
ਮੁੰਬਈ/ਏ.ਟੀ.ਨਿਊਜ਼:
ਬਾਲੀਵੁੱਡ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਪਾਕਿਸਤਾਨ ਵਿੱਚ ਭਾਰਤ ਦੇ ਫ਼ੌਜੀ ਹਮਲਿਆਂ ਦੇ ਕੋਡਨੇਮ ਤੋਂ ਪ੍ਰੇਰਿਤ ਫ਼ਿਲਮਾਂ ਦੇ ਸਿਰਲੇਖਾਂ ਨੂੰ ਰਜਿਸਟਰ ਕਰਨ ਲਈ ਦੌੜ ਵਿੱਚ ਆ ਗਏ ਹਨ, ਜਿਸ ਵਿੱਚ ‘ਅਪਰੇਸ਼ਨ ਸਿੰਦੂਰ’, ‘ਮਿਸ਼ਨ ਸਿੰਦੂਰ’ ਅਤੇ ‘ਸਿੰਦੂਰ: ਦ ਰਿਵੈਂਜ’ ਨਾਮ ਸ਼ਾਮਲ ਹਨ। ਗ਼ੌਰਤਲਬ ਹੈ ਕਿ ਇਸ ਸਬੰਧੀ ਸਿਰਫ਼ ਦੋ ਦਿਨਾਂ ਵਿੱਚ 30 ਤੋਂ ਵੱਧ ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਨੇ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ 26 ਵਿਅਕਤੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ, ਦੇ ਕਤਲੇਆਮ ਤੋਂ ਦੋ ਹਫ਼ਤੇ ਬਾਅਦ ਪਿਛਲੇ ਦਿਨੀਂ ‘ਅਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦੀ ਥਾਵਾਂ ’ਤੇ ਨਿਸ਼ਾਨਾਬੱਧ ਹਮਲੇ ਕੀਤੇ। ਹਮਲੇ ਤੋਂ ਬਾਅਦ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰ ਐਸੋਸੀਏਸ਼ਨ , ਇੰਡੀਅਨ ਫ਼ਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰ ਕੌਂਸਲ ਅਤੇ ਵੈਸਟਰਨ ਇੰਡੀਆ ਫ਼ਿਲਮ ਪ੍ਰੋਡਿਊਸਰ ਐਸੋਸੀਏਸ਼ਨ ਨੇ ‘ਅਪਰੇਸ਼ਨ ਸਿੰਦੂਰ’ ਨਾਲ ਸਬÇੰਧਤ ਫ਼ਿਲਮਾਂ ਦੇ ਸਿਰਲੇਖਾਂ ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਵਿੱਚ ਵਾਧਾ ਦੇਖਿਆ ਹੈ।
ਆਈ.ਐਮ.ਪੀ.ਪੀ.ਏ. ਦੇ ਸਕੱਤਰ ਅਨਿਲ ਨਾਗਰਥ ਨੇ ਦੱਸਿਆ ਕਿ, ‘‘ਤਿੰਨਾਂ ਸੰਸਥਾਵਾਂ ਨੂੰ ‘ਅਪਰੇਸ਼ਨ ਸਿੰਦੂਰ’ ਨਾਲ ਸਬੰਧਿਤ 30 ਤੋਂ ਵੱਧ ਟਾਈਟਲ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਗਿਣਤੀ 50-60 ਤੱਕ ਵਧ ਜਾਵੇਗੀ, ਇਹ ਕੋਈ ਨਵੀਂ ਗੱਲ ਨਹੀਂ ਹੈ।ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਕਿੰਨੇ ਵੀ ਸਿਰਲੇਖਾਂ ਲਈ ਅਰਜ਼ੀ ਦੇ ਸਕਦਾ ਹੈ, ਪਰ ਸਿਰਲੇਖ ਉਸ ਵਿਅਕਤੀ ਨੂੰ ਅਲਾਟ ਕੀਤਾ ਜਾਵੇਗਾ ਜਿਸ ਨੇ ਪਹਿਲਾਂ ਇਸ ਲਈ ਅਰਜ਼ੀ ਦਿੱਤੀ ਹੈ। ਸਕੱਤਰ ਨੇ ਕਿਹਾ ਕਿ, ‘‘ਕੋਈ ਵੀ ਨਿਰਮਾਤਾ ਜੋ ਫ਼ਿਲਮ ਬਣਾਉਣਾ ਚਾਹੁੰਦਾ ਹੈ ਉਹ ਇਹ ਦੇਖਦਾ ਹੈ ਕਿ ਖ਼ਬਰਾਂ ਵਿੱਚ ਕੀ ਹੈ। ਇਹ ਅਜਿਹੀ ਚੀਜ਼ ਹੈ ਜਿਸ ’ਤੇ ਭਾਰਤ ਨੂੰ ਮਾਣ ਹੈ। ਇਸ ਲਈ ਫ਼ਿਲਮ ਨਿਰਮਾਤਾ ਇਸ ਕਹਾਣੀ ਨੂੰ ਲਿਆਉਣਾ ਚਾਹੁੰਦੇ ਹਨ।’’
ਨਾਗਰਥ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਕਾਰਗਿਲ, ਉੜੀ, ਕੁੰਭ ਅਤੇ ਹੋਰਾਂ ਲਈ ਟਾਈਟਲ ਅਰਜ਼ੀਆਂ ਮਿਲੀਆਂ ਹਨ। ਜਿਨ੍ਹਾਂ ਟਾਈਟਲਾਂ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ‘ਹਿੰਦੁਸਤਾਨ ਕਾ ਸਿੰਦੂਰ’, ‘ਮਿਸ਼ਨ ਅਪਰੇਸ਼ਨ ਸਿੰਦੂਰ’ ਅਤੇ ‘ਸਿੰਦੂਰ ਕਾ ਬਦਲਾ’ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪਹਿਲਗਾਮ ਦੇ ਨਾਮ ’ਤੇ ਟਾਈਟਲਾਂ ਲਈ ਵੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚ ‘ਪਹਿਲਗਾਮ: ਦ ਟੈਰਰ ਅਟੈਕ’, ‘ਪਹਿਲਗਾਮ ਅਟੈਕ’ ਸਮੇਤ ਹੋਰ ਨਾਮ ਸ਼ਾਮਲ ਹਨ।