ਫ਼ਿਜ਼ਾ ਵਿੱਚ ਆਪਣੇ ਬੋਲਾਂ ਦੀ ਖੁਸ਼ਬੂ ਘੋਲਦੇ ਪੰਛੀ…….

In ਮੁੱਖ ਖ਼ਬਰਾਂ
July 08, 2025

ਰਾਜਪੁਰਾ/ਏ.ਟੀ.ਨਿਊਜ਼:
ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿੱਚ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬੀ ਦੇ ਉੱਘੇ ਨਾਮਵਰ ਗੀਤਕਾਰ ਤੇ ਸਾਹਿਤਕਾਰ ਧਰਮ ਕੰਮੇਆਣਾ ਨਾਲ ਰੂਬਰੂ ਕਰਵਾਇਆ ਗਿਆ। ਸਾਹਿਤਕ ਪ੍ਰੋਗਰਾਮ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ ‘ਜਦ ਬੇਰੀ ਤੋੜਨ ਜਾਵਾਂਗੇ’ ਕੈਨੇਡਾ ਦੇ ਖੇਤ ਮਜਦੂਰਾਂ ਬਾਰੇ ਸੁਣਾਕੇ ਕੀਤਾ। ਅਵਤਾਰ ਪੁਆਰ ਨੇ ‘ਫ਼ਿਜ਼ਾ ਵਿੱਚ ਆਪਣੇ ਬੋਲਾਂ ਦੀ ਖੁਸ਼ਬੂ ਘੋਲਦੇ ਪੰਛੀ’ ਸੁਣਾਇਆ। ਰਣਜੀਤ ਸਿੰਘ ਫਤਿਹਗੜ੍ਹ ਸਾਹਿਬ ਤੇ ਹਰਪਾਲ ਸਿੰਘ ਪਾਲ ਨੇ ਗੀਤ ਸੁਣਾਕੇ ਵਾਹ ਵਾਹ ਖੱਟੀ। ਬੁਲੰਦ ਆਵਾਜ਼ ਵਿੱਚ ਸੁਰਿੰਦਰ ਕੌਰ ਬਾੜਾ ਨੇ ‘ਲਿੱਖ ਦਿੱਤੀ ਰੱਬਾ ਸਾਡੀ ਤਕਦੀਰ ਵੇ’ ਸੁਣਾਕੇ ਚੰਗਾ ਰੰਗ ਬੰਨਿਆ। ਕੁਲਵੰਤ ਜੱਸਲ, ਸੁਨੀਤਾ ਦੇਸਰਾਜ, ਗੀਤਕਾਰ ਮੰਗਤ ਜੰਗਪੁਰੇ ਵਾਲਾ ਤੇ ਮਨਜੀਤ ਸਿੰਘ ਨਾਗਰਾ ਨੇ ਗੀਤਾਂ ਨਾਲ ਨਿਹਾਲ ਕੀਤਾ। ਦਲਜੀਤ ਸਿੰਘ ਸੈਦਖੇੜੀ ਤੇ ਡੀ.ਐਸ.ਪੀ. ਰਘਬੀਰ ਸਿੰਘ ਨੇ ਸ਼ੇਅਰ ਸੁਣਾਏ। ਯਾਦਵਿੰਦਰ ਕਲੋਲੀ ਤੇ ਦਲਜੀਤ ਸਿੰਘ ਸ਼ਾਂਤ ਨੇ ਗ਼ਜ਼ਲ ਸੁਣਾਈ। ਗੁਰਪ੍ਰੀਤ ਸਿੰਘ ਢਿਲੋਂ ਨੇ ਬੁਲੰਦ ਆਵਾਜ਼ ਵਿੱਚ ਗੀਤ ਤੇ ਗੁਰਵਿੰਦਰ ਪਾਲ ਦੀਪ ਨੇ ਕਵਿਤਾ ਸੁਣਾਕੇ ਮਹਿਫ਼ਿਲ ਸ਼ਿਖਰਾਂ ’ਤੇ ਪਹੁੰਚਾ ਦਿੱਤੀ। ਬਲਵਿੰਦਰ ਢਿਲੋਂ ਮੋਹਾਲੀ ਨੇ ਲੋਕ ਗਾਥਾ ‘ਨਹੀਂਓ ਲੱਗੀਆਂ ਨਿਭਾਹੁੰਦੇ’ ਤੇ ਨਵਦੀਪ ਮੁੰਡੀ ਨੇ ਸ਼ੈਂਡਲਰ ਕਵਿਤਾ ਸੁਣਾਕੇ ਮਹਿਫ਼ਿਲ ਵਿੱਚ ਚੰਗਾ ਰੰਗ ਬੰਨਿਆ। ਗੁਰਚਰਨ ਭੱਟੀ ਨੇ ਗੀਤ, ਅਸ਼ੋਕ ਝਾ ਤੇ ਰਾਜ ਸਿੰਘ ਬਧੋਛੀ ਨੇ ਮਿੰਨੀ ਕਹਾਣੀ ਸੁਣਾਈ। ਬਹੁਪੱਖੀ ਪ੍ਰਤਿਭਾ ਦੇ ਮਾਲਿਕ ਅਵਤਾਰ ਜੀਤ ਅਟਵਾਲ ਨੇ ਚਰਚਿਤ ਗੀਤ ਸੁਣਾਇਆ। ਧਰਮ ਕੰਮਿਆਣਾ ਨੇ ਆਪਣੀ ਜਿੰਦਗੀ ਦੇ ਅਹਿਮ ਕਿੱਸੇ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਆਪਣੇ ਗੀਤਕਾਰੀ ਜੀਵਨ ਦਾ ਸਫ਼ਰ ਤੇ ਆਪਣੇ ਸਾਹਿਤਕ ਤੱਥ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਮੇਰੇ ਗੀਤ ਯਥਾਰਥ ਅਤੇ ਧਰਾਤਲ ਨਾਲ ਜੁੜੇ ਹੋਣ ਕਾਰਨ ਚਰਚਿੱਤ ਹੋਏ ਤੇ ਆਮ ਲੋਕਾਂ ਨੇ ਸਵੀਕਾਰ ਕੀਤੇ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਜਿਥੇ ਸਾਹਿਤਕ ਰਚਨਾਵਾਂ ਦਾ ਮੁਲਾਂਕਣ ਕੀਤਾ, ਉੱਥੇ ਧਰਮ ਕੰਮਿਆਣਾ ਨਾਲ ਆਪਣੇ ਅਨੁਭਵਾਂ ਦਾ ਵੀ ਜ਼ਿਕਰ ਕੀਤਾ। ਬਲਦੇਵ ਸਿੰਘ ਖੁਰਾਣਾ ਨੇ ਆਪਣੇ ਟੋਟਕਿਆਂ ਨਾਲ ਸਟੇਜ ਦੀ ਕਾਰਵਾਈ ਚਲਾਈ ਅਤੇ ਆਪਣੀ ਰਚਨਾਂ ਵੀ ਸਾਂਝੀ ਕੀਤੀ।

Loading