ਬਰਸਾਤੀ ਮੌਸਮ ਇੱਕ ਸੁਹਾਵਣਾ ਸਮਾਂ ਹੀ ਹੁੰਦਾ ਹੈ, ਜਿੱਥੇ ਕੁਦਰਤ ਆਪਣੀ ਤਾਜਗੀ ਨਾਲ ਮਨੁੱਖੀ ਮਨ ਨੂੰ ਪ੍ਰਸੰਨਤਾ ਤੇ ਹਾਸੇ ਖੇੜੇ ਪਹੁੰਚਾਉਂਦੀ ਹੈ। ਸਾਰੇ ਇਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਕਿਉਂਕਿ ਗਰਮੀ ਦੇ ਤਪਾਏ ਹੋਏ ਮਨੁੱਖ, ਜੀਵ, ਰੁੱਖ ਸਭ ਮੀਂਹ ਨੂੰ ਉਡੀਕਦੇ ਹਨ। ਮੀਂਹ ਦੇ ਆਉਣ ਨਾਲ ਹਰ ਪਾਸੇ ਚਹਿਲ ਪਹਿਲ ਹੋ ਜਾਂਦੀ ਹੈ। ਬੂਟਿਆਂ ਤੇ ਪੰਛੀਆਂ ਨੂੰ ਸੁੱਖ ਦਾ ਸਾਹ ਆਉਂਦਾ ਹੈ। ਕੁਦਰਤ ਦੀ ਕਾਇਨਾਤ ਖਿੜ ਜਾਂਦੀ ਹੈ, ਉਥੇ ਹੀ ਇਸ ਮੌਸਮ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ, ਬਿਮਾਰੀਆਂ, ਹਾਦਸੇ ਅਤੇ ਕੁਦਰਤੀ ਆਫਤਾਂ ਵੀ ਵਧ ਜਾਂਦੀਆਂ ਹਨ। ਇਸ ਲਈ ਜੇਕਰ ਸਾਵਧਾਨੀ ਨਾ ਵਰਤੀ ਜਾਵੇ, ਤਾਂ ਇਹ ਮੌਸਮ ਖ਼ੁਸ਼ੀ ਦੀ ਥਾਂ ਦੁੱਖਾਂ ਦਾ ਕਾਰਨ ਬਣ ਸਕਦਾ ਹੈ। ਇੱਥੇ ਅਸੀਂ ਜਾਣਾਂਗੇ ਕਿ ਬਰਸਾਤੀ ਮੌਸਮ ਵਿੱਚ ਅਸੀਂ ਕਿਹੜੀਆਂ ਸਾਵਧਾਨੀਆਂ ਰੱਖ ਕੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਹੋਣ ਵਾਲੀਆਂ ਘਟਨਾਵਾਂ ਤੋਂ ਸੁਰੱਖਿਅਤ ਰੱਖ ਸਕਦੇ ਹਾਂ।
ਸਿਹਤ ਦੀ ਸੰਭਾਲ ਦੀ ਗੱਲ ਕਰੀਏ ਤਾਂ ਬਰਸਾਤ ਦੇ ਦੌਰਾਨ ਗੰਦੇ ਪਾਣੀ ਦੇ ਕਾਰਨ ਕਈ ਵਾਰ ਹੈਜ਼ਾ, ਟਾਈਫਾਇਡ, ਡੇਂਗੂ, ਮਲੇਰੀਆ, ਲਿਵਰ ਦੀ ਬਿਮਾਰੀ ਆਦਿ ਹੋ ਸਕਦੀਆਂ ਹਨ। ਇਸ ਲਈ ਸਿਰਫ਼ ਉੱਬਲੇ ਜਾਂ ਫਿਲਟਰ ਕੀਤੇ ਪਾਣੀ ਦੀ ਵਰਤੋਂ ਕਰੋ। ਖਾਣਾ ਤਾਜ਼ਾ ਬਣਾ ਕੇ ਖਾਓ। ਖਾਣ ਪੀਣ ਦੀਆਂ ਵਸਤਾਂ ਨੂੰ ਢੱਕ ਕੇ ਰੱਖੋ। ਜਿੱਥੋਂ ਤੱਕ ਹੋ ਸਕੇ ਬਾਹਰ ਦੀਆਂ ਚੀਜ਼ਾਂ (ਜਿਵੇਂ ਚਾਟ, ਗੋਲਗੱਪੇ, ਆਈਸਕ੍ਰੀਮ ਆਦਿ) ਖਾਣ ਤੋਂ ਗੁਰੇਜ਼ ਕਰੋ। ਬੱਚਿਆਂ ਨੂੰ ਇਸ ਨਾਲ ਪੇਟ ਦਰਦ, ਉਲਟੀਆਂ,ਲੱਗ ਸਕਦੀਆਂ ਹਨ। ਹੱਥ ਧੋਣ ਦੀ ਆਦਤ ਬਣਾਓ, ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੱਚਿਆਂ ਨੂੰ ਕਹੋ ਕਿ ਹੱਥ ਸਾਫ਼ ਕਰਨ। ਮੱਛਰਾਂ ਤੇ ਹੋਰ ਖਤਰਨਾਕ ਜੀਵਾਂ ਤੋਂ ਬਚਾਅ ਤੋਂ ਬਚਾਅ ਲਈ ਮੱਛਰਦਾਨੀ ਦੀ ਵਰਤੋਂ ਕਰੋ। ਮੱਛਰ ਮਾਰਨ ਵਾਲੇ ਸਪਰੇਅ ਜਾਂ ਕੁਆਇਲ ਦੀ ਵਰਤੋ ਕਰੋ। ਖਾਲੀ ਖੱਪੇ, ਕੂੜਾ, ਪਾਣੀ ਜਮਾਂ ਕਰਨ ਵਾਲੀਆਂ ਥਾਵਾਂ ਦੀ ਸਫਾਈ ਰੱਖੋ।
ਡੇਂਗੂ ਅਤੇ ਮਲੇਰੀਆ ਨੂੰ ਪੈਦਾ ਕਰਨ ਵਾਲੇ ਮੱਛਰ ਜ਼ਿਆਦਾਤਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵਾਰੀ ਖਤਰਨਾਕ ਜੀਵ ਸੱਪ ਆਦਿ ਬਰਸਾਤੀ ਮੌਸਮਾਂ ਵਿੱਚ ਬਾਹਰ ਆ ਜਾਂਦੇ ਹਨ। ਇਸ ਲਈ ਨੰਗੇ ਪੈਰ ਨਾ ਤੁਰੋ ਤੇ ਖਤਰਨਾਕ ਥਾਂ ’ਤੇ ਜਾਣ ਤੋਂ ਪਰਹੇਜ਼ ਕਰੋ।
ਘਰ ਦੀ ਸੁਰੱਖਿਆ ਵਿੱਚ ਛੱਤਾਂ ਅਤੇ ਨਿਕਾਸੀ ਪ੍ਰਣਾਲੀ ਲਈ ਛੱਤ ਦੀ ਜਾਂਚ ਕਰਵਾਓ ਕਿ ਕਿਤੇ ਲੀਕ ਤਾਂ ਨਹੀਂ। ਕਈ ਵਾਰੀ ਪਾਣੀ ਪੈਣ ਕਾਰਨ ਹੀ ਖਤਰਨਾਕ ਘਟਨਾਵਾਂ ਵਾਪਰ ਜਾਂਦੀਆਂ ਹਨ। ਛੱਤਾਂ ਵਾਲੀਆਂ ਨਾਲੀਆਂ ਅਤੇ ਪਾਈਪਾਂ ਦੀ ਸਫਾਈ ਕਰੋ, ਤਾਂ ਕਿ ਪਾਣੀ ਇਕੱਠਾ ਨਾ ਹੋਵੇ। ਜੇਕਰ ਘਰ ਦੀ ਛੱਤ ਪੱਕੀ ਨਹੀਂ, ਤਾਂ ਉਸ ਨੂੰ ਕਵਰ ਕਰਨ ਜਾਂ ਮੁਰੰਮਤ ਕਰਵਾਉਣ ਦੀ ਲੋੜ ਹੁੰਦੀ ਹੈ। ਉਸ ਲਈ ਮਿੱਟੀ ਤੇ ਪਲਾਸਟਿਕ ਸੀਟ ਜਾ ਕਾਗਜ਼ ਵਗੈਰਾ ਦਾ ਪ੍ਰਬੰਧ ਕਰੋ।
ਬਿਜਲੀ ਸਿਸਟਮ ਸਾਡੇ ਘਰ ਦਾ ਅਹਿਮ ਸਿਸਟਮ ਹੁੰਦਾ ਹੈ। ਬਰਸਾਤ ਦੌਰਾਨ ਬਿਜਲੀ ਦੇ ਝਟਕੇ ਜਾਂ ਕਰੰਟ ਲੱਗਣ ਦਾ ਖਤਰਾ ਵਧ ਜਾਂਦਾ ਹੈ। ਖੁੱਲੇ ਤਾਰ ਜਾਂ ਨਮੀ ਵਾਲੇ ਬਿਜਲੀ ਦੇ ਸਵਿੱਚ ਬੋਰਡ ਨਾ ਛੁਹੋ।
ਸਾਰੇ ਬਿਜਲੀ ਉਪਕਰਨ ਜਿਵੇਂ ਕਿ ਮੋਟਰ, ਰੈਫਰਿਜਰੇਟਰ, ਟੀ.ਵੀ. ਆਦਿ ਨੂੰ ਉੱਚੀ ਥਾਂ ’ਤੇ ਰੱਖੋ। ਮੀਂਹ ਆਉਣ ਤੋਂ ਪਹਿਲਾਂ ਸਾਰੇ ਯੰਤਰ ਚੈਕ ਕਰਵਾਓ। ਤਾਰਾਂ ਦੇ ਜੋੜ ਚੈਕ ਕਰਵਾਓ। ਮਾੜੀਆਂ ਤਾਰਾਂ ਬਦਲ ਦਿਓ। ਕਿਉਂਕਿ ਇਸ ਤਰ੍ਹਾਂ ਦੀ ਅਣਗਹਿਲੀ ਹੀ ਹਰ ਸਾਲ ਅਣਗਿਣਤ ਜਾਨਾਂ ਲੈ ਲੈਂਦੀ ਹੈ। ਜਿੱਥੇ ਪਾਣੀ ਵਧ ਜਾਵੇ, ਉਥੇ ਤੁਰੰਤ ਮੈਨ ਸਵਿੱਚ ਬੰਦ ਕਰੋ।
ਸੜਕਾਂ ਅਤੇ ਆਵਾਜਾਈ ਵਿੱਚ ਸੜਕਾਂ ਦੀ ਹਾਲਤ ਮੀਂਹ ਦੌਰਾਨ ਵਿਗੜ ਜਾਂਦੀ ਹੈ। ਬਰਸਾਤ ਦੌਰਾਨ ਸੜਕਾਂ ’ਤੇ ਗੱਡੇ, ਪਾਣੀ ਦਾ ਭਰ ਜਾਣਾ, ਚਿੱਕੜ ਆਦਿ ਹੋ ਜਾਂਦੇ ਹਨ। ਪੈਦਲ ਜਾਂ ਸਾਈਕਲ ਚਲਾਉਂਦੇ ਸਮੇਂ ਸੀਵਰੇਜ ਵਿੱਚ ਡਿੱਗਣ ਜਾਂ ਫਿਸਲਣ ਦੀ ਸੰਭਾਵਨਾ ਹੁੰਦੀ ਹੈ। ਵਾਹਨ ਚਲਾਉਂਦੇ ਸਮੇਂ ਬਰਸਾਤ ਵਿੱਚ ਵਾਹਨ ਦੀ ਸਲੋ-ਸਪੀਡ ਰੱਖੋ। ਵਾਹਨ ਦੇ ਟਾਇਰ, ਬ੍ਰੇਕ ਤੇ ਲਾਈਟਾਂ ਦੀ ਜਾਂਚ ਕਰਵਾਓ। ਬਾਰਿਸ਼ ਵਿੱਚ ਵਾਈਪਰ ਦੀ ਪੂਰਨ ਵਰਤੋਂ ਯਕੀਨੀ ਬਣਾਓ।
ਖੜ੍ਹੇ ਪਾਣੀ ਵਿੱਚ ਵਾਹਨ ਚਲਾਉਣ ਤੋਂ ਬਚੋ, ਕਿਉਂਕਿ ਇਹ ਇੰਜਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਬੱਚਿਆਂ ਦੀ ਸੰਭਾਲ ਵਿੱਚ ਸਕੂਲ ਜਾਂ ਖੇਡ ਸਮੇਂ ਬੱਚਿਆਂ ਨੂੰ ਛਤਰੀ ਜਾਂ ਰੇਨਕੋਟ ਦੇਣਾ ਯਕੀਨੀ ਬਣਾਓ।
ਉਨ੍ਹਾਂ ਨੂੰ ਗਿੱਲੇ ਕੱਪੜੇ ਲੰਮੇ ਸਮੇਂ ਤੱਕ ਨਾ ਪਹਿਨਣ ਦਿਓ, ਨਹੀ ਤਾਂ ਠੰਡ ਜਾਂ ਫੰਗਸ ਹੋ ਸਕਦੀ ਹੈ। ਜੇਕਰ ਬਰਸਾਤ ਹੋ ਰਹੀ ਹੋਵੇ ਤਾਂ ਖੁੱਲ੍ਹੇ ਮੈਦਾਨ ਵਿੱਚ ਖੇਡਣ ਤੋਂ ਰੋਕੋ। ਖਾਣ-ਪੀਣ ਤੇ ਸਫਾਈ ਬੱਚਿਆਂ ਨੂੰ ਘਰੇਲੂ ਤੇ ਮੌਸਮ ਮੁਤਾਬਿਕ ਖਾਣਾ ਦਿਓ। ਹਲਕਾ ਖਾਣਾ ਵਧੀਆ ਰਹੇਗਾ। ਸਕੂਲ ਵਾਲੀ ਪਾਣੀ ਦੀ ਬੋਤਲ ਸਾਫ਼ ਹੋਣੀ ਚਾਹੀਦੀ ਹੈ। ਪਸ਼ੂਆਂ ਅਤੇ ਪੰਛੀਆਂ ਦੀ ਸੰਭਾਲ ਲਈ ਪਸ਼ੂਆਂ ਲਈ ਸੁੱਕਾ ਅਤੇ ਢੱਕਿਆ ਹੋਇਆ ਥਾਂ ਬਣਾਓ। ਉਹਨਾਂ ਦੇ ਬੈਠਣ ਦੀ ਥਾਂ ਸੁੱਕੀ ਹੋਵੇ। ਉਨ੍ਹਾਂ ਦੇ ਚਾਰੇ ਨੂੰ ਭਿੱਜਣ ਤੋਂ ਬਚਾਓ। ਚਾਰੇ ਨੂੰ ਧਿਆਨ ਨਾਲ ਪਾਓ।
ਪੰਛੀਆਂ ਲਈ ਛੱਤਾਂ ’ਤੇ ਜਾਂ ਵਿਹੜੇ ਵਿੱਚ ਕਿਤੇ ਨਾ ਕਿਤੇ ਥਾਵਾਂ ’ਤੇ ਦਾਣਾ ਪਾਣੀ ਰੱਖੋ। ਆਫਤਾਂ ਤੋਂ ਬਚਾਅ ਤੋਂ ਬਚਾਅ ਲਈ ਨੀਵੀਂਆਂ ਥਾਵਾਂ ’ਤੇ ਰਹਿਣ ਵਾਲੇ ਲੋਕ ਹੜ੍ਹ ਦੀ ਸੂਚਨਾ ਨੂੰ ਧਿਆਨ ਨਾਲ ਲੈਣ। ਜੇਕਰ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਤਾਂ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਬਰਸਾਤ ਨਾਲ ਫਸਲਾਂ ਦੇ ਨੁਕਸਾਨ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਪਾਣੀ ਨਿਕਾਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸੰਭਾਵੀ ਕੀਟਾਂ ਤੋਂ ਰੱਖਿਆ ਲਈ ਪਹਿਲਾਂ ਤੋਂ ਛਿੜਕਾਅ ਕਰੋ। ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮੌਸਮ ਸੰਦੇਸ਼ਾਂ ਅਤੇ ਸਲਾਹਾਂ ਦੀ ਪਾਲਣਾ ਕਰੋ। ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ। ਜਿੱਥੇ ਪਾਣੀ ਇਕੱਠਾ ਹੋ ਰਿਹਾ ਹੋਵੇ, ਉਥੇ ਨਿਕਾਸ ਦਾ ਪ੍ਰਬੰਧ ਕਰੋ।ਜੇਕਰ ਕਿਸੇ ਨੂੰ ਸਹਾਇਤਾ ਦੀ ਲੋੜ ਹੋਵੇ, ਤਾਂ ਅੱਗੇ ਵਧੋ।
ਪਿੰਡ ਜਾਂ ਮੁਹੱਲੇ ਦੀ ਨਿਕਾਸੀ ਅਤੇ ਸਫਾਈ ਵਿੱਚ ਪੰਚਾਇਤ ਜਾਂ ਨਗਰ ਨਿਗਮ ਦੀ ਮਦਦ ਕਰੋ। ਘਰੇਲੂ ਤਿਆਰੀਆਂ ਵਿੱਚ ਰੇਨਕੋਟ, ਛਤਰੀ, ਰਬੜ ਦੇ ਜੁੱਤੇ, ਪਲਾਸਟਿਕ ਦੀ ਸ਼ੀਟ ਘਰ ਵਿੱਚ ਤਿਆਰ ਰੱਖੋ। ਐਮਰਜੈਂਸੀ ਲਾਈਟ, ਬੈਟਰੀ, ਟਾਰਚ, ਮੋਮਬੱਤੀਆਂ ਅਤੇ ਸੁੱਕਾ ਰਾਸ਼ਨ ਜਿੰਨੀ ਲੋੜ ਹੈ ਇਕੱਠਾ ਕਰ ਕੇ ਰੱਖੋ। ਅੰਤ ਵਿੱਚ ਜੇਕਰ ਵਿਚਾਰੀਏ ਤਾਂ ਕਹਿ ਸਕਦੇ ਹਾਂ ਕਿ ਬਰਸਾਤੀ ਮੌਸਮ ਦੇ ਸੁੰਦਰ ਦ੍ਰਿਸ਼ ਦੇ ਨਾਲ ਨਾਲ ਕਈ ਮੁਸ਼ਕਿਲਾਂ ਵੀ ਆਉਂਦੀਆਂ ਹਨ। ਪਰ ਜੇਕਰ ਅਸੀਂ ਹੁਸ਼ਿਆਰੀ, ਸਾਵਧਾਨੀ ਅਤੇ ਜ਼ਿੰਮੇਵਾਰੀ ਨਾਲ ਕੰਮ ਲਈਏ ਤਾਂ ਅਸੀਂ ਆਪਣੀ ਸਿਹਤ, ਘਰ, ਪਸ਼ੂ, ਪਰਿਵਾਰ ਅਤੇ ਪੂਰੇ ਸਮਾਜ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸਾਵਧਾਨ ਰਹਿਣਾ, ਤਿਆਰੀ ਰੱਖਣਾ ਅਤੇ ਸਹੀ ਸਮੇਂ ’ਤੇ ਠੋਸ ਕਦਮ ਚੁੱਕਣਾ ਹੀ ਇਹਨਾਂ ਘਟਨਾਵਾਂ ਤੋਂ ਬੱਚ ਨਿਕਲਣ ਦੀ ਚਾਬੀ ਹੈ। ਇਸ ਸਮੇਂ ਵਿੱਚ ਸਾਨੂੰ ਮਿਲ ਕੇ ਚੱਲਣ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਕਾਬੂ ਪਾ ਸਕਦੇ ਹਾਂ।
ਜਗਤਾਰ ਲਾਡੀ