ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫੋਨਿਕਸ ਵਿਚ ਇਕ ਜਾਣੇ ਪਛਾਣੇ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ
ਦੇਣ ਦੀ ਖਬਰ ਹੈ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਵਕੀਲ ਦੇ ਛੋਟੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਫੋਨਿਕਸ ਪੁਲਿਸ ਅਨੁਸਾਰ
51 ਸਾਲਾ ਵਕੀਲ ਜੇਮਜ ਆਰਥਰ ਈਆਵੇਸ ਦੀ ਮੌਤ ਦੇ ਮਾਮਲੇ ਵਿਚ 49 ਸਾਲਾ ਕ੍ਰਿਸਟੋਫਰ ਆਰਥਰ ਈਆਵੇਸ ਨੂੰ ਸ਼ੱਕੀ ਦੋਸ਼ੀ
ਵਜੋਂ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਬਕਾਇਦਾ ਹੱਤਿਆ ਦੇ ਦੋਸ਼ ਲਾਏ ਗਏ ਹਨ। ਪੁਲਿਸ ਵਿਭਾਗ ਅਨੁਸਾਰ
ਗੋਲੀ ਚੱਲਣ ਦੀ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਉੱਤਰ ਪੂਰਬੀ ਫੋਨਿਕਸ ਵਿਚ ਪੁੱਜੀ ਤਾਂ ਜੇਮਜ ਈਆਵੇਸ ਆਪਣੇ ਘਰ ਨੂੰ ਜਾਂਦੇ
ਰਾਹ ਵਿਚ ਡਿੱਗਾ ਪਿਆ ਸੀ ਤੇ ਉਸ ਦੇ ਇਕ ਗੋਲੀ ਵੱਜੀ ਹੋਈ ਸੀ। ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ
ਵਿਭਾਗ ਅਨੁਸਾਰ ਮਾਮਲੇ ਦੇ ਵੱਖ ਵੱਖ ਪਹਿਲੂਆਂ ਨੂੰ ਜਾਂਚਣ ਤੇ ਸਬੂਤਾਂ ਨੂੰ ਘੋਖਣ ਉਪਰੰਤ ਕ੍ਰਿਸਟੋਫਰ ਈਆਵੇਸ ਦੀ ਪਛਾਣ ਸ਼ੱਕੀ
ਦੋਸ਼ੀ ਵਜੋਂ ਕੀਤੀ ਗਈ ਤੇ ਜਦੋਂ ਉਹ ਅਪਰਾਧ ਵਾਲੇ ਸਥਾਨ 'ਤੇ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਪੁੱਜਾ ਤਾਂ ਉਸ ਨੂੰ ਹਿਰਾਸਤ ਵਿਚ
ਲੈ ਲਿਆ ਗਿਆ। ਪੁਲਿਸ ਨੇ ਕਿਹਾ ਹੈ ਕਿ ਹੱਤਿਆ ਪਿੱਛੇ ਕਾਰਨ ਸਪੱਸ਼ਟ ਨਹੀਂ ਹੈ ਤੇ ਇਹ ਅਜੇ ਜਾਂਚ ਦਾ ਵਿਸ਼ਾ ਹੈ।