ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ

In ਮੁੱਖ ਲੇਖ
February 06, 2025
ਮਹਾਨ ਵਿਦਵਾਨ, ਦਾਰਸ਼ਨਿਕ ਤੇ ਗੁਰਮਤਿ ਦੇ ਧਾਰਨੀ ਗਿਆਨੀ ਸੰਤ ਸਿੰਘ 'ਮਸਕੀਨ' ਜਿੰਨਾਂ ਨੇ ਗੁਰਮਤਿ ਪ੍ਰਚਾਰ ਨੂੰ ਆਪਣੀ ਜਿੰਦਗੀ ਦਾ ਨਿਸ਼ਾਨਾਂ ਬਣਾਇਆ ਉਹਨਾਂ ਦਾ ਜਨਮ ਮਾਤਾ ਰਾਮ ਕੌਰ ਦੀ ਕੁੱਖੋਂ ਕਸਬਾ ਲੱਕ ਮਰਵਤ ਜਿਲ੍ਹਾ ਬੰਨੂ ਸੂਬਾ ਸਰਹੰਦ (ਪਾਕਿਸਤਾਨ) ਵਿਖੇ 1934 ਨੂੰ ਸਰਦਾਰ ਕਰਤਾਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਖ਼ਾਲਸਾ ਸਕੂਲ ਵਿੱਚ ਪ੍ਰਾਇਮਰੀ ਦੀ ਵਿੱਦਿਆ ਪਾਸ ਕੀਤੀ ਫਿਰ ਗੌਰਮਿੰਟ ਹਾਈ ਸਕੂਲ ਵਿੱਚ ਪੜ੍ਹਨ ਲੱਗ ਪਏ। 1947 ਨੂੰ ਦੇਸ਼ ਦੀ ਵੰਡ ਸਮੇਂ ਦਸਵੀਂ ਦਾ ਇਮਤਿਹਾਨ ਨਾ ਦੇ ਸਕੇ। ਦੇਸ਼ ਦੀ ਵੰਡ ਤੋਂ ਬਾਅਦ ਗਿਆਨੀ ਜੀ ਦਾ ਪਰਿਵਾਰ ਜਿਲ੍ਹਾ ਅਲਵਰ (ਰਾਜਸਥਾਨ) ਵਿਖੇ ਆ ਵਸਿਆ। ਸੰਨ 1952 ਵਿੱਚ ਆਪਦੇ ਪਿਤਾ ਸਰਦਾਰ ਕਰਤਾਰ ਸਿੰਘ ਅਲਵਰ ਵਿਖੇ ਅਕਾਲ ਚਲਾਣਾ ਕਰ ਗਏ। ਗਿਆਨੀ ਜੀ ਨੇ ਦੋ ਮਹੀਨੇ ਰੇਲਵੇ ਵਿੱਚ ਡਰਾਇਵਰ ਦੀ ਟਰੇਨਿੰਗ ਲੈਣ ਲਈ ਕੰਮ ਕੀਤਾ ਪਰ ਉੱਥੇ ਮਨ ਨਾ ਲੱਗਣ ਕਰਕੇ ਕੰਮ ਨੂੰ ਤਿਆਗ ਦਿੱਤਾ। ਗਿਆਨੀ ਜੀ ਦੀ ਮਨ ਦੀ ਲਗਨ ਉਸ ਪ੍ਰਮਾਤਮਾਂ ਨਾਲ ਜੁੜਨ ਦੀ ਰੁੱਚੀ ਰੱਖਦੀ ਸੀ। ਉਹ ਬੈਜਨਾਥ ਅਤੇ ਕਟਕ ਜਾਕੇ ਸਾਧੂਆਂ ਵਿੱਚ ਵਿਚਰਦੇ ਰਹੇ ਅਤੇ ਬ੍ਰਹਮ- ਵਿਦਿਆ ਦਾ ਅਧਿਆਨ ਕਰਦੇ ਰਹੇ। ਮਸਕੀਨ ਜੀ ਨੇ ਗਿਆਨੀ ਬਲਵੰਤ ਸਿੰਘ ਜੀ ਨਿਰਮਲੇ ਸੰਤਾਂ ਪਾਸੋਂ ਗੁਰਮਤ ਦੀ ਵਿੱਦਿਆ ਪੜ੍ਹੀ ਜੋ ਗੁਰਮਤਿ ਦੇ ਵਿਦਵਾਨ ਹੋਣ ਦੇ ਨਾਲ ਨਾਲ ਪੂਰਨ ਤਿਆਗੀ ਨਾਮ ਸਿਮਰਨ ਦੇ ਰਸੀਏ ਅਤੇ ਨਿਮਰਤਾ ਵਾਲੇ ਸਨ। ਇਹਨਾਂ ਕੋਲ ਰਹਿ ਕੇ ਗਿਆਨੀ ਮਸਕੀਨ ਜੀ ਵਧੀਆ ਗੁਰਬਾਣੀ ਦੀ ਕਥਾ ਕਰਨ ਲੱਗ ਪਏ। ਗਿਆਨੀ ਬਲਵੰਤ ਸਿੰਘ ਜੀ ਤੋਂ ਗੁਰਬਾਣੀ ਦਾ ਗਿਆਨ ਲੈਕੇ ਗਿਆਨੀ ਮਸਕੀਨ ਜੀ ਮਹਾਂ ਨਦੀ ਦੇ ਕੰਡੇ ਕਸਬਾ ਬੁਰਲਾ(ਸੰਬਲਪੁਰ) ਉਡੀਸਾ ਵਿਖੇ ਰਹਿਣ ਲੱਗ ਪਏ। ਇੱਥੇ ਭਜਨ ਸਿਮਰਨ ਦੇ ਨਾਲ ਨਾਲ ਸੰਗਤਾਂ ਨੂੰ ਕਥਾ ਕਰਕੇ ਗੁਰਬਾਣੀ ਨਾਲ ਜੋੜਦੇ ਰਹੇ। ਇੱਥੇ ਸੰਗਤਾਂ ਨੂੰ ਪ੍ਰੇਰ ਕੇ ਗੁਰਦੁਵਾਰਾ ਸਾਹਿਬ ਬਣਵਾਇਆ। 1957 ਦੇ ਅਖ਼ੀਰ ਵਿੱਚ ਫਿਰ ਅਲਵਰ ਆਪਣੀ ਮਾਤਾ ਜੀ ਕੋਲ ਆ ਗਏ। 1958 ਵਿੱਚ ਆਪ ਜੀ ਦੀ ਸ਼ਾਦੀ ਹੋ ਗਈ। ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਪਟਨਾ ਸਾਹਿਬ, ਬੰਬਈ, ਕਲਕੱਤਾ, ਕਾਨਪੁਰ, ਇੰਦੌਰ, ਅਲੀਗ੍ਹੜ, ਕਾਨ੍ਹਪੁਰ ਆਦਿ ਸ਼ਹਿਰਾਂ ਵਿੱਚ ਗੁਰਪੁਰਬਾਂ ਅਤੇ ਆਮ ਸਮਾਗਮਾਂ ਤੇ ਪੁੱਜ ਕੇ ਗੁਰਮਤ ਦੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦੇ ਰਹਿੰਦੇ ਸਨ। ਅਫ਼ਗਾਨਿਸਤਾਨ, ਇਰਾਨ, ਕਵੈਤ,ਸਿੰਗਾਪੁਰ, ਮਲੇਸ਼ੀਆ ਆਦਿ ਦੇਸ਼ਾਂ ਵਿੱਚ ਵੀ ਸੰਗਤਾਂ ਦੇ ਸੱਦੇ ਨੂੰ ਮੁੱਖ ਰੱਖਦਿਆਂ ਗੁਰਮਤਿ ਪ੍ਰਚਾਰ ਦੁਆਰਾ ਸੰਗਤਾਂ ਨੂੰ ਗੁਰੂ ਲੜ ਲਾਉਣ ਜਾਇਆ ਕਰਦੇ ਸਨ। ਵਿਆਖਿਆ ਕਰਨ ਸਮੇਂ ਗਿਆਨੀ ਮਸਕੀਨ ਸਿੰਘ ਜੀ ਦੀ ਇਕਾਗਰਤਾਂ ਸਰੋਤਿਆਂ ਦੇ ਮਨ ਦੇ ਧਿਆਨ ਨੂੰ ਆਪਣੇ ਵੱਲ ਖਿੱਚੀ ਰੱਖਦੀ। ਗਿਆਨੀ ਜੀ ਦੀ ਆਵਾਜ਼ ਵਿੱਚ ਤਾਕਤ, ਸੁਰੀਲਾਪਨ ਅਤੇ ਨਿਮਰਤਾ ਬਹੁਤ ਸੀ। ਮਸਕੀਨ ਜੀ ਕਥਾ ਕਰਦੇ ਹੋਏ ਵਿਚਾਰਾਂ ਨੂੰ ਮਨ ਵਿੱਚ ਬਿਠਾਉਣ ਖ਼ਾਤਰ ਕਈ ਕਈ ਉਦਾਰਣਾ ਦੇਕੇ ਸਮਝਾ ਜਾਂਦੇ ਫਿਰ ਸੰਗਤਾਂ ਦੇ ਮਨ ਨੂੰ ਪਹਿਲਾਂ ਵਾਲੀ ਥਾਂ ਤੇ ਹੀ ਲੈ ਆਉਂਦੇ ਜੋ ਉਹਨਾਂ ਵਿੱਚ ਬਹੁਤ ਵੱਡਾ ਗੁਣ ਸੀ।ਆਪ ਗੁਰਮਤਿ ਪ੍ਰਚਾਰ ਦਾ ਕਿਸੇ ਤੋਂ ਇਵਜ਼ਾਨਾਂ ਨਹੀਂ ਮੰਗਦੇ ਸਨ। ਸੰਗਤਾਂ ਆਪਣੇ ਆਪ ਹੀ ਲੋੜ ਤੋਂ ਵੱਧ ਉਹਨਾਂ ਦੀ ਸਹਾਇਤਾ ਕਰ ਦਿਆ ਕਰਦੀਆ ਸਨ। ਗਿਆਨੀ ਮਸਕੀਨ ਜੀ ਚੰਗੇ ਪ੍ਰਚਾਰਕ ਹੋਣ ਦੇ ਨਾਲ ਨਾਲ ਚੰਗੇ ਲਿਖਾਰੀ ਵੀ ਸਨ ਉਹਨਾਂ ਨੇ ਜਪੁ ਨਿਸਾਣ, ਗੁੂਰੂ ਚਿੰਤਨ, ਗੁਰੂ ਜੋਤੀ, ਬ੍ਰਹਮ ਗਿਆਨ, ਤੀਜਾ ਨੇਤਰ, ਪੰਜ ਤੱਤ, ਧਰਮ ਤੇ ਮਨੁੱਖ, ਮਸਕੀਨ ਜੀ ਦੇ ਲੈਕਚਰ ਸਮੇਤ ਇੱਕ ਦਰਜਨ ਤੋਂ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ। ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਮਸਕੀਨ ਜੀ ਨੂੰ ' ਭਾਈ ਗੁਰਦਾਸ ਪੁਰਸਕਾਰ' ਨਾਲ ਸਨਮਾਨਤ ਕੀਤਾ ਗਿਆ ਅਤੇ ਪੰਥ ਰਤਨ ਦੀ ਉਪਾਧੀ ਦਿੱਤੀ ਗਈ। 20 ਮਾਰਚ 2005 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਮਸਕੀਨ ਜੀ ਦੀ ਮੌਤ ਉਪਰੰਤ ' ਗੁਰਮਤਿ ਵਿੱਦਿਆ ਮਾਰਤੰਡ' ਦੀ ਉਪਾਧੀ ਨਾਲ ਨਿਵਾਜਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਹਿਬਾਨ ਵਲੋਂ ਸਨਮਾਨ ਪੱਤਰ, ਤਸ਼ਤਰੀ, ਸਿਰੋਪਾਓ ਅਤੇ ਸ੍ਰੀ ਸਾਹਿਬ ਨਾਲ ਗਿਆਨੀ ਜੀ ਦੀ ਧਰਮ ਪਤਨੀ ਬੀਬੀ ਸੁੰਦਰੀ ਕੌਰ ਜੀ ਨੂੰ ਸਨਿਮਾਨਤ ਕੀਤਾ ਗਿਆ। ਗਿਆਨੀ ਜੀ 17 ਫ਼ਰਵਰੀ 2005 ਸ਼ਾਮ ਨੂੰ ਲਾਵਾਂ ਦੀ ਕਥਾ ਕਰਕੇ ਕਹਿੰਦੇ ਮੇਰਾ ਸਮਾਂ ਸਮਾਪਤ, ਮੇਰੀ ਕਥਾ ਸ਼ਕਤੀ ਸਮਾਪਤ,ਮੇਰੀ ਸੋਚਣ ਸ਼ਕਤੀ ਦੀ ਸਮਾਪਤੀ ਪਰ ਇਹਨਾਂ ਚਾਰ ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀਂ ਹੈ ਗੁਰੂ ਦਾ ਸ਼ਬਦ ਸਮਾਪਤ ਨਹੀਂ ਹੁੰਦਾ ਇਹਨਾਂ ਬੋਲਾਂ ਨਾਲ ਮਸਕੀਨ ਜੀ ਕਥਾ ਸਮਾਪਤ ਕਰ ਗਏ। ਇਸ ਤੋਂ ਅਗਲੇ ਦਿਨ 18 ਫ਼ਰਵਰੀ 2005 ਨੂੰ ਸਵੇਰ ਦੇ 8 ਵਜੇ ਇਟਾਵਾ(ਉੱਤਰ ਪ੍ਰਦੇਸ਼) ਵਿਖੇ 71 ਸਾਲ ਦੀ ਆਯੂ ਭੋਗ ਕੇ ਸੱਚਖੰਡ ਜਾ ਬਿਰਾਜੇ। ਸੁਖਵਿੰਦਰ ਸਿੰਘ ਮੁੱਲਾਂਪੁਰ

Loading