ਨਿਊਯਾਰਕ/ਏ.ਟੀ.ਨਿਊਜ਼ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫ਼ਲ ਸਾਜ਼ਿਸ਼ ਰਚਣ ਲਈ ਪਿਛਲੇ ਦਿਨੀਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਲਏ ਹਨ। ਗੁਪਤਾ ਉੱਤੇ ਭਾਰਤ ਸਰਕਾਰ ਦੇ ਹੁਕਮਾਂ ਉੱਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ ਅਤੇ ਜੂਨ 2024 ਵਿੱਚ ਉਸ ਨੇ ਸੰਘੀ ਅਦਾਲਤ ‘ਚ ਦੋਸ਼ ਨਹੀਂ ਕਬੂਲੇ ਸਨ।
ਰੋਏਟਰਜ਼ ਦੀ ਰਿਪੋਰਟ ਅਨੁਸਾਰ ਮੈਨਹੱਟਨ ‘ਚ ਅਮਰੀਕੀ ਅਟਾਰਨੀ ਦਫ਼ਤਰ ਨੇ ਦਸਿਆ ਕਿ 54 ਸਾਲ ਦੇ ਗੁਪਤਾ ਨੇ ਕਿਰਾਏ ‘ਤੇ ਕਤਲ, ਕਿਰਾਏ ਉਤੇ ਕਤਲ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ ਕਬੂਲ ਕਰ ਲਿਆ ਹੈ। ਇਨ੍ਹਾਂ ਦੋਸ਼ਾਂ ‘ਚ ਉਸ ਨੂੰ 40 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਤੋਂ ਬਾਅਦ, ਗੁਪਤਾ ਨੂੰ ਜੂਨ 2023 ਵਿੱਚ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਮਰੀਕਾ ਹਵਾਲਗੀ ਕੀਤੀ ਗਈ ਸੀ। ਨਿਖਿਲ ਨੂੰ ਸਜ਼ਾ ਸੁਣਾਉਣ ਲਈ ਸੁਣਵਾਈ ਦੀ ਅਗਲੀ ਮਿਤੀ 15 ਮਈ ਤੈਅ ਕੀਤੀ ਗਈ ਹੈ।
ਅਮਰੀਕੀ ਵਕੀਲਾਂ ਨੇ ਗੁਪਤਾ ਉਤੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨਾਲ ਪੰਨੂ ਦੀ ਹੱਤਿਆ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ ਹੈ, ਪਰ ਨਵੀਂ ਦਿੱਲੀ ਨੇ ਇਹ ਕਹਿੰਦੇ ਹੋਏ ਸਾਜ਼ਿਸ਼ ਤੋਂ ਅਪਣੇ ਆਪ ਨੂੰ ਦੂਰ ਕਰ ਲਿਆ ਹੈ ਕਿ ਇਹ ਸਰਕਾਰ ਦੀ ਨੀਤੀ ਦੇ ਵਿਰੁੱਧ ਹੈ।
ਸਿੱਖ ਵੱਖਵਾਦੀ ਨੇਤਾ ਪੰਨੂ ਅਮਰੀਕਾ ਦਾ ਨਾਗਰਿਕ ਹੈ ਅਤੇ ਅਮਰੀਕਾ-ਕੈਨੇਡਾ ਦਾ ਦੋਹਰਾ ਨਾਗਰਿਕ ਹੈ ਅਤੇ ਕਥਿਤ ਕਤਲ ਦੀ ਸਾਜ਼ਿਸ਼ ਨੇ ਅਮਰੀਕਾ ਅਤੇ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਨੂੰ ਤਣਾਅਪੂਰਨ ਬਣਾਇਆ ਹੈ।
![]()
