
ਦਲਜੀਤ ਰਾਏ ਕਾਲੀਆ
ਵਾਤਾਵਰਣ ਨੂੰ ਸੰਤੁਲਤ ਰੱਖਣ ਵਿੱਚ ਰੁੱਖਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਸਾਉਣ-ਭਾਦੋਂ (ਜੁਲਾਈ-ਅਗਸਤ) ਦੇ ਮਹੀਨੇ ਰੁੱਖ ਲਗਾਉਣ ਲਈ ਬਹੁਤ ਅਨੁਕੂਲ ਹੁੰਦੇ ਹਨ ਅਤੇ ਇਨ੍ਹਾਂ ਮਹੀਨਿਆਂ ਦੌਰਾਨ ਰੁੱਖ ਲਗਾਉਣ ਦਾ ਪ੍ਰਚਾਰ ਵੀ ਵੱਡੀ ਪੱਧਰ ’ਤੇ ਕੀਤਾ ਜਾਂਦਾ ਹੈ। ਸਰਕਾਰਾਂ ਵੀ ਵਣ ਮਹਾਂਉਤਸਵ ਦੇ ਪ੍ਰੋਗਰਾਮ ਕਰਵਾਉਂਦੀਆਂ ਹਨ। ਕਈ ਸਮਾਜਿਕ ਸੰਸਥਾਵਾਂ ਅਤੇ ਅਦਾਰਿਆਂ ਵੀ ਹਰਿਆਵਲ ਲਹਿਰਾਂ ਦੇ ਨਾਂ ’ਤੇ ਵੱਡੇ ਉੱਦਮ ਕਰਦੇ ਹਨ। ਛੋਟੇ ਵੱਡੇ ਅਦਾਰੇ, ਬੈਂਕਾਂ, ਸਕੂਲ, ਕਾਲਜ, ਖੇਡ ਕਲੱਬਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਵੱਡੇ ਪੱਧਰ ’ਤੇ ਰੁੱਖ ਲਾਉਣ ਬਾਰੇ ਖ਼ਬਰਾਂ ਪ੍ਰਕਾਸ਼ਿਤ ਕਰਵਾਉਂਦੇ ਹਨ। ਜੇ ਇਸ ਪ੍ਰਕਾਰ ਰੁੱਖ ਲਗਾਏ ਗਏ ਹੁੰਦੇ ਤਾਂ ਹੁਣ ਨੂੰ ਸਾਰਾ ਪੰਜਾਬ ਹਰਿਆ ਭਰਿਆ ਹੋਣਾ ਸੀ ਪਰ ਹਾਲਤ ਇਸ ਦੇ ਉਲਟ ਹੈ।
ਜੇ ਬੀਤੇ ਸਮਿਆਂ ਦੇ ਝਾਤ ਮਾਰੀਏ ਤਾਂ ਹਰ ਪਿੰਡ ਕਸਬੇ ਵਿੱਚ ਝਿੜੀਆਂ ਹੁੰਦੀਆਂ ਸਨ। ਪਿੰਡਾਂ ਵਿੱਚ ਚਰਾਂਦਾਂ ਵੀ ਹੁੰਦੀਆਂ ਸਨ, ਉਨ੍ਹਾਂ ਵਿੱਚ ਵੀ ਰੁੱਖ ਲੱਗੇ ਹੁੰਦੇ ਸਨ। ਰੁੱਖਾਂ ਦੇ ਝੁੰਡਾਂ ਵਿੱਚ ਸਾਉਣ ਮਹੀਨੇ ਮੋਰ ਕੂਕਦੇ ਅਤੇ ਪੈਲਾਂ ਪਾਉਂਦੇ ਸਨ, ਜਿਸ ਨਾਲ ਬੜਾ ਮਨਮੋਹਕ ਨਜ਼ਾਰਾ ਬੱਝਦਾ ਸੀ। ਹੋਰ ਪੰਛੀ ਚਹਿ-ਚਹਾਉਂਦੇ ਸਨ।
ਕੁਝ ਕਲੱਬਾਂ ਅਤੇ ਸੰਸਥਾਵਾਂ ਵੱਲੋਂ ਭਾਵੇਂ ਸਾਰਥਕ ਯਤਨ ਵੀ ਕੀਤੇ ਜਾਂਦੇ ਹਨ, ਪਰ ਵਧੇਰੇ ਸੰਸਥਾਵਾਂ ਵਾਹ-ਵਾਹ ਖੱਟਣ ਤੱਕ ਸੀਮਤ ਰਹਿੰਦੀਆਂ ਹਨ। ਕੇਵਲ ਰੁੱਖ ਲਗਾਉਂਦਿਆਂ ਦੀ ਫ਼ੋਟੋ ਸੋਸ਼ਲ ਜਾਂ ਪ੍ਰਿੰਟ ਮੀਡੀਆ ’ਤੇ ਆ ਜਾਣ ਨਾਲ ਹੀ ਸਾਡਾ ਫ਼ਰਜ਼ ਪੂਰਾ ਨਹੀਂ ਹੋ ਜਾਂਦਾ। ਸਾਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੇ ਪਾਲਣ ਲਈ ਸੁਹਿਰਦਤਾ ਨਾਲ ਯਤਨ ਕਰਨੇ ਪੈਣਗੇ, ਫ਼ਿਰ ਹੀ ਕੋਈ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ। ਰੇਲਵੇ ਪਟੜੀਆਂ, ਸੜਕਾਂ ਦੇ ਕਿਨਾਰੇ, ਨਹਿਰਾਂ ਦੇ ਕੰਢਿਆਂ, ਸਕੂਲਾਂ, ਕਾਲਜਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾ ਸਕਦੇ ਹਨ। ਸਰਕਾਰ ਦੇ ਅਦਾਰਿਆਂ, ਸਕੂਲਾਂ, ਹਸਪਤਾਲਾਂ, ਕਾਲਜਾਂ, ਵਿਕਾਸ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰਾਂ ਅਤੇ ਹੋਰ ਦਫ਼ਤਰਾਂ ਵਿੱਚ ਕਿਸੇ ਸਮੇਂ ਸਰਕਾਰਾਂ ਵੱਲੋਂ ਮਾਲੀ ਰੱਖੇ ਜਾਂਦੇ ਸਨ, ਜਿਨ੍ਹਾਂ ਦਾ ਕੰਮ ਉੱਥੇ ਫ਼ੁੱਲ, ਬੂਟੇ, ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਹੁੰਦਾ ਸੀ। ਉਸ ਦੀ ਜਵਾਬਦੇਹੀ ਬਣਦੀ ਸੀ। ਸਰਕਾਰੀ ਦਫ਼ਤਰਾਂ ਦੇ ਵਿਹੜੇ ਮਹਿਕਾਂ ਨਾਲ ਮਹਿਕਦੇ ਸਨ। ਦਫ਼ਤਰਾਂ ਵਿੱਚ ਕੰਮਕਾਰਾਂ ਲਈ ਆਉਣ ਵਾਲੇ ਲੋਕ ਰੁੱਖਾਂ ਹੇਠ ਬੈਠ ਕੇ ਆਪਣਾ ਸਮਾਂ ਪਾਸ ਕਰ ਲੈਂਦੇ ਸਨ ਪਰ ਸਰਕਾਰਾਂ ਹੁਣ ਰੁੱਖਾਂ ਲਾਉਣ ਵੱਲ ਧਿਆਨ ਹੀ ਨਹੀਂ ਦੇ ਰਹੀਆਂ। ਮਾਲੀਆਂ ਦੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ।
ਰੁੱਖਾਂ ਅਤੇ ਮਨੁੱਖਾਂ ਦਾ ਆਪਸੀ ਰਿਸ਼ਤਾ ਅਟੁੱਟ ਹੈ। ਰੁੱਖ ਦੀ ਮਨੁੱਖ ਨਾਲ ਸਾਂਝ ਜੰਮਣ ਤੋਂ ਲੈ ਕੇ ਅੰਤਿਮ ਸਮੇਂ ਤੱਕ ਬਣੀ ਰਹਿੰਦੀ ਹੈ। ਪੁਰਾਣੇ ਸਮੇਂ ਵਿੱਚ ਲੱਕੜ ਦਾ ਗਡੀਰਾ ਬੱਚੇ ਨੂੰ ਤੁਰਨ ਦੀ ਜਾਚ ਸਿਖਾਉਂਦਾ ਸੀ, ਅੱਜ ਕੱਲ੍ਹ ਭਾਵੇਂ ਆਧੁਨਿਕ ਖਿਡਾਉਣੇ ਆ ਗਏ ਹਨ। ਵਿਆਹ ਸ਼ਾਦੀ ਦੀਆਂ ਰਸਮਾਂ ਸਮੇਂ ਵੀ ਬੇਰੀ ਦੀਆਂ ਲੱਕੜਾਂ ਦਾ ਹਵਨ ਕਰਵਾਇਆ ਜਾਂਦਾ ਸੀ। ਮਨੁੱਖ ਦਾ ਅੰਤਿਮ ਸੰਸਕਾਰ ਵੀ ਰੁੱਖਾਂ ਦੀਆਂ ਲੱਕੜਾਂ ਨਾਲ ਹੀ ਕੀਤਾ ਜਾਂਦਾ ਸੀ/ਹੈ; ਅੱਜ ਕੱਲ੍ਹ ਭਾਵੇਂ ਅੰਤਿਮ ਸੰਸਕਾਰ ਲਈ ਬਿਜਲਈ ਭੱਠੀਆਂ ਦੀ ਵਰਤੋਂ ਵੀ ਹੋਣ ਲੱਗ ਪਈ ਹੈ। ਘਰਾਂ ਦੀ ਉਸਾਰੀ ਵਿੱਚ ਵੀ ਕਾਲਬ ਬਣਾਉਣ ਅਤੇ ਹੋਰ ਕਈ ਥਾਈਂ ਲਈ ਲੱਕੜੀ ਦਾ ਸਾਜ਼ੋ-ਸਮਾਨ ਵਰਤਿਆ ਜਾਂਦਾ ਹੈ। ਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਲੱਕੜ ਦਰਵਾਜ਼ੇ, ਅਲਮਾਰੀਆਂ, ਬਾਰੀਆਂ ਬਣਾਉਣ ਲਈ ਵਰਤੀ ਜਾਂਦੀ ਹੈ। ਭੋਜਨ ਬਣਾਉਣ ਲਈ ਕਿਸੇ ਸਮੇਂ ਘਰਾਂ ਵਿੱਚ ਰੁੱਖਾਂ ਦੀ ਲੱਕੜੀ ਬਾਲਣ ਵਜੋਂ ਵਰਤੀ ਜਾਂਦੀ ਸੀ। ਦੇਸ਼ ਦੇ ਕਈ ਹਿੱਸਿਆਂ ਵਿੱਚ ਇਹ ਰੁਝਾਨ ਅਜੇ ਵੀ ਜਾਰੀ ਹੈ।
ਰੁੱਖਾਂ ਤੋਂ ਹੀ ਸਾਨੂੰ ਕਈ ਪ੍ਰਕਾਰ ਦੇ ਫ਼ਲ ਅਤੇ ਅਚਾਰ ਮੁਰੱਬੇ ਬਣਾਉਣ ਲਈ ਵਸਤਾਂ ਮਿਲਦੀਆਂ ਹਨ। ਰੁੱਖ ਸਾਡੇ ਆਲੇ-ਦੁਆਲੇ ਦੀ ਹਵਾ ਨੂੰ ਸ਼ੁੱਧ ਕਰਨ ਦਾ ਵਿਸ਼ੇਸ਼ ਕਾਰਜ ਕਰਦੇ ਹਨ। ਰੁੱਖਾਂ ਤੋਂ ਸਾਨੂੰ ਮੁਫ਼ਤ ਆਕਸੀਜਨ ਮਿਲਦੀ ਹੈ। ਕਰੋਨਾ ਕਾਲ ਵਿੱਚ ਆਕਸੀਜਨ ਦੇ ਸਿਲੰਡਰਾਂ ਦੀ ਘਾਟ ਕਾਰਨ ਹੀ ਵੱਡੀ ਗਿਣਤੀ ਵਿੱਚ ਮਨੁੱਖਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਸਨ ਅਤੇ ਮਰੀਜ਼ਾਂ ਦੇ ਵਾਰਸ ਕਿਸੇ ਵੀ ਕੀਮਤ ’ਤੇ ਆਕਸੀਜਨ ਦੇ ਸਿਲੰਡਰ ਲੈਣ ਲਈ ਹੱਥ ਪੈਰ ਮਾਰਦੇ ਰਹੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਮਨੁੱਖ ਦੇ ਰਹਿਣ ਸਥਾਨ ’ਤੇ ਦਸ ਰੁੱਖ ਲੱਗੇ ਹੋਣ ਤਾਂ ਉਸ ਦੀ ਉਮਰ ਸੱਤ ਸਾਲ ਵਧ ਜਾਂਦੀ ਹੈ। ਮਾਹਿਰਾਂ ਅਨੁਸਾਰ ਇੱਕ ਦਰੱਖਤ ਸਾਲਾਨਾ 20 ਟਨ ਜ਼ਹਿਰੀਲੀਆਂ ਗੈਸਾਂ ਹਜ਼ਮ ਕਰ ਲੈਂਦਾ ਹੈ।
ਸੜਕਾਂ ਨੂੰ ਚਾਰ ਜਾਂ ਛੇ ਮਾਰਗੀ ਬਣਾਉਣ ਸਮੇਂ ਸੜਕਾਂ ਦੇ ਆਸ-ਪਾਸ ਖੜ੍ਹੇ ਰੁੱਖਾਂ ਦਾ ਵੱਡੀ ਪੱਧਰ ’ਤੇ ਵਢਾਂਗਾ ਹੋਇਆ। ਸਦੀਆਂ ਪੁਰਾਣੇ ਰੁੱਖ ਕਾਰਪੋਰੇਟ ਜਗਤ ਵੱਲੋਂ ਕੁਝ ਸਮੇਂ ਵਿੱਚ ਹੀ ਖਤਮ ਕਰ ਦਿੱਤੇ ਗਏ ਹਨ ਜਿਨ੍ਹਾਂ ਦੀ ਭਰਪਾਈ ਕਦੇ ਵੀ ਨਹੀਂ ਹੋ ਸਕੇਗੀ। ਵੱਖ-ਵੱਖ ਸਰਕਾਰੀ ਦਫ਼ਤਰਾਂ, ਨਹਿਰਾਂ ਦੇ ਕੰਢਿਆਂ ਤੋਂ ਵੀ ਸਰਕਾਰੀ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਰੁੱਖਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਜਾਂਦਾ ਹੈ ਜਾਂ ਚੁੱਪ-ਚਪੀਤੇ ਰਾਤੋ-ਰਾਤ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ। ਕਿਸੇ ਸਮੇਂ 1970 ਦੇ ਦਹਾਕੇ ਦੌਰਾਨ ਵਰਤਮਾਨ ਉੱਤਰਾਖੰਡ ਰਾਜ (ਪੁਰਾਣਾ ਨਾਂ ਉਤਰਾਂਚਲ) ਵਿੱਚ ਚਿਪਕੋ ਨਾਂ ਦਾ ਜ਼ਮੀਨੀ ਪੱਧਰ ਦਾ ਵਾਤਾਵਰਨ ਅੰਦੋਲਨ ਸ਼ੁਰੂ ਹੋਇਆ ਸੀ। ਸਥਾਨਕ ਭਾਸ਼ਾ ਵਿੱਚ ਚਿਪਕੋ ਦਾ ਅਰਥ ਹੈ ਗਲੇ ਲਗਾਉਣਾ ਜਾਂ ਚੰਬੜਨਾ। ਜਦੋਂ ਠੇਕੇਦਾਰਾਂ ਦੇ ਕਰਿੰਦੇ ਰੁੱਖ ਕੱਟਣ ਆਉਾਂਦੇਸਨ ਤਾਂ ਸਥਾਨਕ ਲੋਕ ਰੁੱਖਾਂ ਨਾਲ ਚੁੰਬੜ ਜਾਂਦੇ ਸਨ ਅਤੇ ਰੁੱਖ ਕੱਟਣ ਗਏ ਕਾਮਿਆਂ ਨੂੰ ਖਾਲੀ ਹੱਥ ਵਾਪਸ ਪਰਤਣਾ ਪੈਂਦਾ ਸੀ। ਇਸ ਅੰਦੋਲਨ ਦੇ ਉੱਘੇ ਨੇਤਾ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਸਨ ਅਤੇ ਉਨ੍ਹਾਂ ਦੇਸ਼ ਵਿੱਚ ਲੰਮੀ ਪੈਦਲ ਯਾਤਰਾ ਵੀ ਕੀਤੀ ਸੀ। ਇਸ ਅੰਦੋਲਨ ਦੇ ਨਤੀਜੇ ਵਜੋਂ ਸਰਕਾਰ ਨੇ ਕਈ ਜੰਗਲਾਂ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਵਰਤਮਾਨ ਸਮੇਂ ਦੌਰਾਨ ਅਜਿਹੀ ਲੋਕ ਲਹਿਰ ਵੱਡੀ ਪੱਧਰ ’ਤੇ ਉਸਾਰਨ ਦੀ ਬਹੁਤ ਜ਼ਿਆਦਾ ਲੋੜ ਹੈ। ਦੇਸ਼ ਵਿੱਚ ਅਖੌਤੀ ਆਰਥਿਕ ਸੁਧਾਰਾਂ ਦੇ ਸ਼ੁਰੂ ਹੋਣ ਨਾਲ ਵਾਤਾਵਰਣ ਦੀ ਬਰਬਾਦੀ ਦੀ ਰਫ਼ਤਾਰ ਤੇਜ਼ ਹੋਈ ਹੈ ਅਤੇ ਵੱਡੇ ਪੱਧਰ ’ਤੇ ਜੰਗਲਾਂ ਨੂੰ ਬਰਬਾਦ ਕੀਤਾ ਗਿਆ ਹੈ। ਜੰਗਲਾਂ ਦੀ ਕਟਾਈ ਨਾਲ ਆਲਮੀ ਤਪਸ਼ ਲਗਾਤਾਰ ਵਧ ਰਹੀ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮ ਵਿੱਚ ਵਾਪਰ ਰਹੀਆਂ ਤਬਦੀਲੀਆਂ ਕਾਰਨ 2050 ਤੱਕ ਗਰਮੀਆਂ ਦੇ ਤਾਪਮਾਨ ਵਿੱਚ 3.2 ਡਿਗਰੀ ਦਾ ਵਾਧਾ ਹੋ ਜਾਵੇਗਾ।