
ਵਿਵੇਕ ਕਾਟਜ਼ੂ :
ਇਰਾਨ ’ਤੇ ਇਜ਼ਰਾਇਲ ਦੇ ਹਮਲੇ ਅਤੇ ਫਿਰ ਇਰਾਨ ਦੀ ਜਵਾਬੀ ਕਾਰਵਾਈ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਪਹਿਲਾਂ ਇਜ਼ਰਾਇਲ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ਅਤੇ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਜਵਾਬ ਵਿੱਚ ਇਰਾਨ ਨੇ ਤਲ ਅਵੀਵ ਸਮੇਤ ਕਈ ਬਸਤੀਆਂ ’ਤੇ ਖ਼ਤਰਨਾਕ ਹਮਲੇ ਕੀਤੇ। ਇਹ ਹਿੰਸਕ ਟਕਰਾਅ ਕਿਸ ਮੋੜ ’ਤੇ ਅਤੇ ਕਦੋਂ ਤੱਕ ਸਮਾਪਤ ਹੁੰਦਾ ਹੈ, ਉਸ ਨੂੰ ਲੈ ਕੇ ਤਾਂ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੰਨਾ ਤੈਅ ਹੈ ਕਿ ਇਸ ਨੇ ਭਾਰਤੀ ਵਿਦੇਸ਼ ਨੀਤੀ ਅੱਗੇ ਇੱਕ ਵੱਡੀ ਦੁਚਿੱਤੀ ਖੜ੍ਹੀ ਕਰ ਦਿੱਤੀ ਹੈ। ਇਜ਼ਰਾਇਲ ਦੇ ਨਾਲ ਭਾਰਤ ਦੇ ਰੱਖਿਆ ਤੋਂ ਲੈ ਕੇ ਤਕਨੀਕ ਤੱਕ ਵਿਆਪਕ ਹਿੱਤ ਜੁੜੇ ਹੋਏ ਹਨ। ਓਥੇ ਹੀ ਇਰਾਨ ਨਾਲ ਭਾਰਤ ਦੇ ਇਤਿਹਾਸਕ ਸਬੰਧ ਰਹੇ ਹਨ। ਭਾਰਤ ਵਿੱਚ ਕਰੋੜਾਂ ਸ਼ੀਆ ਮੁਸਲਮਾਨ ਰਹਿੰਦੇ ਹਨ ਅਤੇ ਇਰਾਨ ਸ਼ੀਆ ਸਮੁਦਾਇ ਦਾ ਆਲਮੀ ਨੇਤਾ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਇਰਾਨ ਊਰਜਾ ਸੋਮਿਆਂ ਨਾਲ ਵੀ ਸੰਪੰਨ ਹੈ। ਚਾਬਹਾਰ ਬੰਦਰਗਾਹ ਦੀਆਂ ਸਮਰੱਥਾਵਾਂ ਦਾ ਪੂਰੀ ਤਰ੍ਹਾਂ ਫ਼ਾਇਦਾ ਨਾ ਲਿਆ ਜਾ ਸਕਣ ਦੇ ਬਾਵਜੂਦ ਉਹ ਕੁਨੈਕਟੀਵਿਟੀ ਦੀ ਇੱਕ ਅਹਿਮ ਕੜੀ ਹੈ। ਇਸ ਮਾਮਲੇ ਨਾਲ ਕਈ ਹੋਰ ਮਹੱਤਵਪੂਰਨ ਪਹਿਲੂ ਵੀ ਜੁੜੇ ਹੋਏ ਹਨ। ਖਾੜੀ ਦੇਸ਼ਾਂ ਵਿੱਚ ਭਾਰਤ ਦੇ ਰੱਖਿਆ, ਆਰਥਿਕ ਅਤੇ ਵਣਜ ਹਿੱਤ ਜੁੜੇ ਹੋਏ ਹਨ। ਇਸੇ ਕੜੀ ਵਿੱਚ ਸੰਯੁਕਤ ਅਰਬ ਅਮੀਰਾਤ ਯਾਨੀ ਯੂ.ਏ.ਈ. ਭਾਰਤ ਦੇ ਸਭ ਤੋਂ ਵੱਡੇ ਵਪਾਰਕ ਜੋਟੀਦਾਰਾਂ ’ਚੋਂ ਇਕ ਦੇ ਤੌਰ ’ਤੇ ਉੱਭਰਿਆ ਹੈ। ਕੁਵੈਤ, ਕਤਰ ਅਤੇ ਯੂ.ਏ.ਈ. ਤੋਂ ਇਲਾਵਾ ਸਾਊਦੀ ਅਰਬ ਤੇਲ ਅਤੇ ਗੈਸ ਦੇ ਪ੍ਰਮੁੱਖ ਸਪਲਾਇਰ ਹਨ। ਇਹ ਵੀ ਕਾਬਿਲੇਗ਼ੌਰ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਲਗਪਗ 90 ਲੱਖ ਭਾਰਤੀ ਆਪਣੀ ਰੋਜ਼ੀ-ਰੋਟੀ ਲਈ ਵਸੇ ਹੋਏ ਹਨ। ਰੈਮਿਟੈਂਸ ਜ਼ਰੀਏ ਉਹ ਦੇਸ਼ ਪ੍ਰਤੀ ਅਹਿਮ ਆਰਥਿਕ ਯੋਗਦਾਨ ਦੇ ਰਹੇ ਹਨ। ਅਜਿਹੇ ਵਿੱਚ ਭਾਰਤ ਲਈ ਇਹ ਮਹੱਤਵਪੂਰਨ ਹੋਵੇਗਾ ਕਿ ਇਹ ਤਣਾਅ ਇਨ੍ਹਾਂ ਦੇਸ਼ਾਂ ਤੱਕ ਨਾ ਫੈਲੇ। ਕਿਸੇ ਇਲਾਕੇ ਵਿੱਚ ਜੇ ਹਿੰਸਾ ਭੜਕੀ ਹੋਈ ਹੋਵੇ ਤਾਂ ਉੱਥੋਂ ਲੱਖਾਂ ਲੋਕਾਂ ਨੂੰ ਕੱਢਣਾ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ। ਇਸ ਲਈ ਇਸ ਹਿੰਸਕ ਟਕਰਾਅ ਦਾ ਜਲਦ ਤੋਂ ਜਲਦ ਰੁਕਣਾ ਹੀ ਸਹੀ ਹੋਵੇਗਾ। ਇਸ ਦੌਰਾਨ ਇਰਾਨ ਨੇ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ, ਬ੍ਰਿਟੇਨ ਜਾਂ ਫਰਾਂਸ ਉਸ ਦੇ ਹਮਲਿਆਂ ਤੋਂ ਇਜ਼ਰਾਈਲ ਨੂੰ ਬਚਾਉਣ ਲਈ ਅੱਗੇ ਆਉਂਦੇ ਹਨ ਤਾਂ ਉਹ ਇਸ ਖੇਤਰ ਵਿੱਚ ਇਨ੍ਹਾਂ ਦੇਸ਼ਾਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਹਾਲਾਤ ਨੂੰ ਭਾਂਪਦੇ ਹੋਏ ਭਾਰਤ ਨੇ ਹਾਲ ਹੀ ਵਿੱਚ ਇੱਕ ਵਿਵੇਕਸ਼ੀਲ ਬਿਆਨ ਜਾਰੀ ਕੀਤਾ। ਵਿਦੇਸ਼ ਮੰਤਰਾਲੇ ਨੇ ਇਸ ਟਕਰਾਅ ’ਤੇ ਚਿੰਤਾ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਭਾਰਤ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ। ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ, ‘ਦੋਵਾਂ ਧਿਰਾਂ ਨੂੰ ਟਕਰਾਅ ਵਧਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੁੱਦਿਆਂ ਨੂੰ ਸੁਲਝਾਉਣ ਅਤੇ ਹਾਲਾਤ ਨੂੰ ਸ਼ਾਂਤ ਕਰਨ ਲਈ ਸੰਵਾਦ ਅਤੇ ਕੂਟਨੀਤੀ ਦੇ ਮੌਜੂਦਾ ਚੈਨਲਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੇ ਦੋਵਾਂ ਦੇਸ਼ਾਂ ਨਾਲ ਦੋਸਤਾਨਾ ਸਬੰਧ ਹਨ ਅਤੇ ਉਹ ਕੋਈ ਵੀ ਸਹਾਇਤਾ ਕਰਨ ਲਈ ਤਤਪਰ ਹੈ।’ ਇਜ਼ਰਾਇਲ ਨੇ ਜਿਸ ਦਿਨ ਹਮਲਾ ਕੀਤਾ, ਉਸੇ ਦਿਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ’ਤੇ ਆਪਣੀ ਕਾਰਵਾਈ ਤੋਂ ਜਾਣੂ ਕਰਵਾਇਆ। ਓਥੇ ਹੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਜ਼ਰਾਇਲ ਅਤੇ ਇਰਾਨ ਦੇ ਵਿਦੇਸ਼ ਮੰਤਰੀਆਂ ਨਾਲ ਗੱਲ ਕੀਤੀ। ਬਹੁ-ਪੱਧਰੀ ਮੰਚਾਂ ’ਤੇ ਵੀ ਭਾਰਤ ਇਸ ਸਮੇਂ ਇਰਾਨ ਜਾਂ ਇਜ਼ਰਾਇਲ ’ਚੋਂ ਕਿਸੇ ਇੱਕ ਧਿਰ ਦੇ ਪਿੱਛੇ ਨਹੀਂ ਖੜ੍ਹਾ ਹੋਇਆ ਹੈ। ਸ਼ੰਘਾਈ ਸਹਿਯੋਗ ਸੰਗਠਨ ਯਾਨੀ ਐੱਸ.ਸੀ.ਓ. ਦੁਆਰਾ 14 ਜੂਨ ਨੂੰ ਜਾਰੀ ਬਿਆਨ ਵਿੱਚ ਭਾਰਤ ਨੇ ਇਹੀ ਰੁਖ਼ ਅਪਣਾਇਆ। ਐੱਸ.ਸੀ.ਓ. ਨੇ ਬਹੁਤ ਸਖ਼ਤ ਸ਼ਬਦਾਂ ਵਿੱਚ ਇਜ਼ਰਾਇਲੀ ਹਮਲੇ ਦੀ ਨਿੰਦਾ ਕੀਤੀ। ਇਰਾਨ ਵੀ ਐੱਸ.ਸੀ.ਓ. ਦਾ ਇੱਕ ਮੈਂਬਰ ਹੈ। ਬਿਆਨ ਵਿੱਚ ਕਿਹਾ ਗਿਆ ਕਿ ਇਰਾਨ ਦਾ ਨਾਗਰਿਕ ਬੁਨਿਆਦੀ ਢਾਂਚਾ, ਜਿਸ ਵਿੱਚ ਊਰਜਾ ਤੇ ਢੋਆ-ਢੁਆਈ ਸਹੂਲਤਾਂ ਵੀ ਸ਼ਾਮਲ ਹਨ, ’ਤੇ ਇਜ਼ਰਾਇਲੀ ਹਮਲੇ ਨਾਲ ਕਈ ਨਾਗਰਿਕਾਂ ਦੀ ਮੌਤ ਹੋਈ। ਇਹ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਅਤੇ ਵਿਸ਼ਵ ਪੱਧਰੀ ਸ਼ਾਂਤੀ ਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਕਦਮ ਹੈ। ਦਿਲਚਸਪ ਗੱਲ ਇਹ ਰਹੀ ਕਿ ਐੱਸ.ਸੀ.ਓ. ਦੇ ਬਿਆਨ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਵੀ ਜ਼ਿਕਰ ਸੀ। ਇਸ ਸਬੰਧ ਵਿੱਚ ਉਸ ਦਾ ਇਹੀ ਕਹਿਣਾ ਸੀ ਕਿ ਅਜਿਹੇ ਮਾਮਲੇ ਸ਼ਾਂਤੀਪੂਰਨ ਕੂਟਨੀਤਕ ਅਤੇ ਰਾਜਨੀਤਕ ਮਾਧਿਅਮਾਂ ਜ਼ਰੀਏ ਸੁਲਝਾਏ ਜਾਣੇ ਚਾਹੀਦੇ ਹਨ। ਇਸ ਸਮੇਂ ਚੀਨ, ਰੂਸ, ਭਾਰਤ, ਪਾਕਿਸਤਾਨ, ਇਰਾਨ ਤੇ ਮੱਧ ਏਸ਼ਿਆਈ ਗਣਤੰਤਰ (ਤੁਰਕਮੇਨਿਸਤਾਨ ਨੂੰ ਛੱਡ ਕੇ) ਐੱਸ.ਸੀ.ਓ. ਦੇ ਮੈਂਬਰ ਹਨ। ਸਪਸ਼ਟ ਹੈ ਕਿ ਚੀਨ ਤੇ ਰੂਸ ਨੇ ਮਜ਼ਬੂਤੀ ਨਾਲ ਇਰਾਨ ਦਾ ਪੱਖ ਲਿਆ ਹੈ ਜਦਕਿ ਭਾਰਤ ਉਨ੍ਹਾਂ ਦੇ ਇਸ ਰੁਖ਼ ਨਾਲ ਆਪਣਾ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦਾ।
ਇਸੇ ਲਈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਇਰਾਨੀ ਹਮਰੁਤਬਾ ਨੂੰ ਕਿਹਾ ਕਿ ਇਹ ਘਟਨਾਚੱਕਰ ਕੌਮਾਂਤਰੀ ਭਾਈਚਾਰੇ ਲਈ ਘੋਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਣਾਅ ਨੂੰ ਹੋਰ ਵਧਾਉਣ ਦੀ ਥਾਂ ਜਲਦ ਤੋਂ ਜਲਦ ਕੂਟਨੀਤਕ ਪੱਧਰ ’ਤੇ ਯਤਨ ਕੀਤੇ ਜਾਣ। ਇਸ ਸਿਲਸਿਲੇ ਵਿੱਚ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਉਸ ਨੇ ਐੱਸ.ਸੀ.ਓ. ਮੈਂਬਰਾਂ ਨੂੰ ਆਪਣੇ ਰੁਖ਼ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਐੱਸ.ਸੀ.ਓ. ਬਿਆਨ ’ਤੇ ਚਰਚਾ ਵਿਚ ਹਿੱਸਾ ਨਹੀਂ ਲਿਆ। ਐੱਸ.ਸੀ.ਓ. ਦੇ ਬਿਆਨ ਵਿੱਚ ਚੀਨ ਤੇ ਰੂਸ ਦਾ ਇਰਾਨ ਦੇ ਪੱਖ ਵਿੱਚ ਝੁਕਣਾ ਉਨ੍ਹਾਂ ਨੂੰ ਅਮਰੀਕਾ ਤੋਂ ਅਲੱਗ ਪਾਲੇ ਵਿੱਚ ਰੱਖਦਾ ਹੈ ਕਿਉਂਕਿ ਅਮਰੀਕਾ ਖੁੱਲ੍ਹ ਕੇ ਇਜ਼ਰਾਇਲ ਦੇ ਸਮਰਥਨ ਵਿੱਚ ਹੈ। ਅਸਲ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਇਰਾਨ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਜਾਂ ਤਾਂ ਉਹ ਫ਼ਿਲਹਾਲ ਠੰਡੇ ਬਸਤੇ ਵਿੱਚ ਪਹੁੰਚੀ ਪਰਮਾਣੂ ਮੁੱਦੇ ਦੀ ਚਰਚਾ ਨਾਲ ਜੁੜੀਆਂ ਸ਼ਰਤਾਂ ਮੰਨ ਲਵੇ ਜਾਂ ਫਿਰ ਹੋਰ ਤਬਾਹੀ ਝੱਲਣ ਲਈ ਤਿਆਰ ਰਹੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਰਾਨ ਬਿਨਾਂ ਸ਼ਰਤ ਸਰੰਡਰ ਕਰ ਦੇਵੇ, ਇਸ ਵਿੱਚ ਹੀ ਉਸ ਦਾ ਭਲਾ ਹੈ। ਇਹੀ ਨਹੀਂ, ਇਰਾਨ ਨੂੰ ਪਰਮਾਣੂ ਅਪ੍ਰਸਾਰ ਸੰਧੀ ’ਤੇ ਵੀ ਸਹੀ ਪਾਉਣੀ ਪਵੇਗੀ। ਅਮਰੀਕਾ ਦੇ ਇਸ ਰੁਖ਼ ਤੋਂ ਸਾਫ਼ ਹੈ ਕਿ ਇਜ਼ਰਾਇਲ ਉਸ ਦੇ ਇਸ਼ਾਰੇ ’ਤੇ ਹੀ ਇਰਾਨ ’ਤੇ ਹਮਲੇ ਕਰ ਰਿਹਾ ਹੈ। ਦੂਜੇ ਪਾਸੇ ਰੂਸ ਤੇ ਚੀਨ ਦੀ ਇਰਾਨ ਨੂੰ ਹਮਾਇਤ ਹਾਲਾਤ ਹੋਰ ਵਿਸਫੋਟਕ ਬਣਾ ਸਕਦੀ ਹੈ। ਭਾਵੇਂ ਭਾਰਤ ਨਿਰਪੱਖ ਰਹਿਣ ਦੀ ਨੀਤੀ ’ਤੇ ਚੱਲ ਰਿਹਾ ਹੈ ਪਰ ਜੇ ਹਾਲਾਤ ਹੋਰ ਵਿਗੜੇ ਤਾਂ ਉਸ ਦੇ ਹਿੱਤਾਂ ਨੂੰ ਭਾਰੀ ਢਾਹ ਲੱਗੇਗੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਜਾਣਗੀਆਂ ਜਿਸ ਕਾਰਨ ਲੋਕਾਂ ’ਤੇ ਮਹਿੰਗਾਈ ਦੀ ਮਾਰ ਹੋਰ ਪਵੇਗੀ। ਇਹੀ ਨਹੀਂ, ਉਸ ਨੂੰ ਜੰਗ ਤੋਂ ਪੀੜਤ ਇਨ੍ਹਾਂ ਦੇਸ਼ਾਂ ਦੇ ਨਾਲ-ਨਾਲ ਖਾੜੀ ਦੇ ਕਈ ਹੋਰ ਦੇਸ਼ਾਂ ’ਚੋਂ ਆਪਣੇ ਨਾਗਰਿਕ ਸੁਰੱਖਿਅਤ ਕੱਢਣ ਲਈ ਤਰੱਦਦ ਕਰਨੇ ਪੈਣਗੇ। ਭਾਰਤ ਸਰਕਾਰ ਨੇ ਇਰਾਨ ’ਚੋਂ ਤਾਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਸਿਲਸਿਲਾ ਆਰੰਭ ਵੀ ਕਰ ਦਿੱਤਾ ਹੈ।
ਜੇਕਰ ਭਾਰਤ ਦੀ ਗੱਲ ਕਰੀਏ ਤਾਂ ਉਸ ਨੇ ਐੱਸ.ਸੀ.ਓ. ਦੇ ਬਿਆਨ ਤੋਂ ਤਾਂ ਆਪਣਾ ਪੱਲਾ ਝਾੜ ਲਿਆ ਹੈ ਪਰ ਉਸ ਨੂੰ ਦੋਵਾਂ ਧਿਰਾਂ ਦੇ ਨਾਲ ਸੰਤੁਲਨ ਸੇਧਣ ਦੇ ਰਾਹ ਵਿੱਚ ਬਹੁਤ ਸਾਵਧਾਨੀ ਨਾਲ ਕਦਮ ਰੱਖਣੇ ਹੋਣਗੇ। ਜੀ-7 ਬੈਠਕ ਲਈ ਕੈਨੇਡਾ ਪੁੱਜੇ ਪ੍ਰਧਾਨ ਮੰਤਰੀ ਮੋਦੀ ਲਈ ਉੱਥੇ ਇਹ ਇੱਕ ਕੂਟਨੀਤਕ ਕਸਰਤ ਜਿਹੀ ਬਣ ਜਾਵੇਗੀ। ਅਜਿਹੇ ਵਿੱਚ ਬਿਹਤਰ ਇਹੀ ਹੋਵੇਗਾ ਕਿ ਉਹ ਇਹੀ ਰੁਖ਼ ਕਾਇਮ ਰੱਖਣ ਕਿ ਇਹ ਨਾ ਤਾਂ ਜੰਗ ਦਾ ਸਮਾਂ ਹੈ ਅਤੇ ਨਾ ਹੀ ਅੱਤਵਾਦ ਦਾ। ਵਰਤਮਾਨ ਹਾਲਾਤ ਨੂੰ ਦੇਖੀਏ ਤਾਂ ਇਹ ਪੱਛਮੀ ਏਸ਼ੀਆ ਤੋਂ ਲੈ ਕੇ ਦੱਖਣੀ ਏਸ਼ੀਆ ਅਤੇ ਸਮੁੱਚੇ ਆਲਮੀ ਅਰਥਚਾਰੇ ਲਈ ਬਹੁਤ ਖ਼ਤਰਨਾਕ ਸਮਾਂ ਹੈ। ਜੇ ਹੋਰ ਦੇਸ਼ ਵੀ ਇਸ ਸੰਘਰਸ਼ ਵਿੱਚ ਖੇਮੇਬਾਜ਼ੀ ਦਾ ਸ਼ਿਕਾਰ ਹੋ ਕੇ ਜੁੜਦੇ ਗਏ ਤਾਂ ਇਹ ਖ਼ਤਰਾ ਕਈ ਗੁਣਾ ਵਧ ਜਾਵੇਗਾ। ਚੰਗੀ ਗੱਲ ਇਹੀ ਹੈ ਕਿ ਹਾਲੇ ਤੱਕ ਅਜਿਹਾ ਕੁਝ ਨਹੀਂ ਹੋਇਆ ਹੈ। ਭਾਰਤ ਲਈ ਬਿਹਤਰ ਇਹੀ ਹੋਵੇਗਾ ਕਿ ਸ਼ਾਂਤੀ ਅਤੇ ਕੂਟਨੀਤਕ ਬਦਲਾਂ ਦੀ ਵਕਾਲਤ ਕਰਦਾ ਰਹੇ ਪਰ ਉਸ ਨੂੰ ਖ਼ੁਦ ਵੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਹੋਵੇਗਾ।
-(ਲੇਖਕ ਸਾਬਕਾ ਡਿਪਲੋਮੈਟ ਹੈ)।