
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਉੱਤਰੀ ਹਾਲੀਵੁੱਡ ਵਿੱਚ 70 ਸਾਲਾ ਸਿੱਖ ਹਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਰਿਚਰਡ ਵਿਟਾਗਲੀਆਨੋ ਨੂੰ ਮੁੱਢਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ਾਂ ਦੀ ਪੁਸ਼ਟੀ ਕੀਤੀ। ਪਿਛਲੇ ਮਹੀਨੇ ਹਰਪਾਲ ਸਿੰਘ ਉੱਪਰ ਗੋਲਫ਼ ਸਟਿਕ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਗਿਆ ਸੀ। ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਅਜੇ ਦੋਸ਼ੀ ਵਿਰੁੱਧ ਨਫ਼ਰਤੀ ਅਪਰਾਧ ਦੇ ਦੋਸ਼ ਨਹੀ ਲਾਏ ਹਨ ਪਰੰਤੂ ਕਿਹਾ ਹੈ ਕਿ ਹੋਰ ਸਬੂਤ ਮਿਲਣ ’ਤੇ ਉਹ ਇਹ ਦੋਸ਼ ਲਾਉਣ ਦੀ ਸਥਿਤੀ ਵਿੱਚ ਹੋਵੇਗਾ। ਹਰਪਾਲ ਸਿੰਘ ਹਸਪਤਾਲ ਵਿੱਚ ਦਾਖਲ ਹੈ ਤੇ ਅਜੇ ਉਹ ਆਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ਵਿੱਚ ਨਹੀਂ
ਹੈ।