ਫ਼ਸਲੀ ਵਿਭਿੰਨਤਾ ਲਈ ਝੋਨੇ ਦੀ ਕਾਸ਼ਤ ਘਟਾਉਣ ਦੀ ਲੋੜ

In ਮੁੱਖ ਲੇਖ
April 10, 2025
ਭਗਵਾਨ ਦਾਸ : ਅਪ੍ਰੈਲ 'ਚ ਕਣਕ ਦੀ ਵਾਢੀ ਹੋਣ ਉਪਰੰਤ ਖਰੀਫ਼ ਮੌਸਮ ਮਈ 'ਚ ਸ਼ੁਰੂ ਹੋ ਜਾਵੇਗਾ। ਕਿਸਾਨ ਹੁਣੇ ਤੋਂ ਖਰੀਫ਼ ਦੇ ਮੌਸਮ 'ਚ ਬਿਜਾਈ ਕਰਨ ਸੰਬੰਧੀ ਵਿਚਾਰ ਕਰ ਰਹੇ ਹਨ। ਝੋਨਾ ਮੁੱਖ ਫ਼ਸਲ ਹੈ। ਇਸ ਸੰਬੰਧੀ ਉਹ ਸੋਚ 'ਚ ਹਨ ਕਿ ਝੋਨੇ ਦੀ ਕਿਹੜੀ ਕਿਸਮ ਬੀਜਣ। ਪਿਛਲੇ ਸਾਲ ਕੁਝ ਵੱਡੇ ਰਕਬੇ ਤੇ ਝੋਨੇ ਦੀ ਪੀ.ਆਰ. 126 ਕਿਸਮ ਦੀ ਕਾਸ਼ਤ ਕੀਤੀ ਗਈ ਸੀ, ਕਿਉਂਕਿ ਇਹ ਕਿਸਮ ਪੱਕਣ ਨੂੰ ਥੋੜ੍ਹਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ ਵੀ ਚੰਗਾ ਹੈ, ਪ੍ਰੰਤੂ ਇਸ ਸਾਲ ਕਿਸਾਨ ਇਸ ਕਿਸਮ ਨੂੰ ਬੀਜਣ ਲਈ ਦੁਬਿਧਾ 'ਚ ਹਨ, ਕਿਉਂਕਿ ਪਿਛਲੇ ਸਾਲ ਮਿਲਰਾਂ ਤੇ ਆੜ੍ਹਤੀਆਂ ਨੇ ਇਸ ਕਿਸਮ ਦੀ ਫ਼ਸਲ ਪੂਰੇ ਭਾਅ 'ਤੇ ਨਹੀਂ ਸੀ ਖ਼ਰੀਦੀ। ਉਹ ਦਾਅਵਾ ਕਰਦੇ ਸਨ ਕਿ ਇਸ ਕਿਸਮ 'ਚੋਂ ਚੌਲਾਂ ਦੀ ਮਾਤਰਾ ਜੋ ਹੋਰ ਕਿਸਮਾਂ 'ਚੋਂ 67 ਪ੍ਰਤੀਸ਼ਤ ਨਿਕਲਦੀ ਹੈ, ਉਹ ਇਸ ਕਿਸਮ 'ਚੋਂ 62 63 ਪ੍ਰਤੀਸ਼ਤ ਹੀ ਨਿਕਲਦੀ ਹੈ ਅਤੇ ਇਸ ਕਿਸਮ 'ਚ ਟੋਟਾ ਵੀ ਜ਼ਿਆਦਾ ਹੁੰਦਾ ਹੈ। ਪੂਸਾ 44 ਕਿਸਮ ਜੋ ਕਿਸਾਨਾਂ ਦੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਪਸੰਦ ਬਣੀ ਰਹੀ, ਦਾ ਹੁਣ ਆਈ.ਸੀ.ਏ.ਆਰ. ਭਾਰਤੀ ਖੇਤੀ ਖੋਜ ਸੰਸਥਾਨ ਨੇ ਇਸ ਦਾ ਬੀਜ ਬਣਾਉਣਾ ਬੰਦ ਕਰ ਦਿੱਤਾ ਹੈ। ਕਿਸਾਨ ਇਸ ਕਿਸਮ ਦੀ ਕਾਸ਼ਤ ਨੂੰ ਨਾ ਚਾਹੁੰਦੇ ਹੋਏ ਵੀ ਛੱਡਣ ਲਈ ਮਜਬੂਰ ਹਨ। ਭਾਵੇਂ ਕੁਝ ਕਿਸਾਨ ਪੁਰਾਣਾ ਬੀਜ ਵਰਤਣ ਦੀ ਵੀ ਸੋਚ ਰਹੇ ਹਨ। ਆਈ.ਏ.ਆਰ.ਆਈ. ਵਲੋਂ ਵਿਕਸਿਤ ਪੂਸਾ 2090 ਅਤੇ ਪੂਸਾ 1824 ਕਿਸਮਾਂ ਦੇ ਝੋਨੇ ਦੇ ਬੀਜਾਂ ਲਈ ਕਿਸਾਨ ਹੁਣੇ ਤੋਂ ਭਾਲ ਕਰ ਰਹੇ ਹਨ। ਇਹ ਕਿਸਮਾਂ ਪੱਕਣ ਨੂੰ ਘੱਟ ਸਮਾਂ ਲੈਂਦੀਆਂ ਹਨ। ਇਨ੍ਹਾਂ ਕਿਸਮਾਂ ਦਾ ਬੀਜ ਪੰਜਾਬ 'ਚ ਦੇਣ ਲਈ ਭਾਰਤੀ ਖੇਤੀ ਖੋਜ ਸੰਸਥਾਨ ਕੀ ਨੀਤੀ ਵਰਤੇਗੀ ਅਜੇ ਇਸ ਸੰਬੰਧੀ ਕੋਈ ਘੋਸ਼ਣਾ ਨਹੀਂ ਕੀਤੀ ਗਈ। ਪੂਸਾ ਕ੍ਰਿਸ਼ੀ ਵਿਗਿਆਨ ਮੇਲਾ ਆਈ.ਏ.ਆਰ.ਆਈ. ਮੇਲਾ ਗਰਾਊਂਡ ਦਿੱਲੀ ਵਿਖੇ 22 ਤੋਂ 24 ਫਰਵਰੀ ਨੂੰ ਹੋ ਰਿਹਾ ਹੈ (ਪਹਿਲਾਂ ਇਹ 24 ਤੋਂ 26 ਫਰਵਰੀ ਦੌਰਾਨ ਹੋਣਾ ਸੀ)। ਕਿਸਾਨ ਇਨ੍ਹਾਂ ਕਿਸਮਾਂ ਦਾ ਬੀਜ ਲੈਣ ਲਈ ਕ੍ਰਿਸ਼ੀ ਵਿਗਿਆਨ ਮੇਲੇ ਦੀ ਉਡੀਕ 'ਚ ਹਨ। ਕੀ ਇਸ ਮੇਲੇ 'ਚ ਇਨ੍ਹਾਂ ਕਿਸਮਾਂ ਦੇ ਬੀਜ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਜਾਣਗੇ? ਆਈ.ਏ. ਆਰ.ਆਈ. ਵਲੋਂ ਇਸ ਸੰਬੰਧੀ ਸਪੱਸ਼ਟੀਕਰਨ ਦੀ ਲੋੜ ਹੈ। ਪੰਜਾਬ ਸਰਕਾਰ ਵਲੋਂ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਪਿਛਲੇ ਦੋ ਦਹਾਕਿਆਂ ਤੋਂ ਇਸ ਦੀ ਕਾਸ਼ਤ ਥੱਲੇ ਰਕਬਾ ਘਟਣ ਦੀ ਬਜਾਏ ਵਧ ਰਿਹਾ ਹੈ, ਜੋ ਹੁਣ 32 ਲੱਖ ਹੈਕਟੇਅਰ ਨੂੰ ਛੂਹ ਗਿਆ। ਕਿਸਾਨ ਝੋਨੇ ਦੀ ਕਾਸ਼ਤ 'ਤੇ ਇਸ ਲਈ ਜ਼ੋਰ ਦਿੰਦੇ ਹਨ ਕਿ ਇਹ ਫ਼ਸਲ ਦੂਜੀਆਂ ਸਾਰੀਆਂ ਫ਼ਸਲਾਂ ਨਾਲੋਂ ਖਰੀਫ਼ ਦੇ ਮੌਸਮ 'ਚ ਵੱਧ ਮੁਨਾਫ਼ਾ ਦਿੰਦੀ ਹੈ। ਪੰਜਾਬ ਸਰਕਾਰ ਵਲੋਂ ਵੀ ਫ਼ਸਲੀ ਵਿਭਿੰਨਤਾ ਲਿਆਉਣ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ, ਜਿਸ ਨੀਤੀ ਥੱਲੇ ਬਾਸਮਤੀ, ਕਪਾਹ ਨਰਮਾ, ਫ਼ਲਾਂ, ਸਬਜ਼ੀਆਂ ਆਦਿ ਦੀ ਕਾਸ਼ਤ ਥੱਲੇ ਮੁੱਖ ਤੌਰ 'ਤੇ ਰਕਬਾ ਵਧਾਉਣ ਦੀ ਯੋਜਨਾ ਹੈ। ਝੋਨੇ ਦੀ ਕਾਸ਼ਤ ਥੱਲੇ ਪਾਣੀ ਦੇ ਪੱਧਰ ਨੂੰ ਬਰਕਾਰ ਰੱਖਣ ਲਈ 10 ਲੱਖ ਹੈਕਟੇਅਰ ਰਕਬਾ ਘਟਾਉਣਾ ਲੋੜੀਂਦਾ ਹੈ। ਝੋਨੇ ਦੀ ਪਾਣੀ ਦੀ ਲੋੜ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਵੱਧ ਹੋਣ ਕਾਰਨ ਜ਼ਮੀਨ ਥੱਲੇ ਪਾਣੀ ਦੀ ਸਤਹਿ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਉੱਚੀ ਤਾਕਤ ਦੇ ਸਬਮਰਸੀਬਲ ਲੱਗ ਰਹੇ ਹਨ, ਜਿਨ੍ਹਾਂ 'ਤੇ ਕਿਸਾਨਾਂ ਦਾ ਖਰਚਾ ਜ਼ਿਆਦਾ ਆਉਂਦਾ ਹੈ ਅਤੇ ਬਿਜਲੀ ਦੀ ਖਪਤ ਵੀ ਵਧੇਰੇ ਹੁੰਦੀ ਹੈ। ਰਾਜ ਦੇ ਬਹੁਤੇ ਰਕਬੇ 'ਤੇ ਹੁਣ ਨਵੇਂ ਟਿਊਬਵੈੱਲ ਵੀ ਨਹੀਂ ਲਗਾਏ ਜਾ ਸਕਦੇ। ਝੋਨੇ ਦੀ ਵਧ ਰਹੀ ਕਾਸ਼ਤ ਨਾਲ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦੀ ਸਮੱਸਿਆ ਵੀ ਵਧ ਰਹੀ ਹੈ। ਸਬਜ਼ ਇਨਕਲਾਬ ਤੋਂ ਪਹਿਲਾਂ ਝੋਨੇ ਦੀ ਕਾਸ਼ਤ ਥੱਲੇ ਸੰਨ 1960 61 'ਚ 2.27 ਲੱਖ ਹੈਕਟੇਅਰ ਰਕਬਾ ਹੁੰਦਾ ਸੀ, ਜੋ ਸਬਜ਼ ਇਨਕਲਾਬ ਦੇ ਆਗ਼ਾਜ਼ ਤੋਂ ਬਾਅਦ 1970 71 'ਚ ਵਧ ਕੇ 3.90 ਲੱਖ ਹੈਕਟੇਅਰ ਹੋ ਗਿਆ। ਇਸ ਤੋਂ ਬਾਅਦ ਇਸ ਰਕਬੇ 'ਚ ਲਗਾਤਾਰ ਵਾਧਾ ਹੁੰਦਾ ਗਿਆ। ਸਾਲ 1980 81 'ਚ 11.83 ਲੱਖ ਹੈਕਟੇਅਰ ਤੇ 1999 2000 'ਚ 26.04 ਲੱਖ ਹੈਕਟੇਅਰ ਹੋ ਗਿਆ, ਜੋ ਹੁਣ ਵੱਧ ਕੇ 32 ਲੱਖ ਹੈਕਟੇਅਰ ਨੂੰ ਛੂਹ ਗਿਆ ਹੈ। ਕਿਸਾਨਾਂ ਨੂੰ ਝੋਨੇ ਦਾ ਰਕਬਾ ਘਟਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਇਸ ਦੇ ਮੰਡੀਕਰਨ 'ਚ ਸਮੱਸਿਆਵਾਂ ਦਾ ਆਉਣਾ ਸੁਭਾਵਿਕ ਹੈ। ਕਿਸਾਨਾਂ ਨੂੰ ਛੇਤੀ ਝੋਨੇ ਦੇ ਬਦਲ ਲੱਭਣੇ ਚਾਹੀਦੇ ਹਨ। ਸਰਕਾਰ ਵਲੋਂ ਝੋਨੇ ਦੀ ਬਜਾਏ ਮੱਕੀ, ਬਾਸਮਤੀ, ਕਪਾਹ ਨਰਮਾ ਅਤੇ ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਵਧਾਉਣ ਲਈ ਖਰੀਫ਼ ਦੇ ਮੌਸਮ 'ਚ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਮੱਕੀ ਦੀ ਕਾਸ਼ਤ ਲਈ ਵੀ ਪਾਣੀ ਵਧੇਰੇ ਚਾਹੀਦਾ ਹੈ। ਮੰਡੀ 'ਚ ਵੀ ਕਿਸਾਨਾਂ ਨੂੰ ਪਿਛਲੇ ਸਾਲਾਂ 'ਚ ਮੱਕੀ ਦੀ ਲਾਹੇਵੰਦ ਕੀਮਤ ਨਹੀਂ ਮਿਲੀ। ਹੁਣ ਸਰਕਾਰ ਵਲੋਂ ਲਾਹੇਵੰਦ ਕੀਮਤ ਦਿਵਾਉਣ ਦੇ ਉਪਰਾਲੇ ਜ਼ਰੂਰ ਕੀਤੇ ਜਾ ਰਹੇ ਹਨ। ਬਾਸਮਤੀ ਦਾ ਉਜੱਵਲ ਭਵਿੱਖ ਹੈ। ਪੰਜਾਬ ਜੀ.ਆਈ. ਭੂਗੋਲਿਕ ਜ਼ੋਨ 'ਚ ਹੋਣ ਕਰਕੇ ਇਸ ਦੀ ਬਾਸਮਤੀ ਦੀ ਕੁਆਲਿਟੀ ਵਧੀਆ ਹੈ ਅਤੇ ਦੂਜੇ ਮੁਲਕ ਇਸ ਨੂੰ ਖਰੀਦਣਾ ਪਸੰਦ ਕਰਦੇ ਹਨ। ਇਸ ਦਾ ਕੁੱਲ ਬਾਸਮਤੀ ਦੀ ਬਰਾਮਦ 'ਚ 40 ਪ੍ਰਤੀਸ਼ਤ ਤੱਕ ਹਿੱਸਾ ਹੈ। ਬਾਸਮਤੀ ਦਾ ਘਰੇਲੂ ਖਪਤ 'ਚ ਵੀ ਕੁਝ ਵਾਧਾ ਹੋ ਰਿਹਾ ਹੈ। ਆਈ.ਸੀ. ਏ.ਆਰ. ਆਈ.ਏ. ਆਰ.ਆਈ. ਵਲੋਂ ਨਵੀਆਂ ਕਿਸਮਾਂ ਪੀ.ਬੀ. 1885, ਪੀ.ਬੀ. 1886, ਪੀ.ਬੀ. 1882, ਪੀ.ਬੀ. 1979 ਅਤੇ ਪੀ.ਬੀ. 1985 ਵਿਕਸਿਤ ਹੋਣ ਨਾਲ ਕਿਸਾਨਾਂ ਲਈ ਕਿਸਮਾਂ ਦੀ ਚੋਣ ਦਾ ਦਾਇਰਾ ਵਸੀਹ ਹੋ ਗਿਆ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਾਲ ਬਾਸਮਤੀ 'ਚ ਕੁਝ ਮੰਦਾ ਆਇਆ, ਪਰ ਬਾਅਦ 'ਚ ਇਸ ਦੀ ਕੀਮਤ 'ਚ ਚੜ੍ਹ ਕੇ 3000 3200 ਰੁਪਏ ਤੱਕ ਪਹੁੰਚਣ ਨਾਲ ਕਿਸਾਨਾਂ ਦਾ ਘਰ ਪੂਰਾ ਹੋ ਗਿਆ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਬਾਸਮਤੀ ਦੇ ਬਰਾਮਦਕਾਰ ਵਿਜੇ ਸੇਤੀਆ ਅਨੁਸਾਰ ਭਵਿੱਖ 'ਚ ਬਾਸਮਤੀ ਦੀ ਕੀਮਤ ਸਥਿਰ ਤੇ ਕਿਸਾਨਾਂ ਲਈ ਲਾਹੇਵੰਦ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਆਪਣੀ ਯੋਜਨਾਬੰਦੀ 'ਚ ਬਾਸਮਤੀ ਨੂੰ ਮੁਨਾਸਿਬ ਥਾਂ ਦੇਣੀ ਚਾਹੀਦੀ ਹੈ। ਕਪਾਹ ਨਰਮੇ ਦੀ ਕਾਸ਼ਤ ਬਠਿੰਡਾ, ਫਾਜ਼ਿਲਕਾ, ਮਾਨਸਾ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ 'ਚ ਵਧਾਏ ਜਾਣ ਦੀ ਸੰਭਾਵਨਾ ਹੈ। ਥੋੜ੍ਹਾ-ਥੋੜ੍ਹਾ ਰਕਬਾ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਥੱਲੇ ਵੀ ਵਧ ਸਕਦਾ ਹੈ। ਫ਼ਲਾਂ 'ਚੋਂ ਲਾਭ ਲੈਣ ਲਈ ਕਿਸਾਨਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਫ਼ਲਾਂ ਦੀ ਕਾਸ਼ਤ ਵਧਾਉਣ ਸੰਬੰਧੀ ਰਾਜ ਬਾਗ਼ਬਾਨੀ ਮਿਸ਼ਨ ਅਧੀਨ ਸਬਸਿਡੀ ਦੀਆਂ ਸਹੂਲਤਾਂ ਮੁਹੱਈਆ ਕਰਕੇ ਸਰਕਾਰ ਬਾਗ਼ਬਾਨੀ ਦਾ ਰਕਬਾ ਵਧਾਉਣ ਲਈ ਉਪਰਾਲੇ ਕਰ ਰਹੀ ਹੈ। ਸਬਜ਼ੀਆਂ ਦੀ ਕੀਮਤ 'ਚ ਬੜਾ ਉਤਰਾਅ ਚੜ੍ਹਾਅ ਹੈ, ਜੋ ਖਪਤਕਾਰ ਅਦਾ ਕਰਦਾ ਹੈ, ਕਿਸਾਨ ਨੂੰ ਉਸ ਕੀਮਤ ਦਾ ਬਹੁਤ ਥੋੜ੍ਹਾ ਹਿੱਸਾ ਹੀ ਪੱਲੇ ਪੈਂਦਾ ਹੈ। ਸਬਜ਼ੀਆਂ ਦੇ ਮੰਡੀਕਰਨ ਦਾ ਯੋਗ ਪ੍ਰਬੰਧ ਕਰਨ ਦੀ ਲੋੜ ਹੈ। ਜ਼ਿਆਦਾ ਰਕਬਾ ਆਲੂਆਂ ਤੇ ਗੰਢਿਆਂ ਦੀ ਕਾਸ਼ਤ ਅਧੀਨ ਹੈ। ਕਿਸਾਨਾਂ ਦੇ ਨੌਜਵਾਨ ਮੁੰਡੇ ਤੇ ਖ਼ੁਦ ਕਿਸਾਨ ਆਪ ਖਪਤਕਾਰਾਂ ਨੂੰ ਸਬਜ਼ੀਆਂ ਵੇਚਣ ਤਾਂ ਚੋਖਾ ਮੁਨਾਫ਼ਾ ਕਮਾ ਸਕਦੇ ਹਨ। ਤੇਲ ਬੀਜਾਂ ਦੀ ਕਾਸ਼ਤ ਲਈ ਕੇਂਦਰ ਸਰਕਾਰ ਬੜਾ ਜ਼ੋਰ ਦੇ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਤੋਂ ਲਾਭ ਉਠਾਉਣਾ ਚਾਹੀਦਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜੋ ਕਿਸਾਨਾਂ ਲਈ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ, ਉਨ੍ਹਾਂ 'ਚ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਸਹੀ ਵਰਤੋਂ ਅਤੇ ਖਾਦ ਸਿਫਾਰਸ਼ ਅਨੁਸਾਰ ਭੌਂਅ ਪਰਖ ਕਾਰਡਾਂ 'ਚ ਦਿੱਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਪਾਉਣ ਲਈ ਪੂਰੀ ਜਾਣਕਾਰੀ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ, ਜੋ ਕਿਸਾਨ ਝੋਨੇ ਤੇ ਕਣਕ 'ਚ ਯੂਰੀਏ ਦੇ ਪੰਜ-ਪੰਜ, ਛੇ-ਛੇ ਥੈਲੇ ਪਾਉਂਦੇ ਹਨ, ਜਦੋਂ ਕਿ ਸਿਫਾਰਸ਼ 2.5 ਥੈਲਿਆਂ ਦੀ ਕੀਤੀ ਗਈ ਹੁੰਦੀ ਹੈ, ਉਨ੍ਹਾਂ ਨੂੰ ਇਨ੍ਹਾਂ ਕੈਂਪਾਂ 'ਚ ਸਹੀ ਸੇਧ ਦੇ ਕੇ ਖੇਤੀ ਸਮੱਗਰੀ 'ਤੇ ਲੋੜ ਨਾਲੋਂ ਵੱਧ ਖਰਚਾ ਕਰਨ ਤੋਂ ਰੋਕਣਾ ਚਾਹੀਦਾ ਹੈ। ਫਸਲੀ ਵਿਭਿੰਨਤਾ ਸੰਬੰਧੀ ਸਰਕਾਰ ਅਤੇ ਕਿਸਾਨਾਂ ਵਲੋਂ ਰਲ ਕੇ ਪੂਰੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਹ ਸਮੇਂ ਦੀ ਲੋੜ ਹੈ।

Loading