ਫ਼ਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲੱਗੀਆਂ ਵਿਰਾਸਤੀ ਖੇਡਾਂਦੀਆਂ ਰੌਣਕਾਂ

In ਅਮਰੀਕਾ
April 07, 2025
ਫ਼ਰਿਜ਼ਨੋ (ਕੈਲੀਫ਼ੋਰਨੀਆ)/ਏ.ਟੀ.ਨਿਊਜ਼: ਵਿਸਾਖੀ ਅਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਮੌਕੇ ’ਤੇ ਗੁਰਦੁਆਰਾ ਸਿੰਘ ਸਭਾ ਫ਼ਰਿਜ਼ਨੋ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਰਾਸਤੀ ਖੇਡਾਂ ਦੀ ਰੌਣਕ ਨੇ ਸਮੂਹ ਸੰਗਤ ਦਾ ਮਨ ਮੋਹ ਲਿਆ। ਸਵੇਰੇ ਤੋਂ ਹੀ ਗੁਰਦੁਆਰੇ ਵਿੱਚ ਭਾਵਨਾਤਮਕ ਦੀਵਾਨ ਸਜਾਏ ਗਏ, ਜਿੱਥੇ ਕੀਰਤਨ, ਕਥਾ ਅਤੇ ਅਰਦਾਸ ਰਾਹੀਂ ਸੰਗਤ ਨੇ ਵਿਸਾਖੀ ਦੀ ਮਹਿਮਾ ਨੂੰ ਯਾਦ ਕੀਤਾ। ਸਮਾਗਮ ਦੌਰਾਨ ਤਰ੍ਹਾਂ-ਤਰ੍ਹਾਂ ਦੇ ਲੰਗਰ ਵੀ ਲਗਾਏ ਗਏ, ਜਿਨ੍ਹਾਂ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆ। ਵਿਰਾਸਤੀ ਖੇਡਾਂ-ਜਿਵੇਂ ਕਿ ਚਾਟੀ ਦੌੜ, ਗਿੱਟਿਆਂ ਦੀ ਖੇਡ ਤੇ ਬੋਰਿਆਂ ਦੀ ਦੌੜ ਆਦਿ ਖੇਡਾਂ ਵਿੱਚ ਛੋਟੇ ਬੱਚਿਆਂ ਤੋਂ ਲੈਕੇ ਔਰਤਾਂ ਅਤੇ ਮਰਦਾਂ ਤੱਕ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਮਾਗਮਾਂ ਦੌਰਾਨ ਪੀ.ਸੀ.ਏ. ਫ਼ਰਿਜ਼ਨੋ ਦੇ ਮੈਬਰਾਂ ਦਾ ਵੀ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਡਾ. ਗੁਰੀ, ਹਾਕਮ ਸਿੰਘ ਢਿੱਲੋ, ਜੰਗੀਰ ਸਿੰਘ ਗਿੱਲ, ਸਤਨਾਮ ਸਿੰਘ ਸਰਪੰਚ, ਦਵਿੰਦਰ ਸਿੰਘ ਬੁੱਟਰ, ਕੁਲਵਿੰਦਰ ਸਿੰਘ ਬੁੱਟਰ, ਹਰਚੰਦ ਸਿੰਘ ਦਿਓਲ ਆਦਿ ਨੇ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ ਗਿਆ। ਸਮੂਹ ਸਮਾਗਮ ਨੇ ਨਾ ਸਿਰਫ਼ ਮਨੋਰੰਜਨ ਕੀਤਾ, ਬਲਕਿ ਸਿੱਖ ਵਿਰਾਸਤ ਨਾਲ ਵੀ ਸੰਗਤ ਨੂੰ ਜੋੜਿਆ। ਇਸ ਮੌਕੇ ਲੱਗੇ ਖ਼ਰੀਦੋ ਫ਼ਰੋਖ਼ਤ ਦੇ ਸਟਾਲਾਂ ਤੋਂ ਸੰਗਤਾਂ ਨੇ ਖ਼ੂਬ ਖਰੀਦਦਾਰੀ ਕੀਤੀ। ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ।

Loading