ ਵੱਡੀ ਸ਼ਖ਼ਸੀਅਤ ਦੇ ਮਾਲਕ ਸਨ। ਭਾਵੇਂ ਕੋਈ ਵੀ ਵਿਅਕਤੀ ਉਨ੍ਹਾਂ ਦੇ ਸਾਰੇ ਵਿਚਾਰਾਂ ਨਾਲ ਸਹਿਮਤ ਨਾ ਹੋਵੇ ਪਰ ਫਿਰ ਵੀ ਉਨ੍ਹਾਂ ਨੇ ਦਲਿਤ ਅਤੇ ਦੱਬੇ-ਕੁਚਲੇ ਸਮਾਜ ਲਈ ਜੋ ਸੰਘਰਸ਼ ਕੀਤਾ ਹੈ, ਉਹ ਬੇਮਿਸਾਲ ਹੈ। ਆਪਣੇ ਇਸ ਸੰਘਰਸ਼ ਲਈ ਉਨ੍ਹਾਂ ਨੂੰ ਗੁਰਮਤਿ ਅਤੇ ਭਗਤੀ ਲਹਿਰ ਦੇ ਸੰਤਾਂ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਮਿਲਦੀ ਰਹੀ ਹੈ। ਉਨ੍ਹਾਂ ਨੇ ਭਾਰਤੀ ਇਤਿਹਾਸ ਅਤੇ ਮਿਥਿਹਾਸ ਦਾ ਗਹਿਰਾ ਅਧਿਐਨ ਕੀਤਾ ਸੀ ਅਤੇ ਹਿੰਦੂ ਧਰਮ ਵਿਚ ਪਾਈਆਂ ਜਾ ਰਹੀਆਂ ਜਾਤ-ਪਾਤ ਅਤੇ ਹੋਰ ਬੁਰਾਈਆਂ, ਗੈਰ ਵਿਗਿਆਨਕ ਤੇ ਮਿਥਿਹਾਸਕ ਧਾਰਨਾਵਾਂ, ਅਤੇ ਮਨੂੰਵਾਦੀ ਸੋਚ ਦਾ ਤਿੱਖਾ ਵਿਰੋਧ ਕੀਤਾ ਸੀ। ਇਹ ਸਭ ਕੁਝ ਉਨ੍ਹਾਂ ਦੀਆਂ ਪੁਸਤਕਾਂ ਵਿਚ ਅੱਜ ਵੀ ਲਿਖਿਆ ਮਿਲਦਾ ਹੈ। ਇਹ ਵੀ ਸਾਰੇ ਜਾਣਦੇ ਹਨ ਕਿ ਇਕ ਸਮੇਂ ਉਨ੍ਹਾਂ ਨੇ ਸਿੱਖ ਧਰਮ ਗ੍ਰਹਿਣ ਕਰਨ ਦਾ ਵੀ ਮਨ ਬਣਾਇਆ ਸੀ। ਸਿੱਖ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਤੋਂ ਸਹਿਯੋਗ ਲੈ ਕੇ ਉਨ੍ਹਾਂ ਨੇ ਦਲਿਤ ਨੌਜਵਾਨਾਂ ਵਿਚ ਸਿੱਖਿਆ ਦਾ ਪ੍ਰਸਾਰ ਕਰਨ ਲਈ ਮੁੰਬਈ ਵਿਚ ਇਕ ਕਾਲਜ ਵੀ ਬਣਵਾਇਆ ਸੀ, ਜਿਹੜਾ ਕਿ ਅੱਜ ਵੀ ਸਫ਼ਲਤਾ ਨਾਲ ਚੱਲ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਦੇ ਕੁਝ ਵੱਡੇ ਕਾਂਗਰਸੀ ਆਗੂਆਂ ਦੇ ਵਿਰੋਧ ਕਾਰਨ ਅਤੇ ਕੁਝ ਹੋਰ ਕਾਰਨਾਂ ਕਰਕੇ ਡਾ. ਅੰਬੇਡਕਰ ਸਿੱਖ ਧਰਮ ਵਿਚ ਸ਼ਾਮਿਲ ਹੋਣ ਦੀ ਥਾਂ 'ਤੇ ਬੁੱਧ ਧਰਮ ਵਿਚ ਸ਼ਾਮਿਲ ਹੋ ਗਏ ਸਨ, ਪਰ ਇਸ ਸਾਰੇ ਘਟਨਾਕ੍ਰਮ ਤੋਂ ਇਸ ਗੱਲ ਦੀ ਪੁਸ਼ਟੀ ਜ਼ਰੂਰ ਹੁੰਦੀ ਹੈ ਕਿ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਡਾ. ਅੰਬੇਡਕਰ ਦਾ ਵਿਸ਼ੇਸ਼ ਆਦਰ ਸੀ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤੀ ਲਹਿਰ ਅਤੇ ਸੂਫ਼ੀ ਲਹਿਰ ਨਾਲ ਸੰਬੰਧਿਤ ਮਹਾਂਪੁਰਸ਼ਾਂ ਦੀ ਬਾਣੀ ਸ਼ਾਮਿਲ ਹੋਣ ਕਾਰਨ ਦਲਿਤ ਭਾਈਚਾਰੇ ਦਾ ਇਕ ਬਹੁਤ ਵੱਡਾ ਹਿੱਸਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਰੱਖਦਾ ਹੈ। ਉਹ ਲੋਕ ਜੋ ਡਾ. ਅੰਬੇਡਕਰ ਦੇ ਬੁੱਤਾਂ ਦੀ ਤੌਹੀਨ ਕਰਾਉਣ ਦੀ ਕੋਸ਼ਿਸ਼ ਕਰਦੇ ਹਨ, ਦਾ ਸਖ਼ਤ ਵਿਰੋਧ ਹੋਣਾ ਚਾਹੀਦਾ ਹੈ । ਇਸ ਸੰਦਰਭ ਵਿਚ ਅਸੀਂ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਜਾਗਰੂਕ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਪੰਜਾਬ ਦੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਸੁਚੇਤ ਤੇ ਜਾਗਰੂਕ ਕਰਨ ਕਿ ਉਹ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ, ਨਸ਼ਾ ਤਸਕਰਾਂ ਜਾਂ ਹੋਰ ਸਮਾਜ ਵਿਰੋਧੀ ਅਨਸਰਾਂ ਦੇ ਬਹਿਕਾਵੇ ਜਾਂ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਲਾਲਚਾਂ ਵਿਚ ਆ ਕੇ ਕੋਈ ਵੀ ਅਜਿਹਾ ਕਦਮ ਨਾ ਚੁੱਕਣ, ਜਿਸ ਨਾਲ ਕਿ ਉਨ੍ਹਾਂ ਦੇ ਆਪਣੇ ਭਵਿੱਖ ਲਈ ਖ਼ਤਰੇ ਖੜ੍ਹੇ ਹੋਣ। ਇਹ ਦੇਖਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਬੈਠੇ ਸ਼ਰਾਰਤੀ ਅਨਸਰ ਪੈਸੇ ਦੇ ਕੇ ਜਾਂ ਕਿਸੇ ਨਾ ਕਿਸੇ ਮੁੱਦੇ 'ਤੇ ਨੌਜਵਾਨਾਂ ਨੂੰ ਭੜਕਾ ਕੇ, ਉਨ੍ਹਾਂ ਤੋਂ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਕਰਵਾ ਦਿੰਦੇ ਹਨ ਅਤੇ ਬਾਅਦ ਵਿਚ ਅਲੱੜ ਨੌਜਵਾਨਾਂ ਨੂੰ ਉਨ੍ਹਾਂ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਕਿਸੇ ਥਾਂ ਨਾਅਰੇ ਲਿਖਣ ਜਾਂ ਕਿਸੇ ਥਾਂ ਕੋਈ ਭੰਨਤੋੜ ਕਰਨ ਦਾ ਕੰਮ ਸੌਂਪਿਆ ਜਾਂਦਾ ਹੈ ਅਤੇ ਫਿਰ ਉਸ ਦੀਆਂ ਵੀਡੀਓ ਬਣਾ ਕੇ ਵੀ ਭੇਜਣ ਲਈ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਦੇ ਝਾਂਸੇ ਵਿਚ ਆ ਕੇ ਕਿੰਨੇ ਹੀ ਨੌਜਵਾਨ ਆਪਣਾ ਭਵਿੱਖ ਖ਼ਰਾਬ ਕਰ ਚੁੱਕੇ ਹਨ, ਪੁਲਿਸ ਵਲੋਂ ਫੜੇ ਜਾਣ ਕਾਰਨ ਉਨ੍ਹਾਂ ਨੂੰ ਜੇਲ ਜਾਣਾ ਪੈਂਦਾ ਹੈ। ਮਾਪਿਆਂ ਨੂੰ ਮਹਿੰਗੇ ਵਕੀਲ ਕਰਕੇ ਆਪਣੇ ਬੱਚਿਆਂ ਦੇ ਕੇਸਾਂ ਦੀ ਪੈਰਵੀ ਕਰਨੀ ਪੈਂਦੀ ਹੈ ਤੇ ਪਰਿਵਾਰਾਂ ਦਾ ਨਾਂਅ ਵੱਖਰਾ ਖਰਾਬ ਹੁੰਦਾ ਹੈ। ਅਜਿਹੇ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਕੁਝ ਵਕੀਲ ਵੀ ਚਿੰਤਤ ਹਨ ਕਿ ਵਿਦੇਸ਼ਾਂ ਵਿਚ ਬੈਠੇ ਕੁਝ ਲੋਕ ਰਾਜ ਦੇ ਅੱਲੜ੍ਹ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰ ਰਹੇ ਹਨ। ਮਾਪਿਆਂ ਨੂੰ ਵੀ ਇਸ ਸੰਬੰਧ ਵਿਚ ਸੁਚੇਤ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਦੇਸ਼ ਵਿਰੋਧੀ ਜਾਂ ਪੰਜਾਬ ਵਿਰੋਧੀ ਅਨਸਰ ਗੁੰਮਰਾਹ ਨਾ ਕਰ ਸਕਣ। ਜੇਕਰ ਪੰਜਾਬ ਸਰਕਾਰ ਦੇ ਨਾਲ-ਨਾਲ ਵਿਰੋਧੀ ਸਿਆਸੀ ਪਾਰਟੀਆਂ ਅਤੇ ਹੋਰ ਸਮਾਜਿਕ ਸੰਗਠਨ ਇਸ ਸੰਬੰਧ ਵਿਚ ਮਿਲ ਕੇ ਕੰਮ ਕਰਨ ਲਈ ਅੱਗੇ ਆਉਂਦੇ ਹਨ ਤਾਂ ਜਿਥੇ ਪੰਜਾਬ ਨੂੰ ਬਦਨਾਮ ਹੋਣ ਤੋਂ ਰੋਕਿਆ ਜਾ ਸਕੇਗਾ, ਉਥੇ ਰਾਜ ਦੇ ਨੌਜਵਾਨਾਂ ਨੂੰ ਵੀ ਗੁਮਰਾਹ ਹੋਣ ਤੋਂ ਬਚਾਇਆ ਜਾ ਸਕੇਗਾ। ਖ਼ਾਸ ਕਰਕੇ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਕਿਸੇ ਵੀ ਧਿਰ ਵਲੋਂ ਸੌੜੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅਜਿਹੇ ਮੁੱਦਿਆਂ 'ਤੇ ਜਿਥੋਂ ਤੱਕ ਹੋ ਸਕੇ ਆਮ ਸਹਿਮਤੀ ਬਣਾ ਕੇ ਕੰਮ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਦਾ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਸਮਾਜ ਦੇ ਸਹਿਯੋਗ ਨਾਲ ਅਜਿਹੀਆਂ ਚੁਣੌਤੀਆਂ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰਨ ਅਤੇ ਜਿਥੋਂ ਤਕ ਸੰਭਵ ਹੋ ਸਕੇ ਵੱਧ ਤੋਂ ਵੱਧ ਧਿਰਾਂ ਨੂੰ ਇਸ ਸੰਬੰਧੀ ਵਿਸ਼ਵਾਸ ਵਿਚ ਲਿਆ ਜਾਵੇ।

Loading