ਬਰਨਾਲਾ : ਬਰਨਾਲਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ (ਛੀਨੀਂਵਾਲ) ਦਾ ਪਾਰਟੀ ਅੰਦਰ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸੀਟ ਤੋਂ ਦਾਅਵੇਦਾਰੀ ਜਤਾ ਰਹੇ ‘ਆਪ’ ਦੇ ਪੁਰਾਣੇ ਕਾਰਕੁਨ, ਮੌਜੂਦਾ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਪ੍ਰੈੱਸ ਕਾਨਫਰੰਸ ਕਰਕੇ ਹਰਿੰਦਰ ਸਿੰਘ ਨੂੰ ‘ਟਿਕਟ’ ਦੇਣ ਦੇ ਫ਼ੈਸਲੇ ਨੂੰ ਸਿੱਧੀ ਚੁਣੌਤੀ ਦਿੰਦਿਆਂ ਪਾਰਟੀ ਹਾਈਕਮਾਨ ਨੂੰ ਇਸ ’ਤੇ ਮੁੜ ਵਿਚਾਰ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਗੁਰਦੀਪ ਬਾਠ ਨੇ ਕਿਹਾ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਜ਼ਿਲ੍ਹਾ ਪ੍ਰਧਾਨ ਹਨ। ਸੂਬੇ ’ਚ 2014 ਵਿੱਚ ਪਾਰਟੀ ਦੇ ਗਠਨ ਤੋਂ ਬਾਅਦ ਉਨ੍ਹਾਂ ਲਗਾਤਾਰ ਪੰਜਾਬ ਤੇ ਦੂਜੇ ਰਾਜਾਂ ਵਿੱਚ ਮਿਲੀ ਹਰ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਹੈ। ਉਨ੍ਹਾਂ ਨੂੰ ਇਸ ਵਾਰ ਉਮੀਦਵਾਰ ਐਲਾਨੇ ਜਾਣ ਦਾ ਪੱਕਾ ਭਰੋਸਾ ਦਿਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਐਲਾਨੇ ਉਮੀਦਵਾਰ ਦੀ ਮੀਤ ਹੇਅਰ ਦੇ ਜਮਾਤੀ ਤੇ ਦੋਸਤ ਹੋਣ ਤੋਂ ਇਲਾਵਾ ਪਾਰਟੀ ਗਤੀਵਿਧੀਆਂ ’ਚ ਇੱਕ ਵੀ ਦੇਣ ਨਹੀਂ ਹੈ। ਉਨ੍ਹਾਂ ਪਾਰਟੀ ਅੰਦਰ ਫੈਲ ਰਹੇ ‘ਪਰਿਵਾਰਵਾਦ’ ਪ੍ਰਤੀ ਵੀ ਚਿੰਤਾ ਜ਼ਾਹਿਰ ਕੀਤੀ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸਬੰਧੀ ਕਿਹਾ ਕਿ ਹਰਿੰਦਰ ਸਿੰਘ ਧਾਲੀਵਾਲ ਪਾਰਟੀ ਨਾਲ ਅੰਨਾ ਅੰਦੋਲਨ ਦੇ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਧਾਲੀਵਾਲ ਨਾਲ ਕਿਸੇ ਵੀ ਰਿਸ਼ਤੇਦਾਰੀ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਜੇਕਰ ਰਿਸ਼ਤੇਦਾਰੀ ਸਾਬਤ ਹੋ ਜਾਵੇ ਤਾਂ ਉਹ ‘ਘਰ ਬੈਠ’ ਜਾਣਗੇ। ਦੂਜੇ ਪਾਸੇ ਗੁਰਦੀਪ ਬਾਠ ਨੇ ਕਿਹਾ ਕਿ ਜੇਕਰ ਹਰਿੰਦਰ ਦੀ ਪਾਰਟੀ ਲਈ ਕੋਈ ਸਰਗਰਮੀ ਦਸ ਦਿੱਤੀ ਜਾਵੇ ਤਾਂ ਉਹ ਵੀ ਅਜਿਹਾ ਹੀ ਕਰਨਗੇ।
![]()
